ਰਣਨੀਤਕ ਹਿੰਦੂਤਵ ਦੀ ਇਹ ਪ੍ਰਵਿਰਤੀ ਕਿੱਥੋਂ ਤਕ ਜਾਏਗੀ

02/16/2020 1:54:51 AM

ਅਵਧੇਸ਼ ਕੁਮਾਰ

ਦਿੱਲੀ ਚੋਣਾਂ ’ਚ ਭਾਜਪਾ ਦੇ ਬੁਰੇ ਪ੍ਰਦਰਸ਼ਨ ’ਤੇ ਖੁਸ਼ ਜ਼ਿਆਦਾਤਰ ਵਿਸ਼ਲੇਸ਼ਕ ਇਸ ਦੇ ਸੂਖਮ ਸੰਕੇਤਾਂ ਵੱਲ ਝਾਕ ਤਕ ਨਹੀਂ ਰਹੇ। ਤੁਹਾਡਾ ਭਾਜਪਾ ਨਾਲ ਵਿਰੋਧ ਹੈ ਤਾਂ ਇਹ ਤੁਹਾਡਾ ਅਧਿਕਾਰ ਹੈ ਅਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਪਰ ਜਿਸ ਦੇ ਲਈ ਤੁਸਂੀਂ ਭਾਜਪਾ ਦਾ ਵਿਰੋਧ ਕਰਦੇ ਹੋ, ਉਨ੍ਹਾਂ ਹੀ ਕੁਝ ਤੱਤਾਂ ਨੂੰ ਅਰਵਿੰਦ ਕੇਜਰੀਵਾਲ ਨੇ ਅਪਣਾਇਆ ਤਾਂ ਉਸ ’ਤੇ ਵੀ ਵਿਚਾਰ ਕਰੋ। ਅਸਲ ਵਿਚ ਜਿਨ੍ਹਾਂ ਨੇ ਵੀ ਪੂਰੀ ਚੋਣ ਮੁਹਿੰਮ ਨੂੰ ਡੂੰਘਾਈ ਨਾਲ ਦੇਖਿਆ ਹੈ, ਉਨ੍ਹਾਂ ਨੂੰ ਕੇਜਰੀਵਾਲ ’ਚ ਹਿੰਦੂਤਵ ਦਾ ਇਕ ਨਵਾਂ ਰੂਪ ਸਾਫ ਦਿਖਾਈ ਦਿੱਤਾ ਹੈ। ਭਾਜਪਾ ਕੋਲ ਹਿੰਦੂਤਵ ਦਾ ਇਕ ਦਰਸ਼ਨ ਹੈ ਅਤੇ ਉਹ ਸਭ ਦੇ ਸਾਹਮਣੇ ਹੈ। ਕੇਜਰੀਵਾਲ ਨੇ ਆਪਣੀ ਪਾਰਟੀ ਦਾ ਉਂਝ ਤਾਂ ਕੋਈ ਦਰਸ਼ਨ ਸਾਹਮਣੇ ਰੱਖਿਆ ਨਹੀਂ, ਹਿੰਦੂਤਵ ਦਾ ਖੁੱਲ੍ਹ ਕੇ ਨਾਂ ਨਹੀਂ ਲਿਆ ਪਰ ਉਨ੍ਹਾਂ ਦੇ ਵਤੀਰੇ ਅਤੇ ਬਿਆਨਾਂ ਵਿਚ ਸਾਫ ਸੀ ਕਿ ਭਾਜਪਾ ਦਾ ਸਾਹਮਣਾ ਕਰਨ ਲਈ ਉਹ ਹਿੰਦੂਤਵ ਨੂੰ ਅਪਣਾ ਚੁੱਕੇ ਹਨ। ਕੁਝ ਲੋਕ ਕਹਿ ਰਹੇ ਹਨ ਕਿ ਜੈ ਸ਼੍ਰੀ ਰਾਮ ਦੀ ਜਗ੍ਹਾ ਜੈ ਹਨੂਮਾਨ ਜਿੱਤ ਗਿਆ। ਇਹ ਭਾਜਪਾ ਵਲੋਂ ਇਕ ਚੁੱਭਵੀਂ ਟਿੱਪਣੀ ਹੈ ਪਰ ਇਹੀ ਸਾਬਤ ਕਰਦਾ ਹੈ ਕਿ ਦਿੱਲੀ ਚੋਣਾਂ ਦੀ ਅੰਤਰਧਾਰਾ ਵਿਚ ਹਿੰਦੂਤਵ ਦੋਵੇਂ ਪਾਸੇ ਮੌਜੂਦ ਸੀ, ਹਾਲਾਂਕਿ ਹਿੰਦੂ ਧਰਮ ਦੇ ਅਨੁਸਾਰ ਹਨੂਮਾਨ ਜੀ ਪ੍ਰਭੂ ਸ਼੍ਰੀ ਰਾਮ ਦੇ ਸੇਵਕ ਅਤੇ ਭਗਤ ਸਨ, ਇਸ ਲਈ ਇਸ ਤਰ੍ਹਾਂ ਦੀ ਤੁਲਨਾ ਧਾਰਮਿਕ ਮਰਿਆਦਾ ਦੇ ਉਲਟ ਹੈ। ਸੋਸ਼ਲ ਮੀਡੀਆ ਦੀ ਕ੍ਰਿਪਾ ਨਾਲ ਹੁਣ ਮਰਿਆਦਾ, ਭਾਸ਼ਾ ਦੀ ਹਲੀਮੀ, ਧਾਰਮਿਕ ਮਾਨਤਾਵਾਂ ਦਾ ਸਨਮਾਨ, ਜਿਸ ਤਰ੍ਹਾਂ ਰੋਲ਼ਿਆ ਜਾ ਰਿਹਾ ਹੈ, ਉਸ ਵਿਚ ਇਹ ਗੈਰ-ਸੁਭਾਵਿਕ ਨਹੀਂ ਹੈ। ਜ਼ਰਾ ਦੂਸਰੇ ਧਰਮ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਨਾਂ ਲੈ ਕੇ ਕਰ ਦਿਓ ਤਾਂ ਦੇਖੋ ਕੀ ਪ੍ਰਤੀਕਿਰਿਆ ਹੁੰਦੀ ਹੈ। ਇਹੀ ਹਿੰਦੂਤਵ ਦੀ ਹਿਰਦੇ ਵਿਸ਼ਾਲਤਾ ਅਤੇ ਉਦਾਰਤਾ ਨੂੰ ਪ੍ਰਮਾਣਿਤ ਕਰਦਾ ਹੈ। ਇਕ ਹਿੰਦੁੂ ਦਾ ਮੂਲ ਸੰਸਕਾਰ ਸ਼ਹਿਣਸ਼ੀਲਤਾ ਅਤੇ ਵਿਰੋਧੀ ਵਿਚਾਰਾਂ ਦਾ ਸਨਮਾਨ ਕਰਨਾ ਹੈ ਪਰ ਉਸ ਵਿਚਾਰ ਵਿਚ ਨੈਤਿਕਤਾ ਅਤੇ ਈਮਾਨਦਾਰੀ ਹੋਣੀ ਚਾਹੀਦੀ ਹੈ। ਕੇਜਰੀਵਾਲ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨੂੰ ਸਮਝਾ ਦਿੱਤਾ ਸੀ ਕਿ ਭਾਜਪਾ ਨਾਲ ਲੜਨਾ ਹੈ ਤਾਂ ਹਿੰਦੂਤਵ ਨਾਲ ਜੁੜੇ ਕਿਸੇ ਵਿਸ਼ੇ ’ਤੇ ਹਮਲਾਵਰੀ ਹੋਣਾ ਤਾਂ ਛੱਡੋ, ਉਸ ’ਤੇ ਆਪਣੇ ਵਲੋਂ ਬੋਲੋ ਹੀ ਨਾ। ਤੁਹਾਡੇ ਕਿਸੇ ਬਿਆਨ ਤੋਂ ਨਾ ਲੱਗੇ ਕਿ ਤੁਸੀਂ ਹਿੰਦੂਤਵ ਅਤੇ ਉਸ ਨਾਲ ਜੁੜੇ ਮੁੱਦਿਆਂ ਦੇ ਵਿਰੁੱਧ ਹੋ। ਇਸ ਆਧਾਰ ’ਤੇ ਉਨ੍ਹਾਂ ਦੀ ਪੂਰੀ ਰਣਨੀਤੀ ਨਿਰਧਾਰਿਤ ਹੋਈ। ਇਸ ਵਿਚ ਦੂਸਰਾ ਤੱਤ ਇਹ ਸੀ ਕਿ ਮੰਦਿਰ ਜਾਓ ਤਾਂ ਉਸ ਦੀ ਸੂਚਨਾ ਮੀਡੀਆ ਨੂੰ ਹੋਵੇ ਤਾਂ ਕਿ ਉਸ ਦਾ ਲਾਈਵ ਦ੍ਰਿਸ਼ ਦਿੱਲੀ ਦੇ ਲੋਕ ਦੇਖ ਸਕਣ। ਤੀਸਰਾ, ਖੁਦ ਨੂੰ ਸੈਕੁਲਰ ਅਤੇ ਭਾਜਪਾ ਨੂੰ ਫਿਰਕੂ ਦੱਸਣ ਬਾਰੇ ਨਾ ਸੋਚਣਾ। ਚੌਥਾ, ਅਜਿਹਾ ਕੋਈ ਬਿਆਨ ਨਾ ਦਿਓ, ਨਾ ਅਜਿਹਾ ਕੋਈ ਕਦਮ ਚੁੱਕੋ, ਜਿਸ ਨਾਲ ਥੋੜ੍ਹੀ ਜਿਹੀ ਵੀ ਮੁਸਲਿਮ ਸਮਰਥਕ ਹੋਣ ਦੀ ਅਾਵਾਜ਼ ਨਿਕਲਦੀ ਹੋਵੇ। ਕੇਜਰੀਵਾਲ ਦੇ ਸਾਹਮਣੇ ਇਹ ਸਪੱਸ਼ਟ ਸੀ ਕਿ ਮੈਦਾਨ ਵਿਚ ਕਾਂਗਰਸ ਨਾ ਹੋਣ ਕਰਕੇ ਮੁਸਲਿਮ ਵੋਟਾਂ ਉਸ ਦੇ ਪੱਖ ਵਿਚ ਆਉਣਗੀਆਂ ਕਿਉਂਕਿ ਮੁਸਲਮਾਨ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਹੀ ਬਦਲ ਹੈ।

ਅਰਵਿੰਦ ਕੇਜਰੀਵਾਲ ਵਿਚ ਵਿਚਾਰਕ ਡੂੰਘਾਈ ਦੀ ਹਮੇਸ਼ਾ ਘਾਟ ਰਹੀ ਹੈ ਪਰ ਸਿਆਸੀ ਰਣਨੀਤੀ ਅਤੇ ਅਭਿਨੈ ਦੇ ਮਾਮਲੇ ਵਿਚ ਉਨ੍ਹਾਂ ਦਾ ਲੋਹਾ ਮੰਨਣਾ ਹੋਵੇਗਾ। ਇਸ ਲਈ ਉਨ੍ਹਾਂ ਨੇ ਇਕ ਟੀ. ਵੀ. ਸ਼ੋਅ ਵਿਚ ਹਨੂਮਾਨ ਚਾਲੀਸਾ ਦੀਆਂ ਸਤਰਾਂ ਗਾ ਦਿੱਤੀਆਂ। ਇਹ ਦੱਸਿਆ ਕਿ ਮੈਂ ਵੀ ਨਿਸ਼ਠਾਵਾਨ ਹਿੰਦੂ ਹਾਂ, ਮੈਂ ਪੂਜਾ ਪਾਠ ਕਰਦਾ ਹਾਂ, ਮੰਦਰ ਜਾਂਦਾ ਹਾਂ। ਉਹ ਕਨਾਟ ਪਲੇਸ ਸਥਿਤ ਪ੍ਰਸਿੱਧ ਹਨੂਮਾਨ ਮੰਦਰ ਗਏ ਅਤੇ ਕੈਮਰੇ ਦੇ ਸਾਹਮਣੇ ਬਿਲਕੁਲ ਇਕ ਹਨੂਮਾਨ ਭਗਤ ਦੀ ਦਿੱਖ ਬਣਾਈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤਾ ਪਰ ਪ੍ਰਦੇਸ਼ ਪ੍ਰਧਾਨ ਇਸ ਦੀ ਆਲੋਚਨਾ ਕਰਨ ਲੱਗੇ ਕਿ ਉਸ ਨੇ ਜਿਸ ਹੱਥ ਨਾਲ ਜੁੱਤੀ ਲਾਹੀ, ਉਸੇ ਹੱਥ ਨਾਲ ਹਨੂਮਾਨ ਜੀ ਦੀ ਪੂਜਾ ਕੀਤੀ। ਇਹ ਕਿਹੋ ਜਿਹੀ ਧਾਰਮਿਕਤਾ ਹੈ? ਕੇਜਰੀਵਾਲ ਨੂੰ ਆਪਣੇ ਆਪ ਨੂੰ ਆਸਥਾਵਾਨ ਹਿੰਦੂ ਅਤੇ ਸ਼ਹਿਣਸ਼ੀਲ ਸ਼ਖਸੀਅਤ ਸਾਬਤ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਨੇ ਕਿਹਾ ਕਿ ਦੇਖੋ, ਮੈਂ ਮੰਦਰ ਗਿਆ ਹਨੂਮਾਨ ਜੀ ਦੀ ਪੂਜਾ ਕਰਨ ਤਾਂ ਭਾਜਪਾ ਸਾਨੂੰ ਗਾਲ੍ਹਾਂ ਕੱਢ ਰਹੀ ਹੈ, ਉਹ ਹਨੂਮਾਨ ਜੀ ਨੂੰ ਗਾਲ੍ਹਾਂ ਕੱਢ ਰਹੀ ਹੈ। ਇਸ ਦਾ ਸਿੱਧਾ ਅਰਥ ਇਹੀ ਸੀ ਕਿ ਭਾਜਪਾ ਦਾ ਹਿੰਦੂਤਵ ਕਿੰਨਾ ਵੱਡਾ ਪਖੰਡ ਹੈ। ਦੇਖੋ ਕਿ ਪੂਜਾ ਪਾਠ ਕਰਨ ਵਾਲੇ ਦੀ ਵੀ ਉਹ ਨਿੰਦਾ ਕਰਦੀ ਹੈ। ਕੇਜਰੀਵਾਲ ਦੇ ਵਤੀਰੇ ਨੂੰ ਭਾਜਪਾ ਵਲੋਂ ਹਿੰਦੂਤਵ ਦੇ ਮੁਕਾਬਲੇ ਸਾਫਟ ਹਿੰਦੂਤਵ ਕਹਿਣਾ ਰਸਮੀ ਸਤਿਹੀ ਪ੍ਰਗਟਾਵਾ ਹੈ। ਇਸ ਦੀ ਜਗ੍ਹਾ ਟੈਕਨੀਕਲ ਭਾਵ ਰਣਨੀਤਕ ਹਿੰਦੂਤਵ ਉਚਿਤ ਹੋਵੇਗਾ। ਉਨ੍ਹਾਂ ਨੇ ਰਣਨੀਤੀ ਦੇ ਤੌਰ ’ਤੇ ਅਜਿਹਾ ਵਿਵਹਾਰ ਕੀਤਾ, ਜਿਸ ਨਾਲ ਵੋਟਰਾਂ ਵਿਚਾਲੇ ਇਹ ਸੰਦੇਸ਼ ਨਾ ਜਾਏ ਕਿ ਕਿਸੇ ਪੱਧਰ ’ਤੇ ੳੁਨ੍ਹਾਂ ਦਾ ਹਿੰਦੂਤਵ ਨਾਲ ਵਿਰੋਧ ਨਹੀਂ ਹੈ ਸਗੋਂ ਉਹ ਖੁਦ ਹਿੰਦੂਤਵ ਦੇ ਪ੍ਰਤੀਕ ਹਨ ਕਿਉਂਕਿ ਉਨ੍ਹਾਂ ਨੂੰ ਭਾਰੀ ਜਿੱਤ ਮਿਲ ਗਈ ਹੈ, ਇਸ ਲਈ ਇਸ ਰਣਨੀਤੀ ਨੂੰ ਸਫਲ ਮੰਨਿਆ ਜਾ ਸਕਦਾ ਹੈ। ਕੇਜਰੀਵਾਲ ਨੇ ਰਣਨੀਤਕ ਹਿੰਦੂਤਵ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ। ਉਨ੍ਹਾਂ ਦੇ ਉਪ ਮੁੱਖ ਮੰਤਰੀ ਨੇ ਇਕ ਵਾਰ ਬਿਆਨ ਦੇ ਦਿੱਤਾ ਕਿ ਅਸੀਂ ਸ਼ਾਹੀਨ ਬਾਗ ਦੇ ਨਾਲ ਹਾਂ। ਉਸ ਤੋਂ ਬਾਅਦ ਪੂਰੀ ਖਾਮੋਸ਼ੀ ਰਹੀ। ਕੇਜਰੀਵਾਲ ਸ਼ਾਹੀਨ ਬਾਗ ਨਹੀਂ ਗਏ। ਜਦੋਂ ਉਨ੍ਹਾਂ ਤੋਂ ਧਰਨੇ ਨਾਲ ਹੋ ਰਹੀਆਂ ਪ੍ਰੇਸ਼ਾਨੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਮਿਤ ਸ਼ਾਹ ਜਿਸ ਦਿਨ ਚਾਹੁਣਗੇ, ਧਰਨਾ ਖਤਮ ਕਰ ਦੇਣਗੇ। ਇਸ ਵਿਚ ਸ਼ਾਹੀਨ ਬਾਗ ਦਾ ਨਾ ਸਮਰਥਨ ਸੀ, ਨਾ ਵਿਰੋਧ। ਜਦੋਂ ਪ੍ਰਧਾਨ ਮੰਤਰੀ ਨੇ ਰਾਮ ਜਨਮ ਭੂਮੀ ਮੰਦਰ ਦੇ ਨਿਰਮਾਣ ਲਈ ਟਰੱਸਟ ਦਾ ਐਲਾਨ ਕੀਤਾ, ਉਨ੍ਹਾਂ ਨੇ ਇਹ ਕਹਿੰਦੇ ਹੋਏ ਸਮਰਥਨ ਕਰ ਦਿੱਤਾ ਕਿ ਮੰਦਿਰ ਬਣਨਾ ਚਾਹੀਦਾ ਹੈ ਅਤੇ ਟਰੱਸਟ ਬਣਾਉਣ ਪਿੱਛੇ ਕੋਈ ਰਣਨੀਤੀ ਨਹੀਂ ਹੈ। ਇਹ ਸਭ ਅਜਿਹਾ ਵਿਵਹਾਰ ਸੀ, ਜਿਸ ਵਿਚ ਭਾਜਪਾ ਨੂੰ ਹਿੰਦੂਤਵ ’ਤੇ ਕੇਜਰੀਵਲ ਨੂੰ ਘੇਰਨ ਦਾ ਕੋਈ ਠੋਸ ਆਧਾਰ ਨਹੀਂ ਮਿਲਿਆ ਤਾਂ ਰਣਨੀਤਕ ਹਿੰਦੂਤਵ ਦੀ ਰਾਜਨੀਤਕ ਸਫਲਤਾ ਦੇ ਰੂਪ ਵਿਚ ਚੋਣਾਂ ਨੂੰ ਦੇਖਿਆ ਹੀ ਜਾਏਗਾ।

ਇਹ ਉਹੀ ਕੇਜਰੀਵਾਲ ਹਨ, ਜੋ ਰਮਜ਼ਾਨ ਦੇ ਇਫਤਾਰ ’ਚ ਟੋਪੀ ਪਾ ਕੇ ਸੈਕੁਲਰ ਅਤੇ ਮੁਸਲਿਮ ਹਿਤੈਸ਼ੀ ਦੇ ਰੂਪ ਵਿਚ ਆਪਣੇ ਆਪ ਨੂੰ ਪੇਸ਼ ਕਰਦੇ ਸਨ। ਜੋ ਤੌਕੀਰ ਤਕ ਨੂੰ ਮਿਲਣ ਚਲੇ ਗਏ ਸਨ, ਜਿਸ ’ਤੇ ਦੇਸ਼ ਵਿਰੋਧੀ ਅਤੇ ਮੁਸਲਿਮ ਫਿਰਕਾਪ੍ਰਸਤ ਦਾ ਦੋਸ਼ ਸੀ। ਵਾਰਾਣਸੀ ਤੋਂ ਚੋਣ ਲੜਦੇ ਸਮੇਂ ਉਹ ਕਹਿੰਦੇ ਸਨ ਕਿ ਇਸ ਦੇਸ਼ ਵਿਚ ਟੋਪੀ ਵੀ ਪਹਿਨਣੀ ਹੋਵੇਗੀ। ਇਹ ਨਰਿੰਦਰ ਮੋਦੀ ਵਲੋਂ ਬਤੌਰ ਗੁਜਰਾਤ ਦੇ ਮੁੱਖ ਮੰਤਰੀ ਇਕ ਮੌਲਵੀ ਵਲੋਂ ਟੋਪੀ ਪਹਿਨਾਉਣ ਦੀ ਕੋਸ਼ਿਸ਼ ਨੂੰ ਨਕਾਰਨ ਦਾ ਜਵਾਬ ਸੀ। ਉਨ੍ਹਾਂ ਨੇ ਇਸ ਵਾਰ ਨਾ ਇਫਤਾਰ ਪਾਰਟੀ ਦਿੱਤੀ ਅਤੇ ਨਾ ਈਦ-ਮਿਲਨ। ਉਹ ਈਦ ਦੇ ਦਿਨ ਕਿਤੇ ਗਏ ਜਾਂ ਨਹੀਂ, ਇਹ ਵੀ ਕਿਸੇ ਨੂੰ ਪਤਾ ਨਹੀਂ ਲੱਗਾ। ਉਹ ਚੋਣ ਮੁਹਿੰਮ ਤਾਂ ਛੱਡੋ, ਪਿਛਲੇ ਛੇ ਮਹੀਨਿਆਂ ਵਿਚ ਕਿਸੇ ਮਸਜਿਦ ਵਿਚ ਨਹੀਂ ਦਿਸੇ। ਦਿੱਲੀ ਦੇ ਜੋ 5 ਮੁਸਲਿਮ ਬਹੁਤਾਤ ਵਾਲੇ ਵਿਧਾਨ ਸਭਾ ਖੇਤਰ ਹਨ, ਉਨ੍ਹਾਂ ਵਿਚ ਉਹ ਪ੍ਰਚਾਰ ਕਰਨ ਵੀ ਨਹੀਂ ਗਏ। ਮੁਸਲਿਮ ਇਮਾਮ ਤੋਂ ਜਿੱਤ ਲਈ ਅਪੀਲ ਜਾਰੀ ਨਹੀਂ ਕਰਵਾਈ। ਮੁਸਲਮਾਨਾਂ ਨੂੰ ਇਸ ਤੋਂ ਚਿੰਤਾ ਹੋਣੀ ਚਾਹੀਦੀ ਹੈ। ਚੋਣਾਂ ਦੇ ਸਮੇਂ ਗੈਰ-ਭਾਜਪਾ ਦਲਾਂ ਦੇ ਨੇਤਾ ਵੋਟਾਂ ਲਈ ੳੁਨ੍ਹਾਂ ਨੂੰ ਲੋੜ ਤੋਂ ਵੱਧ ਮਹੱਤਵ ਦਿੰਦੇ ਰਹੇ ਹਨ। ਕੇਜਰੀਵਾਲ ਨੇ ਉਨ੍ਹਾਂ ਦੀ ਚਿੰਤਾ ਹੀ ਨਹੀਂ ਕੀਤੀ ਕਿਉਂਕਿ ਭਾਜਪਾ ਨੂੰ ਆਪਣਾ ਸਥਾਈ ਦੁਸ਼ਮਣ ਮੰਨਣ ਵਾਲੇ ਭਾਈਚਾਰੇ ਕੋਲ ਕੋਈ ਬਦਲ ਨਹੀਂ ਸੀ। ਜੇਕਰ ਇਹੀ ਸਥਿਤੀ ਰਹੀ ਭਾਵ ਅਸੀਂ ਹਰ ਹਾਲ ਵਿਚ ਭਾਜਪਾ ਨੂੰ ਹਰਾਉਣਾ ਹੈ ਅਤੇ ਜੋ ਪਾਰਟੀ ਅਜਿਹਾ ਕਰੇਗੀ, ਉਸ ਨੂੰ ਵੋਟ ਦੇਣੀ ਹੈ ਤਾਂ ਫਿਰ ਮੁਸਲਮਾਨਾਂ ਦੀ ਵੋਟ ਸ਼ਕਤੀ ਦਾ ਕੋਈ ਅਰਥ ਨਹੀਂ ਰਹਿ ਜਾਏਗਾ। ਇਹ ਸਵੀਕਾਰ ਕਰਨਾ ਹੋਵੇਗਾ ਕਿ ਨਰਿੰਦਰ ਮੋਦੀ ਦੇ ਭਾਰਤੀ ਰਾਜਨੀਤੀ ਵਿਚ ਉਦੈ ਕਾਰä ਜਿਥੇ ਵੀ ਭਾਜਪਾ ਦਾ ਜਨ-ਆਧਾਰ ਹੈ, ਉਥੋਂ ਦੇ ਹਰ ਦਲ ਨੂੰ ਹਿੰਦੂਤਵ ਦੇ ਸੰਦਰਭ ’ਚ ਆਪਣੀ ਨੀਤੀ ਅਤੇ ਰਣਨੀਤੀ ਵਿਚ ਬਦਲਾਅ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਵੀ ਕੋਈ ਪਾਰਟੀ ਪਹਿਲਾਂ ਵਾਂਗ ਰਾਮ ਜਨਮ ਭੂਮੀ ਦੇ ਵਿਰੋਧ ਵਿਚ ਬੋਲਣ ਦੀ ਹਿੰਮਤ ਨਹੀਂ ਕਰ ਰਹੀ ਸੀ। ਸਵਾਲ ਹੈ ਕਿ ਕੀ ਦਿੱਲੀ ਦੇ ਰਣਨੀਤਕ ਹਿੰਦੂਤਵ ਦੇ ਇਸ ਪ੍ਰਯੋਗ ਦਾ ਹੋਰਨਾਂ ਸੂਬਿਅਾਂ ਵਿਚ ਵੀ ਵਿਸਤਾਰ ਹੋਵੇਗਾ। ਇਸ ਦੀ ਸੰਭਾਵਨਾ ਹੈ? ਇਹ ਭਾਜਪਾ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਜੇਕਰ ਉਸ ਦੇ ਦਬਾਅ ਵਿਚ ਹੋਰ ਪਾਰਟੀਆਂ ਵੀ ਖੁਦ ਨੂੰ ਹਿੰਦੂਤਵ ਦਾ ਵਿਵਹਾਰ ਕਰਦੀਆਂ ਦਿਖਾਉਣ ਲੱਗਣ ਤਾਂ ਉਹ ਉਨ੍ਹਾਂ ਨੂੰ ਕਿਵੇਂ ਘੇਰ ਸਕੇਗੀ ਪਰ ਭਾਜਪਾ ਵਿਰੋਧੀ ਬੁੱਧੀਜੀਵੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਇਕ ਹਿੰਦੂਤਵ ਦੇ ਵਿਰੋਧ ਵਿਚ ਦੂਸਰੇ ਹਿੰਦੂਤਵ ਦਾ ਸਮਰਥਨ ਕਰਨਗੇ? ਕੇਜਰੀਵਾਲ ਜਿੱਤ ਤੋਂ ਬਾਅਦ ਵੀ ਜਿਸ ਤਰ੍ਹਾਂ ਪੂਰੀ ਸ਼ਾਨੋ-ਸ਼ੌਕਤ ਨਾਲ ਹਨੂਮਾਨ ਮੰਦਰ ਗਏ, ਉਸ ਦਾ ਸੰਦੇਸ਼ ਸਪੱਸ਼ਟ ਹੈ ਕਿਉਂਕਿ ਉਨ੍ਹਾਂ ਨੇ ਦਿੱਲੀ ਵਿਚ ਸਿਰਫ ਭਾਜਪਾ ਨਾਲ ਹੀ ਮੁਕਾਬਲਾ ਕਰਨਾ ਹੈ, ਇਸ ਲਈ ਉਹ ਅੱਗੇ ਵੀ ਰਣਨੀਤਕ ਹਿੰਦੂਤਵ ਨੂੰ ਅਪਣਾਉਂਦੇ ਰਹਿਣਗੇ। ਉਨ੍ਹਾਂ ਦੀ ਸੋਚ ਇਹ ਹੈ ਕਿ ਇਸ ਨਾਲ ਉਂਝ ਲੋਕਾਂ ਨੂੰ ਜੋ ਹਿੰਦੂਤਵ ਤੋਂ ਪ੍ਰਭਾਵਿਤ ਹਨ ਪਰ ਭਾਜਪਾ ਦੇ ਸਮਰਥਿਕ ਨਹੀਂ ਹਨ, ਨੂੰ ਆਪਣੇ ਨਾਲ ਬਣਾਈ ਰੱਖਿਆ ਜਾ ਸਕਦਾ ਹੈ। ਹਾਲਾਂਕਿ ਹਿੰਦੂਤਵ ਇਕ ਵਿਆਪਕ ਧਾਰਨਾ ਹੈ, ਜਿਸ ਵਿਚ ਹਰ ਤਰ੍ਹਾਂ ਦੇ ਸਦਾਚਾਰ ਨੂੰ ਸ਼ਾਮਲ ਕਰਨ ਅਤੇ ਕਿਸੇ ਸਮਾਜ ਨੂੰ ਪੂਰੀ ਤਰ੍ਹਾਂ ਆਦਰਸ਼ ਸਮਾਜ ਵਿਚ ਬਦਲਣ ਦੀ ਸਮਰੱਥਾ ਹੈ ਪਰ ਇਸ ਦੇ ਲਈ ਰਾਜਨੀਤੀ ਅਤੇ ਵੋਟ ਦੇ ਤਰੀਕੇ ਨਾਲ ਰਣਨੀਤਕ ਵਰਤੋਂ ਦੀ ਜਗ੍ਹਾ ਈਮਾਨਦਾਰ ਹਿੰਦੂਤਵ ਨੂੰ ਅਪਣਾਉਣ ਦੀ ਲੋੜ ਹੈ, ਜੋ ਦਿਸ ਨਹੀਂ ਰਿਹਾ। ਇਹ ਭਾਰਤ ਦੇ ਭਵਿੱਖ ਨੂੰ ਲੈ ਕੇ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ।


Bharat Thapa

Content Editor

Related News