1 ਕਰੋੜ ਬੈਂਕ ਖਾਤਿਆਂ ਦਾ ਡਾਟਾ ਲੀਕ, ਇੰਨੇ ''ਚ ਵਿਕ ਰਹੀ ਜਾਣਕਾਰੀ!

04/14/2017 2:43:56 PM

ਨਵੀਂ ਦਿੱਲੀ— ਦੇਸ਼ ਦੇ ਇਕ ਕਰੋੜ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਵੇਚੇ ਜਾਣ ਦਾ ਖੁਲਾਸਾ ਹੋਇਆ ਹੈ। ਦਿੱਲੀ ਪੁਲਸ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਅਜਿਹੀ ਜਾਣਕਾਰੀ ਬਹੁਤ ਮਾਮੂਲੀ ਕੀਮਤ ''ਤੇ ਵੇਚ ਰਿਹਾ ਸੀ। ਇਸ ''ਚ ਬੈਂਕ ਖਾਤਿਆਂ ਦੀ ਜਾਣਕਾਰੀ ਸਮੇਤ ਕਈ ਚੀਜ਼ਾਂ ਸ਼ਾਮਲ ਹਨ। 

20 ਪੈਸੇ ਪ੍ਰਤੀ ਗਾਹਕ ਵੇਚ ਰਿਹਾ ਸੀ ਜਾਣਕਾਰੀ

ਦਿੱਲੀ ਪੁਲਸ ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਲੰਬੇ ਸਮੇਂ ਤੋਂ ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਇਸ ਨੂੰ ਅੰਜਾਮ ਦੇ ਰਿਹਾ ਸੀ। ਦਿੱਲੀ ਪੁਲਸ ਨੇ ਦੱਸਿਆ ਕਿ ਇਹ ਗੈਂਗ ਬੈਂਕ ਖਾਤੇ, ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੀ ਜਾਣਕਾਰੀ, ਫੇਸਬੁੱਕ ਅਤੇ ਵਟਸਐਪ ਦੇ ਡਾਟਾ ਨੂੰ 20 ਪੈਸੇ ਪ੍ਰਤੀ ਗਾਹਕ ਦੇ ਹਿਸਾਬ ਨਾਲ ਵੇਚਦਾ ਸੀ। ਗੈਂਗ ਦੇ ਨਾਲ ਇਸ ਧੋਖਾਧੜੀ ''ਚ ਕੁਝ ਬੈਂਕ ਅਧਿਕਾਰੀ ਵੀ ਸ਼ਾਮਲ ਸਨ। ਪੁਲਸ ਇਸ ਮਾਮਲੇ ਨੂੰ ਲੈ ਕੇ ਕਈ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। 

ਕਿਵੇਂ ਹੋਇਆ ਖੁਲਾਸਾ?

ਜਾਣਕਾਰੀ ਮੁਤਾਬਕ ਦਿੱਲੀ ਦੇ ਗ੍ਰੇਟਰ ਕੈਲਾਸ਼ ''ਚ ਰਹਿਣ ਵਾਲੀ ਇਕ ਮਹਿਲਾ ਦੇ ਕੇਸ ਦੀ ਜਾਂਚ ਕਰਦੇ ਹੋਏ ਪੁਲਸ ਨੂੰ ਇਹ ਅਹਿਮ ਜਾਣਕਾਰੀ ਮਿਲੀ। ਮਹਿਲਾ ਦੇ ਕ੍ਰੈਡਿਟ ਕਾਰਡ ਜ਼ਰੀਏ 1.46 ਲੱਖ ਰੁਪਏ ਉਡਾ ਲਏ ਗਏ ਸਨ। ਇਸੇ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਬੈਂਕ ਖਾਤਿਆਂ ਦੀ ਜਾਣਕਾਰੀ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਸ ਨੂੰ ਪਤਾ ਲੱਗਿਆ ਕਿ ਇਸ ਗਿਰੋਹ ਵੱਲੋਂ ਬੈਂਕ ''ਚ ਕੰਮ ਕਰਨ ਵਾਲਿਆਂ ਅਤੇ ਕਾਲ ਸੈਂਟਰਾਂ ਤੋਂ ਜਾਣਕਾਰੀ ਕਢਵਾਈ ਜਾਂਦੀ ਸੀ ਅਤੇ ਫਿਰ ਉਸ ਨੂੰ ਵੇਚ ਦਿੱਤਾ ਜਾਂਦਾ ਸੀ। 

ਅਹਿਮ ਜਾਣਕਾਰੀ ਵੇਚ ਰਿਹਾ ਸੀ ਗਿਰੋਹ

ਦਿੱਲੀ ਦੀ ਪੁਲਸ ਨੇ ਦਾਅਵਾ ਕੀਤਾ ਕਿ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਨੇ ਇਕ ਕਰੋੜ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਫੜੀ ਹੈ। ਵੇਚੀ ਜਾਣ ਵਾਲੀ ਜਾਣਕਾਰੀ ''ਚ ਕਾਰਡ ਨੰਬਰ, ਕਾਰਡ ਧਾਰਕ ਦਾ ਨਾਮ, ਜਨਮ ਤਰੀਕ ਅਤੇ ਮੋਬਾਇਲ ਨੰਬਰ ਹੈ। ਜਾਣਕਾਰੀ ਮੁਤਾਬਕ 50 ਹਜ਼ਾਰ ਲੋਕਾਂ ਦਾ ਡਾਟਾ ਵੇਚਣ ਦੇ ਇਹ ਗਿਰੋਹ 10 ਤੋਂ 20 ਹਜ਼ਾਰ ਰੁਪਏ ਲੈਂਦਾ ਸੀ। 


Related News