''ਹੰਗਾਮਾ ਕਿਉਂ ਬਰਪਾ'' ਮੋਹਨ ਭਾਗਵਤ ਦੇ ਬਿਆਨ ’ਤੇ
Thursday, Dec 12, 2024 - 05:48 PM (IST)
ਬੀਤੇ ਦਿਨੀਂ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਆਬਾਦੀ ’ਚ ਗਿਰਾਵਟ ’ਤੇ ਆਪਣੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਆਧੁਨਿਕ ਆਬਾਦੀ ਵਿਗਿਆਨ ਕਹਿੰਦਾ ਹੈ ਕਿ ਜਦ ਕਿਸੇ ਸਮਾਜ ਦੀ ਆਬਾਦੀ (ਪ੍ਰਜਨਣ ਦਰ) 2.1 ਤੋਂ ਹੇਠਾਂ ਚਲੀ ਜਾਂਦੀ ਹੈ ਤਾਂ ਉਹ ਸਮਾਜ ’ਚ ਪ੍ਰਿਥਵੀ ਤੋਂ ਅਲੋਪ ਹੋ ਜਾਂਦਾ ਹੈ... ਇਸ ਤਰ੍ਹਾਂ ਕਈ ਭਾਸ਼ਾਵਾਂ ਅਤੇ ਸਮਾਜ ਨਸ਼ਟ ਹੋ ਗਏ।
ਆਬਾਦੀ ਵਿਗਿਆਨ ਦਾ ਕਹਿਣਾ ਹੈ ਕਿ ਸਾਨੂੰ 2 ਜਾਂ 3 ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ। ਸਮਾਜ ਨੂੰ ਜਿਊਂਦਾ ਰੱਖਣ ਲਈ ਗਿਣਤੀ ਅਹਿਮ ਹੈ। ਜਿਉਂ ਹੀ ਉਨ੍ਹਾਂ ਦਾ ਵਿਚਾਰ ਮੀਡੀਆ ਦੀਆਂ ਸੁਰਖੀਆਂ ’ਚ ਆਇਆ, ਨਾਲ ਹੀ ਆਪੇ ਬਣੇ ਸੈਕੂਲਰਵਾਦੀ ਅਤੇ ਖੱਬੇਪੱਖੀ ਤਿਲਮਿਲਾ ਉੱਠੇ।
ਸੰਘ ਮੁਖੀ ਨੇ ਜਿਸ ਖਦਸ਼ੇ ਨੂੰ ਪ੍ਰਗਟ ਕੀਤਾ ਹੈ, ਉਸ ਤੋਂ ਜਨਤਕ ਜੀਵਨ ’ਚ ਸਰਗਰਮ ਜਨ-ਪ੍ਰਤੀਨਿਧੀਆਂ ਦਾ ਇਕ ਸਮੂਹ ਵਾਕਿਫ ਤਾਂ ਹੈ, ਪਰ ਆਪਣੇ ਸੌੜੇ ਸਿਆਸੀ ਹਿੱਤਾਂ ਕਾਰਨ ਉਸ ਨੂੰ ਲੋਕਾਂ ਦੇ ਵਿਚਾਰ-ਵਟਾਂਦਰੇ ਦਾ ਹਿੱਸਾ ਬਣਾਉਣ ਤੋਂ ਨਾ ਸਿਰਫ ਬਚਦਾ ਹੈ ਸਗੋਂ ਉਸ ਨੂੰ ਨਵਾਂ ਰੰਗ ਦੇਣ ਦਾ ਯਤਨ ਵੀ ਕਰਦਾ ਹੈ।
ਦੋਸ਼ਾਂ-ਪ੍ਰਤੀਦੋਸ਼ਾਂ ਨੂੰ ਦਰਕਿਨਾਰ ਕਰ ਕੇ ਕੀ ਸਾਨੂੰ ਅਸਲੀਅਤ ਨੂੰ ਨਹੀਂ ਦੇਖਣਾ ਚਾਹੀਦਾ? ਕੀ ਇਹ ਸੱਚ ਨਹੀਂ ਕਿ ਭਾਰਤੀ ਉਪ-ਮਹਾਦੀਪ (ਭਾਰਤ ਸਮੇਤ) ’ਚ ਹਿੰਦੂਆਂ ਦੀ ਆਬਾਦੀ, ਮੁਸਲਮਾਨਾਂ ਦੇ ਅਨੁਪਾਤ ’ਚ ਲਗਾਤਾਰ ਘਟ ਰਹੀ ਹੈ? ਕੀ ਧਰਮ ਦਾ ਭਾਰਤ ਦੀ ਏਕਤਾ-ਅਖੰਡਤਾ ਅਤੇ ਇਸ ਰਾਸ਼ਟਰ ਦੀਆਂ ਕਦਰਾਂ-ਕੀਮਤਾਂ, ਬਹੁਲਤਾਵਾਦ, ਲੋਕਤੰਤਰ ਅਤੇ ਸੈਕੂਲਰਵਾਦ ਨਾਲ ਸਿੱਧਾ ਸਬੰਧ ਹੈ ਜਾਂ ਨਹੀਂ? ਦੇਸ਼ ’ਚ ਜਿਥੇ-ਜਿਥੇ ਅੱਜ ਹਿੰਦੂ ਘੱਟਗਿਣਤੀ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਇਲਾਕੇ ਕੀ ਵੱਖਵਾਦ ਤੋਂ ਗ੍ਰਸਤ ਨਹੀਂ? ਸੰਘ ਮੁਖੀ ਦੇ ਵਿਚਾਰ ’ਤੇ ਤੁਰੰਤ ਕੋਈ ਰਾਇ ਬਣਾਉਣ ਤੋਂ ਪਹਿਲਾਂ ਕੀ ਇਨ੍ਹਾਂ ਸਵਾਲਾਂ ਦੇ ਜਵਾਬ ਇਮਾਨਦਾਰੀ ਨਾਲ ਲੱਭਣੇ ਚਾਹੀਦੇ ਹਨ?
ਕੀ ਇਹ ਸੱਚ ਨਹੀਂ ਕਿ ਬ੍ਰਿਟਿਸ਼ ਕਾਲ ਦਾ ਭਾਰਤ, ਆਬਾਦੀ ’ਚ ਆਈ ਤਬਦੀਲੀ ਕਾਰਨ ਹੀ ਵੰਡਿਆ ਗਿਆ ਸੀ? ਇਸ ਤ੍ਰਾਸਦੀ ’ਚੋਂ ਜਿਨ੍ਹਾਂ ਦੋ ਮੁਲਕਾਂ ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਜਨਮ ਹੋਇਆ, ਉਹ ਐਲਾਨੀਆ ਇਸਲਾਮੀ ਹਨ।
ਆਪਣੀ ਵਿਚਾਰਕ ਸਥਾਪਨਾ ਅਨੁਸਾਰ ਇਨ੍ਹਾਂ ਦੋਵਾਂ ਹੀ ਦੇਸ਼ਾਂ ’ਚ ਹਿੰਦੂ, ਬੋਧੀ ਅਤੇ ਸਿੱਖ ਆਦਿ ਘੱਟਗਿਣਤੀਆਂ ਲਈ ਨਾ ਤਾਂ ਕੋਈ ਸਥਾਨ ਹੈ ਅਤੇ ਨਾ ਹੀ ਉਨ੍ਹਾਂ ਦੇ ਮਾਣ-ਬਿੰਦੂ (ਮੰਦਿਰ-ਗੁਰਦੁਆਰਾ ਸਣੇ) ਸੁਰੱਖਿਅਤ। ਤ੍ਰਾਸਦੀ ਹੈ ਕਿ ਸਿੰਧੂ ਨਦੀ, ਜਿਸ ਦੇ ਕੰਢੇ ’ਤੇ ਹਜ਼ਾਰਾਂ ਵਰ੍ਹੇ ਪਹਿਲਾਂ ਰਿਸ਼ੀ ਪ੍ਰੰਪਰਾ ਨਾਲ ਵੇਦਾਂ ਦੀ ਰਚਨਾ ਹੋਈ, ਉਸ ਇਲਾਕੇ ’ਚ ਅੱਜ ਉਨ੍ਹਾਂ ਦਾ ਨਾਂ ਲੈਣ ਲਈ ਕੋਈ ਨਹੀਂ ਬਚਿਆ।
ਭਾਰਤੀ ਉਪ-ਮਹਾਦੀਪ ’ਚ ਸਭ ਤੋਂ ਵੱਧ ‘ਅਸੁਰੱਖਿਅਤ’ ਕੌਣ ਹੈ? ਵਿਸ਼ਵ ਦੇ ਇਸ ਭੂ-ਖੰਡ ’ਚ ਕੁਲ ਮਿਲਾ ਕੇ 180 ਕਰੋੜ ਲੋਕ ਵਸਦੇ ਹਨ, ਜਿਨ੍ਹਾਂ ’ਚ ਭਾਰਤ 140 ਕਰੋੜ, ਪਾਕਿਸਤਾਨ 23 ਕਰੋੜ ਅਤੇ ਬੰਗਲਾਦੇਸ਼ ਦੀ ਆਬਾਦੀ 17 ਕਰੋੜ ਹੈ। 180 ਕਰੋੜ ’ਚ 112 ਕਰੋ਼ੜ ਹਿੰਦੂ ਹਨ, ਜਦੋਂ ਕਿ ਮੁਸਲਮਾਨ 62 ਕਰੋੜ ਤੋਂ ਵੱਧ।
ਵੰਡ ਤੋਂ ਪਹਿਲਾਂ, ਇਸ ਭੂ-ਖੰਡ ਦੀ ਕੁਲ ਆਬਾਦੀ ’ਚ ਹਿੰਦੂ-ਸਿੱਖ-ਬੋਧੀ-ਜੈਨ ਪੈਰੋਕਾਰਾਂ ਦਾ ਅਨੁਪਾਤ 75 ਫੀਸਦੀ ਤਾਂ ਮੁਸਲਿਮ ਅਨੁਪਾਤ 24 ਫੀਸਦੀ ਸੀ। ਗੁਲਾਮੀ ਤੋਂ ਲੈ ਕੇ ਅੱਜ ਤਿੰਨਾਂ ਦੇਸ਼ਾਂ ’ਚ ਹਿੰਦੂ-ਸਿੱਖ-ਬੋਧੀ-ਜੈਨ ਘਟ ਕੇ 62 ਫੀਸਦੀ ਰਹਿ ਗਏ ਹਨ, ਜਦ ਕਿ ਮੁਸਲਮਾਨ ਵਧ ਕੇ 34 ਫੀਸਦੀ ਹੋ ਗਏ।
ਅੱਜ ਹਿੰਦੂਆਂ-ਸਿੱਖਾਂ-ਬੋਧੀਆਂ-ਜੈਨਾਂ ਦੀ ਜੋ ਅਸਲ ਗਿਣਤੀ 135 ਕਰੋੜ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਸੀ, ਉਹ ਘਟ ਕੇ 112 ਕਰੋੜ ਰਹਿ ਗਈ ਹੈ। ਸਵਾਲ ਇਹ ਹੈ ਕਿ ਇਸ ਭੂ-ਖੰਡ ਤੋਂ ਪਿਛਲੇ 7 ਦਹਾਕਿਆਂ ’ਚ 23 ਕਰੋੜ ਹਿੰਦੂ-ਸਿੱਖ-ਬੋਧ-ਜੈਨ ਕਿਥੇ ਗਾਇਬ ਹੋ ਗਏ? ਗੱਲ ਜੇਕਰ ਖੰਡਤ ਭਾਰਤ ਦੀ ਕਰੀਏ, ਤਾਂ ਅਰੁਣਾਚਲ ਪ੍ਰਦੇਸ਼ ’ਚ 2001 ਤੋਂ 2011 ਦੇ ਦਰਮਿਆਨ ਹਿੰਦੂਆਂ ਦੀ ਆਬਾਦੀ 5.56 ਫੀਸਦੀ ਤਕ ਘਟ ਗਈ ਹੈ। ਸਾਲ 1971 ’ਚ ਇਸ ਸੂਬੇ ਦੀ ਕੁਲ ਆਬਾਦੀ ’ਚ ਈਸਾਈ 1 ਫੀਸਦੀ ਵੀ ਨਹੀਂ ਸਨ ਪਰ ਸਾਲ 2011 ’ਚ ਉਹ 30 ਫੀਸਦੀ ਹੋ ਗਏ।
ਇਸ ਦੌਰਾਨ ਬੋਧੀ ਪੈਰੋਕਾਰਾਂ ਦੀ ਗਿਣਤੀ ਵੀ ਘਟ ਗਈ ਹੈ। ਆਸਾਮ ’ਚ 2001 ਦੀ ਮਰਦਮਸ਼ੁਮਾਰੀ ਦੀ ਤੁਲਨਾ ’ਚ ਹਿੰਦੂ ਆਬਾਦੀ 2011 ’ਚ ਲਗਭਗ 3 ਫੀਸਦੀ ਘਟੀ ਹੈ। ਇਸ ਦੌਰਾਨ ਆਸਾਮ ’ਚ ਹਿੰਦੂ ਵਾਧਾ ਦਰ ਲਗਭਗ 11 ਫੀਸਦੀ ਅਤੇ ਮੁਸਲਮਾਨ ਆਬਾਦੀ 29 ਫੀਸਦੀ ਰਹੀ। ਪੱਛਮੀ ਬੰਗਾਲ ’ਚ ਵੀ ਹਿੰਦੂਆਂ ਦੀ ਵਾਧਾ ਦਰ ਤੇਜ਼ੀ ਨਾਲ ਘਟ ਰਹੀ ਹੈ। ਕੇਰਲ ’ਚ ਹਿੰਦੂ ਆਬਾਦੀ ਬੀਤੇ 100 ਸਾਲਾਂ ’ਚ 14 ਫੀਸਦੀ ਘਟ ਚੁੱਕੀ ਹੈ।
ਆਜ਼ਾਦੀ ਤੋਂ ਪਹਿਲਾਂ ਨਾਗਾਲੈਂਡ ਅਤੇ ਮਿਜ਼ੋਰਮ ਦੋਵੇਂ ਆਦਿਵਾਸੀ ਬਹੁਲਤਾ ਵਾਲੇ ਇਲਾਕੇ ਸਨ। ਦਿਲਚਸਪ ਤੱਥ ਇਹ ਹੈ ਕਿ ਸਾਲ 1941 ’ਚ ਨਾਗਾਲੈਂਡ ਦੀ ਕੁਲ ਆਬਾਦੀ ’ਚ ਜਿਥੇ ਈਸਾਈ ਲਗਭਗ ਜ਼ੀਰੋ ਸਨ, ਤਾਂ ਮਿਜ਼ੋਰਮ ’ਚ ਈਸਾਈ ਆਬਾਦੀ ਅੱਧੀ ਫੀਸਦੀ ਵੀ ਨਹੀਂ ਸੀ ਪਰ ਉਹ ਅਚਾਨਕ ਹੀ 1951 ’ਚ ਵਧ ਕੇ ਕ੍ਰਮਵਾਰ 46 ਅਤੇ 90 ਫੀਸਦੀ ਹੋ ਗਏ। 2011 ਦੀ ਮਰਦਸ਼ੁਮਾਰੀ ਅਨੁਸਾਰ ਦੋਵਾਂ ਸੂਬਿਆਂ ਦੀ ਕੁਲ ਆਬਾਦੀ ’ਚ ਈਸਾਈ ਕ੍ਰਮਵਾਰ 88 ਅਤੇ 87 ਫੀਸਦੀ ਹਨ।
ਮੇਘਾਲਿਆ ਦੀ ਵੀ ਇਹੀ ਸਥਿਤੀ ਹੈ। ਇਸੇ ਆਬਾਦੀ ਦੀ ਸਥਿਤੀ ਕਾਰਨ ਇਨ੍ਹਾਂ ਸੂਬਿਆਂ ’ਚ ਚਰਚ ਦਾ ਬੇਹੱਦ ਪ੍ਰਭਾਵ ਹੈ। ਇਸੇ ਸਾਲ ਅਗਸਤ-ਸਤੰਬਰ ’ਚ ਮਿਜ਼ੋਰਮ ਦੇ ਮੁੱਖ ਮੰਤਰੀ ਲਾਲਦੁਹੋਮਾ ਨੇ ਅਮਰੀਕਾ ’ਚ ਭਾਸ਼ਣ ਦਿੰਦੇ ਹੋਏ 3 ਦੇਸ਼ ਦੇ ਈਸਾਈ-ਬਹੁਲਤਾ ਵਾਲੇ ਇਲਾਕਿਆਂ ਨੂੰ ਸ਼ਾਮਲ ਕਰਦੇ ਹੋਏ ‘ਈਸਾਈ ਰਾਜ’ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਸੀ।
ਇਥੇ ਅੰਦਾਜ਼ਾ ਲਾਉਣਾ ਸੌਖਾ ਹੈ ਕਿ ਲਾਲਦੁਹੋਮਾ ਭਾਰਤ, ਬੰਗਲਾਦੇਸ਼ ਅਤੇ ਮਿਆਂਮਾਰ ਦੀ ਗੱਲ ਕਰ ਰਹੇ ਸਨ। ਇਸ ਸਾਜ਼ਿਸ਼ ਦਾ ਸੰਕੇਤ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਦੇ ਚੁੱਕੀ ਸੀ।
ਜੇ ਹਿੰਦੂ ਬਹੁਲਤਾ ਵਾਲੇ ਭਾਰਤ ਦਾ ਇਕ ਤਿਹਾਈ ਹਿੱਸਾ ਅਗਸਤ 1947 ’ਚ ਇਸਲਾਮ ਦੇ ਨਾਂ ’ਤੇ ਪਾਕਿਸਤਾਨ ਬਣ ਗਿਆ ਤਾਂ 21ਵੀਂ ਸਦੀ ਤੋਂ ਪਹਿਲਾਂ ਈਸਾਈ ਬਹੁਲਤਾ ਵਾਲੇ ਸਰਬੀਆ ਦਾ ਹਿੱਸਾ ਰਹੇ ਮੁਸਲਿਮ ਬਹੁਲਤਾ ਵਾਲੇ ਕੋਸੋਵੋ ਨੇ 2008 ’ਚ ਖੁਦ ਨੂੰ ਆਜ਼ਾਦ ਰਾਸ਼ਟਰ ਐਲਾਨ ਦਿੱਤਾ।
ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ’ਚੋਂ 104 ਦੇਸ਼ਾਂ ਨੋ ਕੋਸੋਵੋ ਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਵੀ ਦੇ ਦਿੱਤੀ ਹੈ। ਇਸੇ ਤਰ੍ਹਾਂ ਮੁਸਲਿਮ ਬਹੁਲਤਾ ਵਾਲੇ ਇੰਡੋਨੇਸ਼ੀਆ ਦਾ ਅੰਗ ਰਹੇ ਈਸਟ ਤਿਮੋਰ (ਤਿਮੋਰ ਲੇਸਤੇ) ਨੇ ਮਈ 2002 ’ਚ ਖੁਦ ਨੂੰ ਆਪਣੀ ਈਸਾਈ ਬਹੁਲਤਾ ਕਾਰਨ ਆਜ਼ਾਦ ਮੁਲਕ ਐਲਾਨ ਦਿੱਤਾ।
ਇਹੀ ਸਥਿਤੀ ਈਸਾਈ ਬਹੁਲਤਾ ਵਾਲੇ ਦੱਖਣੀ ਸੁਡਾਨ ਦੀ ਵੀ ਹੈ ਜਿਸ ਨੇ ਇਸਲਾਮੀ ਰਾਸ਼ਟਰ ਸੁਡਾਨ ਤੋਂ ਵੱਖ ਹੋ ਕੇ ਖੁਦ ਦੇ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ। ਇਹ ਮਿਸਾਲ ਹੈ ਕਿ ਕਿਵੇਂ ਧਾਰਮਿਕ-ਸੱਭਿਆਚਾਰਕ ਵੱਖਰੇਵਾਂ, ਕਿਸੇ ਦੇਸ਼ ਨੂੰ ਤੋੜ ਸਕਦਾ ਹੈ।
ਸੱਚ ਤਾਂ ਇਹ ਹੈ ਕਿ ਦੇਸ਼ ਦੇ ਹਿੰਦੂ ਚਰਿੱਤਰ ਕਾਰਨ ਇਥੇ ਪੰਥ ਨਿਰਪੱਖ, ਲੋਕਤੰਤਰ ਅਤੇ ਬਹੁਲਤਾਵਾਦ ਹੁਣ ਤਕ ਜਿਊਂਦਾ ਹੈ ਪਰ ਇਹ ਵੀ ਉਸੇ ਹੱਦ ਤਕ ਹੀ ਜਿਊਂਦਾ ਰਹਿ ਸਕਦਾ ਹੈ ਜਦੋਂ ਤਕ ਸਨਾਤਨ ਪੈਰੋਕਾਰਾਂ ਦੀ ਗਿਣਤੀ ਹੈ। ਕੋਈ ਵੀ ਵਿਚਾਰ ਅਤੇ ਸੱਭਿਆਚਾਰ ਸਿਰਫ ਆਪਣੀ ਗੁਣਵੱਤਾ ਦੇ ਦਮ ’ਤੇ ਹੀ ਸਾਹ ਨਹੀਂ ਲੈ ਸਕਦਾ, ਗਿਣਤੀ ਵੀ ਓਨੀ ਜ਼ਰੂਰੀ ਹੈ।
ਬਲਬੀਰ ਪੁੰਜ