ਲੱਦਾਖ ’ਚ ਟਕਰਾਅ ਕੌਣ ਜੇਤੂ ਹੋਵੇਗਾ?

09/09/2020 3:56:41 AM

ਪੂਨਮ ਆਈ. ਕੌਸ਼ਿਸ਼

ਗੁਆਂਢੀ ਜਾਂ ਦੁਸ਼ਮਣ? ਦੋਵੇਂ। ਅਸਲ ’ਚ ਭਾਰਤ ਅਤੇ ਚੀਨ ਦੇ ਸੰਬੰਧ ਉਤਰਾਅ-ਚੜ੍ਹਾਅ ਪੂਰਨ ਹਨ ਅਤੇ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਿਆਸੀ ਹਵਾ ਕਿਹੜੇ ਪਾਸੇ ’ਚ ਵਗ ਰਹੀ ਹੈ। ਮੌਜੂਦਾ ਸਮੇਂ ਦੋਵੇਂ ਦੇਸ਼ ਇਕ-ਦੂਜੇ ਦੇ ਸਾਹਮਣੇ ਟਕਰਾਅ ਦੇ ਰੌਂਅ ’ਚ ਹਨ। ਦੋਵੇਂ ਆਪਣੇ-ਆਪਣੇ ਰੁਖ ’ਤੇ ਕਾਇਮ ਹਨ ਕਿ ਸਾਡੇ ਮਾਮਲੇ ’ਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਪਰ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ। ਕੱਲ ਤੱਕ ਭਾਰਤ ਵੀ ਇਸ ਗੱਲ ਨੂੰ ਮੰਨਦਾ ਸੀ ਕਿ ਸਰਹੱਦੀ ਮੁੱਦੇ ਨੂੰ ਹੋਰਨਾਂ ਮੁੱਦਿਅਾਂ ਤੋਂ ਵੱਖ ਕੀਤਾ ਜਾ ਸਕਦਾ ਹੈ ਅਤੇ ਹੋਰ ਦੋ-ਪੱਖੀ ਸੰਬੰਧਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਪਰ ਗਲਵਾਨ ’ਚ ਟਕਰਾਅ ਅਤੇ ਪੂਰਬੀ ਲੱਦਾਖ ’ਚ ਮੁੜ ਤੋਂ ਝੜਪ ਨੇ ਚੀਨ ਦੀ ਇਸ ਧਾਰਨਾ ਨੂੰ ਝੁਠਲਾ ਦਿੱਤਾ ਹੈ, ਜਿਸ ਕਾਰਨ ਭਾਰਤ ਹੁਣ ਆਪਣੀ ਚੀਨ ਨੀਤੀ ਨੂੰ ਮੁੜ ਨਿਰਧਾਰਤ ਕਰ ਰਿਹਾ ਹੈ ਅਤੇ ਇਹ ਸਪੱਸ਼ਟ ਕਰ ਰਿਹਾ ਹੈ ਕਿ ਜੇਕਰ ਉਸ ਨੂੰ ਹਾਸ਼ੀਏ ’ਤੇ ਲਿਜਾਣ ਦਾ ਯਤਨ ਕੀਤਾ ਜਾਵੇਗਾ ਤਾਂ ਉਹ ਢੁੱਕਵਾਂ ਜਵਾਬ ਦੇਵੇਗਾ।

29-30 ਅਗਸਤ ਨੂੰ ਭਾਰਤੀ ਫੌਜ ਵਲੋਂ ਪੈਂਗੋਂਗ ਤਸੋ ਝੀਲ ਦੇ ਦੱਖਣੀ ਕੰਢੇ ’ਤੇ ਚੀਨ ਵਲੋਂ ਇਕਪਾਸੜ ਢੰਗ ਨਾਲ ਜਿਉਂ ਦੀ ਤਿਉਂ ਸਥਿਤੀ ਨੂੰ ਬਦਲਣ ਦੇ ਯਤਨਾਂ ਨੂੰ ਰੋਕਣ ਲਈ ਕੋਈ ਭੜਕਾਊ ਕਾਰਵਾਈ ਕੀਤੀ ਗਈ ਅਤੇ ਇਹ ਦਰਸਾਉਂਦਾ ਹੈ ਕਿ ਹੁਣ 1962 ਵਾਂਗ ਚੀਨ ਸਾਡੇ ’ਤੇ ਦਾਦਾਗਿਰੀ ਨਹੀਂ ਚਲਾ ਸਕਦਾ। ਇਸ ’ਤੇ ਚੀਨ ਨੇ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ, ਜਿਸ ਨਾਲ ਲੱਦਾਖ ’ਚ ਅਸਲ ’ਚ ਕੰਟਰੋਲ ਰੇਖਾ ’ਤੇ ਤਣਾਅ ਵਧਿਆ। ਅਸਲ ਕੰਟਰੋਲ ਰੇਖਾ ਬਾਰੇ ਦੋਵਾਂ ਦੇਸ਼ਾਂ ਦੀਅਾਂ ਵੱਖ-ਵੱਖ ਧਾਰਨਾਵਾਂ ਹਨ ਅਤੇ ਇਹ ਸਪੱਸ਼ਟ ਤੌਰ ’ਤੇ ਨਿਰਧਾਰਤ ਨਹੀਂ ਹਨ।

ਭਾਰਤ ਨੇ ਸਰਹੱਦੀ ਮੁੱਦੇ ਦੇ ਮਾਮਲੇ ’ਚ ਚੀਨ ਨਾਲ ਵਤੀਰੇ ’ਚ ਦੋ ਤਬਦੀਲੀਅਾਂ ਕੀਤੀਅਾਂ ਹਨ। ਪਹਿਲੀ ਚੀਨ ਵਲੋਂ ਜ਼ਮੀਨ ’ਤੇ ਸਥਿਤੀ ਨੂੰ ਬਦਲਣ ਦੇ ਯਤਨ ਨੂੰ ਰੋਕਣ ਦੇ ਲਈ ਫੌਜ ਤੁਰੰਤ ਕਦਮ ਚੁੱਕ ਰਹੀ ਹੈ। ਚੀਫ ਆਫ ਡਿਫੈਂਸ ਸਟਾਫ ਜਨਰਲ ਰਾਵਤ ਨੇ ਕਿਹਾ ਕਿ ਭਾਰਤ ਕੋਲ ਫੌਜੀ ਬਦਲ ਮੌਜੂਦ ਹੈ। ਸਰਹੱਦ ’ਤੇ ਤਣਾਅ ਘੱਟ ਕਰਨ ਦੀਅਾਂ ਗੱਲਾਂ ਦੇ ਬਾਵਜੂਦ ਫੌਜੀ ਕਮਾਂਡਰ ਸਰਹੱਦ ’ਤੇ ਤਣਾਅ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਦੇ ਲਈ ਗੱਲਬਾਤ ਵੀ ਚੱਲ ਰਹੀ ਹੈ ਪਰ ਇਸ ਦਿਸ਼ਾ ’ਚ ਕੋਈ ਠੋਸ ਪ੍ਰਗਤੀ ਨਹੀਂ ਹੋ ਰਹੀ ਹੈ।

ਦੂਸਰਾ, ਕੂਟਨੀਤਿਕ ਨਜ਼ਰੀਏ ਤੋਂ ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਰਮਿਆਨ ਗੱਲਬਾਤ ਦੇ ਅਨੇਕ ਦੌਰਾਂ ਕਾਰਨ ਇਸ ਮਾਮਲੇ ’ਚ ਕੋਈ ਪ੍ਰਗਤੀ ਨਹੀਂ ਹੋਈ। ਭਾਰਤ ਚਾਹੁੰਦਾ ਹੈ ਕਿ ਚੀਨ ਜਿਉਂ ਦੀ ਤਿਉਂ ਸਥਿਤੀ ਨੂੰ ਬਹਾਲ ਕਰੇ ਜਦਕਿ ਚੀਨ ਚਾਹੁੰਦਾ ਹੈ ਕਿ ਭਾਰਤ ਵਪਾਰਕ ਦੋ-ਪੱਖੀ ਸੰਬੰਧਾਂ ਨੂੰ ਸਰਹੱਦੀ ਮੁੱਦੇ ਨਾਲੋਂ ਅਲੱਗ ਰੱਖੇ ਪਰ ਭਾਰਤ ਨੇ ਚੀਨ ਦੀ ਇਸ ਮੰਗ ਨੂੰ ਖਾਰਿਜ ਕਰ ਦਿੱਤਾ। ਕੀ ਭਾਰਤ ਇਸ ਤਣਾਅ ਨੂੰ ਦੂਰ ਕਰ ਸਕਦਾ ਹੈ। ਇਸ ਖੇਤਰ ’ਚ ਚੀਨ ਵਲੋਂ ਗਲਬਾ ਸਥਾਪਿਤ ਕਰਨ ਦੀਅਾਂ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਭਾਰਤ ਨੇ ਕੂਟਨੀਤਿਕ ਨਜ਼ਰੀਏ ਤੋਂ ਵਿਸ਼ਵ ਦੇ ਨੇਤਾਵਾਂ ਦਾ ਸਮਰਥਨ ਹਾਸਲ ਕੀਤਾ ਹੈ। ਇਸ ਦੇ ਬਾਵਜੂਦ ਸਾਡੇ ਕੋਲ ਕੀ ਬਦਲ ਹਨ?

ਕੀ ਵਿਦੇਸ਼ੀ ਨੀਤੀ ਦੇ ਗਲਬਾਵਾਦੀ ਰੁਖ ਦਾ ਹਮਲਾਵਰ ਨਤੀਜਾ ਨਿਕਲੇਗਾ? ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਫੌਜੀ ਇਕ-ਦੂਸਰੇ ’ਤੇ ਬੰਦੂਕਾਂ ਤਾਣੀ ਖੜ੍ਹੇ ਹਨ। ਇਸ ਲਈ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੈ। ਚੀਨ ਦੇ ਕਦਮਾਂ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਕੂਟਨੀਤਿਕ, ਆਰਥਿਕ ਅਤੇ ਫੌਜੀ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨੀ ਹੋਵੇਗੀ। ਇਕ ਅਜਿਹੀ ਸਰਹੱਦ ਜਿਸਦਾ ਨਿਰਧਾਰਨ ਨਹੀਂ ਕੀਤਾ ਗਿਆ ਅਤੇ ਜਿਸ ’ਤੇ ਵਿਵਾਦ 7 ਦਹਾਕਿਅਾਂ ਤੋਂ ਵੱਧ ਸਮੇਂ ਤੋਂ ਚੱਲਿਆ ਆ ਰਿਹਾ, ਉਹ ਵੀ ਇਕ ਅਜਿਹੇ ਗੁਆਂਢੀ ਨਾਲ ਜੋ ਵਿਚ-ਵਿਚਾਲੇ ਤਾਕਤ ਦੀ ਵਰਤੋਂ ਕਰਦਾ ਰਿਹਾ ਹੋਵੇ।

ਪਿਛਲੀ ਵਾਰ ਅਸੀਂ ਚੀਨ ’ਤੇ 1962 ’ਚ ਭਰੋਸਾ ਕੀਤਾ ਸੀ ਅਤੇ ਉਸ ਤੋਂ ਬਾਅਦ ਭਾਰਤ-ਚੀਨ ਜੰਗ ਹੋਈ, ਜਿਸ ਨੂੰ ਭਾਰਤ ਨਹੀਂ ਭੁਲਾ ਸਕਦਾ। ਅਸੀਂ ਇਕ ਅਜਿਹੇ ਦੇਸ਼ ਨਾਲ ਅੱਜ ਵਿਵਹਾਰ ਕਰ ਰਹੇ ਹਾਂ। ਇਸ ਦੇ ਇਲਾਵਾ ਚੀਨ ਇਸ ਉਪ-ਮਹਾਦੀਪ ’ਚ ਅਫਗਾਨਿਸਤਾਨ, ਨੇਪਾਲ ਅਤੇ ਪਾਕਿਸਤਾਨ ਨਾਲ ਗੱਲਬਾਤ ਅਤੇ ਸੰਬੰਧ ਮਜ਼ਬੂਤ ਕਰ ਕੇ ਇਕ ਚਾਰਕੋਣੀ ਸੰਘ ਬਣਾ ਰਿਹਾ ਹੈ। ਉਹ ਚੀਨ ਦੇ ਸਭ ਤੋਂ ਵੱਡੇ ਸੂਬੇ ਜਿਨਜਿਆਂਗ ਨੂੰ ਪਾਕਿਸਤਾਨ ਦੇ ਬਲੋਚਿਸਤਾਨ ’ਚ ਗਵਾਦਰ ਬੰਦਰਗਾਹ ਨਾਲ ਜੋੜਨ ਲਈ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਦਾ ਨਿਰਮਾਣ ਕਰ ਰਿਹਾ ਹੈ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚੋਂ ਹੋ ਕੇ ਲੰਘਦਾ ਹੈ ਅਤੇ ਜੋ ਭਾਰਤ ਦੀ ਇਲਾਕਾਈ ਅਖੰਡਤਾ ਦੀ ਉਲੰਘਣਾ ਕਰ ਰਿਹਾ ਹੈ।

ਚੀਨ ਵਲੋਂ ਭਾਰਤ ਨੂੰ ਘੇਰਨ ਦੀ ਰਣਨੀਤੀ ਦੇ ਜਵਾਬ ’ਚ ਭਾਰਤ ਨੇ ਲੁਕ ਐਕਟ ਨਾਰਥ ਈਸਟ ਪਾਲਿਸੀ ਬਣਾਈ ਹੈ ਜਿਸ ਦਾ ਮਕਸਦ ਚੀਨ ਦੇ ਗੁਆਂਢੀ ਦੇਸ਼ਾਂ ਨਾਲ ਗਠਜੋੜ ਬਣਾਉਣਾ ਹੈ। ਭਾਰਤ ਮਿਅਾਂਮਾਰ, ਸ਼੍ਰੀਲੰਕਾ, ਵੀਅਤਨਾਮ ਆਦਿ ਨਾਲ ਸੰਬੰਧ ਮਜ਼ਬੂਤ ਕਰ ਰਿਹਾ ਹੈ। ਭਾਰਤ-ਤਿੱਬਤ, ਜਿਨਜਿਆਂਗ ਅਤੇ ਹਾਂਗਕਾਂਗ ਬਾਰੇ ਆਪਣੀ ਨੀਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਤਾਈਵਾਨ ਦੇ ਨਾਲ ਆਪਣੇ ਸੰਬੰਧਾਂ ਨੂੰ ਹੌਲੀ-ਹੌਲੀ ਮਜ਼ਬੂਤ ਬਣਾ ਰਿਹਾ ਹੈ। ਭਾਰਤ-ਚੀਨ ਗੁੰਝਲਦਾਰ ਸੰਬੰਧਾਂ ਬਾਰੇ ਸਾਨੂੰ ਕਿਸੇ ਭਰਮ ’ਚ ਨਹੀਂ ਰਹਿਣਾ ਚਾਹੀਦਾ ਪਰ ਚੀਨ ਦੀਅਾਂ ਗਲਬਾਵਾਦੀ ਖਾਹਿਸ਼ਾਂ ਅਤੇ ਅਤੇ ਸਰਹੱਦ ’ਤੇ ਵਿਵਾਦ ਨੂੰ ਦੇਖਦੇ ਹੋਏ ਇਕ ਅਨਿਸ਼ਚਿਤਤਾ ਬਣੀ ਹੋਈ ਹੈ।

ਦੋਵੇਂ ਧਿਰਾਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੀਅਾਂ ਹਨ, ਇਸ ਲਈ ਅਸਲ ਕੰਟਰੋਲ ਰੇਖਾ ’ਤੇ ਫੌਜੀ ਟਕਰਾਅ ਦਾ ਖਤਰਾ ਵਧ ਗਿਆ ਹੈ। ਇਸ ਲਈ ਇਸ ਖਤਰੇ ਨੂੰ ਘਟਾਉਣਾ ਸਾਡੀ ਪਹਿਲ ਹੋਣ ਚਾਹੀਦੀ ਹੈ। ਚੀਨ ਦੇ ਨਾਲ ਸਾਡੇ ਸੰਬੰਧ ਇਕ ਗੰਭੀਰ ਸਮੱਸਿਆ ਬਣੀ ਰਹੇਗੀ, ਜਿਸ ਦੇ ਲਈ ਸਾਨੂੰ ਉਸ ਦੇ ਨਾਲ ਲਗਾਤਾਰ ਗੱਲਬਾਤ ਕਰਨੀ ਹੋਵੇਗੀ। ਭਾਰਤ ਨੇ ਪਹਿਲਾਂ ਹੀ ਚੀਨ ਨੂੰ ਵਿੱਤੀ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਨੇ 224 ਚੀਨੀ ਐਪਸ ਬੰਦ ਕਰ ਦਿੱਤੇ ਹਨ ਅਤੇ ਭਾਰਤੀ ਕੰਪਨੀਅਾਂ ’ਚ ਚੀਨੀ ਨਿਵੇਸ਼ ’ਤੇ ਰੋਕ ਲਗਾ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਇਕ ਬਦਲਵੀਂ ਵਿਸ਼ਵ ਪੱਧਰੀ ਸਪਲਾਈ ਲੜੀ ਦੇ ਰੂਪ ’ਚ ਭਾਰਤ ਨੂੰ ਪੇਸ਼ ਕਰਨ ਦਾ ਯਤਨ ਕਰ ਰਹੇ ਹਨ ਪਰ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਚੀਨ ਦਾ ਨਿਵੇਸ਼ ਮਹੱਤਵਪੂਰਨ ਹੈ ਅਤੇ ਇਕ ਮਜ਼ਬੂਤ ਗੁਆਂਢੀ ਦੇਸ਼ ਨਾਲ ਟਕਰਾਅ ਨਹੀਂ ਹੋਣਾ ਚਾਹੀਦਾ, ਇਸ ਲਈ ਇਨ੍ਹਾਂ ਦੋਵਾਂ ਮੁਕਾਬਲੇਬਾਜ਼ਾਂ ਅਤੇ ਵਿਰੋਧਾਭਾਸੀ ਦੇਸ਼ਾਂ ਦਰਮਿਆਨ ਟਕਰਾਅ ਨੂੰ ਘਟਾਉਣ ਸੰਬੰਧੀ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਨੂੰ ਇਸ ਦੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ, ਇਸ ਲਈ ਜੇਕਰ ਇਸ ਮਾਮਲੇ ’ਚ ਕੋਈ ਸਫਲਤਾ ਨਹੀਂ ਮਿਲਦੀ ਹੈ ਤਾਂ ਫਿਲਹਾਲ ਭਾਰਤ ਅਤੇ ਚੀਨ ਦੇ ਫੌਜੀ ਅਸਲ ਕੰਟਰੋਲ ਰੇਖਾ ’ਤੇ ਇਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਰਹਿਣਗੇ।

ਲੰਬੇ ਸਮੇਂ ’ਚ ਭਾਰਤ-ਚੀਨ ਸੰਬੰਧ ਭਾਰਤ ਦੇ ਰਣਨੀਤਿਕ ਟੀਚਿਅਾਂ ਅਤੇ ਖੇਤਰੀ ਤੇ ਵਿਸ਼ਵ ਪੱਧਰੀ ਸੁਰੱਖਿਆ ਵਾਤਾਵਰਣ ਦੇ ਸੰਬੰਧ ’ਚ ਭਾਰਤ ਦੇ ਟੀਚਿਅਾਂ ’ਤੇ ਨਿਰਭਰ ਕਰੇਗਾ। ਭਾਰਤ ਨੂੰ ਬੜੇ ਠਰ੍ਹੰਮੇ ਨਾਲ ਇਸ ਸਮੱਸਿਆ ਦਾ ਹੱਲ ਕਰਨਾ ਹੋਵੇਗਾ। ਲੱਦਾਖ ਟਕਰਾਅ ਭਾਰਤ-ਚੀਨ ਸਰਹੱਦ ਦੇ ਨਿਰਧਾਰਨ ’ਚ ਚੀਨ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਪਰ ਉਹ ਸਥਿਤੀ ਨੂੰ ਅਸਪੱਸ਼ਟ ਬਣਾਈ ਰੱਖਣਾ ਚਾਹੁੰਦਾ ਹੈ ਤਾਂ ਕਿ ਉਹ ਸਾਡੀ ਜ਼ਮੀਨ ਨੂੰ ਹੜੱਪ ਸਕੇ। ਇਸ ਲਈ ਭਾਰਤ ਨੂੰ ਕਿਸੇ ਵੀ ਭੜਕਾਹਟ ਦੀ ਕਾਰਵਾਈ ਦਾ ਕਰਾਰਾ ਜਵਾਬ ਦੇਣਾ ਹੋਵੇਗਾ ਅਤੇ ਇਕ ਲਕਸ਼ਮਣ ਰੇਖਾ ਖਿੱਚਣੀ ਹੋਵੇਗੀ ਅਤੇ ਇਹੀ ਇਸ ਉਪ-ਮਹਾਦੀਪ ’ਚ ਸ਼ਾਂਤੀ ਦੀ ਗਾਰੰਟੀ ਹੈ।

ਅੱਜ ਭਾਰਤ-ਚੀਨ ਸੰਬੰਧ ਠੰਡੇ ਬਸਤੇ ’ਚ ਜਾ ਚੁੱਕੇ ਹਨ। ਦੋਵਾਂ ਦੇਸ਼ਾਂ ਦਰਮਿਆਨ ਬੇਭਰੋਸਗੀ ਪੈਦਾ ਹੋ ਗਈ ਹੈ। ਭਾਰਤ ਨੂੰ ਕੂਟਨੀਤਿਕ ਨਜ਼ਰੀਏ ਤੋਂ ਸੰਭਲ ਕੇ ਕਦਮ ਚੁੱਕਣੇ ਹੋਣਗੇ। ਕੁਝ ਔਖੇ ਫੈਸਲੇ ਲੈਣੇ ਹੋਣਗੇ ਜਦਕਿ ਅਜੇ ਦੋਵਾਂ ਨੇ ਗੱਲਬਾਤ ਬੰਦ ਨਹੀਂ ਕੀਤੀ ਹੈ। ਹਾਲਾਂਕਿ ਦੋਵੇਂ ਆਪੋ-ਆਪਣੇ ਰੁਖ ’ਤੇ ਕਾਇਮ ਹਨ। ਭਾਰਤ ਨੂੰ ਸੰਤੁਲਨ ਬਣਾਉਣਾ ਹੋਵੇਗਾ ਅਤੇ ਚੀਨ ਦੀ ਗਲਬਾਵਾਦੀ ਨੀਤੀ ਦੇ ਵਿਰੁੱਧ ਢੁੱਕਵੇਂ ਕਦਮ ਚੁੱਕ ਕੇ ਉਸ ਨੂੰ ਉਸੇ ਦੀ ਖੇਡ ’ਚ ਹਰਾਉਣਾ ਹੋਵੇਗਾ। ਭਾਰਤ ਨੂੰ ਹਮਲਾਵਰ ਰੁਖ ਅਪਣਾਉਣਾ ਹੋਵੇਗਾ। ਜਦੋਂ ਚੀਨ ਨੂੰ ਇਸ ਗੱਲ ਦਾ ਡਰ ਹੋਵੇਗਾ ਕਿ ਭਾਰਤ ਮੋੜਵਾਂ ਜਵਾਬ ਦੇ ਸਕਦਾ ਹੈ ਤਾਂ ਫਿਰ ਉਹ ਸਾਡੇ ’ਤੇ ਆਪਣੀ ਮਰਜ਼ੀ ਥੋਪਣ ਦੀ ਜੁਰਅੱਤ ਨਹੀਂ ਕਰੇਗਾ। (ਇੰਫਾ.)


Bharat Thapa

Content Editor

Related News