ਪੀ.ਐੱਮ.ਓ. ਦੀ ਸਲਾਹਕਾਰ ਬਣ ਲੁੱਟਦੀ ਸੀ, ਸਾਥੀ ਸਮੇਤ ਪੁਲਸ ਦੇ ਸ਼ਿਕੰਜੇ ’ਚ

06/23/2024 2:34:47 AM

ਦੇਸ਼ ’ਚ ਨਕਲੀ ਖੁਰਾਕੀ ਪਦਾਰਥ ਹਨ। ਦਵਾਈਆਂ ਕਰੰਸੀ ਆਦਿ ਦੀਆਂ ਗੱਲਾਂ ਤਾਂ ਆਮ ਤੌਰ ’ਤੇ ਸੁਣੀਆਂ ਜਾਂਦੀਆਂ ਸਨ ਪਰ ਹੁਣ ਇਹ ਬਿਮਾਰੀ ਨਕਲੀ ਚੋਟੀ ਦੇ ਸਰਕਾਰੀ ਅਧਿਕਾਰੀਆਂ ਤੱਕ ਵੀ ਪਹੁੰਚ ਗਈ ਹੈ ਜੋ ਹੇਠਾਂ ਦਰਜ 100 ਦਿਨਾਂ ਦੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 15 ਮਾਰਚ ਨੂੰ ਪੁਲਸ ਨੇ ਮੱਧ ਪ੍ਰਦੇਸ਼ ਦੇ ‘ਮੰਡਲਾ’ ਜ਼ਿਲੇ ’ਚ ਖੁਦ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਦੋਸ਼ ’ਚ ਇਕ ਜਾਅਲਸਾਜ਼ ਨੂੰ ਗ੍ਰਿਫਤਾਰ ਕੀਤਾ।

* 2 ਅਪ੍ਰੈਲ ਨੂੰ ਪੁਲਸ ਨੇ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ ’ਚ ਖੁਦ ਨੂੰ ਆਈ.ਏ.ਐੱਸ ਅਧਿਕਾਰੀ ਦੱਸ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲੇ 10ਵੀਂ ਫੇਲ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਇਕ ਫਰਜ਼ੀ ਆਈ-ਕਾਰਡ ਅਤੇ 2 ਮੋਬਾਇਲ ਆਦਿ ਬਰਾਮਦ ਕੀਤੇ।

* 15 ਜੂਨ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ ’ਚ ਖੁਦ ਨੂੰ ‘ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ’ ਦਾ ਅਧਿਕਾਰੀ ਦੱਸ ਕੇ ਇਕ ਉਦਯੋਗਪਤੀ ਨਾਲ ਢਾਈ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਕੁਤੁਬੁਦੀਨ ਨਾਂ ਦੇ ਜਾਅਲਸਾਜ਼ ਨੂੰ ਪੁਲਸ ਨੇ ਫੜਿਆ।

* 15 ਜੂਨ ਨੂੰ ਹੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ਇਕ ਵਿਅਕਤੀ ਦੇ ਘਰ ਇਨਕਮ ਟੈਕਸ ਅਧਿਕਾਰੀ ਬਣ ਕੇ ਰੇਡ ਮਾਰਨ ਪੁੱਜੇ 4 ਜਾਅਲਸਾਜ਼ਾਂ ’ਚੋਂ 3 ਜਾਅਲਸਾਜ਼ਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਇਨਕਮ ਟੈਕਸ ਅਧਿਕਾਰੀ ਦਾ ਫਰਜ਼ੀ ਬੋਰਡ ਲੱਗੀ ਚੋਰੀਸ਼ੁਦਾ ਕਾਰ, ਨਕਲੀ ਦਸਤਾਵੇਜ਼ ਆਦਿ ਬਰਾਮਦ ਕੀਤੇ।

* 18 ਜੂਨ ਨੂੰ ਉੱਤਰ ਪ੍ਰਦੇਸ਼ ਦੀ ਫਿਰੋਜ਼ਾਬਾਦ ਪੁਲਸ ਨੇ ਖੁਦ ਨੂੰ ਇਕ ਜੇਲ੍ਹ ਅਧਿਕਾਰੀ ਦੱਸ ਕੇ ਲੋਕਾਂ ਨੂੰ ਨੌਕਰੀ ਅਤੇ ਜੇਲ੍ਹ ਦੇ ਟੈਂਡਰ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਠੱਗਣ ਦੇ ਦੋਸ਼ ’ਚ ਕਾਨਪੁਰ ਦੇ ਰਹਿਣ ਵਾਲੇ ਇਕ ਜਾਅਲਸਾਜ਼ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਜੇਲ੍ਹ ਵਿਭਾਗ ਦਾ ਫਰਜ਼ੀ ਲੈਟਰ ਹੈੱਡ, ਉੱਚ ਅਧਿਕਾਰੀਆਂ ਦੇ ਮੋਬਾਇਲ ਨੰਬਰ ਅਤੇ 30000 ਰੁਪਏ ਬਰਾਮਦ ਕੀਤੇ।

* 18 ਜੂਨ ਨੂੰ ਹੀ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ’ਚ ਪੁਲਸ ਨੇ ਇਕ ਵਿਅਕਤੀ ਕੋਲੋਂ 18 ਲੱਖ ਰੁਪਏ ਬਟੋਰਨ ਦੇ ਦੋਸ਼ ’ਚ ‘ਨਾਰਕੋਟਿਕਸ ਕੰਟ੍ਰੋਲ ਬਿਊਰੋ’ (ਐੱਨ. ਸੀ. ਬੀ.) ਦੇ ਇਕ ਨਕਲੀ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ।

* ਅਤੇ ਹੁਣ 19 ਜੂਨ ਨੂੰ ਮਹਾਰਾਸ਼ਟਰ ਦੇ ‘ਸਤਾਰਾ’ ਤੋਂ ਪੁਲਸ ਨੇ ਖੁਦ ਨੂੰ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ’ਚ ਰਾਸ਼ਟਰੀ ਸਲਾਹਕਾਰ ਦੱਸ ਕੇ ਲੋਕਾਂ ਨੂੰ ਚੂਨਾ ਲਾਉਣ ਵਾਲੀ ਇਕ ਮੁਟਿਆਰ ‘ਕਸ਼ਮੀਰਾ ਸੰਦੀਪ ਪਵਾਰ’ ਅਤੇ ਉਸ ਦੇ ਸਾਥੀ ‘ਗਣੇਸ਼ ਗਾਇਕਵਾੜ’ ਨੂੰ ਗ੍ਰਿਫਤਾਰ ਕੀਤਾ ਹੈ।

ਵਰਨਣਯੋਗ ਹੈ ਕਿ ਸਾਲ 2017 ’ਚ ਇਨ੍ਹਾਂ ਦੋਵਾਂ ਨੇ ਮਹਾਰਾਸ਼ਟਰ ਦੀਆਂ ਵਧੇਰੇ ਅਖਬਾਰਾਂ ’ਚ ਇਕ ਝੂਠੀ ਖਬਰ ਛਪਵਾਈ ਸੀ, ਜਿਸ ’ਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦਫਤਰ ਨੇ ਮਹਾਰਾਸ਼ਟਰ ਦੇ ‘ਸਤਾਰਾ’ ਦੀ ਇਕ ਔਰਤ ਨੂੰ ਆਪਣੀ ਰਾਸ਼ਟਰੀ ਸਲਾਹਕਾਰ ਨਾਮਜ਼ਦ ਕੀਤਾ ਹੈ।

ਕਸ਼ਮੀਰਾ ਇਸੇ ਖਬਰ ਨੂੰ ਹਥਿਆਰ ਬਣਾ ਕੇ ਉਸ ਦੇ ਰਾਹੀਂ ਪੀ. ਐੱਮ. ਓ. ਦੇ ਨਾਂ ’ਤੇ ਧੋਖਾਦੇਹੀ ਕਰਨ ਲੱਗੀ। ਉਸ ਨੇ ਪੂਣੇ ਦੇ ਇਕ ਵਪਾਰੀ ‘ਗੋਰਖ ਮਰਾਲ’ ਨੂੰ ਭਰੋਸਾ ਦਿਵਾਇਆ ਕਿ ਉਸਦੀ ਪਛਾਣ ਅਤੇ ਪਹੁੰਚ ਸਰਕਾਰ ਦੇ ਸਾਰੇ ਦਫਤਰਾਂ ’ਚ ਹੈ। ਇਸ ਲਈ ਸਰਕਾਰੀ ਠੇਕੇ ਦਿਵਾਉਣਾ ਉਸਦੇ ਖੱਬੇ ਹੱਥ ਦਾ ਕੰਮ ਹੈ।

‘ਗੋਰਖ ਮਰਾਲ’ ਦੇ ਅਨੁਸਾਰ ਉਸ ਨੇ ‘ਕਸ਼ਮੀਰਾ ਸੰਦੀਪ ਪਵਾਰ’ ਅਤੇ ‘ਗਣੇਸ਼ ਗਾਇਕਵਾੜ’ ਦੇ ਨਾਲ ਕਈ ਬੈਠਕਾਂ ਕੀਤੀਆਂ ਅਤੇ ਉਨ੍ਹਾਂ ਨੇ ਨਕਦ ਅਤੇ ਆਨਲਾਈਨ ਟ੍ਰਾਂਸਫਰ ਰਾਹੀਂ ਉਸ ਕੋਲੋਂ 50 ਲੱਖ ਰੁਪਏ ਬਟੋਰ ਲਏ।

ਸ਼ਿਕਾਇਤ ’ਚ ਇਹ ਵੀ ਕਿਹਾ ਗਿਆ ਕਿ ਇੰਨੀ ਰਕਮ ਦੇਣ ਦੇ ਬਾਵਜੂਦ ਕੋਈ ਠੇਕਾ ਨਾ ਮਿਲਣ ’ਤੇ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਇਨ੍ਹਾਂ ਦੋਵਾਂ ਨੇ ਉਸ ਨੂੰ ਜਬਰੀ ਵਸੂਲੀ ਦੀ ਐੱਫ. ਆਈ. ਆਰ. ਲਿਖਵਾ ਕੇ ਝੂਠੇ ਦੋਸ਼ ’ਚ ਫਸਾ ਦਿੱਤਾ।

ਇਸ ਤੋਂ ਪਹਿਲਾਂ ‘ਕਸ਼ਮੀਰਾ’ ਤੇ ‘ਗਣੇਸ਼’ ਦੇ ਵਿਰੁੱਧ ਦਸੰਬਰ 2022 ’ਚ ਵੀ ਇਕ ਹੋਟਲ ਮਾਲਕ ‘ਫਿਲਿਪ ਭੰਬਲ’ ਵੱਲੋਂ ਦਰਜ ਕਰਵਾਈ ਗਈ ਇਕ ਹੋਰ ਐੱਫ. ਆਈ. ਆਰ. ’ਚ ਦਾਅਵਾ ਕੀਤਾ ਗਿਆ ਸੀ ਕਿ ਪੀ. ਐੱਮ. ਓ. ਦਾ ਫਰਜ਼ੀ ਪੱਤਰ ਦਿਖਾ ਕੇ ਕਸ਼ਮੀਰਾ ਤੇ ਗਣੇਸ਼ ਪੂਰੇ ਮਹਾਰਾਸ਼ਟਰ ’ਚ ਘੁੰਮ ਕੇ ਉੱਤਰ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ ਅਤੇ ਲੋਕ ਸਭਾ ਦੇ ਸਕੱਤਰੇਤ ’ਚ ਠੇਕਾ ਦਿਵਾਉਣ ਦੇ ਨਾਂ ’ਤੇ ਠੱਗ ਰਹੇ ਹਨ।

‘ਸਤਾਰਾ’ ਪੁਲਸ ਅਧਿਕਾਰੀਆਂ ਅਨੁਸਾਰ ਅਜੇ ਤੱਕ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਵਿਰੁੱਧ 82 ਲੱਖ ਰੁਪਏ ਦੀ ਠੱਗੀ ਨਾਲ ਸਬੰਧਤ 3 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ 16 ਮਾਰਚ 2023 ਨੂੰ ਇਕ ਹਾਈ ਪ੍ਰੋਫਾਈਲ ਮਾਮਲੇ ’ਚ ਜੰਮੂ-ਕਸ਼ਮੀਰ ਪੁਲਸ ਨੇ ਸ਼੍ਰੀਨਗਰ ’ਚ ਖੁਦ ਨੂੰ ਪ੍ਰਧਾਨ ਮੰਤਰੀ ਦਫਤਰ ਦਾ ਵਧੀਕ ਨਿਰਦੇਸ਼ਕ ਦੱਸਣ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਧਿਕਾਰਕ ਪ੍ਰੋਟੋਕਾਲ ਹਾਸਲ ਕਰਨ ਵਾਲੇ ‘ਕਿਰਨ ਭਾਈ ਪਟੇਲ’ ਨਾਂ ਦੇ ਵਿਅਕਤੀ ਨੂੰ ਫੜਿਆ ਸੀ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਕਿਸ ਪੱਧਰ ਤੱਕ ਵਧ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਉਹ ਦੇਸ਼ ਅਤੇ ਸਮਾਜ ਨਾਲ ਧੋਖਾ ਨਾ ਕਰ ਸਕਣ ਅਤੇ ਦੂਜੇ ਲੋਕ ਵੀ ਉਨ੍ਹਾਂ ਨੂੰ ਮਿਲਣ ਵਾਲੀ ਸਖਤ ਸਜ਼ਾ ਤੋਂ ਸਬਕ ਲੈ ਕੇ ਇਸ ਤਰ੍ਹਾਂ ਦਾ ਗਲਤ ਕੰਮ ਕਰਨ ਤੋਂ ਪਰਹੇਜ਼ ਕਰਨ।

-ਵਿਜੇ ਕੁਮਾਰ


Harpreet SIngh

Content Editor

Related News