ਮਿਲਾਵਟਖੋਰਾਂ ਨੂੰ ਫਾਂਸੀ ਕਿਉਂ ਨਹੀਂ

Thursday, Jun 10, 2021 - 03:32 AM (IST)

ਮਿਲਾਵਟਖੋਰਾਂ ਨੂੰ ਫਾਂਸੀ ਕਿਉਂ ਨਹੀਂ

ਡਾ. ਵੇਦਪ੍ਰਤਾਵ ਵੈਦਿਕ 
ਇਨ੍ਹੀਂ ਦਿਨੀਂ ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ’ਚ ਮਿਲਾਵਟ ਦੀਆਂ ਖਬਰਾਂ ਬਹੁਤ ਜ਼ਿਆਦਾ ਆ ਰਹੀਆਂ ਹਨ। ਦੁਨੀਆ ਦੇ ਮਿਲਾਵਟਖੋਰ ਤਾਂ ਬੜੀ ਬੇਰਹਿਮੀ ਨਾਲ ਪੈਸਾ ਕਮਾ ਰਹੇ ਹਨ ਪਰ ਸੈਂਕੜੇ-ਹਜ਼ਾਰਾਂ ਲੋਕ ਬੇ‘ਮੌਤ ਮਾਰੇ ਜਾ ਰਹੇ ਹਨ। ਇਨ੍ਹਾਂ ਮਿਲਾਵਟਖੋਰਾਂ ਦੇ ਲਈ ਸਾਰੇ ਦੇਸ਼ਾਂ ’ਚ ਸਜ਼ਾ ਦੀ ਵਿਵਸਥਾ ਹੈ ਪਰ ਭਾਰਤ ’ਚ ਉਨ੍ਹਾਂ ਦੀ ਸਜ਼ਾ ਉਨ੍ਹਾਂ ਦੇ ਜੁਰਮ ਦੇ ਮੁਕਾਬਲੇ ਬਹੁਤ ਘੱਟ ਹੈ। ਇਹ ਅਪਰਾਧੀ ਸਮੂਹਿਕ ਹੱਤਿਆ ਦੇ ਦੋਸ਼ੀ ਹੁੰਦੇ ਹਨ। ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ। ਇਨ੍ਹਾਂ ਦੇ ਪੂਰੇ ਪਰਿਵਾਰ ਦੀ ਜਾਇਦਾਦ ਜ਼ਬਤ ਕਿਉਂ ਨਹੀਂ ਕੀਤੀ ਜਾਂਦੀ?

ਸਾਡੇ ਭਾਰਤ ਦੇ ਲੋਕ ਲੋੜ ਤੋਂ ਵੱਧ ਸਹਿਣਸ਼ੀਲ ਹਨ। ਉਹ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਘਿਰਾਓ ਕਿਉਂ ਨਹੀਂ ਕਰਦੇ? ਉਨ੍ਹਾਂ ਨੂੰ ਇਸ ਮੁੱਦੇ ’ਤੇ ਸਖਤ ਕਾਨੂੰਨ ਬਣਾਉਣ ਲਈ ਮਜਬੂਰ ਕਿਉਂ ਨਹੀਂ ਕਰਦੇ? ਅਦਾਲਤਾਂ ਇਨ੍ਹਾਂ ਮਿਲਾਵਟਖੋਰਾਂ ਨੂੰ ਫਾਂਸੀ ’ਤੇ ਤਦ ਹੀ ਲਟਕਾ ਸਕਣਗੀਆਂ ਜਦੋਂ ਉਸ ਤਰ੍ਹਾਂ ਦਾ ਕਾਨੂੰਨ ਹੋਵੇਗਾ। ਫਿਰ ਵੀ ਦੋ ਤਾਜ਼ਾ ਮਾਮਲਿਆਂ ’ਚ ਸੁਪਰੀਮ ਕੋਰਟ ਨੇ ਮਿਲਾਵਟਖੋਰਾਂ ਦੀ ਖੂਬ ਛਿਲ ਲਾਈ ਹੈ। ਨੀਮਚ ਦੇ ਦੋ ਵਪਾਰੀਆਂ ਨੂੰ ਪੁਲਸ ਨੇ ਇਸ ਲਈ ਫੜ ਲਿਆ ਕਿ ਉਨ੍ਹਾਂ ਨੇ ਕਣਕ ’ਤੇ ਸੁਨਹਿਰੀ ਪਾਲਿਸ਼ ਚੜਾ ਕੇ ਵੇਚੀ ਸੀ।

ਦੂਸਰੇ ਵਪਾਰੀ ਨੇ ਘਿਓ ’ਚ ਅਜਿਹੀ ਮਿਲਾਵਟ ਕੀਤੀ ਸੀ ਕਿ ਉਹ ਖਾਣ ਦੇ ਲਾਇਕ ਨਹੀਂ ਰਹਿ ਗਿਆ ਸੀ। ਜੋ ਵਕੀਲ ਇਨ੍ਹਾਂ ਮਾਮਲਿਆਂ ’ਚ ਧਿਰਾਂ ਵੱਲੋਂ ਬੋਲ ਰਿਹਾ ਸੀ, ਉਸ ਨੂੰ ਜੱਜਾਂ ਨੇ ਪੁੱਛਿਆ ਕਿ ਉਹ ਖੁਦ ਅਜਿਹੀ ਕਣਕ ਅਤੇ ਇਹੋ ਜਿਹਾ ਘਿਓ ਖਾਣਾ ਚਾਹੁਣਗੇ। ਦੋਵਾਂ ਵਕੀਲਾਂ ਦੀ ਹੋਸ਼ ਉਡ ਗਈ। ਉਨ੍ਹਾਂ ਨੇ ਵਕੀਲਾਂ ਨੂੰ ਕਿਹਾ ਕਿ ਤੁਸੀਂ ਇਨ੍ਹਾਂ ਮਿਲਾਵਟਖੋਰਾਂ ਦੀ ਪੈਰਵੀ ਕਰਨ ਲਈ ਇੱਥੇ ਖੜ੍ਹੇ ਹੋ, ਜੋ ਲੋਕਾਂ ਦੀ ਥੋਕ ’ਚ ਹੱਤਿਆ ਲਈ ਜ਼ਿੰਮੇਵਾਰ ਹਨ। ਅਦਾਲਤ ਕੀ ਕਰੇਗੀ? ਉਨ੍ਹਾਂ ਨੂੰ ਜੇਲ ਭੇਜ ਦੇਵੇਗੀ। ਉਹ ਜੇਲ ’ਚ ਜਨਤਾ ਦੇ ਪੈਸੇ ਦੀਆਂ ਮੁਫਤ ਰੋਟੀਆਂ ਖਾਣਗੇ ਅਤੇ ਜਦੋਂ ਛੁੱਟ ਕੇ ਆਉਣਗੇ ਤਾਂ ਉਹੀ ਧੰਦਾ ਉਹ ਵੱਡੇ ਪੱਧਰ ’ਤੇ ਫਿਰ ਸ਼ੁਰੂ ਕਰਨ ਦੇਣਗੇ।

ਖਾਣ-ਪੀਣ ਦੀਆਂ ਚੀਜ਼ਾਂ ਦੇ ਮਿਲਾਵਟਖੋਰਾਂ ਨਾਲੋਂ ਵੀ ਵੱਧ ਖਤਰਨਾਕ ਦਵਾਈਆਂ ’ਚ ਮਿਲਾਵਟ ਕਰਨ ਵਾਲੇ ਹਨ। ਉਨ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਨ ਵਾਲੇ ਤਾਂ ਆਪਣੀ ਜਾਨ ਤੋਂ ਹੀ ਹੱਥ ਧੋ ਬੈਠਦੇ ਹਨ। ਇੰਦੌਰ ਸ਼ਹਿਰ ’ਚ ਅਜਿਹੇ 10 ਵਿਅਕਤੀ ਅਚਾਨਕ ਮਰ ਗਏ, ਜਿਨ੍ਹਾਂ ਨੂੰ ਰੇਮਡੇਸਿਵਿਰ ਦੇ ਨਕਲੀ ਟੀਕੇ ਲਗਾਏ ਗਏ ਸਨ। ਨਕਲੀ ਟੀਕਿਆਂ, ਨਕਲੀ ਗੋਲੀਆਂ, ਨਕਲੀ ਆਕਸੀਜਨ ਕੰਸਨਟ੍ਰੇਟਰਾਂ ਅਤੇ ਨਕਲੀ ਕੋਰੋਨਾ ਕਿੱਟਾਂ ਦੇ ਸੈਂਕੜੇ ਮਾਮਲੇ ਭਾਰਤ ’ਚ ਪਿਛਲੇ ਦੋ-ਢਾਈ ਮਹੀਨੇ ’ਚ ਸਾਹਮਣੇ ਆਉਂਦੇ ਰਹੇ ਹਨ।

ਭਾਰਤ ’ਚ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ’ਚ ਇਹ ਰਾਕਸ਼ਸੀ ਧੰਦਾ ਜ਼ੋਰਾਂ ਨਾਲ ਚੱਲਿਆ ਹੈ। 92 ਦੇਸ਼ਾਂ ਨੇ ਅਜਿਹੇ ਧੰਦਿਆਂ ਦੇ ਵਿਰੁੱਧ ਸਖਤ ਕਾਰਵਾਈ ਸ਼ੁਰੂ ਕੀਤੀ ਹੈ। ਇੰਟਰਪੋਲ ਨੇ 1 ਲੱਖ 13 ਹਜ਼ਾਰ ਵੈੱਬਸਾਈਟਾਂ ਨੂੰ ਬੰਦ ਕੀਤਾ ਹੈ, ਕਿਉਂਕਿ ਇਹ ਨਕਲੀ ਦਵਾਈਆਂ ਦਾ ਧੰਦਾ ਕਰ ਰਹੀਆਂ ਸਨ।

ਇਸ ਤਰ੍ਹਾਂ ਦੇ ਧੰਦੇ ਬ੍ਰਿਟੇਨ, ਵੈਂਜੁਏਲਾ, ਇਟਲੀ, ਕਤਰ ਆਦਿ ਕਈ ਦੇਸ਼ਾਂ ’ਚ ਬੜੇ ਜ਼ੋਰਾਂ ਨਾਲ ਚੱਲ ਪਏ ਹਨ। ਇਨ੍ਹਾਂ ਰਾਕਸ਼ਸੀ ਧੰਦਿਆਂ ’ਤੇ ਕਾਬੂ ਪਾਉਣ ਦਾ ਇਕ ਹੀ ਤਰੀਕਾ ਹੈ। ਉਹ ਇਹ ਕਿ ਇਨ੍ਹਾਂ ਅਪਰਾਧੀਆਂ ਨੂੰ ਤੁਰੰਤ ਫਾਂਸੀ ’ਤੇ ਲਟਕਾਇਆ ਜਾਵੇ ਅਤੇ ਉਸ ਘਟਨਾ ਨੂੰ ਰਾਸ਼ਟਰੀ ਉਤਸਵ ਵਾਂਗ ਪ੍ਰਚਾਰਿਤ ਕੀਤਾ ਜਾਵੇ। ਫਿਰ ਦੇਖੋ ਕਿ ਕੀ ਹੁੰਦਾ ਹੈ?


author

Bharat Thapa

Content Editor

Related News