ਮੋਗਾ ’ਚ ਬਿਜਲੀ ਦਾ ਘੰਟਿਆਂਬੱਧੀ ਕੱਟ, ਕੋਰਟ ’ਚ ਸਮੁੱਚਾ ਕੰਮ-ਕਾਰ ‘ਠੱਪ’
Wednesday, Jun 11, 2025 - 05:07 PM (IST)

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ) : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਇੱਥੇ ਜ਼ਿਲਾ ਕਚਹਿਰੀਆਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਲੱਗਦੇ ਘੰਟਿਆਂਬੱਧੀ ਕੱਟਾਂ ਨੇ ਸਮੁੱਚਾ ਕੰਮ-ਕਾਰ ‘ਠੱਪ’ ਕਰ ਕੇ ਰੱਖ ਦਿੱਤਾ ਹੈ, ਇਸ ਤਰ੍ਹਾਂ ਦੀ ਬਣੀ ਸਥਿਤੀ ਕਰਕੇ ਵਕੀਲ ਭਾਈਚਾਰਾ ਅਤੇ ਕਚਹਿਰੀ ਵਿਚ ਕੰਮ ਧੰਦੇ ਲਈ ਆਉਣ ਵਾਲੇ ਲੋਕ ਅੰਤਾਂ ਦੀ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ। ਬਾਰ ਐਸੋਸੀਏਸ਼ਨ ਜ਼ਿਲਾ ਮੋਗਾ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਰਾਜਪਾਲ ਸ਼ਰਮਾ ਨੇ ਕਿਹਾ ਕਿ ਐਤਕੀਂ ਪਿਛਲੇ ਦੋ ਦਹਾਕਿਆਂ ਤੋਂ ਪਹਿਲੀ ਵਾਰ ਅਜਿਹਾ ਮੌਕਾ ਆਇਆ ਹੈ ਕਿ ਕਚਹਿਰੀ ਵਿਚ ਬਿਜਲੀ ਦੇ ਲਗਾਤਾਰ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ 15 ਦਿਨਾਂ ਤੋਂ ਕੱਟ ਲੱਗ ਰਹੇ ਸਨ ਪਰ ਪਿਛਲੇ 5 ਦਿਨਾਂ ਤੋਂ ਸਥਿਤੀ ਬਹੁਤ ਖਰਾਬ ਹੋ ਗਈ ਹੈ। ਪੂਰਾ-ਪੂਰਾ ਦਿਨ ਬਿਜਲੀ ਦੀ ਉਡੀਕ ਵਿਚ ਲੰਘ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਆਉਣ ਕਰਕੇ ਹਿਰਾਸਤ ਵਿਚ ਲੋਕਾਂ ਦੀਆਂ ਜ਼ਮਾਨਤ ਅਰਜ਼ੀਆਂ ਦਾਖਲ ਕਰਨ ਸਮੇਤ ਨਵੇਂ ਐਮਰਜੈਂਸੀ ਕੇਸ ਅਦਾਲਤ ਵਿਚ ਦਾਖਲ ਕਰਨ ਵਿਚ ਭਾਰੀ ਦਿੱਕਤ ਪੇਸ਼ ਆ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਜ਼ਿਲਾ ਕਚਹਿਰੀਆਂ ਵਿਚ ਬਿਜਲੀ ਦੀ ਸਮੱਸਿਆ ਤੋਂ ਉਨ੍ਹਾਂ ਕਈ ਦਫ਼ਾ ਪਾਵਰਕਾਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਅਤੇ ਆਨਲਾਈਨ ਵਿਧੀ ਰਾਹੀਂ ਸ਼ਿਕਾਇਤ ਪੱਤਰ ਵੀ ਭੇਜੇ ਹਨ ਪਰ ਫ਼ਿਰ ਵੀ ਸਮੱਸਿਆਂ ਜਿਉਂ ਦੀ ਤਿਉਂ ਹੈ। ਐਡਵੋਕੇਟ ਰਾਜਪਾਲ ਸ਼ਰਮਾ ਨੇ ਇਸ ਮਾਮਲੇ ਸਬੰਧੀ ਮੰਗ ਕਰਦਿਆਂ ਆਖਿਆ ਕਿ ਸਿਵਲ ਹਸਪਤਾਲ ਦੀ ਐਮਰਜੈਂਸੀ ਦੀ ਤਰਜ਼ ’ਤੇ ਜ਼ਿਲਾ ਕਚਹਿਰੀਆਂ ਵਿਚ ਹਾਟਲਾਈਨ ਬਿਜਲੀ ਦੀ ਸਹੂਲਤ ਮੁਹੱਈਆਂ ਕਰਵਾਈ ਜਾਵੇ।