ਹੰਗਰੀ ’ਚ ਬਣੇ ਸਨ ਹਿਜ਼ਬੁੱਲਾ ’ਤੇ ਇਜ਼ਰਾਈਲੀ ਹਮਲੇ ’ਚ ਵਰਤੇ ‘ਪੇਜਰ’

Thursday, Sep 19, 2024 - 12:32 PM (IST)

ਹੰਗਰੀ ’ਚ ਬਣੇ ਸਨ ਹਿਜ਼ਬੁੱਲਾ ’ਤੇ ਇਜ਼ਰਾਈਲੀ ਹਮਲੇ ’ਚ ਵਰਤੇ ‘ਪੇਜਰ’

ਤਾਈਪੇ (ਭਾਸ਼ਾ) - ਹਿਜ਼ਬੁੱਲਾ ਦੇ ਕਮਿਊਨੀਕੇਸ਼ਨ ਨੈੱਟਵਰਕ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ’ਚ ਵਰਤੇ ਜਿਨ੍ਹਾਂ ਪੇਜਰਾਂ ’ਚ ਲਿਬਨਾਨ ਅਤੇ ਸੀਰੀਆ ’ਚ ਧਮਾਕੇ ਹੋਏ, ਉਨ੍ਹਾਂ ਨੂੰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਬੁੱਧਵਾਰ ਨੂੰ ਕਿਹਾ ਕਿ ਬੁੱਡਾਪੇਸਟ ਵਿਚ ਮੌਜੂਦ ਇਕ ਹੋਰ ਕੰਪਨੀ ਨੇ ਇਨ੍ਹਾਂ ਪੇਜਰਾਂ ਦਾ ਨਿਰਮਾਣ ਕੀਤਾ ਹੈ।

ਅੱਤਵਾਦੀ ਸੰਗਠਨ ਹਿਜ਼ਬੁੱਲਾ ਵੱਲੋਂ ਵਰਤੇ ਗਏ ਪੇਜਰਾਂ ’ਚ ਮੰਗਲਵਾਰ ਨੂੰ ਲਿਬਨਾਨ ਅਤੇ ਸੀਰੀਆ ਵਿਚ ਇਕੋ ਸਮੇਂ ਧਮਾਕੇ ਹੋਏ। ਹਿਜ਼ਬੁੱਲਾ ਅਤੇ ਲਿਬਨਾਨ ਦੀ ਸਰਕਾਰ ਨੇ ਇਜ਼ਰਾਈਲ ’ਤੇ ਹਮਲੇ ਦਾ ਦੋਸ਼ ਲਾਇਆ ਹੈ। ਅਜਿਹਾ ਲੱਗਦਾ ਹੈ ਕਿ ਇਹ ਇਕ ਰਿਮੋਟ ਹਮਲਾ ਸੀ।

ਪੇਜਰ ’ਚ ਪਹਿਲਾਂ ਤੋਂ ਹੀ ਮੌਜੂਦ ਸੀ ਧਮਾਕਾ ਖੇਜ਼ ਸਮੱਗਰੀ

ਇਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਜ਼ਰਾਈਲ ਨੇ ਮੰਗਲਵਾਰ ਨੂੰ ਕਾਰਵਾਈ ਖਤਮ ਹੋਣ ਤੋਂ ਬਾਅਦ ਅਮਰੀਕਾ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਪੇਜਰ ’ਚ ਘੱਟ ਮਾਤਰਾ ’ਚ ਧਮਾਕਾ ਖੇਜ਼ ਸਮੱਗਰੀ ਨੂੰ ਲੁਕੋ ਕੇ ਰੱਖਿਆ ਗਿਆ ਸੀ ਅਤੇ ਫਿਰ ਉਸ ’ਚ ਧਮਾਕਾ ਕਰ ਦਿੱਤਾ ਗਿਆ ਸੀ। ਗੋਲਡ ਅਪੋਲੋ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਏ.ਆਰ.-924 ਪੇਜਰ ਦਾ ਨਿਰਮਾਣ ਬੀ. ਏ. ਸੀ. ਕੰਸਲਟਿੰਗ ਕੇ. ਐੱਫ. ਟੀ. ਨੇ ਕੀਤਾ ਸੀ, ਜੋ ਕਿ ਹੰਗਰੀ ਦੀ ਰਾਜਧਾਨੀ ਵਿਚ ਸਥਿਤ ਹੈ।

ਹਿਜ਼ਬੁੱਲਾ ਦੇ ਮੈਂਬਰ ਸਨ ਨਿਸ਼ਾਨਾ

ਮੰਗਲਵਾਰ ਨੂੰ ਦੁਪਹਿਰ 3.30 ਵਜੇ ਦੇ ਕਰੀਬ ਜਦੋਂ ਲੋਕ ਦੁਕਾਨਾਂ ਜਾਂ ਕੈਫਿਆਂ ਦੇ ਅੰਦਰ ਬੈਠੇ ਜਾਂ ਕਾਰਾਂ ਅਤੇ ਮੋਟਰਸਾਈਕਲਾਂ ’ਤੇ ਜਾ ਰਹੇ ਸਨ ਤਾਂ ਉਨ੍ਹਾਂ ਦੇ ਹੱਥਾਂ ਜਾਂ ਜੇਬਾਂ ’ਚ ਰੱਖੇ ਪੇਜਰ ਗਰਮ ਹੋਣ ਲੱਗੇ ਅਤੇ ਇਨ੍ਹਾਂ ’ਚ ਧਮਾਕੇ ਹੋਣ ਲੱਗੇ। ਇਸ ਘਟਨਾ ਵਿਚ ਹਰ ਪਾਸੇ ਖੂਨ ਦੇ ਛਿੱਟੇ ਨਜ਼ਰ ਆ ਰਹੇ ਸਨ ਅਤੇ ਆਸ-ਪਾਸ ਮੌਜੂਦ ਲੋਕ ਦਹਿਸ਼ਤ ਵਿਚ ਸਨ। ਹਮਲੇ ਵਿਚ ਜ਼ਖਮੀ ਹੋਏ ਜ਼ਿਆਦਾਤਰ ਲੋਕ ਹਿਜ਼ਬੁੱਲਾ ਦੇ ਮੈਂਬਰ ਸਨ, ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਕਿਸੇ ਗੈਰ-ਹਿਜ਼ਬੁੱਲਾ ਮੈਂਬਰ ਕੋਲ ਪੇਜਰ ਵੀ ਸਨ ਜਾਂ ਨਹੀਂ। ਬੁੱਧਵਾਰ ਸਵੇਰੇ ਹਸਪਤਾਲਾਂ ਦਾ ਦੌਰਾ ਕਰਨ ਦੌਰਾਨ ਲਿਬਨਾਨ ਦੇ ਸਿਹਤ ਮੰਤਰੀ ਫਿਰਾਸ ਅਬਿਆਦ ਨੇ ਕਿਹਾ ਕਿ ਕਈ ਜ਼ਖਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।


author

Harinder Kaur

Content Editor

Related News