ਇੰਡਸਟਰੀ ਵੱਲੋਂ ਸਭ ਕਾਰਪੋਰੇਟ ਟੈਕਸ ਦਰਾਂ ਨੂੰ 15 ਫੀਸਦੀ ਕਰਨ ਦੀ ਮੰਗ

1/19/2020 3:44:53 PM

ਨਵੀਂ ਦਿੱਲੀ— ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਨੇ ਸਰਕਾਰ ਨੂੰ ਸਾਰੇ ਕਾਰਪੋਰੇਟ ਟੈਕਸ ਰੇਟਾਂ ਨੂੰ ਮਿਲਾ ਕੇ 15 ਫੀਸਦੀ ਕਰਨ ਦੀ ਮੰਗ ਕੀਤੀ ਹੈ, ਜਿਸ ਨਾਲ ਨਿਵੇਸ਼ਕਾਂ ਦੀ ਭਾਵਨਾਵਾਂ ਨੂੰ ਸਕਾਰਾਤਮਕ ਤੇ ਨਿਵੇਸ਼ ਨੂੰ ਹੋਰ ਉਤਸ਼ਾਹਤ ਕੀਤਾ ਜਾ ਸਕਦਾ ਹੈ। ਸੀ. ਆਈ. ਆਈ. ਦੇ ਪ੍ਰਧਾਨ ਵਿਕਰਮ ਕਿਰਲੋਸਕਰ ਨੇ ਕਿਹਾ ਕਿ ਇੰਡਸਟਰੀ ਅਨੁਸਾਰ, ਕਾਰਪੋਰੇਟ ਟੈਕਸਾਂ 'ਚ ਕਟੌਤੀ ਦਾ ਲੋੜੀਂਦਾ ਪ੍ਰਭਾਵ ਜ਼ਮੀਨੀ ਪੱਧਰ 'ਤੇ ਅਜੇ ਵੀ ਤਸੱਲੀਬਖਸ਼ ਨਹੀਂ ਹੈ।


ਇੰਡਸਟਰੀ ਦੀ ਮੰਗ ਹੈ ਕਿ ਬਿਨਾਂ ਕਿਸੇ ਛੋਟ ਦੇ ਅਪ੍ਰੈਲ 2023 ਤੱਕ ਸਾਰੇ ਕਾਰਪੋਰੇਟ ਟੈਕਸ ਰੇਟਾਂ ਨੂੰ ਬਦਲ ਕੇ 15 ਫੀਸਦੀ ਕਰ ਦਿੱਤਾ ਜਾਵੇ। ਬੀਤੇ ਸਾਲ ਸਰਕਾਰ ਨੇ ਕਾਰਪੋਰੇਟ ਟੈਕਸ ਦਰਾਂ ਨੂੰ ਘਟਾ ਕੇ 22 ਫੀਸਦੀ ਕਰ ਦਿੱਤਾ ਸੀ। ਹਾਲਾਂਕਿ, ਇਸ ਨਾਲ ਕੰਪਨੀਆਂ ਨੂੰ ਕੋਈ ਟੈਕਸ ਛੋਟ ਜਾਂ ਪ੍ਰੋਤਸਾਹਨ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਨਿਰਮਾਣ ਖੇਤਰ 'ਚ 1 ਅਕਤੂਬਰ 2019 ਨੂੰ ਜਾਂ ਇਸ ਤੋਂ ਬਾਅਦ ਅਤੇ 31 ਮਾਰਚ 2023 ਤੋਂ ਪਹਿਲਾਂ ਉਤਪਾਦਨ ਸ਼ੁਰੂ ਕਰਨ ਵਾਲੀਆਂ ਕੰਪਨੀਆਂ ਲਈ ਕਾਰਪੋਰੇਟ ਟੈਕਸ ਦਰ 15 ਫੀਸਦੀ ਕਰ ਦਿੱਤੀ ਗਈ ਸੀ। ਹਾਲਾਂਕਿ, ਇੰਡਸਟਰੀ ਦੀ ਮੰਗ ਹੈ ਕਿ 2023 ਤੱਕ ਸਭ ਲਈ ਕਾਰਪੋਰੇਟ ਦਰ 15 ਫੀਸਦੀ ਹੋ ਜਾਵੇ ਤਾਂ ਉਦਯੋਗਾਂ ਤੇ ਨਿਵੇਸ਼ਕਾਂ ਨੂੰ ਫੈਸਲੇ ਲੈਣ ਦੀ ਦਿਸ਼ਾ ਮਿਲੇਗੀ। ਜ਼ਿਕਰਯੋਗ ਹੈ ਕਿ ਭਾਰਤ 'ਚ ਕਾਰਪੋਰੇਟ ਟੈਕਸ ਦੀ ਦਰ ਪਿਛਲੇ ਤਿੰਨ ਦਹਾਕਿਆਂ 'ਚ 1991-92 ਦੀ 45 ਫੀਸਦੀ ਤੋਂ ਘੱਟ ਕੇ 2019-20 'ਚ 22 ਫੀਸਦੀ ਰਹਿ ਗਈ ਹੈ।