'ਗੋਰੇ' ਹੋਣ ਵਾਲੇ ਇਸ਼ਤਿਹਾਰ ਦਿਖਾਉਣ 'ਤੇ ਠੁਕੇਗਾ 50 ਲੱਖ ਦਾ ਜੁਰਮਾਨਾ, ਨਾਲ 5 ਸਾਲ ਦੀ ਜੇਲ

Friday, Feb 07, 2020 - 09:34 AM (IST)

'ਗੋਰੇ' ਹੋਣ ਵਾਲੇ ਇਸ਼ਤਿਹਾਰ ਦਿਖਾਉਣ 'ਤੇ ਠੁਕੇਗਾ 50 ਲੱਖ ਦਾ ਜੁਰਮਾਨਾ, ਨਾਲ 5 ਸਾਲ ਦੀ ਜੇਲ

ਨਵੀਂ ਦਿੱਲੀ— ਗੁੰਮਰਾਹਕੁੰਨ ਇਸ਼ਤਿਹਾਰ ਦਿਖਾ ਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਕੰਪਨੀਆਂ 'ਤੇ ਸਰਕਾਰ ਸਖਤ ਸ਼ਿਕੰਜਾ ਕੱਸਣ ਜਾ ਰਹੀ ਹੈ। ਚਿਹਰੇ ਨੂੰ ਗੋਰਾ ਬਣਾਉਣ, ਸਰੀਰ ਨੂੰ ਲੰਮਾ ਕਰਨ ਜਾਂ ਮੋਟਾਪੇ ਤੋਂ ਛੁਟਕਾਰਾ ਪਾਉਣ ਵਰਗੇ ਇਸ਼ਤਿਹਾਰ ਪ੍ਰਦਰਸ਼ਤ ਕਰਨ 'ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਦੇ ਨਾਲ ਹੀ 5 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਲਈ ਨਵਾਂ ਕਾਨੂੰਨ ਆ ਰਿਹਾ ਹੈ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਡਰੱਗਜ਼ ਤੇ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਕਾਨੂੰਨ-1954 'ਚ ਸੋਧ ਦਾ ਪ੍ਰਸਤਾਵ ਕੀਤਾ ਹੈ। ਇਸ ਤਹਿਤ ਪ੍ਰਾਡਕਟਸ ਵੇਚਣ ਲਈ ਝੂਠੀ ਇਸ਼ਤਿਹਾਰਬਾਜ਼ੀ ਕਰਨ 'ਤੇ ਪਾਬੰਦੀ ਲਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਪ੍ਰਸਤਾਵਿਤ ਸੋਧ ਤਹਿਤ ਚਿਹਰਾ ਗੋਰਾ ਕਰਨ, ਸਰੀਰ ਲੰਮਾ ਕਰਨ, ਮੋਟਾਪੇ ਤੋਂ ਛੁਟਕਾਰਾ, ਦਿਮਾਗੀ ਸਮਰੱਥਾ ਵਧਾਉਣ ਵਰਗੇ ਇਸ਼ਤਾਹਰ ਦਿਖਾਉਣ 'ਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਕਈ ਇਸ਼ਤਿਹਾਰਾਂ 'ਚ ਜੁਦਾਈ ਨਤੀਜੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਲੋਕ ਇਨ੍ਹਾਂ 'ਤੇ ਵਿਸ਼ਵਾਸ ਕਰਕੇ ਪ੍ਰਾਡਕਟ ਖਰੀਦ ਲੈਂਦੇ ਹਨ ਪਰ ਇਨ੍ਹਾਂ ਦਾ ਖਾਸ ਫਾਇਦਾ ਨਹੀਂ ਹੁੰਦਾ।

ਨਿਯਮਾਂ 'ਚ ਕਈ ਬਦਲਾਵ ਕੀਤੇ ਜਾ ਰਹੇ ਹਨ। ਇਸ 'ਚ ਦੱਸਿਆ ਗਿਆ ਹੈ ਕਿ ਕਿਨ੍ਹਾਂ ਪ੍ਰਾਡਕਟਸ ਦੀ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ। ਇਸ ਮਾਮਲੇ 'ਚ ਪਹਿਲੀ ਵਾਰ ਪ੍ਰਸਤਾਵਿਤ ਕਾਨੂੰਨ ਤੋੜਨ 'ਤੇ ਹੁਣ ਦੋ ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੇਕਰ ਇਸ ਦੇ ਬਾਵਜੂਦ ਵੀ ਕੋਈ ਕੰਪਨੀ ਇਸ ਤਰ੍ਹਾਂ ਦਾ ਗੁੰਮਰਾਹਕੁੰਨ ਇਸ਼ਤਿਹਾਰ ਦੇਣ ਤੋਂ ਬਾਜ ਨਹੀਂ ਆਉਂਦੀ ਤਾਂ 50 ਲੱਖ ਰੁਪਏ ਤੱਕ ਦਾ ਜੁਰਮਾਨਾ ਵਸੂਲਣ ਦੀ ਵਿਵਸਥਾ ਕੀਤੀ ਜਾ ਰਹੀ ਹੈ।


Related News