ਆਜ਼ਾਦੀ ਦੀ ਕਸੌਟੀ ’ਤੇ ਅਸੀਂ ਕਿੱਥੇ

08/15/2022 11:24:22 AM

ਨਿਰੰਕਾਰ ਸਿੰਘ

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਉਨ੍ਹਾਂ ਭਾਰਤੀ ਲੋਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਭਾਰਤ ਨੂੰ ਆਪਣੀ ਵਿਕਾਸ ਯਾਤਰਾ ’ਚ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਦੀ ਜੀਵੰਤਤਾ ਤੋਂ ਪ੍ਰੇਰਿਤ ਹੈ। ਅਧਿਕਾਰਤ ਤੌਰ ’ਤੇ ਇਹ 75 ਹਫਤੇ ਪਹਿਲਾਂ 12 ਮਾਰਚ 2021 ਨੂੰ ਸ਼ੁਰੂ ਹੋਇਆ ਸੀ ਅਤੇ ਭਾਰਤ ਦੀ 75ਵੀਂ ਆਜ਼ਾਦੀ ਦੀ ਵਰ੍ਹੇਗੰਢ ’ਤੇ 15 ਅਗਸਤ 2023 ਨੂੰ ਅੱਜ ਤੋਂ ਇਕ ਸਾਲ ਬਾਅਦ ਪੂਰਾ ਹੋਵੇਗਾ।

ਅੱਜ ਅਸੀਂ ਜਦੋਂ ਆਪਣੀ ਆਜ਼ਾਦੀ ਦੀ ਜੰਗ ਦੇ ਯੋਧਿਆਂ ’ਤੇ ਨਜ਼ਰ ਮਾਰਦੇ ਹਾਂ ਤਾਂ ਇਹ ਵੇਖਦੇ ਹਾਂ ਕਿ ਉਨ੍ਹਾਂ ਦੇ ਰਸਤੇ ਭਾਵੇਂ ਵੱਖ-ਵੱਖ ਰਹੇ ਹੋਣ ਪਰ ਸਭ ਦਾ ਮੰਤਵ ਇਕ ਹੀ ਸੀ। ਆਜ਼ਾਦੀ ਦੀ ਜੰਗ ਦੇ ਸਭ ਗਿਆਤ ਅਤੇ ਅਗਿਆਤ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨਾ ਅਸਲ ’ਚ ਖੁਦ ਆਪਣੇ ਅੰਦਰ ਝਾਤੀ ਮਾਰਨਾ ਵੀ ਹੈ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ ’ਤੇ ਕਿੰਨਾ ਖਰਾ ਉਤਰ ਸਕੇ ਹਾਂ। ਇਸ ਦੇ ਨਾਲ-ਨਾਲ ਅਸੀਂ ਆਜ਼ਾਦ ਅਤੇ ਇਕ ਲੋਕਰਾਜੀ ਦੇਸ਼ ਵਜੋਂ ਕੀ ਆਪਣੀ ਭੂਮਿਕਾ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਾਂ? ਆਜ਼ਾਦੀ ਘੁਲਾਟੀਆਂ ਦੇ ਤਿਆਗ ਅਤੇ ਬਲਿਦਾਨ ਤੋਂ ਹਾਸਲ ਕੀਤੀ ਗਈ ਆਜ਼ਾਦੀ ਦੀ ਰੱਖਿਆ ਕਰਨ ਲਈ ਅਸੀਂ ਕਿੰਨੇ ਚੌਕਸ ਅਤੇ ਜਾਗਰੂਕ ਹਾਂ? ਲੋਕਰਾਜ ’ਚ ਲੋਕ ਹੀ ਦੇਸ਼ ਦੇ ਭਵਿੱਖ ਨੂੰ ਬਣਾਉਣ ਵਾਲੇ ਹੁੰਦੇ ਹਨ।

ਅੱਜ ਅਸੀਂ ਦੇਸ਼ ਦੀ ਆਜ਼ਾਦੀ ਨੂੰ ਉਤਸਵ ਵਜੋਂ ਮਨਾ ਰਹੇ ਹਾਂ ਪਰ ਕੀ ਅਸੀਂ ਆਜ਼ਾਦੀ ਦਾ ਮਤਲਬ ਸਮਝ ਸਕੇ ਹਾਂ? ਕੀ ਸਾਡੇ ਅੰਦਰ ਆਪਣੇ ਦੇਸ਼ ਪ੍ਰਤੀ ਪ੍ਰੇਮ ਹੈ? ਜਿਸ ਵੰਦੇ ਮਾਤਰਮ ਦੇ ਨਾਅਰੇ ਦੇ ਸਹਾਰੇ ਅਸੀਂ ਆਜ਼ਾਦੀ ਦੀ ਜੰਗ ਜਿੱਤ ਸਕੇ ਅਤੇ ਜਿਸ ‘ਭਾਰਤ ਮਾਤਾ ਕੀ ਜੈ’ ’ਤੇ ਫੌਜ ਦੇ ਜਵਾਨ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ, ਉਸ ’ਤੇ ਸਵਾਲ ਉਠਾਏ ਜਾ ਰਹੇ ਹਨ। ਕੀ ਇਹੀ ਆਜ਼ਾਦੀ ਹੈ?

ਅਸਲ ’ਚ 15 ਅਗਸਤ ਦਾ ਦਿਨ ਭਾਰਤ ਲਈ ਪੁਰਾਣੇ ਯੁੱਗ ਦੀ ਸਮਾਪਤੀ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਾ ਹੈ ਪਰ ਅਸੀਂ ਇਕ ਆਜ਼ਾਦ ਰਾਸ਼ਟਰ ਵਜੋਂ ਆਪਣੇ ਜੀਵਨ ਅਤੇ ਕੰਮ ਰਾਹੀਂ ਇਸ ਨੂੰ ਅਜਿਹਾ ਅਹਿਮ ਦਿਨ ਵੀ ਬਣਾ ਸਕਦੇ ਹਾਂ ਜੋ ਸੰਪੂਰਨ ਜਗਤ ਲਈ ਸਾਰੀ ਮਨੁੱਖੀ ਜਾਤੀ ਦੇ ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਅਧਿਆਤਮਕ ਭਵਿੱਖ ਲਈ ਨਵਯੁੱਗ ਲਿਆਉਣ ਵਾਲਾ ਸਿੱਧ ਹੋਵੇ।

ਅੱਜ ਵੀ ਵੱਡੀ ਗਿਣਤੀ ’ਚ ਲੋਕ ਸਭ ਕੁਝ ਸਰਕਾਰ ਤੋਂ ਹੀ ਉਮੀਦ ਰੱਖਦੇ ਹਨ। ਲੋਕਰਾਜ ਦੀ ਆਲੋਚਨਾ ਕਰਦੇ ਹਨ, ਹਾਲਾਤ ਬਾਰੇ ਬੇਹੱਦ ਅਸੰਤੋਸ਼ ਪ੍ਰਗਟ ਕਰਦੇ ਹਨ, ਫਿਰ ਵੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਜੇ ਕੋਈ ਹੱਲ ਹੈ ਜਾਂ ਕੋਈ ਹੱਲ ਕੀਤਾ ਜਾ ਸਕਦਾ ਹੈ ਤਾਂ ਉਹ ਰਾਜ ਵੱਲੋਂ ਹੀ ਹੋ ਸਕਦਾ ਹੈ। ਅਜਿਹੀ ਇਕ ਰੂੜ੍ਹ ਮਾਨਤਾ ਲੋਕਾਂ ਦੇ ਮਨ ’ਚ ਵੱਸ ਗਈ ਹੈ।

ਤਾਨਾਸ਼ਾਹੀ ’ਚ ਵੀ ਲੋਕਾਂ ਨੂੰ ਕੰਮ ’ਚ ਲਾਉਣਾ ਹੀ ਪੈਂਦਾ ਹੈ। ਉੱਥੇ ਤਾਕਤ ਦਾ, ਧਮਕੀ ਦਾ, ਰਾਜ ਦੀ ਆਗਿਆ ਦਾ ਸਹਾਰਾ ਲਿਆ ਜਾਂਦਾ ਹੈ। ਲੋਕਤੰਤਰ ’ਚ ਇਹ ਕੰਮ ਨਹੀਂ ਆਉਂਦਾ। ਉੱਥੇ ਲੋਕਾਂ ਨੂੰ ਸਮਝਾ ਕੇ ਹੀ ਲੋਕ ਸ਼ਕਤੀ ਜਾਗ੍ਰਿਤ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਇਹ ਸਮਝਾਉਣਾ ਪੈਂਦਾ ਹੈ ਕਿ ਆਪਣਾ ਭਲਾ ਤੁਸੀਂ ਖੁਦ ਹੀ ਕਰ ਸਕੋਗੇ, ਕੋਈ ਅਧਿਕਾਰੀ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਤੁਹਾਡਾ ਭਲਾ ਨਹੀਂ ਕਰ ਸਕੇਗਾ ਜੋ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਦੇਵੇ।

ਆਜ਼ਾਦੀ ਦੇ 75 ਸਾਲਾਂ ’ਚ ਦੇਸ਼ ਨੇ ਤਰੱਕੀ ਦੀਆਂ ਜਿਨ੍ਹਾਂ ਸਿਖਰਾਂ ਨੂੰ ਛੂਹਿਆ, ਸਾਡੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਉਸ ਦੇ ਬਰਾਬਰ, ਸਗੋਂ ਉਨ੍ਹਾਂ ਤੋਂ ਵੀ ਕਿਤੇ ਉੱਚੀਆਂ ਭ੍ਰਿਸ਼ਟਾਚਾਰ ਦੀਆਂ ਮੀਨਾਰਾਂ ਖੜ੍ਹੀਆਂ ਕੀਤੀਆਂ ਹਨ। ਕਈ ਸੂਬਿਆਂ ’ਚ ਮੰਤਰੀਆਂ ਨੇ ਜਿਸ ਤਰ੍ਹਾਂ ਸੱਤਾ ਦੇ ਜ਼ੋਰ ’ਤੇ ਲੋਕਾਂ ਨੂੰ ਲੁੱਟਿਆ, ਉਸ ਦੀ ਕੋਈ ਮਿਸਾਲ ਨਹੀਂ ਮਿਲਦੀ। ਦੁਖਦਾਈ ਹੈਰਾਨੀ ਇਹ ਹੈ ਕਿ ਭ੍ਰਿਸ਼ਟਾਚਾਰ ’ਚ ਸ਼ਾਮਲ ਲੋਕ ਹੁਣ ਸ਼ਰਮਸਾਰ ਨਹੀਂ ਹੁੰਦੇ। ਅਜਿਹੀ ਹਾਲਤ ’ਚ ਜੇ ਉਨ੍ਹਾਂ ਨਾਲ ਜੁੜੀਆਂ ਖਬਰਾਂ ਸਾਡੀ ਸੰਵੇਦਨਾ ਦਾ ਅਹਿਮ ਹਿੱਸਾ ਨਹੀਂ ਬਣ ਸਕਦੀਆਂ ਤਾਂ ਯਕੀਨੀ ਤੌਰ ’ਤੇ ਇਹ ਸਮਾਜ ਦੇ ਖਤਮ ਹੋ ਜਾਣ ਦਾ ਹੀ ਇਕ ਸੂਚਕ ਹੈ। ਅਸਲ ’ਚ ਭ੍ਰਿਸ਼ਟਾਚਾਰ ਦੀ ਜ਼ਹਿਰੀਲੀ ਵੇਲ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਛਤਰ-ਛਾਇਆ ਹੇਠ ਹੀ ਪ੍ਰਫੁੱਲਿਤ ਹੋਈ ਹੈ। ਦੋਹਾਂ ਨੇ ਇਸ ਦੀਆਂ ਜੜ੍ਹਾਂ ’ਚ ਖਾਦ ਪਾਈ ਅਤੇ ਪਾਣੀ ਪਾਇਆ।

ਸਿਆਸਤਦਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਸ ਗਠਜੋੜ ਨੇ ਦੇਸ਼ ਦੀ ਵਿਵਸਥਾ ਅਤੇ ਉਸ ਦੀ ਹਿੰਮਤ ਨੂੰ ਖੋਖਲਾ ਕਰ ਿਦੱਤਾ ਹੈ। ਆਜ਼ਾਦੀ ਦੇ 75 ਸਾਲਾਂ ’ਚ ਸਾਡੀ ਸੰਸਦੀ ਲੋਕਰਾਜੀ ਪ੍ਰਣਾਲੀ ਪਤਨ ਦੀ ਉਸ ਹੱਦ ਤੱਕ ਪਹੁੰਚ ਗਈ ਹੈ ਜਿੱਥੇ ਕਈ ਸੂਬਿਆਂ ’ਚ ਸਿਆਸੀ ਸੱਤਾ ਦਾ ਮਤਲਬ ਸਿਰਫ ਸਵਾਰਥ ਦੀ ਪੂਰਤੀ ਹੋ ਗਿਆ ਹੈ। ਸਰਕਾਰੀ ਮੁਲਾਜ਼ਮਾਂ ਦੀ ਨਿਯੁਕਤੀ ਅਤੇ ਤਬਾਦਲੇ ਰਿਸ਼ਵਤ ਦੇ ਜ਼ੋਰ ’ਤੇ ਕੀਤੇ ਗਏ। ਇਸ ਨਾਲ ਪੂਰੀ ਪ੍ਰਸ਼ਾਸਨਿਕ ਵਿਵਸਥਾ ਢਹਿ-ਢੇਰੀ ਹੋ ਗਈ। ਸੱਚ ਨੂੰ ਦਬਾਉਣ ਲਈ ਪੱਤਰਕਾਰਾਂ ਤੱਕ ਨੂੰ ਜੇਲਾਂ ’ਚ ਸੁੱਟ ਦਿੱਤਾ ਿਗਆ। ਸਾਡੇ ਲੋਕ ਆਪਣੇ ਨੈਤਿਕ ਸਿਧਾਂਤ ਅਤੇ ਰੀਤੀ ਰਿਵਾਜ ਆਪਣੇ ਆਗੂਆਂ ਕੋਲੋਂ ਹਾਸਲ ਕਰਦੇ ਹਨ। ਅੱਜ ਲੋੜ ਸੂਬਿਆਂ ’ਚ ਅਜਿਹੀ ਸਰਗਰਮ ਲੀਡਰਸ਼ਿਪ ਦੀ ਹੈ ਜਿਸ ਨੇ ਕਲਪਨਾ ਸ਼ਕਤੀ, ਸਹੀ ਸਮਝ ਅਤੇ ਸਮਰਪਣ ਦੀ ਭਾਵਨਾ ਨੂੰ ਆਪਣੇ ਅੰਦਰ ਵਸਾ ਲਿਆ ਹੋਵੇ।

ਇਕ ਪ੍ਰਧਾਨ ਮੰਤਰੀ ਵਜੋਂ ਸਾਡੇ ਕੋਲ ਨਰਿੰਦਰ ਮੋਦੀ ਵਰਗਾ ਵਿਅਕਤੀ ਹੈ ਜੋ ਨੈਤਿਕ ਕਦਰਾਂ-ਕੀਮਤਾਂ ਅਤੇ ਉੱਚ ਸਿਧਾਂਤਾਂ ’ਚ ਪੱਕਾ ਭਰੋਸਾ ਰੱਖਦਾ ਹੈ। ਮੋਦੀ ਦੇ ਮੰਤਰੀ ਮੰਡਲ ਦੇ ਕਈ ਮੈਂਬਰ ਬੇਮਿਸਾਲ ਸਮਰੱਥਾ ਵਾਲੇ ਅਤੇ ਯੋਗਤਾ ਨਾਲ ਭਰਪੂਰ ਹਨ। ਉਨ੍ਹਾਂ ’ਚ ਰਾਜ ਕਰਨ ਦੀ ਯੋਗਤਾ ਵੀ ਹੈ। ਇਸ ਲਈ ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਮੌਜੂਦਾ ਸਰਕਾਰ ਅਜਿਹੇ ਚੋਣ ਸੁਧਾਰ ਦੇ ਕਾਨੂੰਨ ਪਾਸ ਕਰੇਗੀ ਅਤੇ ਕਾਨੂੰਨਾਂ ਅਤੇ ਹੁਕਮਾਂ ਨਾਲ ਸਬੰਧਤ ਕੋਈ ਅਜਿਹਾ ਕੰਮ ਨਹੀਂ ਕਰੇਗੀ ਜੋ ਸਿਰਫ ਮੌਜੂਦਾ ਮੁਸ਼ਕਲਾਂ ਲਈ ਹੀ ਹੋਵੇ ਤਾਂ ਜੋ ਉਸ ਦੇ ਦੂਰਰਸ ਸਬੰਧ ਦੇਸ਼ ਦੇ ਆਉਣ ਵਾਲੇ ਚੰਗੇ ਦਿਨਾਂ ਲਈ ਹੋਣ।

ਯੁੱਗ ਤਬਦੀਲੀ ਦੀ ਇਸ ਬੇਲਾ ’ਚ ਜਦੋਂ ਸਾਰਾ ਸੱਭਿਅਕ ਵਿਸ਼ਵ ਭਾਰਤ ਦੇ ਉਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਰਿਹਾ ਹੈ, ਜਿਸ ’ਚ ਉਸ ਨੇ ਵਿਖਾਇਆ ਹੈ ਕਿ ਲੋਕਰਾਜ ਆਜ਼ਾਦੀ ਦਾ ਇਕੋ-ਇਕ ਬਦਲ ਨਹੀਂ ਹੈ ਅਤੇ ਮਨੁੱਖੀ ਅਧਿਕਾਰ ਦੀਆਂ ਗੱਲਾਂ ਖੁਸ਼ਹਾਲੀ ਅਤੇ ਚੋਟੀ ਦੇ ਲੋਕਾਂ ਦੀ ਵਿਲਾਸਤਾ ਨਹੀਂ ਹੈ। ਸਾਡੇ ਲੋਕ ਗਰੀਬ ਅਤੇ ਪੱਛੜੇ ਬੇਸ਼ੱਕ ਹੋਣ ਪਰ ਬੜੀ ਤੇਜ਼ੀ ਨਾਲ ਆਜ਼ਾਦ ਜੀਵਨ ਬਿਤਾਉਣ ਦੀ ਜੀਵਨ ਪ੍ਰਣਾਲੀ ਪ੍ਰਤੀ ਸਮਰਪਿਤ ਹਨ ਪਰ ਓਨੇ ਹੀ ਜਿੰਨੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ ਸਕਦੇ ਹਨ।


Rakesh

Content Editor

Related News