ਕੀ ਸੋਨੇ ਦੇ ਗਹਿਣੇ ਸ਼ੁੱਧ 24 ਕੈਰੇਟ ਦੇ ਬਣ ਸਕਦੇ ਹਨ?

Monday, Jan 28, 2019 - 12:21 PM (IST)

ਕੀ ਸੋਨੇ ਦੇ ਗਹਿਣੇ ਸ਼ੁੱਧ 24 ਕੈਰੇਟ ਦੇ ਬਣ ਸਕਦੇ ਹਨ?

ਨਵੀਂ ਦਿੱਲੀ — ਪੁਰਾਣੇ ਸਮੇਂ 'ਚ ਸੋਨੇ ਦੀ ਚਿੜੀ ਦੇ ਨਾਂ ਨਾਲ ਪਛਾਣੇ ਜਾਂਦੇ ਭਾਰਤ ਦੇਸ਼ 'ਚ ਸੋਨਾ ਮਰਦ ਅਤੇ ਔਰਤ ਦੋਵਾਂ ਦਾ ਸ਼ਿੰਗਾਰ ਰਿਹਾ ਹੈ। ਸੋਨਾ ਸ਼ਿੰਗਾਰ ਦੇ ਨਾਲ-ਨਾਲ ਮਹਿੰਗੀ ਧਾਤੂ ਵਜੋਂ ਵੀ ਖਾਸ ਅਹਿਮੀਅਤ ਰੱਖਦਾ ਹੈ। ਚੀਨ ਤੋਂ ਬਾਅਦ ਭਾਰਤ ਦੇ ਲੋਕ ਸੋਨਾ ਖਰੀਦਣ ਦੇ ਮਾਮਲੇ ਵਿਚ ਦੁਨੀਆ ਦੇ ਪਹਿਲੇ ਦੇਸ਼ਾਂ ਵਿਚ ਆਉਂਦੇ ਹਨ। ਭਾਰਤ ਵਿਚ ਸੋਨੇ ਦਾ ਧਾਰਮਿਕ ਮਹੱਤਵ ਵੀ ਹੈ। ਇਥੇ ਤਿਓਹਾਰਾਂ ਵਿਚ ਸੋਨੇ ਦੀ ਭਰਪੂਰ ਖਰੀਦਦਾਰੀ ਕੀਤੀ ਜਾਂਦੀ ਹੈ। ਗਹਿਣਿਆਂ ਲਈ ਵੀ ਸੋਨਾ ਵੱਡੀ ਮਾਤਰਾ ਵਿਚ ਖਰੀਦਿਆ ਜਾਂਦਾ ਹੈ। ਇਸ ਨੂੰ ਨਿਵੇਸ਼ ਦਾ ਵੀ ਖਾਸ ਸਰੋਤ ਮੰਨਿਆ ਜਾਂਦਾ ਹੈ। ਸ਼ੁੱਧ ਸੋਨੇ ਦੇ ਗਹਿਣਿਆਂ ਦੀ ਸਾਡੇ ਦੇਸ਼ ਵਿਚ ਬਹੁਤ ਮੰਗ ਹੈ। ਹਾਲਾਂਕਿ 24 ਕੈਰੇਟ ਸ਼ੁੱਧ ਸੋਨੇ ਨਾਲ ਗਹਿਣੇ ਨਹੀਂ ਬਣਾਏ ਜਾ ਸਕਦੇ।

ਸ਼ੁੱਧਤਾ ਦੇ ਲਿਹਾਜ਼ ਨਾਲ ਸੋਨੇ ਦੀਆਂ ਤਿੰਨ ਸ਼੍ਰੇਣੀਆਂ

ਸੋਨੇ ਦੀ ਸ਼ੁੱਧਤਾ ਕੈਰੇਟ ਨਾਲ ਮਾਪੀ ਜਾਂਦੀ ਹੈ। ਸ਼ੁੱਧਤਾ ਦੇ ਹਿਸਾਬ ਨਾਲ ਸੋਨੇ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ 18 ਕੈਰੇਟ, 22 ਕੈਰੇਟ ਅਤੇ 24 ਕੈਰੇਟ ਦਾ ਸੋਨਾ। ਸੋਨੇ ਦੀਆਂ ਇਨ੍ਹਾਂ ਸ਼੍ਰੇਣੀਆਂ ਵਿਚ ਸਭ ਤੋਂ ਸ਼ੁੱਧ 24 ਕੈਰੇਟ ਵਾਲਾ ਸੋਨਾ ਹੁੰਦਾ ਹੈ। ਇਸ ਤੋਂ ਸ਼ੁੱਧ ਸੋਨਾ ਨਹੀਂ ਹੁੰਦਾ। 24 ਕੈਰੇਟ ਸੋਨੇ ਨੂੰ ਇੱਟ ਜਾਂ ਬਾਰ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ। 

ਇਸ ਤਰ੍ਹਾਂ ਬਣਾਏ ਜਾਂਦੇ ਹਨ ਸੋਨੇ ਦੇ ਗਹਿਣੇ

ਸਭ ਤੋਂ ਸ਼ੁੱਧ 24 ਕੈਰੇਟ ਸੋਨੇ ਨਾਲ ਗਹਿਣੇ ਨਹੀਂ ਬਣਾਏ ਜਾ ਸਕਦੇ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸੋਨੇ ਦੀ ਡੈਂਸਿਟੀ ਕਾਫੀ ਘੱਟ ਹੁੰਦੀ ਹੈ ਅਤੇ ਇਹ ਬਹੁਤ ਮੁਲਾਇਮ ਹੁੰਦਾ ਹੈ। ਜਿਸ ਕਾਰਨ ਸੋਨੇ ਦੇ ਗਹਿਣੇ ਬਣਾਉਣ ਲਈ ਕਿਸੇ ਕਠੋਰ ਧਾਤੂ ਨੂੰ ਇਸ ਵਿਚ ਮਿਲਾਉਣਾ ਜ਼ਰੂਰੀ ਹੁੰਦਾ ਹੈ। 24 ਕੈਰੇਟ ਸੋਨਾ ਬਹੁਤ ਨਰਮ ਹੁੰਦਾ ਹੈ ਅਤੇ ਇਸ ਨੂੰ ਅਸਾਨੀ ਨਾਲ ਦਬਾਇਆ ਜਾਂ ਮੋੜਿਆ ਜਾ ਸਕਦਾ ਹੈ। ਇਸੇ ਲਈ ਜ਼ਿਆਦਾਤਰ ਜੌਹਰੀ ਗਹਿਣੇ ਬਣਾਉਣ ਲਈ 22 ਕੈਰੇਟ ਸੋਨੇ ਦਾ ਇਸਤੇਮਾਲ ਕਰਦੇ ਹਨ। 24 ਕੈਰੇਟ ਸੋਨੇ ਨਾਲ ਗਹਿਣੇ ਬਣਾਉਣ ਲਈ ਉਸ ਵਿਚ ਕਾਪਰ, ਸਿਲਵਰ ਜਾਂ ਪਲੈਟਿਨਮ ਵਰਗੀ ਧਾਤੂ ਮਿਲਾਉਣੀ ਪੈਂਦੀ ਹੈ।

ਜਿੰਨਾ ਘੱਟ ਹੋਵੇਗਾ ਸੋਨਾ , ਓਨੇ ਸਖਤ ਹੋਣਗੇ ਗਹਿਣੇ 

ਸੋਨੇ ਵਿਚ ਮਿਲਾਈ ਜਾਣ ਵਾਲੀ ਧਾਤੂ ਦੇ ਗੁਣ ਵੀ ਗਹਿਣਿਆਂ ਵਿਚ ਦਿਖਾਈ ਦਿੰਦੇ ਹਨ। ਜਿਵੇਂ ਕਿ 22 ਹਿੱਸੇ ਸੋਨੇ ਵਿਚ 2 ਹਿੱਸੇ ਚਾਂਦੀ ਮਿਲਾਉਣ ਨਾਲ ਜਿਹੜੇ ਗਹਿਣੇ ਬਣਨਗੇ ਉਨ੍ਹਾਂ ਨੂੰ ਤਕਰੀਬਨ 91.67 ਫੀਸਦੀ ਸ਼ੁੱਧ ਸੋਨਾ ਕਿਹਾ ਜਾਵੇਗਾ। ਇਨ੍ਹਾਂ ਗਹਿਣਿਆਂ ਵਿਚ ਜਿਹੜੀ ਸਖਤੀ ਹੋਵੇਗੀ ਉਹ ਚਾਂਦੀ ਕਾਰਨ ਹੋਵੇਗੀ। ਹੁਣ ਜਿਵੇਂ-ਜਿਵੇਂ ਗਹਿਣਿਆਂ ਵਿਚ ਕੋਈ ਹੋਰ ਧਾਤੂ ਦਾ ਅਨੁਪਾਤ ਵਧਦਾ ਜਾਵੇਗਾ ਉਸੇ ਹਿਸਾਬ ਨਾ ਗਹਿਣਿਆਂ ਦੀ ਕਠੋਰਤਾ ਵਧਦੀ ਜਾਵੇਗੀ।


Related News