525 ਕਰੋੜ ਦੀ ਧੋਖਾਦੇਹੀ : ‘ਕਾਕਸ ਐਂਡ ਕਿੰਗਸ’ ਦੇ ਪ੍ਰਮੋਟਰਾਂ-ਨਿਰਦੇਸ਼ਕਾਂ ਖਿਲਾਫ ਮਾਮਲਾ ਦਰਜ
Friday, Sep 27, 2024 - 11:37 AM (IST)
ਨਵੀਂ ਦਿੱਲੀ (ਭਾਸ਼ਾ) - ਸੀ. ਬੀ. ਆਈ. ਨੇ ਯੈੱਸ ਬੈਂਕ ਦੀ ਸ਼ਿਕਾਇਤ ’ਤੇ ਟਰੈਵਲ ਕੰਪਨੀ ‘ਕਾਕਸ ਐਂਡ ਕਿੰਗਸ’ ਦੇ ਪ੍ਰਮੋਟਰਾਂ ਅਤੇ ਨਿਰਦੇਸ਼ਕਾਂ ਖਿਲਾਫ 525 ਕਰੋੜ ਰੁਪਏ ਦੀ ਕਥਿਤ ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮੁੰਬਈ ਪੁਲਸ ਤੋਂ ਜਾਂਚ ਦਾ ਜ਼ਿੰਮਾ ਆਪਣੇ ਹੱਥ ਲੈ ਲਿਆ ਹੈ। ਮੁੰਬਈ ਪੁਲਸ ਟਰੈਵਲ ਕੰਪਨੀ, ਉਸ ਦੇ ਪ੍ਰਮੋਟਰਾਂ/ਨਿਰਦੇਸ਼ਕਾਂ ਅਜੇ ਅਜੀਤ ਪੀਟਰ ਕੇਰਕਰ ਅਤੇ ਊਸ਼ਾ ਕੇਰਕਰ, ਸੀ. ਐੱਫ. ਓ. ਅਨਿਲ ਖੰਡੇਲਵਾਲ ਅਤੇ ਨਿਰਦੇਸ਼ਕਾਂ ਮਹਾਲਿੰਗਾ ਨਾਰਾਇਣਨ ਅਤੇ ਪੇਸੀ ਪਟੇਲ ਦੇ ਖਿਲਾਫ ਕਰਜ਼ਾ ਧੋਖਾਦੇਹੀ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ। ਕੇਂਦਰੀ ਜਾਂਚ ਏਜੰਸੀ ਨੇ ਉਕਤ ਸਾਰੇ ਲੋਕਾਂ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀਆਂ ਵਿਵਸਥਾਵਾਂ ਤੋਂ ਇਲਾਵਾ ਧੋਖਾਦੇਹੀ, ਜਾਲਸਾਜ਼ੀ ਅਤੇ ਅਪਰਾਧਕ ਦੁਰਵਿਹਾਰ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਕੰਪਨੀ ਨੇ ਯੈੱਸ ਬੈਂਕ ਤੋਂ ਕਰਜ਼ਾ ਸਹੂਲਤ ਪ੍ਰਾਪਤ ਕਰਨ ਲਈ ਵਿੱਤੀ ਰਿਕਾਰਡ ’ਚ ਹੇਰਾਫੇਰੀ ਕੀਤੀ।