ਕਣਕ ਬਰਾਮਦ ’ਤੇ ਪਾਬੰਦੀ ਕਾਰਨ ਮੱਧ ਪ੍ਰਦੇਸ਼ ਦੇ ਕਾਰੋਬਾਰੀਆਂ ਦੇ 5000 ਟਰੱਕ ਬੰਦਰਗਾਹਾਂ ’ਤੇ ਅਟਕੇ : ਸੰਗਠਨ
Monday, May 16, 2022 - 06:06 PM (IST)
ਇੰਦੌਰ (ਭਾਸ਼ਾ) – ਮੱਧ ਪ੍ਰਦੇਸ਼ ਦੇ ਇਕ ਕਾਰੋਬਾਰੀ ਸੰਗਠਨ ਨੇ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਚਾਨਕ ਚੁੱਕੇ ਗਏ ਇਸ ਕਦਮ ਨਾਲ ਸੂਬੇ ਦੇ ਕਾਰੋਬਾਰੀਆਂ ਦੇ ਕਰੀਬ 5000 ਟਰੱਕ ਦੇਸ਼ ਦੀਆਂ ਦੋ ਵੱਡੀਆਂ ਬੰਦਰਗਾਹਾਂ ’ਤੇ ਅਟਕ ਗਏ ਹਨ। ਸੰਗਠਨ ਮੁਾਤਬਕ ਇਨ੍ਹਾਂ ਟਰੱਕਾਂ ਰਾਹੀਂ ਕਣਕ ਦੀ ਵੱਡੀ ਖੇਪ ਬਰਾਮਦ ਲਈ ਬੰਦਰਗਾਹਾਂ ਤੱਕ ਪਹੁੰਚਾਈ ਗਈ ਸੀ। ਸੰਗਠਨ ਨੇ ਐਲਾਨ ਕੀਤਾ ਹੈ ਕਿ ਕਣਕ ਬਰਾਮਦ ’ਤੇ ਪਾਬੰਦੀ ਖਿਲਾਫ ਸੂਬੇ ਦੀਆਂ ਸਾਰੀਆਂ 270 ਖੇਤੀਬਾੜੀ ਉਪਜ ਮੰਡੀਆਂ ’ਚ ਮੰਗਲਵਾਰ ਅਤੇ ਬੁੱਧਵਾਰ ਨੂੰ ਕਾਰੋਬਾਰ ਨਹੀਂ ਹੋਵੇਗਾ।
ਮੱਧ ਪ੍ਰਦੇਸ਼ ਕੁੱਲ ਅਨਾਜ ਦਾਲ ਤਿਲਹਨ ਵਪਾਰੀ ਮਹਾਸੰਘ ਕਮੇਟੀ ਦੇ ਪ੍ਰਧਾਨ ਗੋਪਾਲਦਾਸ ਅੱਗਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਬਰਾਮਦ ’ਤੇ ਅਚਾਨਕ ਪਾਬੰਦੀ ਲਗਾਏ ਜਾਣ ਨਾਲ ਸੂਬੇ ਦੇ ਵਪਾਰੀਆਂ ਵਲੋਂ ਭੇਜੇ ਗਏ ਕਰੀਬ 5000 ਟਰੱਕ ਕਾਂਡਲਾ ਅਤੇ ਮੁੰਬਈ ਦੀਆਂ ਬੰਦਰਗਾਹਾਂ ’ਤੇ ਖੜ੍ਹੇ ਹਨ ਅਤੇ ਉਨ੍ਹਾਂ ’ਚ ਲੱਗੀ ਕਣਕ ਦੀ ਵੱਡੀ ਖੇਪ ਬਰਾਮਦ ਨਹੀਂ ਹੋ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਵਾਰ ਕਣਕ ਬਰਾਮਦ ਲਈ ਵਪਾਰੀਆਂ ਨੂੰ ਖੂਬ ਪ੍ਰੋਤਸਾਹਿਤ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਉੱਚੀਆਂ ਕੀਮਤਾਂ ’ਤੇ ਕਿਸਾਨਾਂ ਨੇ ਖੂਬ ਕਣਕ ਖਰੀਦੀ ਸੀ ਪਰ ਹੁਣ ਕੇਂਦਰ ਦੀ ਪਾਬੰਦੀ ਕਾਰਨ ਉਨ੍ਹਾਂ ਦੇ ਬਰਾਮਦ ਸੌਦੇ ਅਟਕ ਗਏ ਹਨ।
ਉਨ੍ਹਾਂ ਕਿਹਾ ਕਿ ਕਣਕ ਬਰਾਮਦ ’ਤੇ ਪਾਬੰਦੀ ਖਿਲਾਫ ਸੂਬੇ ਦੀਆਂ ਸਾਰੀਆਂ 270 ਖੇਤੀਬਾੜੀ ਉਪਜ ਮੰਡੀਆਂ ’ਚ ਕਾਰੋਬਾਰੀ ਮੰਗਲਵਾਰ ਅਤੇ ਬੁੱਧਵਾਰ ਨੂੰ ਨਾ ਤਾਂ ਮਾਲ ਖਰੀਦਣਗੇ ਅਤੇ ਨਾ ਹੀ ਵੇਚਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਕਾਰੋਬਾਰੀਆਂ ਅਤੇ ਕਿਸਾਨਾਂ ਦੋਹਾਂ ਦੇ ਹਿੱਤ ’ਚ ਪਾਬੰਦੀ ਨੂੰ ਵਾਪਸ ਲੈਂਦੇ ਹੋਏ ਕਣਕ ਬਰਾਮਦ ਨੂੰ ਬਹਾਲ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਿਆਨਕ ਗਰਮੀ ਅਤੇ ਲੂ ਕਾਰਨ ਕਣਕ ਉਤਪਾਦਨ ਪ੍ਰਭਾਵਿਤ ਹੋਣ ਦੀਆਂ ਚਿੰਤਾਵਾਂ ਦਰਮਿਆਨ ਭਾਰਤ ਨੇ ਆਪਣੇ ਇਸ ਪ੍ਰਮੁੱਖ ਅਨਾਜ ਦੀਆਂ ਕੀਮਤਾਂ ’ਚ ਆਈ ਭਾਰੀ ਤੇਜ਼ੀ ’ਤੇ ਰੋਕ ਲਗਾਉਣ ਦੇ ਮਕਸਦ ਨਾਲ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾਈ ਹੈ।
ਕੇਂਦਰ ਨੇ ਕਿਹਾ ਕਿ ਗੁਆਂਢੀ ਅਤੇ ਕਮਜ਼ੋਰ ਦੇਸ਼ਾਂ ਦੀ ਅਨਾਜ ਲੋੜ ਨੂੰ ਪੂਰਾ ਕਰਨ ਤੋਂ ਇਲਾਵਾ ਇਸ ਫੈਸਲੇ ਨਾਲ ਕਣਕ ਅਤੇ ਆਟੇ ਦੀਆਂ ਪ੍ਰਚੂਨ ਕੀਮਤਾਂ ਨੂੰ ਕੰਟਰੋਲ ਕਰਨ ’ਚ ਮਦਦ ਮਿਲੇਗੀ ਜੋ ਪਿਛਲੇ ਇਕ ਸਾਲ ’ਚ ਔਸਤਨ 14 ਤੋਂ 20 ਫੀਸਦੀ ਤੱਕ ਵਧ ਗਈਆਂ ਹਨ।