ਪੀ. ਐੱਲ. ਆਈ. ਯੋਜਨਾ ਉਦਯੋਗ ਪ੍ਰਤੀ ਰਵੱਈਏ ’ਚ ‘ਨਾਟਕੀ ਬਦਲਾਅ’ :ਮਹਿੰਦਰਾ

11/17/2020 11:34:38 PM

ਮੁੰਬਈ– ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਕਿ ਸਰਕਾਰ ਵਲੋਂ ਆਟੋ ਸਮੇਤ 10 ਹੋਰ ਖੇਤਰਾਂ ਲਈ ਉਤਪਾਦਨ ਨਾਲ ਜੁੜੀ ਉਤਸ਼ਾਹ ਯੋਜਨਾ (ਪੀ. ਐੱਲ. ਆਈ.) ਦੇ ਐਲਾਨ ਨੇ ਉਦਯੋਗ ਪ੍ਰਤੀ ਨਜ਼ਰੀਏ ’ਚ ‘ਨਾਟਕੀ ਬਦਲਾਅ’ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਅੱਜ ਇਸ ਸਬੰਧ ’ਚ ਕਈ ਟਵੀਟ ਕੀਤੇ।

ਆਨੰਦ ਮਹਿੰਦਰਾ ਨੇ ਟਵੀਟ ’ਚ ਕਿਹਾ ਕਿ ਮੈਨੂੰ ਇਸ ਐਲਾਨ ਦੀ ਤਹਿ ’ਚ ਜਾਣ ’ਚ ਕੁਝ ਸਮਾਂ ਲੱਗਾ। ਮੈਂ ਗੇਮ ਚੇਂਜਰ ਸ਼ਬਦ ਦੀ ਵੀ ਵਰਤੋਂ ਨਹੀਂ ਕਰਦਾ ਹਾਂ, ਪਰ ਅੱਜ ਅਜਿਹਾ ਕਰਨਾ ਉਚਿੱਤ ਹੋਵੇਗਾ। ਮਹਿੰਦਰਾ ਨੇ ਕਿਹਾ ਕਿ ਮੇਰੇ ਲਈ ਇਸ ਸਕੀਮ ਦੀ ਡਿਜਾਈਨ ਤੋਂ ਕਿਤੇ ਵੱਧ ਅਹਿਮ ਗੱਲ ਇਹ ਹੈ ਕਿ ਇਹ ਉਦਯੋਗ ਦੇ ਪ੍ਰਤੀ ਰਵੱਈਏ ’ਚ ਜ਼ਬਰਦਸਤ ਬਦਲਾਅ ਦਾ ਸੰਕੇਤ ਦਿੰਦਾ ਹੈ।


ਇਕ ਹੋਰ ਟਵੀਟ ’ਚ ਕਿਹਾ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਇਸੰਸ ਰਾਜ ਦੇ ਦੌਰ ’ਚ ਕੀਤੀ ਸੀ, ਜਿਥੇ ਗ੍ਰੋਥ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ ਕੁਲ ਮਿਲਾ ਕੇ ਇਹ ਪਾਲਿਸੀ ਇਹ ਸੰਕੇਤ ਦਿੰਦੀ ਹੈ ਕਿ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਕਾਰੋਬਾਰਾਂ ਨੂੰ ਫਾਇਨਾਂਸ ਕਰਨ ਲਈ ਇਕ ਪੈਮਾਨਾ ਲਾਜ਼ਮੀ ਹੈ। ਦੂਜਾ ਵੱਡੇ ਉੱਦਮ, ਛੋਟੇ ਅਤੇ ਸੂਖਮ ਉੱਦਮਾਂ ਦੇ ਇਕ ਵੱਡੇ ਈਕੋਸਿਸਟਮ ਨੂੰ ਬੜ੍ਹਾਵਾ ਦਿੰਦੇ ਹਨ।


ਇਕ ਹੋਰ ਟਵੀਟ ’ਚ ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੇ ਨੀਤੀਆਂ ਨੂੰ ਲਗਾਤਾਰ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਚੁਣੇ ਹੋਏ ਉਦਯੋਗ ਚੁਣੌਤੀ ਲਈ ਅੱਗੇ ਵਧਣਗੇ। ਜਿਨ੍ਹਾਂ ਖੇਤਰਾਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ’ਚ ਵਿਸ਼ਵ ਦੇ ਕਿਸੇ ਵੀ ਖੇਤਰ ਨਾਲ ਲੜਨ ਦੀ ਸਮਰੱਥਾ ਹੈ। ਇਹ ਦੇਖ ਕੇ ਮੈਨੂੰ ਕਾਫੀ ਖੁਸ਼ੀ ਹੋ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਨ੍ਹਾਂ ਉਦਯੋਗਾਂ ਨੂੰ ਚੁਣਿਆ ਗਿਆ ਹੈ ਉਹ ਹੁਣ ਇਨ੍ਹਾਂ ਨੀਤੀਆਂ ਦਾ ਫਾਇਦਾ ਚੁੱਕ ਕੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਨਗੇ ਅਤੇ ਖੁਦ ਨੂੰ ਵਿਸ਼ਵ ਦੇ ਨਕਸ਼ੇ ’ਤੇ ਸਥਾਪਿਤ ਕਰਨ ’ਚ ਸਫਲ ਹੋਣਗੇ।

ਦੱਸ ਦਈਏ ਕਿ 11 ਨਵੰਬਰ ਨੂੰ ਕੇਂਦਰ ਸਰਕਾਰ ਦੇ ਕੈਬਨਿਟ ਨੇ ਪੀ. ਐੱਲ. ਆਈ. ਸਕੀਮ ਨੂੰ 10 ਹੋਰ ਖੇਤਰਾਂ ਲਈ ਮਨਜ਼ੂਰੀ ਦੇ ਦਿੱਤੀ ਸੀ। ਇਸ ’ਚ ਆਟੋਮੋਬਾਈਲਸ ਅਤੇ ਆਟੋ ਪਾਰਟਸ, ਫਾਰਮਾ, ਟੈਕਸਟਾਈਲ ਅਤੇ ਫੂਡ ਪ੍ਰੋਡਕਟ ਵੀ ਸਨ। ਸਰਕਾਰ ਨੇ ਇਕ ਲੱਖ 45 ਹਜ਼ਾਰ 980 ਕਰੋੜ ਰੁਪਏ 5 ਸਾਲਾਂ ਲਈ ਇਸ ਸਕੀਮ ਦੇ ਤਹਿਤ ਦਿੱਤਾ ਹੈ। ਮਹਿੰਦਰਾ ਸਮੂਹ ਆਟੋ ਸੈਕਟਰ ਦੀ ਵੱਡੀ ਕੰਪਨੀ ਹੈ। ਇਸ ਪੀ. ਐੱਲ. ਆਈ. ਸਕੀਮ ਦੇ ਤਹਿਤ 51,311 ਕਰੋੜ ਰੁਪਏ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਆਟੋ ਸੈਕਟਰ ਦੀ ਸੰਸਥਾ ਸਿਆਮ ਨੇ ਵੀ ਇਸ ਪਹਿਲ ਦੀ ਸ਼ਲਾਘਾ ਕੀਤੀ ਸੀ। ਸਿਆਮ ਨੇ ਕਿਹਾ ਕਿ ਇਸ ਨਾਲ ਕੌਮਾਂਤਰੀ ਮੁਕਾਬਲੇਬਾਜ਼ੀ ’ਚ ਮਜ਼ਬੂਤੀ ਨਾਲ ਲੜਨ ਦੇ ਨਾਲ-ਨਾਲ ਆਤਮ ਨਿਰਭਰ ਪਹਿਲ ਨੂੰ ਵੀ ਬੜ੍ਹਾਵਾ ਮਿਲੇਗਾ।
 


Sanjeev

Content Editor Sanjeev