ਸਰਕਾਰ ਦੀ ਤਿਜੋਰੀ ’ਚ ਆਏ 1.87 ਲੱਖ ਕਰੋੜ ਰੁਪਏ, ਅਕਤੂਬਰ ’ਚ GST ਕੁਲੈਕਸ਼ਨ 8.9 ਫੀਸਦੀ ਵਧੀ
Saturday, Nov 02, 2024 - 10:28 AM (IST)
ਨਵੀਂ ਦਿੱਲੀ (ਭਾਸ਼ਾ) – ਸਰਕਾਰ ਦੀ ਤਿਜੋਰੀ ’ਚ ਪਿਛਲੇ ਮਹੀਨੇ (ਅਕਤੂਬਰ 2024) ਸਿਰਫ ਜੀ. ਐੱਸ. ਟੀ. ਤੋਂ 1.87 ਲੱਖ ਕਰੋੜ ਰੁਪਏ ਆਏ ਹਨ। ਅਕਤੂਬਰ 2024 ’ਚ ਗੁਡਜ਼ ਐਂਡ ਸਰਵਿਸਿਜ਼ ਟੈਕਸ ਭਾਵ ਜੀ. ਐੱਸ. ਟੀ. ਦਾ ਗ੍ਰਾਸ ਰੈਵੇਨਿਊ ਕੁਲੈਕਸ਼ਨ 8.9 ਫੀਸਦੀ ਵਧ ਕੇ 1.87 ਲੱਖ ਕਰੋੜ ਰੁਪਏ ਹੋ ਗਿਆ।
ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਸਰਕਾਰ ਨੇ ਕੁੱਲ 1.72 ਲੱਖ ਕਰੋੜ ਰੁਪਏ ਦਾ ਜੀ. ਐੱਸ. ਟੀ. ਕੁਲੈਕਸ਼ਨ ਕੀਤਾ ਸੀ। ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਜੀ. ਐੱਸ. ਟੀ. ਕੁਲੈਕਸ਼ਨ ਦੇ ਤਾਜ਼ਾ ਅੰਕੜੇ ਸਾਂਝੇ ਕੀਤੇ ਹਨ।
ਜੀ. ਐੱਸ. ਟੀ. ਕੁਲੈਕਸ਼ਨ ’ਚ ਇਹ ਵਾਧਾ ਡੋਮੈਸਟਿਕ ਟ੍ਰਾਂਜ਼ੈਕਸ਼ਨ ਤੋਂ ਮਿਲੇ ਵੱਧ ਰੈਵੇਨਿਊ ਦੇ ਕਾਰਨ ਹੋਇਆ ਹੈ। ਅਧਿਕਾਰਕ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ ’ਚ ਸੈਂਟਰਲ ਜੀ. ਐੱਸ. ਟੀ. ਕੁਲੈਕਸ਼ਨ 33,821 ਕਰੋੜ ਰੁਪਏ, ਸਟੇਟ ਜੀ. ਐੱਸ. ਟੀ. ਕੁਲੈਕਸ਼ਨ 41,864 ਕਰੋੜ, ਇੰਟੈਗਰੇਟਿਡ ਜੀ. ਐੱਸ. ਟੀ. 99,111 ਕਰੋੜ ਅਤੇ ਸੈੱਸ 12,550 ਕਰੋੜ ਰੁਪਏ ਰਿਹਾ ਹੈ।
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਘਰੇਲੂ ਲੈਣ-ਦੇਣ ਨਾਲ ਜੀ. ਐੱਸ. ਟੀ. ਕੁਲੈਕਸ਼ਨ 10.6 ਫੀਸਦੀ ਵਧ ਕੇ 1.42 ਲੱਖ ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਦਰਾਮਦ ’ਤੇ ਟੈਕਸ ਅਕਤੂਬਰ 2024 ਦੌਰਾਨ ਲੱਗਭਗ 4 ਫੀਸਦੀ ਵਧ ਕੇ 45,096 ਕਰੋੜ ਰੁਪਏ ਹੋ ਗਿਆ।
ਇਸ ਵਾਰ ਜਾਰੀ ਕੀਤਾ ਗਿਆ 18.2 ਫੀਸਦੀ ਜ਼ਿਆਦਾ ਰਿਫੰਡ
ਅਕਤੂਬਰ 2024 ’ਚ 19,306 ਕਰੋੜ ਰੁਪਏ ਦਾ ਕੁੱਲ ਰਿਫੰਡ ਵੀ ਜਾਰੀ ਕੀਤਾ ਗਿਆ, ਜੋ ਪਿਛਲੇ ਸਾਲ ਦੇ ਅਕਤੂਬਰ ਮਹੀਨੇ ਦੇ ਮੁਕਾਬਲੇ ’ਚ 18.2 ਫੀਸਦੀ ਜ਼ਿਆਦਾ ਹੈ। ਰਿਫੰਡ ਨੂੰ ਐਡਜਸਟ ਕਰਨ ਤੋਂ ਬਾਅਦ ਨੈੱਟ ਜੀ. ਐੱਸ. ਟੀ. ਕੁਲੈਕਸ਼ਨ 8 ਫੀਸਦੀ ਵਧ ਕੇ 1.68 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ। ਦੱਸਦੇ ਚੱਲੀਏ ਕਿ ਜੀ. ਐੱਸ. ਟੀ. ਨਾਲ ਜੁੜੇ ਇਹ ਅੰਕੜੇ ਦੇਸ਼ ਦੇ ਸਰਕਾਰੀ ਖਜ਼ਾਨੇ ਦੀ ਸਿਹਤ ਅਤੇ ਆਰਥਿਕ ਸੁਧਾਰ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਚੰਗੇ ਸੰਕੇਤ ਹਨ, ਜੋ ਗਲੋਬਲ ਬੇਯਕੀਨੀ ਵਿਚਾਲੇ ਲਚੀਲੇਪਨ ਦਾ ਸੰਕੇਤ ਦਿੰਦੇ ਹਨ।
ਜੀ. ਐੱਸ. ਟੀ. ’ਚ ਹੋ ਸਕਦੈ ਛੇਤੀ ਬਦਲਾਅ
ਆਉਣ ਵਾਲੇ ਦਿਨਾਂ ’ਚ ਜੀ. ਐੱਸ. ਟੀ. ਕਰ ਵਿਵਸਥਾ ’ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਕਾਰਨ ਹਾਲ ਹੀ ’ਚ ਜੀ. ਐੱਸ. ਟੀ. ਪ੍ਰੀਸ਼ਦ ਦੇ 2 ਮੰਤਰੀ ਗਰੁੱਪਾਂ ਦੀ ਬੈਠਕ ਹੋਣਾ ਅਤੇ ਉਸ ਦਾ ਆਪਣੀ ਰਿਪੋਰਟ ਜੀ. ਐੱਸ. ਟੀ. ਕੌਂਸਲ ਨੂੰ ਸੌਂਪਣਾ ਹੈ। ਇਸ ’ਚ ਹੈਲਥ ਇੰਸ਼ੋਰੈਂਸ ਪ੍ਰੀਮੀਅਮ ’ਤੇ ਜੀ. ਐੱਸ. ਟੀ. ਹਟਾਉਣ ਨਾਲ ਜੁੜਿਆ ਫੈਸਲਾ ਹੈ।
ਬਿਹਾਰ ਦੇ ਉੱਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਪ੍ਰਧਾਨਗੀ ’ਚ ਬਣਾਏ ਗਏ ਮੰਤਰੀ ਸਮੂਹ ਦੀ ਬੈਠਕ ’ਚ ਇਸ ਗੱਲ ’ਤੇ ਸਹਿਮਤੀ ਬਣ ਚੁੱਕੀ ਹੈ ਕਿ ਦੇਸ਼ ’ਚ ਸੀਨੀਅਰ ਨਾਗਰਿਕਾਂ ਲਈ ਟਰਮ ਲਾਈਫ ਇੰਸ਼ੋਰੈਂਸ ਅਤੇ ਹੈਲਥ ਇੰਸ਼ੋਰੈਂਸ ਦੇ ਪ੍ਰੀਮੀਅਮ ਨੂੰ ਟੈਕਸ ਮੁਕਤ ਕੀਤਾ ਜਾ ਸਕਦਾ ਹੈ।
ਉੱਧਰ ਜੀ. ਐੱਸ. ਟੀ. ਰੇਟਸ ਨੂੰ ਤਰਕਸੰਗਤ ਬਣਾਉਣ ਦੀ ਸਿਫਾਰਿਸ਼ ਕਰਨ ਵਾਲੇ ਮੰਤਰੀ ਸਮੂਹ ਨੇ 20 ਲੀਟਰ ਪਾਣੀ ਦੇ ਕੈਨ, ਸਾਈਕਲ ਅਤੇ ਪ੍ਰੈਕਟਿਸ ਨੋਟਬੁੱਕ ’ਤੇ ਜੀ. ਐੱਸ. ਟੀ. ਟੈਕਸ ਰੇਟ ਨੂੰ ਘਟਾ ਕੇ 5 ਫੀਸਦੀ ਕਰਨ ਦੀ ਗੱਲ ਕਹੀ ਹੈ। ਅਜੇ ਦੇਸ਼ ’ਚ 20 ਲੀਟਰ ਜਾਂ ਉਸ ਤੋਂ ਵੱਧ ਮਾਤਰਾ ਵਾਲੇ ਪਾਣੀ ਦੇ ਕੈਨ ’ਤੇ 18 ਫੀਸਦੀ ਜੀ. ਐੱਸ. ਟੀ. ਲੱਗਦਾ ਹੈ।
ਇਸ ਤੋਂ ਇਲਾਵਾ ਮੰਤਰੀ ਸਮੂਹ ਦੀ ਰਿਪੋਰਟ ’ਚ ਪ੍ਰੈਕਟਿਸ ਨੋਟਬੁੱਕ ’ਤੇ ਜੀ. ਐੱਸ. ਟੀ. ਦੀ ਦਰ 12 ਫੀਸਦੀ ਤੋਂ ਘਟਾ ਕੇ 5 ਫੀਸਦੀ, 10,000 ਰੁਪਏ ਤੋਂ ਘੱਟ ਕੀਮਤ ਵਾਲੀ ਸਾਈਕਲ ’ਤੇ ਜੀ. ਐੱਸ. ਟੀ. ਰੇਟ 12 ਤੋਂ ਘਟਾ ਕੇ 5 ਫੀਸਦੀ ਅਤੇ 15,000 ਰੁਪਏ ਤੋਂ ਵੱਧ ਦੀ ਕੀਮਤ ਵਾਲੇ ਜੁੱਤੀਆਂ ਅਤੇ 25,000 ਰੁਪਏ ਤੋਂ ਵੱਧ ਦੀ ਕੀਮਤ ਵਾਲੀਆਂ ਹੈਂਡ ਵਾਚ ’ਤੇ ਜੀ. ਐੱਸ. ਟੀ. ਦੀ ਦਰ 18 ਫੀਸਦੀ ਤੋਂ ਵਧਾ ਕੇ 28 ਫੀਸਦੀ ਕਰਨ ਦੀ ਗੱਲ ਵੀ ਕੀਤੀ ਗਈ ਹੈ।