ਨੌਕਰੀਪੇਸ਼ਾ ਲੋਕਾਂ ਨੂੰ ਸੌਗਾਤ, 15 ਮਿੰਟ ਵੀ ਵੱਧ ਲੱਗੇ ਤਾਂ ਮਿਲੇਗਾ ਓਵਰਟਾਈਮ!
Sunday, Feb 14, 2021 - 10:48 AM (IST)
ਨਵੀਂ ਦਿੱਲੀ- ਸਰਕਾਰ ਨੇ ਵਿੱਤੀ ਸਾਲ 2021-22 ਵਿਚ ਪ੍ਰਸਤਾਵਿਤ ਨਵੇਂ ਕਿਰਤ ਕਾਨੂੰਨਾਂ 'ਤੇ ਕੰਮ ਤੇਜ਼ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਸਰਕਾਰ ਨਵੇਂ ਨਿਯਮਾਂ ਤਹਿਤ ਓਵਰਟਾਈਮ ਦੀ ਮੌਜੂਦਾ ਸਮਾਂ-ਸੀਮਾ ਵਿਚ ਬਦਲਾਅ ਕਰ ਸਕਦੀ ਹੈ। ਨਵੇਂ ਨਿਯਮਾਂ ਤਹਿਤ ਹੁਣ ਨਿਰਧਾਰਤ ਘੰਟਿਆਂ ਤੋਂ 15 ਮਿੰਟ ਵੀ ਜ਼ਿਆਦਾ ਕੰਮ ਹੋਇਆ ਤਾਂ ਇਸ ਨੂੰ ਓਵਰਟਾਈਮ ਦੀ ਸ਼੍ਰੇਣੀ ਵਿਚ ਰੱਖਿਆ ਜਾਵੇਗਾ ਅਤੇ ਕੰਪਨੀ ਨੂੰ ਕਰਮਚਾਰੀ ਨੂੰ ਇਸ ਦਾ ਮਿਹਨਤਾਨਾ ਦੇਣਾ ਹੋਵੇਗਾ।
ਹੁਣ ਤੱਕ ਇਹ ਸਮਾਂ-ਸੀਮਾ ਅੱਧੇ ਘੰਟੇ ਦੀ ਸੀ। ਰਿਪੋਰਟ ਦਾ ਕਹਿਣਾ ਹੈ ਕਿ ਕਿਰਤ ਮੰਤਰਾਲਾ ਨੇ ਇਸ ਸਬੰਧੀ ਸਾਰੇ ਹਿੱਤਧਾਰਕਾਂ ਨਾਲ ਵਿਚਾਰ-ਵਟਾਂਦਰਾ ਦਾ ਕੰਮ ਪੂਰਾ ਕਰ ਲਿਆ ਹੈ। ਮਾਮਲੇ ਨਾਲ ਜੁੜੇ ਅਧਿਕਾਰੀ ਮੁਤਾਬਕ ਇਸ ਮਹੀਨੇ ਦੇ ਅਖੀਰ ਤੱਕ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰ ਲਿਆ ਜਾਵੇਗਾ ਅਤੇ ਨਿਯਮਾਂ ਨੂੰ ਲਾਗੂ ਕਰਨ ਦੀ ਕਵਾਇਦ ਸ਼ੁਰੂ ਹੋ ਸਕਦੀ ਹੈ। ਸਰਕਾਰ ਨੂੰ ਉਮੀਦ ਹੈ ਕਿ ਇਨ੍ਹਾਂ ਨਿਯਮਾਂ ਨਾਲ ਕਾਰੋਬਾਰੀ ਗਤੀਵਧੀਆਂ ਵਿਚ ਸੁਧਾਰ ਹੋਣ ਦੇ ਨਾਲ-ਨਾਲ ਕਰਮਚਾਰੀਆਂ ਦੀ ਹਾਲਤ ਵੀ ਬਦਲੇਗੀ।
ਠੇਕਾ ਕਾਮਿਆਂ ਨੂੰ ਫਾਇਦਾ
ਨਵੇਂ ਕਾਨੂੰਨਾਂ ਵਿਚ ਠੇਕੇ 'ਤੇ ਕੰਮ ਕਰਨ ਵਾਲਿਆਂ ਨੂੰ ਜਾਂ ਫਿਰ ਥਰਡ ਪਾਰਟੀ ਤਹਿਤ ਕੰਮ ਕਰਨ ਵਾਲਿਆਂ ਨੂੰ ਵੀ ਵੱਡੀ ਰਾਹਤ ਦੇਣ ਦਾ ਫ਼ੈਸਲਾ ਲਿਆ ਗਿਆ ਹੈ।
ਇਸ ਵਿਚ ਅਜਿਹੇ ਪ੍ਰਬੰਧ ਕੀਤੇ ਗਏ ਹਨ ਜਿਸ ਨਾਲ ਠੇਕੇ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਤਨਖ਼ਾਹ ਕੱਟ ਕੇ ਨਾ ਦਿੱਤੀ ਜਾ ਸਕੇ। ਸਰਕਾਰ, ਮਜ਼ਦੂਰ ਸੰਗਠਨਾਂ ਅਤੇ ਉਦਯੋਗ ਜਗਤ ਨਾਲ ਹੋਈ ਬੈਠਕ ਵਿਚ ਚਰਚਾ ਤੋਂ ਬਾਅਦ ਸਹਿਮਤੀ ਬਣੀ ਹੈ ਕਿ ਕੰਪਨੀਆਂ ਹੀ ਇਹ ਯਕੀਨੀ ਕਰਨਗੀਆਂ ਕਿ ਉਨ੍ਹਾਂ ਨੂੰ ਪੂਰੀ ਤਨਖ਼ਾਹ ਮਿਲੇ।
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ 5 ਰੁ: ਦਾ ਉਛਾਲ, ਵੇਖੋ ਪੰਜਾਬ 'ਚ ਮੁੱਲ
ਪੀ. ਐੱਫ. ਅਤੇ ਈ. ਐੱਸ. ਆਈ. ਸਹੂਲਤਾਂ
ਕਰਮਚਾਰੀਆਂ ਲਈ ਪੀ. ਐੱਫ. ਅਤੇ ਈ. ਐੱਸ. ਆਈ. ਵਰਗੀਆਂ ਸਹੂਲਤਾਂ ਦਾ ਬੰਦੋਬਸਤ ਵੀ ਕੰਪਨੀਆਂ ਨੂੰ ਹੀ ਯਕੀਨੀ ਕਰਨ ਸਬੰਧੀ ਨਿਯਮ ਬਣਾਉਣ ਦੇ ਸੰਕੇਤ ਦਿੱਤੇ ਗਏ ਹਨ। ਸਰਕਾਰ ਦਾ ਇਰਾਦਾ ਹੈ ਕਿ ਨਵੇਂ ਪ੍ਰਬੰਧਾਂ ਜ਼ਰੀਏ ਹੁਣ ਕੋਈ ਕੰਪਨੀ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੀ ਕਿ ਠੇਕੇ ਜਾਂ ਥਰਡ ਪਾਰਟੀ ਵੱਲੋਂ ਆਏ ਕਰਮਚਾਰੀ ਨੂੰ ਪੀ. ਐੱਫ. ਅਤੇ ਈ. ਐੱਸ. ਆਈ. ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ।
ਇਹ ਵੀ ਪੜ੍ਹੋ- ਵਿਸਤਾਰਾ 3 ਮਾਰਚ ਤੋਂ ਮਾਲੇ ਲਈ ਸ਼ੁਰੂ ਕਰਨ ਜਾ ਰਹੀ ਹੈ ਫਲਾਈਟਸ