ਭਾਰਤ ਦੇ ਕੱਪੜਿਆਂ ਦੀ ਬਰਾਮਦ ''ਚ ਆਈ 12.2 ਫ਼ੀਸਦੀ ਦੀ ਗਿਰਾਵਟ, ਜਾਣੋ ਕੀ ਹੈ ਇਸ ਦਾ ਕਾਰਨ
Monday, Jun 19, 2023 - 03:23 PM (IST)
ਨਵੀਂ ਦਿੱਲੀ - ਭਾਰਤ ਦੇ ਟੈਕਸਟਾਈਲ ਅਤੇ ਕੱਪੜਿਆਂ ਦੀ ਬਰਾਮਦ ਵਿੱਚ ਮਈ ਦੇ ਦੌਰਾਨ ਸਾਲਾਨਾ ਆਧਾਰ 'ਤੇ 12.2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਮੁੱਖ ਕਾਰਨ ਯੂਰਪ ਅਤੇ ਅਮਰੀਕਾ ਦੇ ਬਾਜ਼ਾਰ ਦੀ ਮੰਗ ਵਿੱਚ ਗਿਰਾਵਟ ਆਉਣਾ ਸੀ। ਉਦਯੋਗ ਮਾਹਿਰਾਂ ਦਾ ਮੁਲਾਂਕਣ ਹੈ ਕਿ ਕਪਾਹ ਦੀਆਂ ਕੀਮਤਾਂ ਵਿੱਚ ਨਰਮੀ ਅਤੇ ਪੱਛਮ ਵਿੱਚ ਮਹਿੰਗਾਈ ਘੱਟ ਹੋਣ ਕਾਰਨ ਜੁਲਾਈ ਤੋਂ ਗਿਰਾਵਟ ਦੇ ਰੁਝਾਨ ਵਿੱਚ ਬਦਲਾਅ ਆਵੇਗਾ। ਮਈ ਵਿੱਚ ਕੱਪੜੇ ਅਤੇ ਟੈਕਸਟਾਈਲ ਦਾ ਸੰਚਤ ਨਿਰਯਾਤ 281.639 ਕਰੋੜ ਡਾਲਰ ਸੀ, ਜਦਕਿ ਇਹ ਇੱਕ ਸਾਲ ਪਹਿਲਾਂ 320.643 ਕਰੋੜ ਡਾਲਰ ਸੀ।
ਦੱਸ ਦੇਈਏ ਕਿ ਗਾਰਮੈਂਟ ਦਾ ਨਿਰਯਾਤ ਪਿਛਲੇ ਸਾਲ ਦੇ 179.126 ਕਰੋੜ ਡਾਲਰ ਦੇ ਮੁਕਾਬਲੇ 12 ਫ਼ੀਸਦੀ ਘੱਟ ਕੇ 158.057 ਕਰੋੜ ਡਾਲਰ ਰਹਿ ਗਿਆ। ਇਸ ਕ੍ਰਮ ਵਿੱਚ ਟੈਕਸਟਾਈਲ ਦਾ ਨਿਰਯਾਤ ਵੀ ਮਈ 2022 ਦੇ 141.517 ਕਰੋੜ ਡਾਲਰ ਤੋਂ 13 ਫ਼ੀਸਦੀ ਡਿੱਗ ਕੇ ਇਸ ਸਾਲ ਮਈ ਵਿੱਚ 123.582 ਕਰੋੜ ਡਾਲਰ ਹੋ ਗਿਆ। ਇਸ ਸਿਲਸਿਲੇ 'ਚ ਦਿੱਲੀ ਸਥਿਤ ਟੀਟੀ ਲਿਮਟਿਡ ਦੇ ਸੰਜੇ ਕੁਮਾਰ ਜੈਨ ਨੇ ਕਿਹਾ, 'ਨਕਾਰਾਤਮਕ ਵਾਧਾ ਲਗਭਗ ਇਕ ਸਾਲ ਤੋਂ ਜਾਰੀ ਹੈ। ਇਹ ਮੁੱਖ ਤੌਰ 'ਤੇ ਮੰਗ ਵਿੱਚ ਗਿਰਾਵਟ ਦੇ ਕਾਰਨ ਹੈ। ਯੂਰਪ ਇਸ ਸਮੇਂ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ।
ਅਮਰੀਕਾ ਵਿੱਚ ਉੱਚ ਵਿਆਜ ਦਰਾਂ ਕਾਰਨ ਵੈਲਿਊ ਚੇਨ ਪ੍ਰਦਾਤਾਵਾਂ ਦੀ ਮੰਗ ਵਿੱਚ ਘਾਟ ਆਈ ਹੈ। ਮੈਂ ਪਿਛਲੇ 24 ਸਾਲਾਂ ਤੋਂ ਇਸ ਇੰਡਸਟਰੀ ਵਿੱਚ ਕੰਮ ਕਰ ਰਿਹਾ ਹਾਂ ਪਰ ਮੈਂ ਮੰਗ ਵਿੱਚ ਅਜਿਹੀ ਗਿਰਾਵਟ ਨਹੀਂ ਦੇਖੀ। ਇਸ ਸਮੇਂ ਘਰੇਲੂ ਮੰਗ ਵੀ ਬਹੁਤ ਘੱਟ ਹੈ। ਘਰੇਲੂ ਅਤੇ ਨਿਰਯਾਤ ਮੰਗ ਵਿੱਚ ਇੱਕੋ ਸਮੇਂ ਗਿਰਾਵਟ ਆਉਣ ਕਾਰਨ ਕੱਪੜਾ ਅਤੇ ਟੈਕਸਟਾਈਲ ਵਿੱਚ ਵੀ ਗਿਰਾਵਟ ਆਈ ਹੈ। ਕਨਫੈਡਰੇਸ਼ਨ ਆਫ਼ ਇੰਡੀਅਨ ਟੈਕਸਟਾਈਲ ਇੰਡਸਟਰੀ (CITI) ਦੀ ਇੱਕ ਰਿਪੋਰਟ ਅਨੁਸਾਰ ਟੈਕਸਟਾਈਲ ਅਤੇ ਕੱਪੜਾ ਖੇਤਰ ਵਿੱਚ ਪਿਛਲੇ ਸਾਲ 672.289 ਕਰੋੜ ਡਾਲਰ ਦੇ ਮੁਕਾਬਲੇ 17 ਫ਼ੀਸਦੀ ਦੀ ਸੰਚਤ ਗਿਰਾਵਟ ਨਾਲ 556.874 ਕਰੋੜ ਡਾਲਰ 'ਤੇ ਆ ਗਿਆ। ਪਹਿਲੇ ਦੋ ਮਹੀਨਿਆਂ 'ਚ ਕੱਪੜਾ ਨਿਰਯਾਤ 16.4 ਫ਼ੀਸਦੀ ਅਤੇ ਟੈਕਸਟਾਈਲ 'ਚ 18.2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਦੱਸ ਦੇਈਏ ਕਿ ਮਈ 2022 ਦੇ ਮੁਕਾਬਲੇ ਇਸ ਮਈ ਮਹੀਨੇ ਵਿੱਚ ਕੱਪੜਿਆਂ ਦੇ ਨਿਰਯਾਤ ਵਿੱਚ 8.05 ਫ਼ੀਸਦੀ ਅਤੇ ਟੈਕਸਟਾਈਲ ਦੇ ਨਿਰਯਾਤ ਵਿੱਚ 8.22 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਤੀ ਧਾਗੇ, ਫੈਬਰਿਕ, ਮੇਡ-ਅੱਪ/ਹੈਂਡਲੂਮ ਉਤਪਾਦਾਂ ਦੀ ਬਰਾਮਦ ਪਿਛਲੇ ਸਾਲ ਮਈ ਦੇ 104.281 ਕਰੋੜ ਡਾਲਰ ਦੇ ਮੁਕਾਬਲੇ ਇਸ ਸਾਲ ਮਈ 'ਚ 12 ਫ਼ੀਸਦੀ ਘੱਟ ਕੇ 920.8 ਕਰੋੜ ਡਾਲਰ ਰਹਿ ਗਈ। ਇਸ ਦੌਰਾਨ ਹੱਥ ਨਾਲ ਬਣੇ ਧਾਗੇ/ਫੈਬ/ਮੇਡ ਅੱਪ ਦੀ ਬਰਾਮਦ 6.3 ਫ਼ੀਸਦੀ ਘਟ ਕੇ 395.16 ਕਰੋੜ ਡਾਲਰ ਰਹਿ ਗਈ।