ਕੀ ਬਾਜਵਾ ਤੇ ਇਮਰਾਨ ਪੁਰਾਣੀ ਪਾਕਿਸਤਾਨੀ ਮਾਨਸਿਕਤਾ ਛੱਡਣਗੇ

03/26/2021 3:25:11 AM

ਹਰੀ ਜੈਸਿੰਘ 
ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨੀ ਫੌਜ ਦੇ ਮੁਖੀਆਂ ਵਲੋਂ ਮੇਲ-ਮਿਲਾਪ ਦੀਆਂ ਗੱਲਾਂ ਸੁਭਾਵਿਕ ਨਹੀਂ ਹਨ। ਉਨ੍ਹਾਂ ਦੀ ਹੋਂਦ ਸਾਡੇ ਦੇਸ਼ ਦੇ ਵਿਰੁੱਧ ਸਖਤ ਵਤੀਰਾ ਅਪਣਾਉਣ ’ਤੇ ਨਿਰਭਰ ਹੁੰਦੀ ਹੈ। ਪਾਕਿਸਤਾਨੀ ਫੌਜ ਤਾਨਾਸ਼ਾਹਾਂ ਵਲੋਂ ਸਮੇਂ-ਸਮੇਂ ’ਤੇ ਨਰਮੀ ਦਿਖਾਉਣ ਨੂੰ ਇਕ ਸਿਆਸੀ ਕਦਮ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਇਸ ਸੰਦਰਭ ’ਚ ਜਨਰਲ ਕਮਰ ਜਾਵੇਦ ਬਾਜਵਾ ਵਲੋਂ ਨਹੀਂ ਤਾਂ ਆਪਣੇ ਸਖਤ ਵਤੀਰੇ ’ਚ ਤਬਦੀਲੀ ਦਾ ਸੰਕੇਤ ਦੇਣਾ ਜ਼ਿਆਦਾਤਰ ਭਾਰਤੀਆਂ ਲਈ ਹੈਰਾਨੀਜਨਕ ਹੈ।

ਇਸਲਾਮਾਬਾਦ ਸਕਿਓਰਿਟੀ ਡਾਇਲਾਗ ਨਾਂ ਦੇ ਇਕ ਪ੍ਰੋਗਰਾਮ ’ਚ ਇਸਲਾਮਾਬਾਦ ’ਚ ਉਨ੍ਹਾਂ ਦੇ ਭਾਸ਼ਣ ’ਚ ਭਾਰਤ ਅਤੇ ਪਾਕਿਸਤਾਨ ਦੇ ਨਾਲ ਦੱਖਣੀ ਏਸ਼ੀਆ ਦੀ ਬਿਹਤਰੀ ਲਈ ਇਕ ਖੇਤਰੀ ਆਰਥਿਕ ਏਕੀਕਰਨ ਦਾ ਵਿਚਾਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਨਵੀਂ ਦਿੱਲੀ ਨੂੰ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀਪੂਰਨ ਗੱਲਬਾਤ ਬਹਾਲ ਕਰਨ ਲਈ ਕਸ਼ਮੀਰ ’ਚ ਇਕ ‘ਢੁੱਕਵਾਂ ਮਾਹੌਲ’ ਬਣਾਉਣ ਲਈ ਕਿਹਾ। ਹਾਲਾਂਕਿ ਉਨ੍ਹਾਂ ਨੇ ਕਸ਼ਮੀਰ ’ਚ ‘ਢੁੱਕਵੇਂ ਮਾਹੌਲ’ ਦੀ ਕਿਸਮ ਬਾਰੇ ਨਹੀਂ ਦੱਸਿਆ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਨਰਲ ਜ਼ਿਆ-ਉਲ-ਹੱਕ ਵਲੋਂ ਸ਼ੁਰੂ ਕੀਤੀ ਗਈ ‘ਲੁਕਵੀਂ ਜੰਗ’ ਹੀ ਮੁੱਖ ਤੌਰ ’ਤੇ ਕਸ਼ਮੀਰ ਅਤੇ ਹੋਰਨਾਂ ਮਾਮਲਿਆਂ ’ਚ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਲਈ ਜ਼ਿੰਮੇਵਾਰ ਹੈ।

ਪਾਕਿਸਤਾਨ ਦੇ ਤਾਲਿਬਾਨੀਕਰਨ ਨੇ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਪੁਰਾਣੇ ਸਮੀਕਰਨਾਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਅਧਿਕਾਰਤ ਤੌਰ ’ਤੇ ਧਾਰਮਿਕ ਅੱਤਵਾਦ ਨੂੰ ਗਲੇ ਲਗਾਉਣਾ ਇਕ ਅਜਿਹੇ ਸਮੇਂ ’ਤੇ ਸਾਹਮਣੇ ਆਇਆ ਹੈ ਜਦੋਂ ਅਜਿਹੇ ਵਤੀਰੇ ਵਿਰੁੱਧ ਅੰਸਤੋਸ਼ ਵਧਦਾ ਜਾ ਰਿਹਾ ਹੈ, ਇਥੋਂ ਤਕ ਕਿ ਪੱਛਮ ’ਚ ਵੀ।

ਪਾਕਿਸਤਾਨੀ ਫੌਜ ਨੂੰ ਅੱਤਵਾਦੀਆਂ ਨੂੰ ਪੈਸੇ ਅਤੇ ਸਿਖਲਾਈ ਮੁਹੱਈਆ ਕਰਵਾਉਣ ਦੇ ਇਲਾਵਾ ਕਸ਼ਮੀਰ ’ਚ ਦਾਖਲ ਕਰਵਾਉਣ ਲਈ ‘ਕਵਰਿੰਗ ਫਾਇਰ’ ਦੇਣ ਲਈ ਜਾਣਿਆ ਜਾਂਦਾ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਪਾਕਿ ਪ੍ਰਾਯੋਜਿਤ ਸਰਹੱਦ ਪਾਰ ਅੱਤਵਾਦ ਸਭ ਤੋਂ ਵੱਡਾ ਮੁੱਦਾ ਹੈ, ਨਾ ਕਿ ਕਸ਼ਮੀਰ, ਜਿਸ ਨੇ ਉਪ-ਮਹਾਦੀਪ ’ਚ ਸ਼ਾਂਤੀ ਲਈ ‘ਢੁੱਕਵਾਂ ਮਾਹੌਲ’ ਨਹੀਂ ਬਣਨ ਦਿੱਤਾ।

ਦਰਅਸਲ ਅੱਤਵਾਦ ਨੂੰ ਅਲੱਗ-ਥਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ। ਇਸ ਨੂੰ ਭਾਰਤ ਦੀ ਇਕ ਲੋਕਤੰਤਰਿਕ ਨੀਤੀ ਦੀ ਹੋਂਦ ਲਈ ਇਕ ਪ੍ਰਮੁੱਖ ਖਤਰੇ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਜਨਰਲ ਬਾਜਵਾ ਨੇ ਇਸ ਵਾਰ ਕਸ਼ਮੀਰ ’ਤੇ ਸੁਰੱਖਿਆ ਪ੍ਰੀਸ਼ਦ ਦੇ ਮਤੇ ਦਾ ਇਸਲਾਮਾਬਾਦ ਦਾ ਪੁਰਾਣਾ ਰਾਗ ਨਹੀਂ ਅਲਾਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਸ਼ਾਂਤੀਪੂਰਨ ਮਾਧਿਅਮਾਂ ਨਾਲ ਕਸ਼ਮੀਰ ਮਸਲੇ ਦਾ ਹੱਲ ਕੀਤੇ ਬਿਨਾਂ, ‘ਉਪ-ਮਹਾਦੀਪ ਕਬਜ਼ਾ’ ਹਮੇਸ਼ਾ ਹੀ ‘ਪਟੜੀ ਤੋਂ ਉਤਾਰਨ ਲਈ ਬਹੁਤ ਹੀ ਨਾਜ਼ੁਕ’ ਬਣਿਆ ਰਹੇਗਾ। ਇਸ ਲਈ ਉਹ ਮਹਿਸੂਸ ਕਰਦੇ ਹਨ ਕਿ ਇਹ ਸਮਾਂ ‘ਅਤੀਤ ਨੂੰ ਦਫਨ ਕਰ ਕੇ ਅੱਗੇ ਵਧਣ’ ਦਾ ਹੈ।

ਮਹੱਤਵਪੂਰਨ ਸਵਾਲ ਇਹ ਹੈ ਕਿ ਪਾਕਿਸਤਾਨ ਦੀ ਫੌਜੀ ਸੰਸਥਾ ਦੇ ਵਤੀਰੇ ’ਚ ਇਹ ਤਬਦੀਲੀ ਕਿਉਂ? ਇਸ ਸਵਾਲ ਦਾ ਇਕ ਸਾਧਾਰਨ ਜਵਾਬ ਹੈ। ਪਾਕਿਸਤਾਨ ਦਾ ਗੰਭੀਰ ਆਰਥਿਕ ਅਤੇ ਵਿੱਤੀ ਸੰਕਟ। ਇਥੋਂ ਤਕ ਕਿ ਇਸ ਨੂੰ ਐੱਫ. ਏ. ਟੀ. ਐੱਫ. ਵਲੋਂ ਬਲੈਕਲਿਸਟ ਕੀਤੇ ਜਾਣ ਦੇ ਖਤਰੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਐੱਫ. ਏ. ਟੀ. ਐੱਫ. ਦੇ ਖਤਰੇ ਦੇ ਇਲਾਵਾ ਇਸਲਾਮਾਬਾਦ ਨੂੰ ਆਪਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕਈ ਘਰੇਲੂ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਕੰਟਰੋਲ ਕਰਨਾ ਪਾਕਿਸਤਾਨੀ ਫੌਜ ਲਈ ਮੁਸ਼ਕਲ ਹੋ ਰਿਹਾ ਹੈ।

ਪੱਛਮੀ ਏਸ਼ੀਆ ’ਚ ਭੂਗੋਲਿਕ ਸਿਆਸੀ ਤਬਦੀਲੀ, ਇਥੋਂ ਤਕ ਕਿ ਮਿੱਤਰ ਦੇਸ਼ਾਂ ਵਲੋਂ ਉਨ੍ਹਾਂ ਦੇ ਕਰਜ਼ਿਆਂ ਨੂੰ ਮੋੜਨ ਦੀਆਂ ਸ਼ਰਮਨਾਕ ਮੰਗਾਂ ਦੇ ਕਾਰਨ ਪਾਕਿਸਤਾਨ ਵਿਸ਼ਵ ਨੂੰ ਸੰਕੇਤ ਦੇ ਰਿਹਾ ਹੈ ਕਿ ਉਹ ਆਪਣੇ ਰਾਸ਼ਟਰੀ ਸੁਰੱਖਿਆ ਮਾਡਲ ’ਤੇ ਮੁੜ ਵਿਚਾਰ ਕਰ ਰਿਹਾ ਹੈ।

ਜੋ ਵੀ ਹੋਵੇ, ਇਸਲਾਮਾਬਾਦ ਦਾ ਉੱਤਰ-ਪੱਛਮੀ ਮੋਰਚਾ ਵਧਦੇ ਇਸਲਾਮਿਕ ਅੱਤਵਾਦ ਲਈ ਇਕ ਪੈਦਾਇਸ਼ੀ ਸਥਾਨ ਬਣ ਗਿਆ ਹੈ ਜਿਸ ਨੇ ਖੁਦ ਇਸਲਾਮਾਬਾਦ ਦੀ ਸਥਿਰਤਾ ਲਈ ਖਤਰਾ ਪੈਦਾ ਕਰ ਦਿੱਤਾ ਹੈ।

ਪਾਕਿਸਤਾਨ ਦੇ ਸੰਘੀ ਪ੍ਰਸ਼ਾਸਕ ਜਨਜਾਤੀ ਖੇਤਰ ਅਤੇ ਉੱਤਰ-ਪੱਛਮੀ ਫਰੰਟੀਅਰ ਸੂਬੇ ਵੀ ਅਫਗਾਨਿਸਤਾਨ ਦੀ ਜੀਵਨ ਰੇਖਾ ਅਖਵਾਉਂਦੇ ਰਣਨੀਤਕ ਖੈਬਰ ਦੱਰੇ ਲਈ ਖਤਰਾ ਪੈਦਾ ਕਰ ਰਹੇ ਹਨ।

ਮਿਸ਼ਰਿਤ ਤੌਰ ’ਤੇ ਭ੍ਰਿਸ਼ਟਾਚਾਰ, ਘਟੀਆ ਮੈਨੇਜਮੈਂਟ ਅਤੇ ਪਹਿਲਕਦਮੀਆਂ ’ਤੇ ਧਿਆਨ ਨਾ ਦੇਣ ਕਾਰਨ ਪਾਕਿਸਤਾਨ ਦੀ ਅਰਥਵਿਵਸਥਾ ਖੋਖਲੀ ਹੋ ਚੁੱਕੀ ਹੈ। ਸਿਰਫ ਇਕ ਚੀਜ਼ ਜਿਸ ਨੇ ਕੁਝ ਹੱਦ ਤਕ ਪਾਕਿਸਤਾਨ ਨੂੰ ਆਰਥਿਕ ਤੌਰ ’ਤੇ ਬਚਾਈ ਰੱਖਿਆ ਹੈ, ਉਹ ਹੈ ਘਰੇਲੂ ਅਤੇ ਵਿਦੇਸ਼ੀ ਸਰੋਤਾਂ ਤੋਂ ਲਏ ਗਏ ਉਧਾਰ, ਜਿਸ ਦਾ ਕੁਲ ਵਿਦੇਸ਼ੀ ਕਰਜ਼ਾ ਹੈਰਾਨੀਜਨਕ ਤੌਰ ’ਤੇ 111 ਅਰਬ ਡਾਲਰ ਹੈ।

ਅਜਿਹੀਆਂ ਸਖਤ ਆਰਥਿਕ ਸੱਚਾਈਆਂ ਅਤੇ ਇਸਲਾਮਿਕ ਅੱਤਵਾਦ ਨਾਲ ਪੈਦਾ ਹੋਏ ਘਰੇਲੂ ਸੰਕਟਾਂ ਦਰਮਿਆਨ ਭਾਰਤ ਪ੍ਰਤੀ ਜਨਰਲ ਬਾਜਵਾ ਦੇ ਬਦਲੇ ਵਤੀਰੇ ਨੂੰ ਸਮਝਿਆ ਜਾ ਸਕਦਾ ਹੈ।

ਹਾਲਾਂਕਿ ਜੇਕਰ ਪਾਕਿਸਤਾਨੀ ਜਨਰਲ ਦਾ ਅਰਥ ਵਪਾਰ ਤੋਂ ਹੈ ਤਾਂ ਉਨ੍ਹਾਂ ਨੂੰ ਭਾਰਤ ਪ੍ਰਤੀ ਸਾਰੀਆਂ ਨੀਤੀਆਂ ਅਤੇ ਰਣਨੀਤਕ ਢਾਂਚੇ ਦਾ ਮੁੜ ਨਿਰਮਾਣ ਕਰਨਾ ਹੋਵੇਗਾ, ਕਸ਼ਮੀਰ ਨੂੰ ਮੱਦੇਨਜ਼ਰ ਰੱਖਦੇ ਹੋਏ। ਸ਼ਾਂਤੀ ਪ੍ਰਕਿਰਿਆ ਲਈ ਕੋਈ ਅੱਧਾ-ਅਧੂਰਾ ਤਰੀਕਾ ਨਹੀਂ ਚੱਲੇਗਾ।

ਸੱਚ ਹੈ ਕਿ ਪਾਕਿਸਤਾਨੀ ਫੌਜੀ ਹਾਕਮ ਆਮ ਤੌਰ ’ਤੇ ਭਾਰਤੀ ਭਾਵਨਾਵਾਂ ਅਤੇ ਲੋੜ ਪੈਣ ’ਤੇ ਇਸ ਦੇ ਮੋੜਵੇਂ ਵਾਰ ਦੀ ਸਮਰੱਥਾ ਦੀ ਸ਼ਲਾਘਾ ਕਰਨ ’ਚ ਅਸਫਲ ਰਹੇ ਹਨ। ਹਥਿਆਰਬੰਦ ਝੜਪਾਂ ਦਰਮਿਆਨ ਪਾਕਿਸਤਾਨ ਨੂੰ ਹਮੇਸ਼ਾ ਇਕ ਭਾਰੀ ਕੀਮਤ ਅਦਾ ਕਰਨੀ ਪਈ ਹੈ। ਇਹ ਇਕ ਇਤਿਹਾਸਕ ਤੱਥ ਹੈ। ਇਥੋਂ ਤਕ ਕਿ ਇਸ ਵਾਰ ਚਾਈਨਾ ਫੈਕਟਰ ਵੀ ਪਾਕਿਸਤਾਨ ਲਈ ਜ਼ਿਆਦਾ ਅੰਤਰ ਨਹੀਂ ਪੈਦਾ ਕਰਨ ਵਾਲਾ।

ਇਸ ਲਈ ਸਵਾਲ ਇਹ ਹੈ ਕਿ ਆਪਣੀਆਂ ਸ਼ਾਂਤੀ ਕੋਸ਼ਿਸ਼ਾਂ ਬਾਰੇ ਜਨਰਲ ਬਾਜਵਾ ਕਿੰਨੇ ਗੰਭੀਰ ਹਨ? ਅਸੀਂ ਇਸ ਨੂੰ ਲੈ ਕੇ ਯਕੀਨੀ ਨਹੀਂ ਹੋ ਸਕਦੇ ਜਦ ਤਕ ਕਿ ਪਾਕਿਸਤਾਨ ਜੰਮੂ-ਕਸ਼ਮੀਰ ਅਤੇ ਹੋਰਨਾਂ ਥਾਵਾਂ ’ਤੇ ਅੱਤਵਾਦ ਸਬੰਧੀ ਲੁਕਵੀਂ ਜੰਗ ਨਹੀਂ ਛੱਡ ਦਿੰਦਾ।

ਇਸਲਾਮਾਬਾਦ ਲਈ ਇਹ ਯਾਦ ਰੱਖਣਾ ਲਾਭਦਾਇਕ ਹੋ ਸਕਦਾ ਹੈ ਕਿ ਅੱਤਵਾਦ ਨੂੰ ਦਰੜਣ ਲਈ ਵਿਸ਼ਵ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਦ੍ਰਿੜ੍ਹ ਇਰਾਦੇ ਵਾਲਾ ਹੈ। ਅੱਤਵਾਦ ਦੇ ਵਧਦੇ ਖਤਰਿਆਂ ਨੂੰ ਦੇਖਦੇ ਹੋਏ ਇਸਲਾਮਿਕ ਜਗਤ ਵੀ ਹੁਣ ਆਰਾਮ ਨਾਲ ਬੈਠੇ ਰਹਿਣ ਦੀ ਸਥਿਤੀ ’ਚ ਨਹੀਂ ਹੈ।

ਇਨ੍ਹਾਂ ਸਖਤ ਤੱਥਾਂ ਨੂੰ ਪਾਕਿਸਤਾਨੀ ਨੀਤੀ ਘਾੜਿਆਂ ਅਤੇ ਰਣਨੀਤੀਕਾਰਾਂ ਨੂੰ ਭਾਰਤ ਅਤੇ ਬਾਕੀ ਦੁਨੀਆ ਨਾਲ ਇਸ ਦੇ ਸਬੰਧਾਂ ਦੇ ਨਾਲ ਇਕ ਨਵੀਂ ਰੂਪ-ਰੇਖਾ ’ਤੇ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਰੌਸ਼ਨੀ ’ਚ ਇਸ ਨੂੰ ਲਾਜ਼ਮੀ ਤੌਰ ’ਤੇ ਕਸ਼ਮੀਰ ਅਤੇ ਹੋਰਨਾਂ ਥਾਵਾਂ ’ਤੇ ਹਥਿਆਰਬੰਦ ਘੁਸਪੈਠੀਆਂ ਨੂੰ ਭੇਜਣ ਤੋਂ ਰੋਕਣਾ ਚਾਹੀਦਾ ਹੈ।

ਕੀ ਜਨਰਲ ਬਾਜਵਾ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਦੀ ਪੁਰਾਣੀ ਮਾਨਸਿਕਤਾ ਤੋਂ ਬਾਹਰ ਆਉਣਗੇ? ਜਦ ਤਕ ਇਹ ਪ੍ਰਭਾਵਪੂਰਨ ਢੰਗ ਨਾਲ ਨਹੀਂ ਦਿਖਾਇਆ ਜਾਂਦਾ, ਭਾਰਤ ਜਨਰਲ ਬਾਜਵਾ ਦੇ ਸ਼ਾਂਤੀ ਲਈ ਤਜਵੀਜ਼ਤ ਮਾਰਗ ਨੂੰ ਲੈ ਕੇ ਯਕੀਨੀ ਨਹੀਂ ਹੋ ਸਕਦਾ। ਜੋ ਵੀ ਹੋਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਦਾ ਹੈ ਸਹੀ ਸ਼ਾਂਤੀਪੂਰਨ ਦਿਸ਼ਾ ’ਚ ਭਾਰਤ-ਪਾਕਿ ਸਬੰਧਾਂ ਦੇ ਵਿਕਾਸ ਲਈ ਖੁੱਲ੍ਹਾ ਮਨ ਰੱਖਦੇ ਹਨ।

ਹਾਲਾਂਕਿ ਮੈਂ ਆਸਵੰਦ ਰਹਿਣ ਨੂੰ ਪਹਿਲ ਦੇਵਾਂਗਾ। ਵਰਤਮਾਨ ’ਚ ਨਵੀਂ ਦਿੱਲੀ ਲਈ ਸਰਵਉੱਤਮ ਬਦਲ ‘ਉਡੀਕ ਕਰੋ ਅਤੇ ਦੇਖੋ’ ਦਾ ਹੋਣਾ ਚਾਹੀਦਾ ਹੈ, ਜਦੋਂ ਤਕ ਜਨਰਲ ਬਾਜਵਾ ਅੱਤਵਾਦ ਨੂੰ ਦਬਾਉਣ ਲਈ ਆਪਣਾ ਅਗਲਾ ਠੋਸ ਕਦਮ ਨਹੀਂ ਦਰਸਾਉਂਦੇ।


Bharat Thapa

Content Editor

Related News