ਦੀਨਦਿਆਲ ਸਮਝੇ ਬਿਨਾਂ ਨਵਾਂ ਭਾਰਤ ਸਮਝਣਾ ਮੁਸ਼ਕਿਲ

06/19/2019 6:31:29 AM

ਤਰੁਣ ਵਿਜੇ
ਬੀਤੇ ਹਫਤੇ ਚੀਨ ’ਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਅਕੈਡਮੀਆਂ ’ਚ ਮੈਨੂੰ ਤਿੰਨ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਦਾ ਮੁੱਖ ਵਿਸ਼ਾ ਦੋਹਾਂ ਦੇਸ਼ਾਂ ਵਿਚਾਲੇ ਗਤੀਸ਼ੀਲ ਸੱਭਿਆਚਾਰਕ ਸਬੰਧਾਂ ’ਤੇ ਕੇਂਦ੍ਰਿਤ ਸੀ। ਭਾਰਤ-ਚੀਨ ਸਬੰਧ ਮਹਾਭਾਰਤ ਯੁੱਗ ਦੇ ਹਨ, ਇਹ ਤਾਂ ਪ੍ਰਮਾਣਿਤ ਹੈ। ਕੌਟੱਲਿਆ ਦੇ ਅਰਥ ਸ਼ਾਸਤਰ ’ਚ ਵੀ ਚੀਨ ਦੇ ਰੇਸ਼ਮ ਦਾ ਜ਼ਿਕਰ ਹੈ। ਹਜ਼ਾਰਾਂ ਸਾਲ ਪਹਿਲਾਂ ਚੀਨ ਦੇ ਰਾਜਗੁਰੂ ਦੇ ਨਾਤੇ ਭਾਰਤ ਦੇ ਬੁੱਧ ਭਿਕਸ਼ੂ ਕੁਮਾਰਜੀਵ (ਚੀਨੀ ਭਾਸ਼ਾ ’ਚ ਚੋਮੋਲਿਸ਼ੂ) ਪ੍ਰਤਿਸ਼ਠਿਤ ਕੀਤੇ ਗਏ ਸਨ। ਹਰ ਭਾਰਤੀ ਦਿਨ ਵਿਚ ਅਨੇਕ ਵਾਰ, ਜਿਸ ਦਾਣੇਦਾਰ ਖੰਡ ਦੀ ਵਰਤੋਂ ਕਰਦਾ ਹੈ, ਉਹ ਚੀਨ ਤੋਂ ਹੀ ਆਈ ਸੀ, ਇਸ ਲਈ ਉਸ ਨੂੰ ਅਸੀਂ ਚੀਨੀ ਕਹਿੰਦੇ ਹਾਂ। 1962 ਦਾ ਅਪਵਾਦ ਛੱਡ ਦੇਈਏ, ਜੋ ਚੀਨ ਦੇ ਅਧਿਆਤਮ ਦੇ ਉਲਟ ਸਾਮਵਾਦੀਆਂ ਦੀ ਸੱਤਾ ਤੋਂ ਬਾਅਦ ਹੋਇਆ, ਤਾਂ ਭਾਰਤ-ਚੀਨ ਅਧਿਆਤਮਿਕ ਸਬੰਧ ਹਮੇਸ਼ਾ ਹੀ ਚੰਗੇ ਰਹੇ ਹਨ ਪਰ ਕੀ ਮੌਜੂਦਾ ਭਾਰਤ-ਚੀਨ ਸਬੰਧਾਂ ਦਾ ਉਸ ਵਿਚਾਰਕ ਅਤੇ ਸੱਭਿਆਚਾਰਕ ਵਿਰਾਸਤ ਦੇ ਦ੍ਰਿਸ਼ ’ਚ ਜ਼ਿਕਰ ਕੀਤਾ ਜਾ ਸਕਦਾ ਹੈ?

ਭਾਰਤ ’ਚ ਸ਼੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਾਡੇ ਦੁਵੱਲੇ ਸਬੰਧ ਬਰਾਬਰੀ ਅਤੇ ਭਾਰਤ ਹਿੱਤ ਸੁਰੱਖਿਅਤ ਕਰਦੇ ਹੋਏ ਦ੍ਰਿੜ੍ਹਤਾ ਦੇ ਆਧਾਰ ’ਤੇ ਨਵੇਂ ਦੌਰ ’ਚ ਪ੍ਰਵੇਸ਼ ਕਰ ਚੁੱਕੇ ਹਨ। ਬੀਤੇ ਸਾਲ ਵੁਹਾਨ ’ਚ ਹੋਈ ਗੈਰ-ਰਸਮੀ ਸਿਖਰ ਵਾਰਤਾ ਨੂੰ ਦੋਹਾਂ ਦੇਸ਼ਾਂ ਵਿਚਾਲੇ ਇਕ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨ ਦੇ ਇਤਿਹਾਸ ’ਚ ਅਜਿਹੇ ਪਹਿਲੇ ਰਾਸ਼ਟਰਪਤੀ ਬਣੇ, ਜੋ ਕਿਸੇ ਵਿਸ਼ੇਸ਼ ਵਿਦੇਸ਼ੀ ਮਹਿਮਾਨ ਦੀ ਮਹਿਮਾਨਨਿਵਾਜ਼ੀ ਲਈ ਰਾਸ਼ਟਰੀ ਰਾਜਧਾਨੀ ਬੀਜਿੰਗ ਤੋਂ ਬਾਹਰ ਕਿਸੇ ਸ਼ਹਿਰ ’ਚ ਪਹੁੰਚੇ ਅਤੇ 3 ਦਿਨ ਨਿੱਜੀ ਗਰਮਜੋਸ਼ੀ ਨਾਲ ਸ਼੍ਰੀ ਨਰਿੰਦਰ ਮੋਦੀ ਦੀ ਮਹਿਮਾਨਨਿਵਾਜ਼ੀ ਕੀਤੀ। ਮਸੂਦ ਅਜ਼ਹਰ ਦੇ ਮਾਮਲੇ ’ਚ ਵੀ ਅਾਖਿਰ ਚੀਨ ਨੂੰ ਭਾਰਤ ਦੀ ਗੱਲ ਮੰਨਣੀ ਪਈ ਅਤੇ ਸੰਯੁਕਤ ਰਾਸ਼ਟਰ ਸੰਘ ’ਚ ਉਸ ਨੂੰ ਅੱਤਵਾਦੀ ਐਲਾਨਣ ’ਚ ਭਾਰਤ ਨੂੰ ਸਫਲਤਾ ਮਿਲੀ ਪਰ ਇਸ ਦੇ ਨਾਲ ਹੀ ਹੋਰ ਅਨੇਕ ਵਿਸ਼ੇ ਰਹਿੰਦੇ ਹਨ, ਜੋ ਅਸਹਿਮਤੀ ਦੇ ਬਿੰਦੂ ਹਨ, ਜਿਵੇਂ ਭਾਰਤ-ਚੀਨ ਵਪਾਰ ’ਚ ਭਿਆਨਕ ਅਸੰਤੁਲਨ। 70 ਫੀਸਦੀ ਤੋਂ ਵੱਧ ਵਪਾਰ ਚੀਨ ਦੇ ਪੱਖ ’ਚ ਹੈ। ਭਾਰਤ ਦੀਆਂ ਦਵਾਈਆਂ ਅਜੇ ਵੀ ਵੱਡੀ ਮਾਤਰਾ ’ਚ ਚੀਨ ਦੇ ਬਾਜ਼ਾਰ ਵਿਚ ਦਾਖਲ ਨਹੀਂ ਹੋ ਸਕੀਆਂ। ਭਾਰਤ ਨੂੰ ਪੈਂਸਲਿਨ ਦਵਾਈਆਂ ਅਤੇ ਇੰਜੈਕਸ਼ਨਾਂ ਦੀ ਸਪਲਾਈ ਕਰਨ ਵਾਲਾ ਚੀਨ ਸਭ ਤੋਂ ਵੱਡਾ ਦੇਸ਼ ਬਣਿਆ, ਜੋ ਇਨ੍ਹਾਂ ਦਵਾਈਆਂ ਦੇ ਨਿਰਮਾਣ ਦੇ ਮੂਲ ਤੱਤ ਭੇਜਦਾ ਹੈ ਅਤੇ ਜੋ ਕਾਰਖਾਨੇ ਭਾਰਤ ’ਚ ਇੰਨਾ ਜ਼ਿਆਦਾ ਨਿਰਮਾਣ ਕਰ ਰਹੇ ਸਨ, ਉਹ ਚੀਨ ਦੀ ਬੇਤਹਾਸ਼ਾ ਸਪਲਾਈ ਦੇ ਦਬਾਅ ’ਚ ਬੰਦ ਹੋ ਚੁੱਕੇ ਹਨ। ਇਸਪਾਤ ਦੇ ਖੇਤਰ ’ਚ ਵੀ ਚੀਨ ਭਾਰਤ ਤੋਂ ਕੱਚਾ ਮਾਲ ਭਾਵ ਲੋਹ ਧਾਤ ਭਾਰੀ ਮਾਤਰਾ ’ਚ ਲੈ ਰਿਹਾ ਹੈ ਅਤੇ ਉਸ ਦਾ ਭਾਰਤ ਦੇ ਸਟੀਲ ਨਿਰਮਾਣ ’ਤੇ ਖਰਾਬ ਅਸਰ ਪਿਆ ਹੈ। ਮੈਂ ਦਿੱਲੀ ਦਾ ਹਾਲ ਦੱਸਾਂ ਤਾਂ ਇਥੋਂ ਦੀਆਂ ਖਿਡੌਣਾ ਦੁਕਾਨਾਂ ਅਤੇ ਖਿਡੌਣਾ ਨਿਰਮਾਤਾ ਜਾਂ ਤਾਂ ਸਿਰਫ ਚੀਨ ਦਾ ਸਾਮਾਨ ਵੇਚਦੇ ਹਨ ਜਾਂ ਉਨ੍ਹਾਂ ਦੇ ਇਥੇ ਤਾਲੇ ਲੱਗ ਗਏ ਹਨ। ਪੰਚਕੂਈਆਂ ਰੋਡ ਅਤੇ ਕੀਰਤੀ ਨਗਰ ਦੀਆਂ ਲੱਕੜ ਮੰਡੀਆਂ ਕਦੇ ਭਾਰਤੀ ਕਾਰੀਗਰਾਂ, ਭਾਰਤੀ ਲੱਕੜੀ ਅਤੇ ਉਨ੍ਹਾਂ ਤੋਂ ਬਣੇ ਸਾਮਾਨ ਦਾ ਦੇਸ਼ ਦਾ ਵੱਡਾ ਬਾਜ਼ਾਰ ਹੋਇਆ ਕਰਦੀਆਂ ਸਨ, ਅੱਜ ਉਹ ਸਭ ਬੰਦ ਹੋ ਚੁੱਕੀਆਂ ਹਨ ਅਤੇ ਜੋ ਪਹਿਲਾਂ ਨਿਰਮਾਣ ਦੇ ਕੇਂਦਰ ਹੁੰਦੇ ਸਨ, ਉਥੇ ਹੁਣ ਸਿਰਫ ਚੀਨ ਤੋਂ ਦਰਾਮਦੀ ਲੱਕੜੀ ਦੇ ਫਰਨੀਚਰ ਅਤੇ ਹੋਰ ਸਜਾਵਟੀ ਸਾਮਾਨ ਦਾ ਵਪਾਰ ਹੁੰਦਾ ਹੈ।

ਭਾਰਤ ਦੀ ਮੌਜੂਦਾ ਸਰਕਾਰ ਇਹ ਸਥਿਤੀ ਬਦਲਣ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਹਰੇਕ ਦੇਸ਼ ਨੂੰ ਆਪਣੇ ਨਾਗਰਿਕਾਂ ਦੀ ਪੂੰਜੀ ਅਤੇ ਨਿਰਮਾਣ ਸਮਰੱਥਾ ਦੀ ਰੱਖਿਆ ਦਾ ਅਧਿਕਾਰ ਹੈ।

ਚੀਨ ਵਿਚ ਅਜਿਹੇ ਸਾਮਵਾਦ ਦਾ ਸ਼ਾਸਨ ਹੈ, ਜਿਸ ਦੇ ਲਈ ਦੇਸ਼ਭਗਤੀ ਅਤੇ ‘ਚੀਨ ਪ੍ਰਥਮ’ ਦੀ ਨੀਤੀ ਸਭ ਤੋਂ ਉਪਰ ਹੈ। ਭਾਰਤ ਦੇ ਸਾਮਵਾਦੀ ਦੇਸ਼ਭਗਤੀ ਨੂੰ ਪਾਪ ਅਤੇ ਅਪਰਾਧ ਮੰਨਦੇ ਹਨ ਅਤੇ ਉਨ੍ਹਾਂ ਲਈ ਵਿਦੇਸ਼ੀ ਨਿਸ਼ਠਾ ਹੀ ਰਾਜਨੀਤਕ ਮਜ਼੍ਹਬ ਹੈ ਪਰ ਚੀਨ ’ਚ ਦੇਸ਼ਭਗਤੀ ਬਹੁਤ ਪਵਿੱਤਰ ਅਤੇ ਸਰਕਾਰ ਦੀ ਮੁੱਢਲੀ ਨਿਸ਼ਠਾ ਦਾ ਪ੍ਰਤੀਕ ਹੈ। ਉਹ ਚੀਨ ਦੇ ਪ੍ਰਾਚੀਨ ਸਮਰਾਟਾਂ ਅਤੇ ਬੁੱਧ ਸੰਤਾਂ ਦਾ ਸਨਮਾਨ ਦੇ ਨਾਲ ਆਪਣੇ ਸਾਹਿਤ ’ਚ ਵਰਣਨ ਕਰਦੇ ਹਨ। ਭਾਰਤ ਤੋਂ ਗਏ ਬੁੱਧ ਭਿਕਸ਼ੂ, ਜਿਵੇਂ ਕੁਮਾਰਜੀਵ, ਸਮੰਤਭੱਦਰ, ਮਾਤੰਗ ਅਤੇ ਕਸ਼ਯਪ ਉਥੋਂ ਦੇ ਮਹਾਪੁਰਸ਼ ਮੰਨੇ ਜਾਂਦੇ ਹਨ। ਸੱਭਿਆਚਾਰਕ ਇਨਕਲਾਬ ਦੇ ਦੌਰਾਨ ਤਬਾਹੀ ਤੋਂ ਬਾਅਦ ਚੀਨ ਬੁੱਧ ਮਤ ਦੀ ਸੁਰੱਖਿਆ ਅਤੇ ਪ੍ਰਸਾਰ ਲਈ ਵਿਸ਼ੇਸ਼ ਰੁਚੀ ਦਿਖਾ ਰਿਹਾ ਹੈ ਅਤੇ ਸਾਰੇ ਬੁੱਧ ਮੱਠਾਂ ’ਚ ਇਕ ਲਾਇਬ੍ਰੇਰੀ ਅਤੇ ਸ਼ਾਕਾਹਾਰੀ ਭੋਜਨਾਲਯ ਹੁੰਦਾ ਹੀ ਹੈ।

ਹੁਣ ਇਸ ਦੌਰ ’ਚ ਚੀਨ ਵਿਚ ਭਾਰਤ ਨੂੰ ਨਹਿਰੂਵਾਦੀ ਅਤੇ ਖੱਬੇਪੱਖੀ ਚਸ਼ਮੇ ਨਾਲ ਦੇਖਣ ਦੀ ਬਜਾਏ ਸੱਭਿਆਚਾਰਕ ਰਾਸ਼ਟਰਵਾਦ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿਚਾਰਧਾਰਾ ਦੇ ਸ਼ੀਸ਼ੇ ’ਚ ਦੇਖਣ ਦੀ ਪ੍ਰਵਿਰਤੀ ਵਧੀ ਹੈ। ਉਥੇ ਰਾਸ਼ਟਰੀ ਸਵੈਮ ਸੇਵਕ ਸੰਘ ’ਤੇ ਸਾਕਾਰਾਤਮਕ ਦ੍ਰਿਸ਼ਟੀ ਨਾਲ ਇਕ ਕਿਤਾਬ ਪ੍ਰਕਾਸ਼ਿਤ ਕਰਨ ਦੀ ਵੀ ਯੋਜਨਾ ਬਣੀ ਹੈ।

ਇਸ ਦ੍ਰਿਸ਼ ’ਚ ਮੈਨੂੰ ਕੁਨਮਿੰਗ (ਕੋਲਕਾਤਾ ਤੋਂ 2 ਘੰਟੇ ਦੀ ਉਡਾਣ) ਦੀ ਯੂਨਾਨ ਸੋਸ਼ਲ ਸਾਇੰਸ ਅਕੈਡਮੀ ਅਤੇ ਸਿਚੁਆਨ ਯੂਨੀਵਰਸਿਟੀ (ਚੀਨ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ) ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਸਾਹਮਣੇ ਭਾਰਤ-ਚੀਨ ਸੱਭਿਆਚਾਰਕ ਸਬੰਧਾਂ ’ਤੇ ਬੋਲਣ ਦਾ ਮੌਕਾ ਮਿਲਿਆ। ਕੁਨਮਿੰਗ ’ਚ ਬੀ. ਸੀ. ਆਈ. ਐੱਮ., ਭਾਵ ਬੰਗਲਾਦੇਸ਼, ਚੀਨ, ਭਾਰਤ ਅਤੇ ਮਿਆਂਮਾਰ ਵਿਚਾਲੇ ਗੱਠਜੋੜ ਅਤੇ ਉਸ ਵਲੋਂ ਆਪਸੀ ਸੰਪਰਕ ਮਾਰਗਾਂ ਅਤੇ ਹੋਰ ਸਬੰਧਾਂ ਨੂੰ ਛੂਹਣਾ ਸੀ, ਜਦਕਿ ਸਿਚੁਆਨ ਵਿਚ ਵਿਚਾਰਧਾਰਾ ਦਾ ਵਿਸ਼ਾ ਪ੍ਰਭਾਵੀ ਸੀ। ਉਥੋਂ ਦੇ ਵਿਚਾਰਕ ਨੇਤਾਵਾਂ ’ਚ ਇਹ ਜਾਣਨ ਦੀ ਬਹੁਤ ਇੱਛਾ ਸੀ ਕਿ ਸ਼੍ਰੀ ਨਰਿੰਦਰ ਮੋਦੀ ਦੀ ਸਫਲਤਾ ਦੇ ਪਿੱਛੇ ਕਿਸ ਵਿਚਾਰਧਾਰਾ ਦਾ ਪ੍ਰਭਾਵੀ ਯੋਗਦਾਨ ਹੈ। ਮੈਨੂੰ ਜਾਣ ਕੇ ਹੈਰਾਨੀ ਹੋਈ ਕਿ ਹੁਣ ਤਕ ਚੀਨ ਦੀਆਂ ਲਾਇਬ੍ਰੇਰੀਆਂ ’ਚ ਇੰਨੀ ਵੱਡੀ ਮਾਤਰਾ ’ਚ ਪੰਡਿਤ ਦੀਨਦਿਆਲ ਉਪਾਧਿਆਏ ਅਤੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ਦਾ ਸਾਹਿਤ ਪਹੁੰਚਣਾ ਚਾਹੀਦਾ ਸੀ, ਉਹ ਅਜੇ ਤਕ ਘੱਟ ਹੀ ਦਿਸਦਾ ਹੈ। ਇਸ ਦਾ ਇਕ ਕਾਰਣ ਚੀਨ ਦੇ ਵਿਚਾਰਕ ਖੇਤਰ ’ਚ ਨਹਿਰੂਵਾਦੀ ਅਤੇ ਖੱਬੇਪੱਖੀ ਪ੍ਰਭਾਵ ਦਾ ਅਸਰ ਹੀ ਕਿਹਾ ਜਾ ਸਕਦਾ ਹੈ।

ਚੀਨ ਨਵੇਂ ਭਾਰਤ ਦੀ ਜੜ੍ਹ ’ਚ ਜਿਹੜੀਆਂ ਵਿਚਾਰਧਾਰਾਵਾਂ ਦਾ ਯੋਗਦਾਨ ਹੈ, ਉਸ ਨੂੰ ਸਮਝੇ ਬਿਨਾਂ ਭਾਰਤ ਨੂੰ ਸਮਝ ਨਹੀਂ ਸਕਦਾ। ਪੂੰਜੀਵਾਦ ਅਤੇ ਸਾਮਵਾਦ ਦੇ ਸਾਹਮਣੇ ਏਕਾਤਮ ਮਾਨਵਵਾਦ ਦਾ ਦਰਸ਼ਨ ਨਵੇਂ ਭਾਰਤ ਦੀ ਸੱਤਾ ਨੀਤੀ ਦਾ ਇਕ ਮੁੱਢਲਾ ਹਿੱਸਾ ਹੈ। ਪੰਡਿਤ ਦੀਨਦਿਆਲ ਉਪਾਧਿਆਏ ਨੇ ਅੰਤੋਦਯਾ ਭਾਵ ਸਮਾਜ ਦੇ ਆਖਰੀ ਵਿਅਕਤੀ ਦੀ ਤਰੱਕੀ ਨੂੰ ਸਰਵਉੱਚ ਪਹਿਲ ਦਿੱਤੀ ਸੀ ਅਤੇ ਸਮਾਜਿਕ ਬਰਾਬਰੀ ਅਤੇ ਸਮਰਸਤਾ ਏਕਾਤਮ ਮਾਨਵ ਦਰਸ਼ਨ ਦਾ ਇਹ ਆਧਾਰ ਹੈ। ਚੀਨ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਭਾਰਤ ਪੂੰਜੀਵਾਦ ਅਤੇ ਸਮਾਜਵਾਦ ਨੂੰ ਨਾ ਸਵੀਕਾਰਨ ਵਾਲੀ ਵਿਚਾਰਧਾਰਾ ’ਤੇ ਚੱਲ ਰਿਹਾ ਹੈ, ਜਿਸ ਨੂੰ ਏਕਾਤਮ ਮਾਨਵ ਦਰਸ਼ਨ ਕਹਿੰਦੇ ਹਨ ਅਤੇ ਜਿਸ ਦੇ ਲਈ ਹਿੰਦੂ ਜੀਵਨ ਪ੍ਰਣਾਲੀ ਜਾਂ ਹਿੰਦੂਤਵ ਸਨਮਾਨ ਅਤੇ ਮਾਣ ਦਾ ਵਿਸ਼ਾ ਹੈ, ਮੁਆਫੀ ਭਾਵ ਜਾਂ ਹੀਣਤਾ ਦਾ ਨਹੀਂ। ਚੀਨ ਦੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਮੇਰੇ ਤਿੰਨੋਂ ਭਾਸ਼ਣ ਧਿਆਨ ਨਾਲ ਸੁਣੇ ਅਤੇ ਦੀਨਦਿਆਲ ਜੀ ਅਤੇ ਡਾ. ਮੁਖਰਜੀ ਦਾ ਸਾਹਿਤ ਆਪਣੀਆਂ ਲਾਇਬ੍ਰੇਰੀਆਂ ’ਚ ਲਿਆਉਣ ਦਾ ਵੀ ਭਰੋਸਾ ਦਿੱਤਾ, ਇਹ ਸੰਤੋਖ ਦਾ ਵਿਸ਼ਾ ਹੈ।

(tarunvijay2@yahoo.com)
 


Bharat Thapa

Content Editor

Related News