2.25 ਕਰੋੜ ਲੋਕਾਂ ਨੇ ਭਰਿਆ ਰਿਟਰਨ, 55 ਫੀਸਦੀ ਤੋਂ ਵੱਧ ਟੈਕਸਦਾਤਿਆਂ ਨੇ ਲਿਆ ਨਵੇਂ ਪੋਰਟਲ ਦਾ ਲਾਭ
Sunday, Oct 31, 2021 - 12:53 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਮੁਲਾਂਕਣ ਸਾਲ 2021-22 ਲਈ 28 ਅਕਤੂਬਰ ਤੱਕ 2.25 ਕਰੋੜ ਲੋਕਾਂ ਨੇ ਇਨਕਮ ਟੈਕਸ ਰਿਟਰਨ ਭਰਿਆ ਹੈ, ਜਿਸ ’ਚੋਂ 55 ਫੀਸਦੀ ਤੋਂ ਵੱਧ ਰਿਟਰਨ ਨਵੇਂ ਪੋਰਟਲ ’ਤੇ ਮੁਹੱਈਆ ਫਾਰਮ ਰਾਹੀਂ ਭਰੇ ਗਏ ਹਨ। ਇਸ ਦੌਰਾਨ ਨਵੇਂ ਪੋਰਟਲ ’ਤੇ ਫੇਸਲੈੱਸ ਮੁਲਾਂਕਣ, ਅਪੀਲ ਅਤੇ ਜੁਰਮਾਨਾ ਆਦਿ ਦੇ 12.87 ਲੱਖ ਨੋਟਿਸ ਪਾਏ ਗਏ ਹਨ, ਜਿਨ੍ਹਾਂ ’ਚੋਂ 6.75 ਲੱਖ ਮਾਮਲਿਆਂ ’ਚ ਜਵਾਬ ਵੀ ਮਿਲੇ ਹਨ।
ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਇਸ ਦੌਰਾਨ 1.95 ਕਰੋੜ ਰਿਟਰਨ ਦੀ ਈ-ਵੈਰੀਫਿਕੇਸ਼ਨ ਕੀਤੀ ਗਈ ਹੈ ਅਤੇ ਉਸ ’ਚੋਂ 86 ਫੀਸਦੀ ਦਾ ਵੈਰੀਫਿਕੇਸ਼ਨ ਆਧਾਰ ਦੇ ਮਾਧਿਅਮ ਰਾਹੀਂ ਓ. ਟੀ. ਪੀ. ਰਾਹੀਂ ਕੀਤਾ ਗਿਆ ਹੈ। ਵਿਭਾਗ ਮੁਤਾਬਕ 28 ਅਕਤੂਬਰ ਤੱਕ ਜੋ ਰਿਟਰਨ ਭਰੇ ਗਏ ਹਨ, ਉਨ੍ਹਾਂ ’ਚੋਂ 62 ਫੀਸਦੀ ਆਈ. ਟੀ. ਆਰ. ਇਕ, ਅੱਠ ਫੀਸਦੀ ਆਈ. ਟੀ. ਆਰ.2, ਸੱਤ ਫੀਸਦੀ ਆਈ. ਟੀ. ਆਰ.3, 23 ਫੀਸਦੀ ਆਈ. ਟੀ. ਆਰ.4 ਅਤੇ ਬਾਕੀ ਆਈ. ਟੀ. ਆਰ.5,6 ਅਤੇ ਸੱਤ ਭਰੇ ਗਏ ਹਨ। ਆਈ. ਟੀ. ਆਰ. ਇਕ, ਦੋ ਅਤੇ ਚਾਰ ’ਚੋਂ 1.50 ਕਰੋੜ ਤੋਂ ਵੱਧ ਆਈ. ਟੀ. ਆਰ. ਪ੍ਰੋਸੈੱਸ ਹੋ ਚੁੱਕਾ ਹੈ ਅਤੇ 55 ਲੱਖ ਰਿਫੰਡ ਵੀ ਜਾਰੀ ਕੀਤੇ ਜਾ ਚੁੱਕੇ ਹਨ। ਵਿਭਾਗ ਨੇ ਕਿਹਾ ਕਿ 28 ਅਕਤੂਬਰ ਤੱਕ 15 ਕਰੋੜ ਯੂਨੀਕ ਟੈਕਸਦਾਤਿਆਂ ਨੇ ਪੋਰਟਲ ’ਤੇ ਲਾਗਇਨ ਕੀਤਾ ਹੈ। ਇਸ ਦੌਰਾਨ 21.47 ਲੱਖ ਨਵੇਂ ਰਜਿਸਟ੍ਰੇਸ਼ਨ ਕੀਤੇ ਗਏ ਹਨ ਅਤੇ 60.78 ਲੱਖ ਟੈਕਸਦਾਤਿਆਂ ਨੇ ‘ਫਾਰਗੋਟ ਪਾਸਵਰਡ’ ਸਹੂਲਤ ਦੀ ਵਰਤੋਂ ਕੀਤੀ ਹੈ। ਵਿਭਾਗ ਨੇ ਨਵੇਂ ਪੋਰਟਲ ’ਤੇ 24.01 ਲੱਖ ਨਵੇਂ ਈ ਪੈਨ ਜਾਰੀ ਕੀਤੇ ਹਨ ਅਤੇ 79.55 ਕਰੋੜ ਟੈਕਸਦਾਤਿਆਂ ਨੇ ਆਪਣੇ ਪੈਨ ਅਤੇ ਆਧਾਰ ਨੂੰ ਜੋੜਿਆ ਹੈ। 34.19 ਲੱਖ ਬੈਂਕ ਖਾਤਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 21.15 ਲੱਖ ਬੈਂਕ ਖਾਤਿਅਾਂ ਦੀ ਈ-ਵੈਰੀਫਿਕੇਸ਼ਨ ਕੀਤੀ ਗਈ ਹੈ।
ਆਈ. ਟੀ. ਪੋਰਟਲ ’ਚ ਹੋ ਰਿਹਾ ਹੈ ਸੁਧਾਰ, ਇੰਫੋਸਿਸ ਨੇ 90 ਫੀਸਦੀ ਗੜਬੜੀਆਂ ਨੂੰ ਕੀਤਾ ਠੀਕ
ਦੇਸ਼ ਦੀ ਪ੍ਰਮੁੱਖ ਸਾਫਟਵੇਅਰ ਸਰਵਿਸ ਕੰਪਨੀ ਇੰਫੋਸਿਸ ਨੇ ਇਨਕਮ ਟੈਕਸ ਈ-ਫਾਈਲਿੰਗ ਪੋਰਟਲ ’ਚ ਜ਼ਿਆਦਾਤਰ ਗੜਬੜੀਆਂ ਨੂੰ ਠੀਕ ਕਰ ਲਿਆ ਹੈ ਅਤੇ ਇਸ ਨੂੰ ਮੁੜ ਚਾਲੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਆਈ. ਟੀ. ਈ-ਫਾਈਲਿੰਗ ਪੋਰਟਲ ਨੇ ਠੀਕ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ 90 ਫੀਸੀਦ ਤੱਕ ਗੜਬੜੀਆਂ ਠੀਕ ਹੋ ਗਈਆਂ ਹਨ। ਟੈਕਸਦਾਤਾ ਰਿਟਰਨ ਦਾਖਲ ਕਰਨਾ ਸ਼ੁਰੂ ਕਰ ਸਕਦੇ ਹਨ। ਇੰਫੋਸਿਸ ਬਾਕੀ ਗੜਬੜੀਆਂ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ ਅਤੇ ਉਮੀਦ ਹੈ ਕਿ ਇਸ ਨੂੰ 10-15 ਦਿਨਾਂ ’ਚ ਪੂਰਾ ਕਰ ਲਿਆ ਜਾਵੇਗਾ। ਹਾਲਾਂਕਿ ਚਾਰਟਰਡ ਅਕਾਊਂਟੈਂਟਸ ਇਸ ਗੱਲ ਨਾਲ ਅਸਹਿਮਤ ਹਨ ਅਤੇ ਕਹਿੰਦੇ ਹਨ ਕਿ ਪੋਰਟਲ ਹਾਲੇ ਵੀ ਠੀਕ ਕੰਮ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਜ਼ਰਜ਼ ਨੂੰ ਉਨ੍ਹਾਂ ਦੇ ਓ. ਟੀ. ਪੀ. ਨਹੀਂ ਮਿਲ ਰਹੇ ਹਨ। ਇਕ ਸੀ. ਏ. ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਹਾਲੇ ਵੀ ਕਈ ਗੜਬੜੀਆਂ ਹਨ।