ਨਹੀਂ ਰੁਕ ਰਹੀ FPI ਦੀ ਸੇਲਿੰਗ, ਅਗਸਤ ’ਚ ਹੁਣ ਤੱਕ ਸ਼ੇਅਰਾਂ ਤੋਂ ਕੱਢੇ 21201 ਕਰੋੜ ਰੁਪਏ
Monday, Aug 19, 2024 - 12:42 PM (IST)
ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਨਿਵੇਸ਼ਕਾਂ ਨੇ ਅਗਸਤ ’ਚ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਵਿਕਰੀ ਜਾਰੀ ਰੱਖੀ ਹੋਈ ਹੈ। ਉਨ੍ਹਾਂ ਨੇ ਹੁਣ ਤੱਕ ਕੁਲ 21,101 ਕਰੋੜ ਰੁਪਏ ਮੁੱਲ ਦੇ ਸ਼ੇਅਰ ਵੇਚੇ। ਇਸ ਦਾ ਕਾਰਨ ਯੇਨ ਕਰੰਸੀ ’ਚ ‘ਕੈਰੀ ਟ੍ਰੇਡ’ ਯਾਨੀ ਘਟ ਵਿਆਜ ਦਰ ਵਾਲੇ ਦੇਸ਼ ਤੋਂ ਕਰਜ਼ ਲੈ ਕੇ ਦੂਜੇ ਦੇਸ਼ ਦੀਆਂ ਜਾਇਦਾਦਾਂ ’ਚ ਨਿਵੇਸ਼ ਦਾ ਬੰਦ ਹੋਣਾ, ਅਮਰੀਕਾ ’ਚ ਮੰਦੀ ਦੇ ਖਦਸ਼ੇ ਅਤੇ ਕੌਮਾਂਤਰੀ ਪੱਧਰ ’ਤੇ ਵਧਦਾ ਤਣਾਅ ਹੈ। ਡਿਪਾਜ਼ਟਰੀ ਅੰਕੜਿਆਂ ਅਨੁਸਾਰ ਐੱਫ. ਆਈ. ਆਈ. ਨੇ ਜੁਲਾਈ ’ਚ 32,365 ਕਰੋੜ ਰੁਪਏ ਅਤੇ ਜੂਨ ’ਚ 26,565 ਕਰੋੜ ਰੁਪਏ ਮੁੱਲ ਦੇ ਸ਼ੇਅਰ ਖਰੀਦੇ ਸਨ।
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਆਰਥਿਕ ਵਾਧਾ ਲਗਾਤਾਰ ਬਣੇ ਰਹਿਣ, ਸੁਧਾਰ ਜਾਰੀ ਰਹਿਣ, ਕੰਪਨੀਆਂ ਦੇ ਤਿਮਾਹੀ ਨਤੀਜੇ ਉਮੀਦ ਤੋਂ ਬਿਹਤਰ ਰਹਿਣ ਅਤੇ ਰਾਜਨੀਤਕ ਪੱਧਰ ’ਤੇ ਸਥਿਰਤਾ ਦੀ ਉਮੀਦ ’ਚ ਇਨ੍ਹਾਂ 2 ਮਹੀਨਿਆਂ ’ਚ ਨਿਵੇਸ਼ ਕੀਤੇ। ਇਸ ਤੋਂ ਪਹਿਲਾਂ, ਐੱਫ. ਪੀ. ਆਈ. ਨੇ ਲੋਕਸਭਾ ਚੋਣਾਂ ਦੌਰਾਨ ਮਈ ’ਚ 25,586 ਕਰੋੜ ਰੁਪਏ ਅਤੇ ਮਾਰੀਸ਼ਸ ਨਾਲ ਭਾਰਤ ਦੇ ਟੈਕਸ ਸਮਝੌਤੇ ’ਚ ਬਦਲਾਅ ਅਤੇ ਅਮਰੀਕੀ ਬਾਂਡ ਰਿਵਾਰਡ ’ਚ ਲਗਾਤਾਰ ਵਾਧੇ ’ਤੇ ਚਿੰਤਾਵਾਂ ’ਚ ਅਪ੍ਰੈਲ ’ਚ 8,700 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਸੀ। ਅੰਕੜਿਆਂ ਮੁਤਾਬਕ, ਐੱਫ. ਪੀ. ਆਈ. ਨੇ ਇਸ ਮਹੀਨੇ (1-17 ਅਗਸਤ) ਹੁਣ ਤੱਕ ਸ਼ੇਅਰ ਬਾਜ਼ਾਰ ਤੋਂ 21,201 ਕਰੋੜ ਰੁਪਏ ਦੀ ਪੂੰਜੀ ਨਿਕਾਸੀ ਕੀਤੀ ਹੈ।
ਡਿਪਾਜ਼ਟਰੀ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਇਸ ਸਾਲ ਹੁਣ ਤੱਕ ਇਕਵਿਟੀ ਸ਼ੇਅਰ ’ਚ 14,364 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਅਗਸਤ ’ਚ ਐੱਫ. ਪੀ. ਆਈ. ਦੀ ਨਿਕਾਸੀ ਦਾ ਮੁੱਖ ਕਾਰਨ ਕੌਮਾਂਤਰੀ ਅਤੇ ਘਰੇਲੂ ਕਾਰਕ ਹਨ। ਵਾਟਰਫੀਲਡ ਐਡਵਾਈਜ਼ਰਸ ’ਚ ਲਿਸਟਿਡ ਇਨਵੈਸਟਮੈਂਟਸ ਦੇ ਨਿਰਦੇਸ਼ਕ ਵਿਪੁਲ ਭੋਵਰ ਨੇ ਕਿਹਾ ਕੌਮਾਂਤਰੀ ਪੱਧਰ ’ਤੇ, ਯੇਨ ਕੈਰੀ ਟ੍ਰੇਡ ਦੇ ਖਤਮ ਹੋਣ, ਕੌਮਾਂਤਰੀ ਮੰਦੀ ਦੇ ਖਦਸ਼ੇ, ਹੌਲੀ ਆਰਥਿਕ ਵਾਧਾ ਅਤੇ ਕੌਮਾਂਤਰੀ ਪੱਧਰ ’ਤੇ ਜਾਰੀ ਸੰਘਰਸ਼ਾਂ ਨੂੰ ਲੈ ਕੇ ਚਿੰਤਾਵਾਂ ਕਾਰਨ ਬਾਜ਼ਾਰ ’ਚ ਅਡੋਲਤਾ ਅਤੇ ਜੋਖਮ ਤੋਂ ਬਚਣ ਦਾ ਰੁਖ ਬਣਿਆ ਹੈ।
ਬੈਂਕ ਆਫ ਜਾਪਾਨ ਨੇ ਮੁੱਖ ਵਿਆਜ ਦਰ ’ਚ 0.25 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਯੇਨ ‘ਕੇਰੀ ਟ੍ਰੇਡ’ ਦੇ ਖਤਮ ਹੋਣ ਨਾਲ ਪੂੰਜੀ ਨਿਕਾਸੀ ਸ਼ੁਰੂ ਹੋਈ। ਘਰੇਲੂ ਪੱਧਰ ’ਤੇ, ਜੂਨ ਅਤੇ ਜੁਲਾਈ ’ਚ ਸ਼ੁੱਧ ਖਰੀਦਦਾਰ ਹੋਣ ਤੋਂ ਬਾਅਦ, ਕੁੱਝ ਐੱਫ. ਪੀ. ਆਈ. ਨੇ ਪਿੱਛਲੀਆਂ ਤਿਮਾਹੀਆਂ ’ਚ ਮਜ਼ਬੂਤ ਤੇਜ਼ੀ ਤੋਂ ਬਾਅਦ ਮੁਨਾਫਾਵਸੂਲੀ ਦਾ ਬਦਲ ਚੁਣਿਆ ਹੋਵੇਗਾ।
ਭੋਵਰ ਨੇ ਕਿਹਾ ਕਿ ਇਸ ਤੋਂ ਇਲਾਵਾ, ਕੰਪਨੀਆਂ ਦੇ ਤਿਮਾਹੀ ਨਤੀਜੇ ਮਿਲੇ-ਜੁਲੇ ਹੋਣ ਅਤੇ ਉਮੀਦ ਤੋਂ ਉੱਚ ਮੁਲਾਂਕਣ ਨੇ ਭਾਰਤੀ ਸ਼ੇਅਰ ਬਾਜ਼ਾਰ ਨੂੰ ਘੱਟ ਆਕਰਸ਼ਕ ਬਣਾ ਦਿੱਤਾ ਹੈ। ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਬਜਟ ਬਾਅਦ ਇਕਵਿਟੀ ਨਿਵੇਸ਼ ’ਤੇ ਪੂੰਜੀਗਤ ਲਾਭ ਟੈਕਸ ’ਚ ਵਾਧੇ ਦੇ ਐਲਾਨ ਨੇ ਵਿਕਰੀ ਨੂੰ ਰਫਤਾਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਅਮਰੀਕਾ ’ਚ ਨੌਕਰੀਆਂ ਦੇ ਕਮਜ਼ੋਰ ਅੰਕੜੇ, ਨੀਤੀਗਤ ਦਰ ’ਚ ਕਟੌਤੀ ਦੇ ਸਮੇਂ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਯੇਨ ‘ਕੈਰੀ ਟ੍ਰੇਡ’ ਦੇ ਖਤਮ ਹੋਣ ’ਚ ਐੱਫ. ਪੀ. ਆਈ. ਭਾਰਤੀ ਸ਼ੇਅਰਾਂ ਦੇ ਉੱਚ ਮੁਲਾਂਕਣ ਅਤੇ ਕੌਮਾਂਤਰੀ ਅਰਥਵਿਵਸਥਾ ਨੂੰ ਲੈ ਕੇ ਚਿੰਤਾ ਨੂੰ ਲੈ ਕੇ ਸਾਵਧਾਨ ਹਨ।