‘ਰਿਲਾਇੰਸ ਹੋਮ ਫਾਈਨਾਂਸ ਲਈ 6 ਬੋਲੀਦਾਤਿਆਂ ਨੇ ਲਾਈਆਂ ਬੋਲੀਆਂ’

12/21/2020 9:18:09 AM

ਨਵੀਂ ਦਿੱਲੀ (ਭਾਸ਼ਾ) - ਅਨਿਲ ਅੰਬਾਨੀ ਪ੍ਰਵਰਤਿਤ ਰਿਲਾਇੰਸ ਸਮੂਹ ਦੀ ਇਕਾਈ ਰਿਲਾਇੰਸ ਹੋਮ ਫਾਈਨਾਂਸ ਲਈ ਕੋਟਕ ਸਪੈਸ਼ਲ ਸਿਚੁਏਸ਼ਨ ਫੰਡ ( ਕੇ. ਐੱਸ. ਐੱਸ. ਐੱਫ.) ਅਤੇ ਐਸੇਟ ਰੀਕੰਸਟਰੱਕਸ਼ਨ ਕੰਪਨੀ (ਇੰਡੀਆ) ਲਿ. (ਏ. ਆਰ. ਸੀ. ਆਈ. ਐੱਲ.) ਸਮੇਤ 6 ਬੋਲੀਦਾਤਿਆਂ ਨੇ ਬੋਲੀਆਂ ਜਮ੍ਹਾ ਕੀਤੀਆਂ ਹਨ। ਸੂਤਰਾਂ ਅਨੁਸਾਰ ਸਿਰਫ 2 ਬੋਲੀਦਾਤਿਆਂ ਨੇ ਨਿਯਮਾਂ ਦੇ ਸਮਾਨ ਅਤੇ ਬਾਧਿਅਕਾਰੀ ਬੋਲੀਆਂ ਜਮ੍ਹਾ ਕੀਤੀਆਂ ਹਨ, ਜਦੋਂਕਿ 4 ਬੋਲੀਦਾਤਿਆਂ ਦੀਆਂ ਬੋਲੀਆਂ ਬਾਧਿਅਕਾਰੀ ਨਾ ਹੋਣ ਦੇ ਨਾਲ-ਨਾਲ ਸ਼ਰਤਾਂ ਮੁਤਾਬਕ ਵੀ ਨਹੀਂ ਹਨ।

ਕਰਜ਼ਦਾਤਿਆਂ ਨੇ ਬੋਲੀ ਜਮ੍ਹਾ ਕਰਨ ਦੀ ਸਮਾਂ ਹੱਦ ਵਧਾ ਕੇ 31 ਜਨਵਰੀ, 2021 ਤੱਕ ਕਰਨ ਦਾ ਫੈਸਲਾ ਕੀਤਾ ਹੈ ਤਾਂਕਿ ਸ਼ਰਤਾਂ ਦੀ ਪਾਲਣਾ ਨਾ ਕਰਨ ਵਾਲੇ ਬੋਲੀਦਾਤਿਆਂ ਨੂੰ ਸ਼ਰਤ ਪੂਰੀ ਕਰ ਕੇ ਸ਼ਾਮਲ ਹੋਣ ਦਾ ਮੌਕਾ ਮਿਲ ਸਕੇ। ਹਾਲਾਂਕਿ ਬਾਧਿਅਕਾਰੀ ਬੋਲੀਆਂ ਜਮ੍ਹਾ ਕਰਨ ਵਾਲੇ ਦੋਵਾਂ ਬੋਲੀਦਾਤਿਆਂ ਨੇ ਇਸ ਕਦਮ ਦਾ ਵਿਰੋਧ ਕੀਤਾ ਹੈ ਅਤੇ ਇਸ ਤਰ੍ਹਾਂ ਦੀ ਗੈਰ-ਪਾਰਦਰਸ਼ੀ ਪ੍ਰਕਿਰਿਆ ਤੋਂ ਹੱਟਣ ਦੀ ਧਮਕੀ ਦਿੱਤੀ ਹੈ। ਨਿਯਮਾਂ ਦੇ ਸਮਾਨ ਅਤੇ ਬਾਧਿਅਕਾਰੀ ਬੋਲੀਆਂ ਅਮਰੀਕਾ ਦੀ ਐਵੇਨਿਊ ਅਤੇ ਏ. ਆਰ. ਸੀ. ਆਈ. ਐੱਲ. ਨੇ ਸਾਂਝੇ ਰੂਪ ਨਾਲ ਲਾਈਆਂ ਹਨ, ਜਦੋਂਕਿ ਦੂਜੀ ਬੋਲੀ ਸੂਚੀਬੱਧ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ. ਬੀ. ਐੱਫ. ਸੀ.) ਆਥਮ ਇਨਵੈਸਟਮੈਂਟ ਐਂਡ ਇਨਫਰਾਸਟਰੱਕਚਰ ਲਿ. ਦੀ ਹੈ।

ਸੂਤਰਾਂ ਅਨੁਸਾਰ ਕੋਟਕ ਸਪੈਸ਼ਲ ਸਿਚੁਏਸ਼ਨਜ਼ ਫੰਡ (ਕੇ. ਐੱਸ. ਐੱਸ. ਐੱਫ.) ਅਤੇ ਐਸੇਟ ਕੇਅਰ ਐਂਡ ਰੀਕੰਸਟਰੱਕਸ਼ਨ ਐਂਟਰਪ੍ਰਾਈਜ਼ ਲਿ. ਨੇ ਕਈ ਸ਼ਰਤਾਂ ਦੇ ਨਾਲ ਗੈਰ-ਬਾਧਿਅਕਾਰੀ ਬੋਲੀਆਂ ਲਾਈਆਂ ਹਨ। ਦੋਵਾਂ ਨੇ ਸਮਾਂ ਹੱਦ ਤੋਂ ਬਾਅਦ ਜਾਂਚ-ਪੜਤਾਲ ਲਈ 2 ਮਹੀਨਿਆਂ ਦਾ ਵੀ ਸਮਾਂ ਮੰਗਿਆ ਹੈ। 2 ਹੋਰ ਬੋਲੀਦਾਤਿਆਂ ਨੇ ਵੀ ਬਾਸ਼ਰਤ ਬੋਲੀਆਂ ਲਾਈਆਂ ਹਨ। ਇਨ੍ਹਾਂ ’ਚ ਜਾਇਦਾਦ ਮੁੜ ਨਿਰਮਾਣ ਕੰਪਨੀ ਇਨਵੈਂਟ ਅਤੇ ਅਲਕੇਮਿਸਟ ਦਾ ਨਾਂ ਹੈ। ਦੋਵਾਂ ਨੇ ਟੈਂਡਰ ਦੇ ਨਾਲ ਲਾਜ਼ਮੀ 10 ਕਰੋਡ਼ ਰੁਪਏ ਦਾ ਬਾਂਡ ਨਹੀਂ ਭਰਿਆ ਹੈ। ਕਰਜ਼ਦਾਤਿਆਂ ਨੇ 17 ਦਸੰਬਰ, 2020 ਨੂੰ ਹੋਈ ਬੈਠਕ ’ਚ ਬੋਲੀ ਲਈ ਸਮਾਂ ਹੱਦ ਵਧਾਉਣ ਦਾ ਫੈਸਲਾ ਕੀਤਾ। ਨਾਲ ਹੀ ਸਾਰੇ ਬੋਲੀਦਾਤਿਆਂ ਵੱਲੋਂ ਸੋਧ ਕੇ ਬੋਲੀਆਂ ਸੱਦੀਆਂ ਤਾਂਕਿ ਫਿਰ ਉਹ ਨਿਯਮ ਅਨੁਸਾਰ ਬੋਲੀ ਜਮ੍ਹਾ ਕਰ ਸਕਣ।


Harinder Kaur

Content Editor

Related News