1 ਮਹੀਨੇ ’ਚ ਨਿਵੇਸ਼ਕਾਂ ਦੇ ਡੁੱਬੇ 30,15,033.73 ਕਰੋੜ, ਇਸ ਕਾਰਨ ਆਈ ਵੱਡੀ ਗਿਰਾਵਟ

Tuesday, Nov 05, 2024 - 11:30 AM (IST)

1 ਮਹੀਨੇ ’ਚ ਨਿਵੇਸ਼ਕਾਂ ਦੇ ਡੁੱਬੇ 30,15,033.73 ਕਰੋੜ, ਇਸ ਕਾਰਨ ਆਈ ਵੱਡੀ ਗਿਰਾਵਟ

ਮੁੰਬਈ (ਇੰਟ.) - ਸ਼ੇਅਰ ਬਾਜ਼ਾਰ ’ਚ ਬਿਕਵਾਲੀ ਦਾ ਦੌਰ ਜਾਰੀ ਹੈ। ਅਕਤੂਬਰ ਤੋਂ ਬਾਅਦ ਨਵੰਬਰ ’ਚ ਵੀ ਬਾਜ਼ਾਰ ਦੀ ਸ਼ੁਰੂਆਤ ਵੱਡੀ ਗਿਰਾਵਟ ਨਾਲ ਹੋਈ ਹੈ। ਅੱਜ ਸੈਂਸੈਕਸ ਅਤੇ ਨਿਫਟੀ ਨੇ ਵੱਡੀ ਗਿਰਾਵਟ ਦਰਜ ਕੀਤੀ। ਬਾਜ਼ਾਰ ’ਚ ਇਸ ਵੱਡੀ ਗਿਰਾਵਟ ਨਾਲ ਨਿਵੇਸ਼ਕਾਂ ਦੇ ਲੱਖਾਂ ਕਰੋਡ਼ ਰੁਪਏ ਸਵਾਹ ਹੋ ਗਏ ਹਨ।

ਜੇ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਨਿਵੇਸ਼ਕਾਂ ਦੇ 32,75,395.60 ਕਰੋਡ਼ ਰੁਪਏ ਡੁੱਬ ਗਏ। ਅਕਤੂਬਰ ਦੀ ਸ਼ੁਰੂਆਤ ’ਚ ਬੀ. ਐੱਸ. ਈ. ’ਤੇ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ 4,74,86,463.65 ਰੁਪਏ ਸੀ ਜੋ 31 ਅਕਤੂਬਰ ਨੂੰ ਘਟ ਕੇ 4,44,71,429.92 ਰਹਿ ਗਿਆ। ਇਸ ਤਰ੍ਹਾਂ ਪਿਛਲੇ ਮਹੀਨੇ ਨਿਵੇਸ਼ਕਾਂ ਦੇ ਇਕ ਝਟਕੇ ’ਚ 30,15,033.73 ਕਰੋਡ਼ ਰੁਪਏ ਡੁੱਬ ਗਏ।

ਬਾਜ਼ਾਰ ’ਚ ਇਹ ਬਿਕਵਾਲੀ ਵਿਦੇਸ਼ੀ ਨਿਵੇਸ਼ਕਾਂ ਕਾਰਨ ਆਈ ਹੈ। ਉਹ ਆਪਣਾ ਪੈਸਾ ਕੱਢ ਕੇ ਚੀਨ ਦੇ ਬਾਜ਼ਾਰ ’ਚ ਲਗਾ ਰਹੇ ਹਨ। ਨਾਲ ਹੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਕਾਰਨ ਵੀ ਬਾਜ਼ਾਰ ’ਚ ਗਿਰਾਵਟ ਹੈ।

ਅੱਜ ਬਾਜ਼ਾਰ ’ਚ ਹੋਈ ਗਿਰਾਵਟ ਦਾ ਕਾਰਨ

ਕਮਜ਼ੋਰ ਤਿਮਾਹੀ ਨਤੀਤਿਆਂ ਨਾਲ ਨਿਵੇਸ਼ਕਾਂ ਦਾ ਮੂਡ ਖ਼ਰਾਬ : ਸਾਲ ਦੀ ਤੀਜੀ ਤਿਮਾਹੀ ’ਚ ਕਈ ਕੰਪਨੀਆਂ ਦੇ ਵਿੱਤੀ ਨਤੀਜੇ ਉਮੀਦ ਮੁਤਾਬਿਕ ਨਹੀਂ ਰਹੇ ਹਨ, ਜਿਸ ਨਾਲ ਨਿਵੇਸ਼ਕਾਂ ਦਾ ਮਨੋਬਲ ਡਿੱਗਾ ਹੈ ਅਤੇ ਬਾਜ਼ਾਰ ’ਚ ਬਿਕਵਾਲੀ ਵਧ ਗਈ ਹੈ।

ਅਮਰੀਕਾ ’ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬਾਜ਼ਾਰ ’ਚ ਬਿਕਵਾਲੀ ਦੇ ਮਾਹੌਲ ਤੋਂ ਨਿਵੇਸ਼ਕ ਚਿੰਤਤ : 5 ਨਵੰਬਰ ਨੂੰ ਅਮਰੀਕਾ ’ਚ ਚੋਣਾਂ ਹੋਣ ਵਾਲੀਆਂ ਹਨ ਅਤੇ ਇਸ ਵਾਰ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਸਖ਼ਤ ਟੱਕਰ ਕਾਰਨ ਨਿਵੇਸ਼ਕ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ। ਇਸ ਅਸਥਿਰਤਾ ਦੀ ਵਜ੍ਹਾ ਨਾਲ ਬਾਜ਼ਾਰ ’ਚ ਬਿਕਵਾਲੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ।

ਓਪੇਕ ਪਲੱਸ ਦੇ ਐਲਾਨ ਨਾਲ ਤੇਲ ਕੀਮਤਾਂ ’ਚ ਉਛਾਲ : ਓਪੇਕ ਪਲੱਸ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਕਮਜ਼ੋਰ ਮੰਗ ਅਤੇ ਬਾਹਰੀ ਸਪਲਾਈ ’ਚ ਵਾਧੇ ਕਾਰਨ ਦਸੰਬਰ ’ਚ ਉਤਪਾਦਨ ਵਧਾਉਣ ਦੀ ਯੋਜਨਾ ਨੂੰ ਇਕ ਮਹੀਨੇ ਲਈ ਟਾਲ ਦੇਵੇਗਾ। ਇਸ ਖਬਰ ਤੋਂ ਬਾਅਦ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਵੇਖੀ ਜਾ ਰਹੀ ਹੈ, ਜਿਸ ਨਾਲ ਰਿਲਾਇੰਸ ਇੰਡਸਟਰੀਜ਼ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਆਈ ਹੈ।

ਫੈਡਰਲ ਰਿਜ਼ਰਵ ਦੀ ਬੈਠਕ ਨਾਲ ਵਧੀ ਬਾਜ਼ਾਰ ’ਚ ਅਸਥਿਰਤਾ : 7 ਨਵੰਬਰ ਨੂੰ ਫੈਡਰਲ ਰਿਜ਼ਰਵ ਦੀ ਨੀਤੀਗਤ ਬੈਠਕ ਹੋਣ ਵਾਲੀ ਹੈ ਅਤੇ ਇਸ ਨਾਾਲ ਭਾਰਤੀ ਬਾਜ਼ਾਰ ’ਚ ਵੀ ਬੇਭਰੋਸਗੀਆਂ ਵਧ ਰਹੀਆਂ ਹਨ। ਨਿਵੇਸ਼ਕ ਇਸ ਬੈਠਕ ਦੇ ਸੰਭਾਵੀ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ, ਜਿਸ ਨਾਲ ਬਾਜ਼ਾਰ ’ਚ ਅਸਥਿਰਤਾ ਵੇਖੀ ਜਾ ਰਹੀ ਹੈ।

ਬ੍ਰੋਕਰੇਜ ਦੇ ਮੰਦੀ ਦੇ ਰੁਝਾਨ ’ਤੇ ਡਿੱਗੇ ਆਇਲ ਸਟਾਕਸ

ਆਇਲ ਸੈਕਟਰ ’ਤੇ ਗਲੋਬਲ ਬ੍ਰੋਕਰੇਜ ਫਰਮ ਗੋਲਡਮੈਨ ਸਾਕਸ ਦੇ ਮੰਦੀ ਦੇ ਰੁਝਾਨ ਨੇ ਤੇਲ ਮਾਰਕੀਟਿੰਗ ਕੰਪਨੀਆਂ ਦੇ ਸ਼ੇਅਰ 6 ਫੀਸਦੀ ਤੱਕ ਤੋਡ਼ ਦਿੱਤੇ। ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਈ ਸਤੰਬਰ ਤਿਮਾਹੀ ਉਮੀਦ ਤੋਂ ਕਮਜ਼ੋਰ ਰਹੀ।

ਗੋਲਡਮੈਨ ਦੀ ਰਿਪੋਰਟ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਦਾ ਐਬਿਟਾ ਉਮੀਦ ਤੋਂ ਕਾਫ਼ੀ ਕਮਜ਼ੋਰ ਰਿਹਾ, ਜਿਸ ’ਚ ਸਭ ਤੋਂ ਬੁਰਾ ਹਾਲ ਇੰਡੀਅਨ ਆਇਲ ਦਾ ਰਿਹਾ, ਜਿਸ ਦਾ ਐਬਿਟਾ ਉਮੀਦ ਤੋਂ 21 ਫੀਸਦੀ ਕਮਜ਼ੋਰ ਰਿਹਾ, ਜਦੋਂ ਕਿ ਹਿੰਦੁਸਤਾਨ ਪੈਟਰੋਲੀਅਮ ਦਾ 6 ਫ਼ੀਸਦੀ ਅਤੇ ਭਾਰਤ ਪੈਟਰੋਲੀਅਮ ਦਾ 4 ਫੀਸਦੀ ਘੱਟ ਰਿਹਾ।

ਗੋਲਡਮੈਨ ਦੇ ਮੁਤਾਬਕ ਰਿਫਾਈਨਿੰਗ, ਮਾਰਕੀਟਿੰਗ ਅਤੇ ਪੈਟਰੋਕੈਮੀਕਲ ਸੈਗਮੈਂਟਸ ’ਚ ਉਮੀਦ ਤੋਂ ਘੱਟ ਕਮਾਈ ਕਾਰਨ ਇੰਡੀਅਨ ਆਇਲ ਦੀ ਓਵਰਆਲ ਕਮਾਈ ਨੂੰ ਝਟਕਾ ਲੱਗਾ। ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਦੇ ਨਤੀਜੇ ਵੀ ਮਾਰਕੀਟਿੰਗ ਅਤੇ ਰਿਫਾਈਨਿੰਗ ’ਚ ਫਿਸਲਣ ਕਾਰਨ ਕਮਜ਼ੋਰ ਰਹੇ।


author

Harinder Kaur

Content Editor

Related News