ਕੀ ਭਾਰਤ-ਚੀਨ ਦਰਮਿਆਨ ਹੁਣ ਜੰਗ ਹੋਵੇਗੀ?

08/28/2020 3:55:46 AM

ਬਲਬੀਰ ਪੁੰਜ

ਸਰਹੱਦ ’ਤੇ ਤਣਾਤਣੀ ਨੂੰ ਲੈ ਕੇ ਦੇਸ਼ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ। 24 ਅਗਸਤ ਨੂੰ ਉਨ੍ਹਾਂ ਨੇ ਕਿਹਾ, ‘‘ਜੇਕਰ ਚੀਨ ਨਾਲ ਹੋਣ ਵਾਲੀ ਗੱਲਬਾਤ ਨਾਲ ਕੋਈ ਹੱਲ ਨਹੀਂ ਨਿਕਲਿਆ ਤਾਂ ਭਾਰਤ ਫੌਜੀ ਬਦਲਾਂ ’ਤੇ ਵਿਚਾਰ ਕਰੇਗਾ।’’ ਸਵਾਲ ਉੱਠਦਾ ਹੈ ਕਿ ਕੀ ਚੀਨ ਗੱਲਬਾਤ ਰਾਹੀਂ ਉਸ ਵਲੋਂ ਕਬਜ਼ਾ ਕੀਤੇ ਭਾਰਤੀ ਇਲਾਕਿਅਾਂ ਨੂੰ ਖਾਲੀ ਕਰ ਦੇਵੇਗਾ ਜਾਂ ਹੁਣ ਸਿਰਫ ਭਾਰਤ-ਚੀਨ ਜੰਗ ਹੀ ਬਦਲ ਹੈ?

ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਇਤਿਹਾਸ ’ਤੇ ਝਾਤੀ ਮਾਰਨੀ ਹੋਵੇਗੀ। ਚੀਨੀ ਸਰਹੱਦ ’ਤੇ ਵਿਵਾਦ 3-4 ਸਾਲਾਂ ਦੇ ਘਟਨਾਕ੍ਰਮਾਂ ਦਾ ਨਤੀਜਾ ਨਹੀਂ ਹੈ। ਦਹਾਕਿਅਾਂ ਤੋਂ ਚੀਨ ਇਕ ਬਸਤੀਵਾਦੀ ਸਿਆਸੀ ਵਿਵਸਥਾ ਅਤੇ ਹਿਰਦੇਹੀਣ ਪੂੰਜੀਵਾਦੀ ਆਰਥਿਕਤਾ ਦੀ ਛਤਰ-ਛਾਇਆ ’ਚ ਇਕ ਮਹੱਤਵਪੂਰਨ ਸਾਮਰਾਜਵਾਦੀ ਰਾਸ਼ਟਰ ਦੇ ਰੂਪ ’ਚ ਵਿਸ਼ਵ ਦੇ ਸਾਹਮਣੇ ਆਇਆ ਹੈ। ਉਹ ਖੁਦ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਜੀਵਿਤ ਸੱਭਿਅਤਾ ਮੰਨਦਾ ਹੈ। ਇਸੇ ਮਾਨਸਿਕਤਾ ਦੇ ਗਰਭ ’ਚੋਂ ਸਾਮਰਾਜਵਾਦੀ ਚਿੰਤਨ ਦਾ ਜਨਮ ਹੋਇਆ, ਜਿਸ ਤੋਂ ਪ੍ਰੇਰਿਤ ਹੋ ਕੇ ਚੀਨ ਨੇ 1950 ’ਚ ਤਿੱਬਤ ਨੂੰ ਨਿਗਲ ਲਿਆ। ਉਦੋਂ ਤਤਕਾਲੀਨ ਭਾਰਤੀ ਲੀਡਰਸ਼ਿਪ ਮੂਕ-ਵਿਰੋਧ ਵੀ ਨਹੀਂ ਕਰ ਸਕੀ। ਇਸੇ ਨੇ 1962 ਦੀ ਜੰਗ ’ਚ ਭਾਰਤ ਦੀ ਸ਼ਰਮਨਾਕ ਹਾਰ ਦੀ ਸਕ੍ਰਿਪਟ ਲਿਖ ਦਿੱਤੀ ਅਤੇ ਉਸ ਨੇ ਹਜ਼ਾਰਾਂ ਵਰਗ ਕਿ. ਮੀ. ਭਾਰਤੀ ਭੂਖੰਡ ’ਤੇ ਅਧਿਕਾਰ ਜਮਾ ਲਿਆ। ਚੀਨ ਹੁਣ ਵੀ ਆਪਣਾ ਖੂਨੀ ਪੰਜਾ ਭਾਰਤ ’ਚ ਗੱਡਣਾ ਚਾਹੁੰਦਾ ਹੈ। 2017 ਦਾ ਡੋਕਲਾਮ ਵਿਵਾਦ, ਤਾਂ ਇਸ ਸਾਲ ਲੱਦਾਖ ਸਥਿਤ ਗਲਵਾਨ ਘਾਟੀ ’ਚ ਗਤੀਰੋਧ-ਇਸਦਾ ਪ੍ਰਤੱਖ ਪ੍ਰਮਾਣ ਹੈ।

‘‘ਵਿਸ਼ਵ ਪੱਧਰੀ ਭੂ-ਮਾਫੀਆ’’ ਚੀਨ ਦੀ ਭੁੱਖ ਭਾਰਤੀ ਭੂਖੰਡਾਂ ਤਕ ਸੀਮਤ ਨਹੀਂ ਹੈ। ਅਜੇ ਕੁਝ ਦਿਨ ਪਹਿਲਾਂ ਹੀ ਉਸ ਨੇ ਰੂਸੀ ਨਗਰ ਵਲਾਦੀਵੋਸਤੋਕ ਨੂੰ ਵੀ ਆਪਣੇ ਦੇਸ਼ ਦਾ ਹਿੱਸਾ ਦੱਸ ਦਿੱਤਾ। ਉਹ 1959 ਤੋਂ ਭੂਟਾਨ ’ਤੇ ਆਪਣਾ ਦਾਅਵਾ ਠੋਕ ਰਿਹਾ ਹੈ। 1979 ’ਚ ਤਾਈਵਾਨ ਨੂੰ ਆਪਣਾ ਹਿੱਸਾ ਦੱਸ ਚੁੱਕਾ ਹੈ। ਇਹੀ ਨਹੀਂ, 1974 ’ਚ ਦੱਖਣੀ ਚੀਨ ਸਾਗਰ ਸਥਿਤ ਪਾਰਸਲ ਟਾਪੂ, 1988 ’ਚ ਜਾਨਸਨ ਚੱਟਾਨ, 1995 ’ਚ ਮਿਸਚੀਫ ਚੱਟਾਨ ਅਤੇ 2012 ’ਚ ਰੇਤ ਦੇ ਟਿੱਬੇ ਸਕਾਰਬੋਰੋ ’ਤੇ ਕਬਜ਼ਾ ਕਰ ਚੁੱਕਿਆ ਹੈ। ਮੌਜੂਦਾ ਸਮੇਂ ’ਚ ਚੀਨ ਦਾ 21 ਦੇਸ਼ਾਂ ਨਾਲ ਖੇਤਰੀ ਵਿਵਾਦ ਹੈ। ਨੇਪਾਲ, ਜਿਥੇ 2008 ਤੋਂ ਪਹਿਲਾਂ ਹਿੰਦੂ ਰਾਜਤੰਤਰ ਸੀ-ਉਥੇ ਅੱਜ ਚੀਨ ਨੇ ਯੁਆਨ (ਚੀਨੀ ਕਰੰਸੀ) ਅਤੇ ਕੂਟਨੀਤੀ ਦੇ ਜ਼ੋਰ ’ਤੇ ਸਰਕਾਰ ਦੇ ਸੰਚਾਲਨ ਲਈ ਚੀਨਪ੍ਰਸਤ ਵਿਅਕਤੀ ਨੂੰ ਬਿਠਾ ਦਿੱਤਾ ਹੈ। ਬੰਗਲਾਦੇਸ਼, ਸ਼੍ਰੀਲੰਕਾ ਅਤੇ ਮਿਅਾਂਮਾਰ ਵੀ ਚੀਨ ਦੇ ਪ੍ਰਭਾਵ ’ਚ ਹਨ, ਤਾਂ ਪਾਕਿਸਤਾਨ ਪ੍ਰਤੱਖ ਅਤੇ ਵਿਹਾਰਕ ਤੌਰ ’ਤੇ ਚੀਨ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕਾ ਹੈ।

ਵਿਸ਼ਵ ਦੇ ਇਸ ਭੂ-ਭਾਗ ’ਚ ਭਾਰਤ ਹੀ ਇਕ ਅਜਿਹਾ ਦੇਸ਼ ਹੈ, ਜੋ ਸ਼ਕਤੀ ਅਤੇ ਆਪਣੇ ਆਕਾਰ ਦੇ ਬਲ ’ਤੇ ਚੀਨੀ ਸਾਮਰਾਜਵਾਦ ਨੂੰ ਟੱਕਰ ਦੇ ਸਕਦਾ ਹੈ। ਇਹੀ ਕੌੜੀ ਸੱਚਾਈ ਚੀਨ ਨੂੰ ਪ੍ਰਵਾਨ ਨਹੀਂ ਹੈ। ਉਹ ਚਾਹੁੰਦਾ ਹੈ ਕਿ ਭਾਰਤ ਹੋਰ ਏਸ਼ੀਅਾਈ ਦੇਸ਼ਾਂ ਵਾਂਗ ਉਸ ਦੇ ਗਲਬੇ ਨੂੰ ਪ੍ਰਵਾਨ ਕਰੇ। ਪਿਛਲੇ ਕੁਝ ਸਮੇਂ ਤੋਂ ਚੀਨ ਨੂੰ ਭਾਰਤ ਦਾ ਆਰਥਿਕ-ਜੰਗੀ ਉਭਾਰ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੌਮਾਂਤਰੀ ਪੱਧਰ ’ਤੇ ਦੇਸ਼ ਦੇ ਅਕਸ ਦਾ ਦ੍ਰਿੜ੍ਹ ਅਤੇ ਮਜ਼ਬੂਤ ਹੋਣਾ ਸਭ ਤੋਂ ਵੱਧ ਚੁੱਭ ਰਿਹਾ ਹੈ।

ਪਿਛਲੇ 6 ਸਾਲਾਂ ’ਚ ਭਾਰਤ ਨੂੰ ਘੇਰਨ ਲਈ ਚੀਨ ਆਪਣੇ ਵਲੋਂ ਵਿੱਤ-ਪੋਸ਼ਿਤ ਪਾਕਿਸਤਾਨ ਨੂੰ ਆਧਾਰ ਬਣਾ ਰਿਹਾ ਹੈ। ਅਗਸਤ 2019 ’ਚ ਮੋਦੀ ਸਰਕਾਰ ਨੇ ਧਾਰਾ-370 ਅਤੇ 35-ਏ ਨੂੰ ਸੰਵਿਧਾਨਕ ਤੌਰ ’ਤੇ ਖਤਮ ਕਰਦੇ ਹੋਏ ਜੰਮੂ-ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਤਬਦੀਲ ਕਰ ਦਿੱਤਾ ਸੀ। ਉਦੋਂ ਪਾਕਿਸਤਾਨ ਦੇ ਕਹਿਣ ’ਤੇ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਦਾ ਲਾਭ ਉਠਾ ਕੇ ਚੀਨ ਨੇ ਕਸ਼ਮੀਰ ’ਤੇ ਚਰਚਾ ਦੀ ਮੰਗ ਰੱਖ ਦਿੱਤੀ, ਜੋ ਭਾਰਤੀ ਕੂਟਨੀਤੀ ਦੇ ਸਾਹਮਣੇ ਅਸਫਲ ਹੋ ਗਿਆ। ਇਹ ਕਿੰਨਾ ਹਾਸੋਹੀਣਾ ਸੀ ਕਿ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਚੀਨ ਦਾ ਖੁਦ ਇਸ ਮਾਮਲੇ ’ਚ ਟ੍ਰੈਕ ਰਿਕਾਰਡ-ਸ਼ਿੰਜਿਯਾਂਗ ’ਚ ਮੁਸਲਿਮ ਸ਼ੋਸ਼ਣ, ਤਿੱਬਤ ’ਚ ਬੋਧੀ-ਭਿਕਸ਼ੂ ਤਸ਼ੱਦਦ ਅਤੇ ਹਾਂਗਕਾਂਗ ’ਚ ਲੋਕਤੰਤਰ ਸਮਰਥਕਾਂ ਦੇ ਘਾਣ ਨੂੰ ਲੈ ਕੇ ਬਹੁਤ ਵੱਧ ਵਿਗੜਿਆ ਹੋਇਆ ਹੈ।

ਇਸ ਅੌਖੀ ਘੜੀ ਵਿਚ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਮੌਜੂਦਾ ਭਾਰਤੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ’ਚ ਹੈ, ਜੋ ਰਾਸ਼ਟਰਹਿਤ ਅਤੇ ਪ੍ਰਭੂਸੱਤਾ ਨੂੰ ਧਿਆਨ ’ਚ ਰੱਖ ਕੇ ਦੇਸ਼ ਦਾ ਸੰਚਾਲਨ ਪ੍ਰਮਾਣਿਕਤਾ ਨਾਲ ਕਰ ਰਹੇ ਹਨ। ਗਲਵਾਨ ਘਾਟੀ ਅੜਿੱਕੇ ਤੋਂ ਬਾਅਦ ਮੋਦੀ ਸਰਕਾਰ ਨੇ ਚੀਨ ’ਤੇ ਵੱਡੀ ਆਰਥਿਕ ਕਾਰਵਾਈ ਕਰਦੇ ਹੋਏ 59 ਤੋਂ ਵੱਧ ਚੀਨੀ ਮੋਬਾਇਲ ਐਪਸ ’ਤੇ ਪਾਬੰਦੀ ਲਗਾ ਦਿੱਤੀ। ਇਸ ਫੈਸਲੇ ਨਾਲ ਚੀਨੀ ਕੰਪਨੀਅਾਂ ਨੇ ਇਕਦਮ 30 ਕਰੋੜ ਭਾਰਤੀ ਵਰਤੋਂਕਾਰਾਂ ਨੂੰ ਗੁਆ ਦਿੱਤਾ, ਜਿਸ ਨਾਲ ਉਨ੍ਹਾਂ ਨੂੰ 44 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪਿਆ।

ਥਿੰਕ ਟੈਂਕ ਰਿਸਰਚ ਇਨਫਾਰਮੇਸ਼ਨ ਸਿਸਟਮ (ਆਰ. ਆਈ. ਐੱਸ.) ਨੇ ਇਕ ਖੋਜ ’ਚ ਕਿਹਾ ਹੈ ਕਿ ਭਾਰਤ, ਚੀਨ ਤੋਂ ਅਜਿਹੀਅਾਂ 327 ਵਸਤੂਅਾਂ (ਮੋਬਾਇਲ ਫੋਨ, ਦੂਰਸੰਚਾਰ ਯੰਤਰ, ਸੋਲਰ ਪੈਨਲ, ਏਅਰਕੰਡੀਸ਼ਨਰ, ਕੈਮਰਾ ਆਦਿ) ਦੀ ਦਰਾਮਦ ਕਰਦਾ ਹੈ ਜੋ ਉਨ੍ਹਾਂ ਤੋਂ ਦਰਾਮਦ ਕੀਤੀਅਾਂ ਜਾਣ ਵਾਲੀਅਾਂ ਵਸਤੂਅਾਂ ਦਾ ਤਿੰਨ ਚੌਥਾਈ ਹੈ-ਇਸ ਦੇ ਲਈ ਭਾਰਤ ਦੂਸਰਾ ਬਦਲ ਲੱਭੇ ਜਾਂ ਫਿਰ ਆਪਣੇ ਦੇਸ਼ ’ਚ ਗੁਣਵੱਤਾ ਨਾਲ ਨਿਰਮਾਣ ਸ਼ੁਰੂ ਕਰੇ। ਭਾਰਤ ਨੂੰ ਇਕ ਰਾਸ਼ਟਰ ਦੇ ਰੂਪ ’ਚ ਇਸ ਵੱਲ ਗੰਭੀਰਤਾ ਨਾਲ ਸੋਚਣਾ ਹੋਵੇਗਾ।

ਦੇਸ਼ ’ਚ ਚੀਨੀ ਭਾਸ਼ਾ ਮੰਦਾਰਿਨ ਅਤੇ ਚੀਨੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਉਨ੍ਹਾਂ ਕੰਫਿਊਸ਼ੀਅਸ (ਚੀਨੀ) ਸੰਸਥਾਨਾਂ ਨੂੰ ਵੀ ਮੋਦੀ ਸਰਕਾਰ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ ਜਿਸ ਦਾ ਆਰਥਿਕ ਵਿੱਤ ਪੋਸ਼ਣ ‘ਹਾਨਬਾਨ’ (ਚੀਨੀ ਸਿੱਖਿਆ ਮੰਤਰਾਲਾ ਦੀ ਅਧਿਕਾਰਤ ਸੰਸਥਾ) ਵਲੋਂ ਹੁੰਦਾ ਹੈ।

ਦੇਸ਼ ਅੰਦਰ ਚੀਨ ਕਿਵੇਂ ਆਪਣੀਅਾਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ?–ਉਸ ਦੀ ਉਦਾਹਰਣ ਇਨਕਮ ਟੈਕਸ ਵਿਭਾਗ ਵਲੋਂ ਚੀਨੀ ਨਾਗਰਿਕ ਲੁਓ ਸਾਂਗ ਉਰਫ ਚਾਰਲੀ ਪੇਂਗ ਦੀ ਗ੍ਰਿਫਤਾਰੀ ਹੈ। ਲੁਓ ’ਤੇ ਦਿੱਲੀ-ਐੱਨ. ਸੀ. ਆਰ. ’ਚ ਇਕ ਹਜ਼ਾਰ ਕਰੋੜ ਰੁਪਏ ਦੇ ਹਵਾਲਾ ਲੈਣ-ਦੇਣ ਦਾ ਦੋਸ਼ ਹੈ। ਮੀਡੀਅਾ ਰਿਪੋਰਟਾਂ ਅਨੁਸਾਰ ਲੁਓ 2013 ’ਚ ਭਾਰਤ ਆਇਆ ਅਤੇ ਮਣੀਪੁਰ ’ਚ ਵੱਸ ਗਿਆ। ਪੂਰਬ-ਉੱਤਰ ’ਚ ਬਿਤਾਏ ਸਮੇਂ ਨੇ ਲੁਓ ਨੂੰ ਇਕ ਭਾਰਤੀ ਪਛਾਣ ਹਾਸਲ ਕਰਨ ’ਚ ਸਮਰੱਥ ਬਣਾਇਆ ਜਿਸ ਦੇ ਬਾਅਦ ਉਹ ਦਿੱਲੀ ਆ ਗਿਆ। ਕੀ ਭਾਰਤੀ ਮਦਦ ਦੇ ਬਿਨਾਂ ਇਹ ਸੰਭਵ ਸੀ? ਨਹੀਂ।

ਸੱਚ ਤਾਂ ਇਹ ਹੈ ਕਿ ਭਾਰਤ ’ਚ ਪਾਕਿਸਤਾਨ ਪ੍ਰੇਮੀਅਾਂ ਦੇ ਨਾਲ ਅਣਗਿਣਤ ਚੀਨੀ ਦਲਾਲ ਵੀ ਮੌਜੂਦ ਹਨ, ਜੋ ਦਹਾਕਿਅਾਂ ਤੋਂ ਬਸਤੀਵਾਦੀ ਚੀਨ ਦੀ ਵਕਾਲਤ ਕਰ ਰਹੇ ਹਨ। ਭਾਵੇਂ 1962 ਦੀ ਜੰਗ ਹੋਵੇ, 1967 ’ਚ ਨਕਸਲਵਾਦ ਦਾ ਜਨਮ (ਅਰਬਨ ਨਕਸਲ ਸਮੇਤ), 2017 ਦਾ ਡੋਕਲਾਮ ਵਿਵਾਦ ਜਾਂ ਫਿਰ ਇਸ ਸਾਲ ਗਲਵਾਨ ਘਾਟੀ ਅੜਿੱਕਾ-ਭਾਰਤੀ ਸਮਾਜ ਦੇ ਇਕ ਵਰਗ (ਖੱਬੇਪੱਖੀ ਸਮੇਤ) ਦਾ ਚੀਨ ਪ੍ਰਤੀ ਵਿਚਾਰਕ ਝੁਕਾਅ, ਇਸ ਦੀ ਉਦਾਹਰਣ ਹੈ। ਚੀਨੀ ਉਦੰਡਤਾ ਵਿਰੁੱਧ ਭਾਰਤ ਨੂੰ ਜਿਨ੍ਹਾਂ ਦੇਸ਼ਾਂ ਦਾ ਸਮਰਥਨ ਹਾਸਲ ਹੈ, ਉਨ੍ਹਾਂ ’ਚੋਂ ਅਮਰੀਕਾ ਅਾਰਥਿਕ ਅਤੇ ਜੰਗੀ ਤੌਰ ’ਤੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਹੈ।

ਗਲਵਾਨ ਘਾਟੀ ਕਾਂਡ ਤੋਂ ਬਾਅਦ ਭਾਰਤ ਵਲੋਂ ਆਪਣੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਚੁੱਕੇ ਕਦਮਾਂ ਦਾ ਅਮਰੀਕੀ ਪ੍ਰਸ਼ਾਸਨ ਨੇ ਸਮਰਥਨ ਕੀਤਾ ਹੈ। ਕੀ ਭਾਰਤ ਸਮਰਥਿਤ ਅਮਰੀਕਾ ਦਾ ਆਚਰਣ ਉਸ ਨੂੰ ਵਿਸ਼ਵਾਸਪਾਤਰ ਬਣਾਉਂਦਾ ਹੈ? ਬੀਤੇ ਦਿਨੀਂ ਹੀ ਟਰੰਪ ਅਧੀਨ ਅਮਰੀਕਾ ਨੇ ਚੀਨ ਨੂੰ ਇਕ ਹੀ ਦਿਨ ’ਚ 17 ਲੱਖ ਟਨ ਤੋਂ ਵੱਧ ਮੱਕੀ ਬਰਾਮਦ ਕੀਤੀ ਹੈ ਜੋ ਕਿ ਤਿੰਨ ਦਹਾਕਿਅਾਂ ਤੋਂ ਸਭ ਤੋਂ ਵੱਡੀ ਵਿਕਰੀ ਹੈ। ਇਸ ਕਿਸਮ ਦਾ ਸਵਾਰਥਪੂਰਨ ਅਤੇ ਵਿਰੋਧਾਭਾਸੀ ਅਮਰੀਕੀ ਵਤੀਰਾ ਸਿਰਫ ਟਰੰਪ ਤਕ ਸੀਮਤ ਨਹੀਂ ਹੈ। 1980 ਦੇ ਦਹਾਕੇ ’ਚ ਰੋਨਾਲਡ ਰੀਗਨ, ਤਾਈਵਾਨ ਸਮਰਥਿਤ ਅਤੇ ਚੀਨ-ਵਿਰੋਧੀ ਸਿਆਸਤ ਕਰਦੇ ਹੋਏ ਦੋ ਵਾਰ ਅਮਰੀਕੀ ਰਾਸ਼ਟਰਪਤੀ ਬਣੇ ਸਨ ਪਰ ਉਨ੍ਹਾਂ ਨੇ ‘ਵਨ ਚਾਈਨਾ’ ਨੀਤੀ, ਜਿਸ ’ਚ ਚੀਨ ਤਾਈਵਾਨ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨਦਾ ਹੈ-ਉਸ ਨੂੰ ਨਾ ਸਿਰਫ ਪ੍ਰਵਾਨ ਕੀਤਾ, ਨਾਲ ਹੀ ਉਸ ਦੇ ਨਾਲ ਹਥਿਆਰਾਂ ਦਾ ਸੌਦਾ ਵੀ ਕੀਤਾ।

ਇਸ ਤਰ੍ਹਾਂ ਹੀ 1990 ਦੇ ਦਹਾਕੇ ’ਚ ਤਤਕਾਲੀਨ ਰਾਸ਼ਟਰਪਤੀ ਬਿਲ ਕਲਿੰਟਨ ਨੇ ਪਹਿਲਾਂ ਚੀਨ ਤੋਂ ਕੌਮਾਂਤਰੀ ਵਪਾਰ ਲਈ ‘ਸਭ ਤੋਂ ਪਸੰਦੀਦਾ ਰਾਸ਼ਟਰ’ ਦਾ ਦਰਜਾ ਵਾਪਸ ਲਿਆ ਤੇ ਬਾਅਦ ’ਚ ਦੁਨੀਆ ਦੇ ਸਭ ਤੋਂ ਵੱਡੇ ਆਰਥਿਕ ਸੰਗਠਨ ‘ਵਿਸ਼ਵ ਵਪਾਰ ਸੰਗਠਨ’ ਵਿਚ ਚੀਨ ਦੇ ਰਸਮੀ ਦਾਖਲੇ ਦਾ ਰਾਹ ਪੱਧਰਾ ਕਰ ਦਿੱਤਾ।

2008 ਆਉਂਦੇ-ਆਉਂਦੇ ਬਸਤੀਵਾਦੀ ਚੀਨ, ਅਮਰੀਕੀ ਫੰਡ ’ਚ ਵਿਦੇਸ਼ੀ ਧਾਰਕ ਦੇ ਰੂਪ ’ਚ ਯੋਗਦਾਨ ਦੇਣ ਵਾਲਾ ਸਭ ਤੋਂ ਵੱਡਾ ਦੇਸ਼ ਬਣ ਗਿਆ।

ਕੀ ਭਾਰਤ-ਚੀਨ ਦਰਮਿਆਨ ਜੰਗ ਹੋਵੇਗੀ? ਇਸ ਸਵਾਲ ਦਾ ਜਵਾਬ ਸਾਨੂੰ ਚੀਨੀ ਜੰਗ-ਰਣਨੀਤੀਕਾਰ ਸੁਨ ਤਜੂ ਦੇ ਉਸ ਵਿਚਾਰ ਤੋਂ ਮਿਲਦਾ ਹੈ, ਜਿਸ ’ਚ ਉਨ੍ਹਾਂ ਕਿਹਾ ਸੀ, ‘‘ਜੰਗ ਦੀ ਕਲਾ ਸਿਖਾਉਂਦੀ ਹੈ ਕਿ ਅਸੀਂ ਇਹ ਸੋਚ ਕੇ ਨਾ ਬੈਠੀਏ ਕਿ ਦੁਸ਼ਮਣ ਨਹੀਂ ਆ ਰਿਹਾ ਜਾਂ ਨਹੀਂ ਆਵੇਗਾ। ਜ਼ਰੂਰੀ ਹੈ ਕਿ ਅਸੀਂ ਖੁਦ ਉਨ੍ਹਾਂ ਨਾਲ ਜੰਗ ਲਈ ਕਿੰਨੇ ਤਿਆਰ ਹਾਂ। ਉਹ ਸਾਡੇ ’ਤੇ ਹਮਲਾ ਨਹੀਂ ਕਰਨਗੇ, ਇਹ ਸੋਚਣ ਦੀ ਬਜਾਏ ਸਾਨੂੰ ਆਪਣੀਅਾਂ ਸਰਹੱਦਾਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ।’’ ਸੱਚ ਤਾਂ ਇਹ ਹੈ ਕਿ ਜੇਕਰ ਭਾਰਤ ਜੰਗ ਦੀ ਹਮਲਾਵਰ ਤਿਆਰੀ ਕਰੇਗਾ, ਤਾਂ ਜੰਗ ਨਹੀਂ ਹੋਵੇਗੀ ਅਤੇ ਪ੍ਰਤੀਕੂਲ ਸਥਿਤੀ ’ਚ ਜੰਗ ਦੀ ਸੰਭਾਵਨਾ ਵੱਧ ਹੈ।


Bharat Thapa

Content Editor

Related News