ਮੋਦੀ ਦਾ ਇਕਨੋਮੀ ਨੂੰ ਲੈ ਕੇ ਇਹ ਸੁਪਨਾ 2024 ਤੱਕ ਸਾਕਾਰ ਹੋਣਾ ਮੁਸ਼ਕਲ

01/12/2020 3:05:10 PM

ਨਵੀਂ ਦਿੱਲੀ, (ਭਾਸ਼ਾ)— ਇੰਦਰਾ ਗਾਂਧੀ ਇੰਸਟੀਚਿਊਟ ਆਫ ਡਿਵੈੱਲਪਮੈਂਟ ਐਂਡ ਰਿਸਰਚ (ਆਈ. ਜੀ. ਆਈ. ਡੀ. ਆਰ.) ਦੇ ਪ੍ਰੋਫੈਸਰ ਆਰ. ਨਾਗਰਾਜ ਦਾ ਮੰਨਣਾ ਹੈ ਕਿ ਭਾਰਤ ਲਈ 2024 ਤੱਕ 5,000 ਬਿਲੀਅਨ ਡਾਲਰ ਦੀ ਆਰਥਿਕਤਾ ਦਾ ਟੀਚਾ ਹਾਸਲ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਦੇਸ਼ ਨੂੰ ਸਾਲਾਨਾ 9 ਫੀਸਦੀ ਦੀ ਆਰਥਿਕ ਵਿਕਾਸ ਦਰ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ।

 

ਮਈ 2019 ਵਿਚ ਦੂਜਾ ਕਾਰਜਕਾਲ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਪੰਜ ਸਾਲਾਂ ਵਿਚ ਭਾਰਤ ਨੂੰ ਪੰਜ ਹਜ਼ਾਰ ਬਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਮਿੱਥਿਆ ਸੀ। ਹਾਲਾਂਕਿ, ਆਰਥਿਕ ਮੋਰਚੇ 'ਤੇ ਮੁਸ਼ਕਲਾਂ ਕਾਰਨ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ 'ਚ ਕਈ ਰੁਕਾਵਟਾਂ ਹਨ।

ਨਾਗਰਾਜ ਨੇ ਕਿਹਾ, “ਭਾਵੇਂ ਇਹ ਟੀਚਾ ਅਸੰਭਵ ਨਹੀਂ ਹੈ ਪਰ ਦਹਾਕੇ ਦਾ ਰਿਕਾਰਡ ਦੇਖਦੇ ਹੋਏ ਇਹ ਬਹੁਤ ਮੁਸ਼ਕਲ ਜਾਪਦਾ ਹੈ। ਮੇਰੇ ਹਿਸਾਬ ਨਾਲ ਪੰਜ ਹਜ਼ਾਰ ਬਿਲੀਅਨ ਡਾਲਰ ਦੀ ਆਰਥਿਕਤਾ ਬਣਨ ਲਈ ਭਾਰਤ ਨੂੰ ਵਿੱਤੀ ਸਾਲ 2019- 20 ਤੋਂ 2023-24 ਦੌਰਾਨ ਹਰ ਸਾਲ ਔਸਤ 9 ਫੀਸਦੀ ਦੇ ਹਿਸਾਬ ਨਾਲ ਗ੍ਰੋਥ ਕਰਨ ਦੀ ਜ਼ਰੂਰਤ ਹੈ।''
ਪ੍ਰੋਫੈਸਰ ਨੇ ਕਿਹਾ ਕਿ ਕਿਉਂਕਿ ਵਿਕਾਸ ਦਰ 'ਚ ਗਿਰਾਵਟ ਆ ਰਹੀ ਹੈ ਇਸ ਲਈ ਟੀਚਾ ਪ੍ਰਾਪਤ ਕਰਨਾ ਮੁਸ਼ਕਲ ਲੱਗ ਰਿਹਾ ਹੈ। ਉੱਥੇ ਹੀ, ਵਪਾਰ ਨੂੰ ਲੈ ਕੇ ਖਿੱਚੋਤਾਣ ਕਾਰਨ ਗਲੋਬਲ ਵਪਾਰ 'ਚ ਸੁਧਾਰ ਦੇ ਸੰਕੇਤ ਨਹੀਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਵਿਆਜ ਦਰਾਂ ਨੂੰ ਘਟਾਉਣ ਨਾਲ ਕੋਈ ਸਹਾਇਤਾ ਨਹੀਂ ਮਿਲੀ ਹੈ। ਇਸ ਲਈ ਵਿੱਤੀ ਉਪਾਵਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਆਉਣ ਵਾਲੇ ਬਜਟ ਬਾਰੇ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਬਜਟ ਵਿਚ ਭਰੋਸੇਯੋਗ ਅੰਕੜਿਆਂ ਨਾਲ ਅਗਲੇ ਤਿੰਨ-ਚਾਰ ਸਾਲਾਂ ਦੌਰਾਨ ਨਿਵੇਸ਼ ਜ਼ਰੀਏ ਜੀ. ਡੀ. ਪੀ. ਨੂੰ ਵਧਾਉਣ ਲਈ ਕਦਮ ਚੁੱਕੇ ਜਾਣਗੇ।


Related News