ਦੇਸ਼ ''ਚ 4 ਕਰੋੜ ਘਰਾਂ ''ਚ ਨਹੀਂ ਬਿਜਲੀ, ਪੰਜਾਬ ਸੌ ਫੀਸਦੀ ਰੌਸ਼ਨ

Sunday, Dec 24, 2017 - 02:19 PM (IST)

ਦੇਸ਼ ''ਚ 4 ਕਰੋੜ ਘਰਾਂ ''ਚ ਨਹੀਂ ਬਿਜਲੀ, ਪੰਜਾਬ ਸੌ ਫੀਸਦੀ ਰੌਸ਼ਨ

ਨਵੀਂ ਦਿੱਲੀ— ਆਜ਼ਾਦੀ ਦੇ 70 ਸਾਲ ਬਾਅਦ ਵੀ ਦੇਸ਼ ਦੇ 4 ਕਰੋੜ ਤੋਂ ਜ਼ਿਆਦਾ ਪਰਿਵਾਰ ਹਨੇਰੇ 'ਚ ਰਹਿਣ ਨੂੰ ਮਜ਼ਬੂਰ ਹਨ। ਇਨ੍ਹਾਂ 'ਚੋਂ ਇਕ ਚੌਥਾਈ ਤੋਂ ਵਧ ਇਕੱਲੇ ਉੱਤਰ ਪ੍ਰਦੇਸ਼ 'ਚ ਹਨ। ਬਿਜਲੀ ਮੰਤਰਾਲੇ ਵੱਲੋਂ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ 7 ਦਸੰਬਰ 2017 ਤਕ 4 ਕਰੋੜ 5 ਲੱਖ 74 ਹਜ਼ਾਰ 727 ਘਰਾਂ ਤਕ ਬਿਜਲੀ ਨਹੀਂ ਪਹੁੰਚੀ ਹੈ, ਜਿਨ੍ਹਾਂ 'ਚੋਂ 1 ਕਰੋੜ 45 ਲੱਖ 80 ਹਜ਼ਾਰ 929 ਪਰਿਵਾਰ ਉੱਤਰ ਪ੍ਰਦੇਸ਼ 'ਚ ਹਨ। ਪੰਜਾਬ, ਤਾਮਿਲਨਾਡੂ ਅਤੇ ਗੋਆ ਦੇ 100 ਫੀਸਦੀ ਘਰ ਰੌਸ਼ਨ ਹੋ ਚੁੱਕੇ ਹਨ, ਜਦੋਂ ਕਿ ਆਂਧਰਾ ਪ੍ਰਦੇਸ਼ ਦੇ 12, ਕੇਰਲ ਦੇ 103, ਗੁਜਰਾਤ ਦੇ 238 ਅਤੇ ਪੁਡੂਚੇਰੀ ਦੇ ਸਿਰਫ 375 ਅਜਿਹੇ ਘਰ ਬਚੇ ਹਨ ਜਿੱਥੇ ਬਿਜਲੀ ਪਹੁੰਚਣੀ ਬਾਕੀ ਹੈ।

ਉੱਥੇ ਹੀ ਅਸਮ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ ਅਤੇ ਰਾਜਸਥਾਨ 'ਚ ਬਿਨਾਂ ਬਿਜਲੀ ਦੇ ਪਰਿਵਾਰਾਂ ਦੀ ਗਿਣਤੀ ਲੱਖਾਂ 'ਚ ਹੈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 63 ਲੱਖ 86 ਹਜ਼ਾਰ 207 ਘਰ ਬਿਹਾਰ 'ਚ ਹਨ। ਇਸ ਦੇ ਬਾਅਦ ਨੰਬਰ ਮੱਧ ਪ੍ਰਦੇਸ਼ ਦਾ ਆਉਂਦਾ ਹੈ, ਜਿੱਥੇ 44 ਲੱਖ 56 ਹਜ਼ਾਰ 106 ਘਰਾਂ 'ਚ ਬਿਜਲੀ ਨਹੀਂ ਪਹੁੰਚੀ ਹੈ। ਇਸੇ ਤਰ੍ਹਾਂ 32 ਲੱਖ 08 ਹਜ਼ਾਰ 536 ਓਡੀਸ਼ਾ 'ਚ, 30 ਲੱਖ 19 ਹਜ਼ਾਰ 743 ਝਾਰਖੰਡ 'ਚ, 20 ਲੱਖ 2 ਹਜ਼ਾਰ 744 ਅਸਮ 'ਚ ਅਤੇ ਰਾਜਸਥਾਨ ਦੇ 19 ਲੱਖ 50 ਹਜ਼ਾਰ 545 ਘਰਾਂ 'ਚ ਬਿਜਲੀ ਨਹੀਂ ਪਹੁੰਚੀ ਹੈ।
ਪਹਾੜੀ ਸੂਬਿਆਂ 'ਚ ਸਭ ਤੋਂ ਖਰਾਬ ਸਥਿਤੀ ਜੰਮੂ-ਕਸ਼ਮੀਰ ਦੀ ਹੈ, ਜਿੱਥੇ ਦੇ 2 ਲੱਖ 70 ਹਜ਼ਾਰ 859 ਘਰ ਬਿਜਲੀ ਤੋਂ ਬਿਨਾਂ ਹਨ। ਇਸ ਦੇ ਬਾਅਦ ਉਤਰਾਖੰਡ ਦੇ 1 ਲੱਖ 85 ਹਜ਼ਾਰ 34 ਅਤੇ ਹਿਮਾਚਲ ਪ੍ਰਦੇਸ਼ ਦੇ 12 ਹਜ਼ਾਰ 723 ਘਰਾਂ ਤਕ ਇਹ ਸੁਵਿਧਾ ਨਹੀਂ ਪਹੁੰਚੀ ਹੈ। 
ਪੂਰਬੀ-ਉੱਤਰੀ ਦੇ ਮੇਘਾਲਿਆ, ਮਣੀਪੁਰ ਅਤੇ ਨਾਗਾਲੈਂਡ 'ਚ ਬਿਨਾਂ ਬਿਜਲੀ ਵਾਲੇ ਪਰਿਵਾਰਾਂ ਦੀ ਗਿਣਤੀ 1 ਲੱਖ ਤੋਂ ਉਪਰ ਹੈ ਅਤੇ ਬਾਕੀ 'ਚ ਇਹ ਗਿਣਤੀ ਹਜ਼ਾਰਾਂ 'ਚ ਹੈ। ਕੇਂਦਰ ਸਰਕਾਰ ਨੇ 31 ਮਾਰਚ 2019 ਤਕ ਸਾਰੇ ਘਰਾਂ ਨੂੰ ਰੌਸ਼ਨ ਕਰਨ ਦਾ ਟੀਚਾ ਰੱਖਿਆ ਹੈ। ਇਸ ਵਾਸਤੇ 16320 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਤਹਿਤ ਵਾਂਝੇ ਤਬਕੇ ਨੂੰ ਮੁਫਤ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਹੋਰਾਂ ਨੂੰ ਇਹ 500 ਰੁਪਏ 'ਚ ਇਹ ਸੁਵਿਧਾ ਮਿਲੇਗੀ। 500 ਰੁਪਏ ਦਾ ਭੁਗਤਾਨ ਦਸ ਕਿਸ਼ਤਾਂ 'ਚ ਬਿਜਲੀ ਦੇ ਬਿੱਲ ਨਾਲ ਕਰਨਾ ਹੋਵੇਗਾ।


Related News