ਸਿਆਸੀ ਪਰਿਵਾਰਾਂ ਦੀਆਂ ਔਰਤਾਂ ਅਤੇ ਸਿਆਸਤ

Monday, Aug 26, 2024 - 02:10 PM (IST)

ਕੁਝ ਨੇਤਾ ਚੋਣਾਂ ਦੌਰਾਨ ਉੱਭਰਦੇ ਹਨ ਜਿਵੇਂ ਕਿ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ। ਅਜਿਹੀ ਹੀ ਇਕ ਸ਼ਖਸੀਅਤ ਹਨ 59 ਸਾਲਾ ਸੁਨੀਤਾ, ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਹੈ। ਉਹ ਆਪਣੇ ਜੇਲ ’ਚ ਬੰਦ ਪਤੀ ਅਤੇ ਪਾਰਟੀ ਦਰਮਿਆਨ ਅਹਿਮ ਕੜੀ ਬਣ ਗਈ ਹੈ। ਕੇਜਰੀਵਾਲ ਨੂੰ ਜ਼ਮਾਨਤ ਮਿਲਣ ਪਿੱਛੋਂ ਵੀ ਉਹ ਪਾਰਟੀ ਦਾ ਕੰਮ ਕਰਨਾ ਜਾਰੀ ਰੱਖੇਗੀ ਜਾਂ ਨਹੀਂ, ਇਹ ਅਜੇ ਤੈਅ ਨਹੀਂ ਹੋ ਸਕਿਆ। ਸਿਆਸੀ ਪਰਿਵਾਰਾਂ ਦੀਆਂ ਔਰਤਾਂ ਅਕਸਰ ਆਪਣੇ ਰਿਸ਼ਤੇਦਾਰਾਂ ਦੀ ਜਗ੍ਹਾ ਸਿਆਸਤ ’ਚ ਉਤਰਦੀਆਂ ਹਨ। ਇਸ ਦੀ ਇਕ ਸਫਲ ਉਦਾਹਰਣ ਸੋਨੀਆ ਗਾਂਧੀ ਹਨ। ਇਕ ਹੋਰ ਵਰਣਨਯੋਗ ਮਾਮਲਾ ਰਾਬੜੀ ਦੇਵੀ ਦਾ ਹੈ। ਉਨ੍ਹਾਂ 2000 ਤੋਂ 2005 ਤੱਕ ਬਿਹਾਰ ਦੀ ਅਗਵਾਈ ਕੀਤੀ। ਉਦੋਂ ਉਨ੍ਹਾਂ ਦੇ ਪਤੀ ਨੂੰ ਕਥਿਤ ਤੌਰ ’ਤੇ ਘਪਲੇ ’ਚ ਸ਼ਾਮਲ ਹੋਣ ਕਾਰਨ ਅਸਤੀਫਾ ਦੇਣਾ ਪਿਆ ਸੀ।

ਸੁਨੀਤਾ ਕੋਲ ਤਜਰਬਾ ਅਤੇ ਠੋਸ ਪੇਸ਼ੇਵਰ ਪਿਛੋਕੜ ਹੈ। ਆਮਦਨ ਕਰ ਵਿਭਾਗ ’ਚ ਉਨ੍ਹਾਂ ਦੀ 22 ਸਾਲ ਦੀ ਨੌਕਰੀ ਜੋ ਆਮਦਨ ਕਰ ਅਪੀਲੀ ਟ੍ਰਿਬਿਊਨਲ (ਆਈ. ਟੀ. ਏ. ਟੀ.) ’ਚ ਆਮਦਨ ਕਰ ਕਮਿਸ਼ਨਰ ਵਜੋਂ ਖਤਮ ਹੋਈ, ਉਨ੍ਹਾਂ ਦੀ ਯੋਗਤਾ ਨੂੰ ਦਰਸਾਉਂਦੀ ਹੈ। ਦਰਅਸਲ ਸੁਨੀਤਾ ਨੇ ਆਪਣੇ ਪਤੀ ਦੀ ਸਿਆਸੀ ਯਾਤਰਾ ਨੂੰ ਘੱਟ ਪ੍ਰੋਫਾਈਲ ਦੇ ਨਾਲ ਅੱਗੇ ਵਧਾਇਆ ਹੈ। ਕੇਜਰੀਵਾਲ ਨੇ ਖੁਦ ਨੂੰ ਇਕ ਪਰਿਵਾਰਕ ਵਿਅਕਤੀ ਵਜੋਂ ਪੇਸ਼ ਕੀਤਾ ਅਤੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਸੁਨੀਤਾ ਨਾਲ ਮਿਲ ਕੇ ਪ੍ਰਚਾਰ ਕੀਤਾ।

ਖਾਸ ਕਰ ਕੇ ਕੇਜਰੀਵਾਲ ਦੇ ਜੇਲ ਜਾਣ ਪਿੱਛੋਂ ਆਮ ਆਦਮੀ ਪਾਰਟੀ ’ਚ ਸੁਨੀਤਾ ਦੀ ਵਧਦੀ ਭਾਈਵਾਲੀ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦੀ ਹੈ। ਕੇਜਰੀਵਾਲ ਵਲੋਂ ਅਸਤੀਫਾ ਦੇਣ ’ਤੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਸੰਭਾਵਿਤ ਭੂਮਿਕਾ ਬਾਰੇ ਅਟਕਲਾਂ ਆਮ ਆਦਮੀ ਪਾਰਟੀ ਦੀ ਸਿਆਸਤ ’ਚ ਇਕ ਨਵਾਂ ਨਜ਼ਰੀਆ ਲਿਆ ਸਕਦੀਆਂ ਹਨ। ਦੂਸਰੀ ਗੱਲ, ਸੁਨੀਤਾ ਦੀ ਅਗਵਾਈ ਇਸ ਸਮੇਂ ਅਹਿਮ ਹੈ ਕਿਉਂਕਿ ਆਮ ਆਦਮੀ ਪਾਰਟੀ ਸੰਕਟ ’ਚੋਂ ਲੰਘ ਰਹੀ ਹੈ। ਕਈ ਸੀਨੀਅਰ ਨੇਤਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਪਾਰਟੀ ਦੀਆਂ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ। ਕੇਂਦਰ ਨੇ ਉਨ੍ਹਾਂ ਨੂੰ ਲੰਬੇ ਸਮੇਂ ਤਕ ਮੌਕਾ ਦਿੱਤਾ ਅਤੇ ਸੰਵਿਧਾਨਕ ਨਾਕਾਮੀ ਦੇ ਆਧਾਰ ’ਤੇ ਉਨ੍ਹਾਂ ਦੀ ਸਰਕਾਰ ਨੂੰ ਬਰਤਰਫ ਨਹੀਂ ਕੀਤਾ।

ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ’ਚ ਵਿਧਾਨ ਸਭਾ ਦੀਆਂ ਚੋਣਾਂ ਜੋ 2025 ’ਚ ਹੋਣੀਆਂ ਹਨ, ਬੇਹੱਦ ਅਹਿਮ ਹੋ ਗਈਆਂ ਹਨ। ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਸੁਝਾਅ ਦਿੱਤਾ ਹੈ ਕਿ ਕੇਜਰੀਵਾਲ ਦੇ ਜੇਲ ’ਚੋਂ ਬਾਹਰ ਆਉਣ ਪਿੱਛੋਂ ਪਾਰਟੀ ’ਚ ਸੁਨੀਤਾ ਦੀ ਭੂਮਿਕਾ ਖਤਮ ਹੋ ਜਾਵੇਗੀ। ‘ਆਪ’ ਦੇ ਸੰਸਥਾਪਕ ਅਤੇ ਮੈਂਬਰ ਸਿਸੋਦੀਆ ਕੇਜਰੀਵਾਲ ਦੇ ਜਾਨਸ਼ੀਨ ਹੋ ਸਕਦੇ ਹਨ। ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦਾ ਦਾਅਵਾ ਹੈ ਕਿ ਕੇਜਰੀਵਾਲ ਦੇ ਸੰਦੇਸ਼ਵਾਹਕ ਵਜੋਂ ਸੁਨੀਤਾ ਦੀ ਭੂਮਿਕਾ ਵਧ ਰਹੀ ਹੈ, ਫਿਰ ਵੀ ਕੇਜਰੀਵਾਲ ਦਾ ਕਹਿਣਾ ਹੈ ਕਿ ਸੁਨੀਤਾ ਦੀ ਸਿਆਸਤ ’ਚ ਕੋਈ ਦਿਲਚਸਪੀ ਨਹੀਂ।

ਹਾਲਾਂਕਿ ਸੁਨੀਤਾ ਨੂੰ ਕੰਮ-ਚਲਾਊ ਬਦਲ ਵਜੋਂ ਵੇਖਿਆ ਜਾ ਸਕਦਾ ਹੈ ਪਰ ਪਾਰਟੀ ’ਚ ਉਨ੍ਹਾਂ ਦੇ ਵਧਦੇ ਪ੍ਰਭਾਵ ਕਾਰਨ ਉਨ੍ਹਾਂ ਨੂੰ ਲਾਂਬੇ ਕਰਨਾ ਚੁਣੌਤੀ ਭਰਿਆ ਹੈ। ਜੇਕਰ ਕੇਜਰੀਵਾਲ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਤਾਂ ਇਹ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ’ਚ ਸੁਨੀਤਾ ਦੀ ਭੂਮਿਕਾ ਅਹਿਮ ਬਣੀ ਰਹੇਗੀ। ਚੌਥਾ, ਪਾਰਟੀ ਨੂੰ ਆਉਂਦੀਆਂ ਹਰਿਆਣਾ ਅਤੇ ਦਿੱਲੀ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਨੈਤਿਕ ਹੱਲਾਸ਼ੇਰੀ ਦੀ ਲੋੜ ਹੈ, ‘ਆਪ’ ਨੂੰ ਇਕ ਭਰੋਸੇਯੋਗ ਨੇਤਾ ਅਤੇ ਕੁਝ ਨੈਤਿਕ ਹਮਾਇਤ ਚਾਹੀਦੀ ਹੈ ਅਤੇ ਇਸ ਸੰਬੰਧੀ ਕਮੀ ਸੁਨੀਤਾ ਪੂਰਾ ਕਰਦੀ ਹੈ। ਪੰਜਵਾਂ, ‘ਆਪ’ ਦੇ ਮੈਂਬਰਾਂ ਨੇ ਅਜੇ ਸੁਨੀਤਾ ਨੂੰ ਹੀ ਕੜੀ ਵਜੋਂ ਪ੍ਰਵਾਨ ਕੀਤਾ ਹੈ। ਪਾਰਟੀ ’ਚ ਸਰਗਰਮੀ ਨਾਲ ਸ਼ਾਮਲ ਹੋਣ ਦੇ ਬਾਵਜੂਦ ਸੁਨੀਤਾ ਦਾ ‘ਪਾਰਟੀ’ ’ਚ ਕੋਈ ਅਧਿਕਾਰਤ ਅਹੁਦਾ ਨਹੀਂ ਹੈ। ਉਨ੍ਹਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਪ੍ਰਚਾਰ ਕੀਤਾ ਅਤੇ ਹੁਣ ਹਰਿਆਣਾ ’ਚ ਵੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਬਚਾਅ ਇਹ ਸੀ ਕਿ ਕੁਝ ਸਿਆਸੀ ਤਾਕਤਾਂ ਉਨ੍ਹਾਂ ਦੇ ਪਤੀ ਨੂੰ ਬਦਨਾਮ ਕਰਨ ’ਚ ਸ਼ਾਮਲ ਸਨ। ਵਿਰੋਧੀ ਧਿਰ ਦੇ ਗੱਠਜੋੜ ਨੇ ਸੁਨੀਤਾ ਦੀ ਵਧਦੀ ਭਾਈਵਾਲੀ ਨੂੰ ਪ੍ਰਵਾਨ ਕੀਤਾ ਹੈ। ਕੁਝ ਦਿਨ ਪਹਿਲਾਂ ਰਾਮਲੀਲਾ ਮੈਦਾਨ ’ਚ ਇਕ ਰੈਲੀ ਦੌਰਾਨ ਉਨ੍ਹਾਂ ਨੂੰ ਸੋਨੀਆ ਗਾਂਧੀ ਨਾਲ ਇਕ ਪ੍ਰਮੁੱਖ ਥਾਂ ’ਤੇ ਬਿਠਾਇਆ ਗਿਆ ਸੀ।

ਸੁਨੀਤਾ ਨੇ ਪਿਛਲੇ ਹਫਤੇ ਹਰਿਆਣਾ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ‘ਕੇਜਰੀਵਾਲ ਦੀ ਗਾਰੰਟੀ’ (ਮੁਫਤ) ਨੂੰ ਲਾਂਚ ਕੀਤਾ। ਇਨ੍ਹਾਂ ਗਾਰੰਟੀਆਂ ’ਚ ਮੁਫਤ ਬਿਜਲੀ, ਡਾਕਟਰੀ ਇਲਾਜ, ਸਿੱਖਿਆ, ਹਰ ਔਰਤ ਨੂੰ 1000 ਰੁਪਏ ਮਹੀਨਾ ਦੀ ਮਦਦ ਅਤੇ ਨੌਜਵਾਨਾਂ ਲਈ ਰੋਜ਼ਗਾਰ ਸ਼ਾਮਲ ਹੈ। ਸੁਨੀਤਾ ਦੇ ਕੁਝ ਨਾਂਹਪੱਖੀ ਪੱਖ ਵੀ ਹਨ। ਕੇਜਰੀਵਾਲ ਦੀ ਸਿਆਸੀ ਸਫਲਤਾ ਦੇ ਬਾਵਜੂਦ ਉਨ੍ਹਾਂ ਨੂੰ ਸਿਆਸਤ ਦਾ ਤਜਰਬਾ ਨਹੀਂ ਹੈ। ਉਹ ਅਜੇ ਤੱਕ ਆਮ ਆਦਮੀ ਪਾਰਟੀ ਦੀ ਮੈਂਬਰ ਵੀ ਨਹੀਂ ਬਣੀ ਹੈ। ਉਨ੍ਹਾਂ ਦੀ ਅਗਵਾਈ ਦੇ ਗੁਣਾਂ ਨੂੰ ਅਜੇ ਵੀ ਸਥਾਪਿਤ ਕਰਨ ਦੀ ਲੋੜ ਹੈ। ਕੀ ਉਹ ਸਖਤ ਫੈਸਲੇ ਲੈ ਸਕੇਗੀ ਅਤੇ ਪਾਰਟੀ ਨੂੰ ਇਕਮੁੱਠ ਰੱਖ ਸਕੇਗੀ, ਇਹ ਅਜੇ ਵੀ ਤੈਅ ਕੀਤਾ ਜਾ ਰਿਹਾ ਹੈ। ਫਿਲਹਾਲ ਉਨ੍ਹਾਂ ਦਾ ਸੀਮਤ ਇਰਾਦਾ ਪਾਰਟੀ ਨੂੰ ਇਕਮੁੱਠ ਰੱਖਣਾ ਹੈ। ਅਜਿਹੀ ਗੈਰ-ਯਕੀਨੀ ਵਾਲੀ ਸਥਿਤੀ ’ਚ ਉਨ੍ਹਾਂ ਨੂੰ ਸੀਮਤ ਢੰਗ ਨਾਲ ਕੰਮ ਕਰਨਾ ਹੋਵੇਗਾ।

ਸੁਨੀਤਾ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਰਗੀਆਂ ਹੋਰ ਪਾਰਟੀਆਂ ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਹੁਣ ਉਨ੍ਹਾਂ ਦੀ ਪਹੁੰਚ ਵਿਰੋਧੀ ਧਿਰ ਦੇ ਸਭ ਆਗੂਆਂ ਤੱਕ ਹੈ। ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਅਤੇ ਹੋਰਨਾਂ ਪਾਰਟੀਆਂ ਨਾਲ ਗੱਠਜੋੜ ’ਚ ਉਨ੍ਹਾਂ ਦਾ ਸਰਗਰਮ ਦ੍ਰਿਸ਼ਟੀਕੋਣ, ਆਮ ਆਦਮੀ ਪਾਰਟੀ ਦੇ ਭਵਿੱਖ ਦੇ ਗੱਠਜੋੜ ਅਤੇ ਸੱਤਾ ਵਿਰੋਧੀ ਭਾਵਨਾ ’ਤੇ ਕਾਬੂ ਪਾਉਣ ’ਤੇ ਨਿਰਭਰ ਕਰਦਾ ਹੈ ਕਿਉਂਕਿ ਪਾਰਟੀ ਦਿੱਲੀ ’ਚ ਤੀਜਾ ਕਾਰਜਕਾਲ ਚਾਹੁੰਦੀ ਹੈ।

ਵਾਪਸੀ ਪਿੱਛੋਂ ਕੇਜਰੀਵਾਲ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਪਾਰਟੀ ਅੰਦਰ ਕੋਈ ਅੰਦਰੂਨੀ ਸਮੱਸਿਆ ਨਾ ਹੋਵੇ। ਉਨ੍ਹਾਂ ਨੂੰ ਪੰਜਾਬ ’ਤੇ ਤਿੱਖੀ ਨਜ਼ਰ ਰੱਖਣੀ ਹੋਵੇਗੀ ਜਿਥੇ ਆਮ ਆਦਮੀ ਪਾਰਟੀ ਦਾ ਸ਼ਾਸਨ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਪੱਸ਼ਟ ਕਮਾਨ ਲੜੀ ਸਥਾਪਿਤ ਕਰਨੀ ਚਾਹੀਦੀ ਹੈ ਅਤੇ ਸਿਸੋਦੀਆ ਜਾਂ ਸੁਨੀਤਾ ਨੂੰ ਲਾਂਬੇ ਕਰਨ ਤੋਂ ਬਚਣਾ ਚਾਹੀਦਾ ਹੈ। ਆਉਂਦੀਆਂ ਚੋਣਾਂ ਦੇ ਸਿੱਟੇ ਵਜੋਂ ਵਿਸ਼ੇਸ਼ ਰੂਪ ਨਾਲ ਹਰਿਆਣਾ ਵਿਧਾਨ ਸਭਾ ਅਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ, ਦਿੱਲੀ ਦੇ ਭਵਿੱਖ ਦੇ ਸਿਆਸੀ ਸੰਦਰਭ ਨੂੰ ਅਹਿਮ ਤਰੀਕੇ ਨਾਲ ਆਕਾਰ ਦੇ ਸਕਦੀਆਂ ਹਨ।

ਕਲਿਆਣੀ ਸ਼ੰਕਰ


Tanu

Content Editor

Related News