ਜਦ ਵਿਕਾਸ ਇਕ ਜਨ-ਅੰਦੋਲਨ ਬਣ ਗਿਆ ਰਾਸ਼ਟਰੀ ਏਕਤਾ ਦਿਵਸ ਦਾ ਸਾਰ
Tuesday, Oct 31, 2023 - 01:30 PM (IST)
ਇਹ ਦੇਸ਼ ਪੁਰਾਤਨ ਸੱਭਿਆਚਾਰਕ ਵਿਰਾਸਤ ਦੀ ਅਜਿਹੀ ਨੀਂਹ ’ਤੇ ਬਣ ਰਿਹਾ ਹੈ, ਜਿੱਥੇ ਵੈਦਿਕ ਕਾਲ ’ਚ ਸਾਨੂੰ ਸਿਰਫ ਇਕ ਹੀ ਮੰਤਰ ਦੱਸਿਆ ਜਾਂਦਾ ਸੀ। ਜਿਸ ਨੂੰ ਅਸੀਂ ਸਿੱਖਿਆ ਹੈ, ਜਿਸ ਨੂੰ ਅਸੀਂ ਯਾਦ ਕੀਤਾ ਹੈ ‘‘ਸੰਗਾਵਮ੍ ਸੰਵਦਾ ਸ਼ਮ੍ ਕੋ ਮਾਨਸਿ ਜਾਨਤਾਮ੍’’- ਅਸੀਂ ਨਾਲ ਚੱਲਦੇ ਹਾਂ, ਅਸੀਂ ਅੱਗੇ ਵਧਦੇ ਹਾਂ, ਅਸੀਂ ਨਾਲ ਮਿਲ ਕੇ ਸੋਚਦੇ ਹਾਂ, ਅਸੀਂ ਮਿਲ ਕੇ ਸੰਕਲਪ ਲੈਂਦੇ ਹਾਂ ਅਤੇ ਅਸੀਂ ਨਾਲ ਮਿਲ ਕੇ ਇਸ ਦੇਸ਼ ਨੂੰ ਅੱਗੇ ਲੈ ਜਾਂਦੇ ਹਾਂ- ਸ਼੍ਰੀ ਨਰਿੰਦਰ ਮੋਦੀ 2014 ’ਚ, ਲਾਲ ਕਿਲੇ ਦੀ ਫਸੀਲ ਤੋਂ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਕ ਅਜਿਹੇ ਭਾਰਤ ਲਈ ਆਪਣਾ ਵਿਜ਼ਨ ਅਰਥਪੂਰਨ ਤਰੀਕੇ ਨਾਲ ਸਾਹਮਣੇ ਰੱਖਿਆ, ਜਿੱਥੇ ਵਿਕਾਸ ਸਿਰਫ ਇਕ ਏਜੰਡਾ ਨਹੀਂ ਸੀ, ਸਗੋਂ ਹਰੇਕ ਭਾਰਤੀ ਦਾ ਸਾਂਝਾ ਟੀਚਾ ਸੀ। ਉਨ੍ਹਾਂ ਨੇ ਇਕ ਅਜਿਹੇ ਭਵਿੱਖ ਦਾ ਸੰਕੇਤ ਦਿੱਤਾ ਜਿੱਥੇ ਜਨ-ਹਿੱਸੇਦਾਰੀ, ਸਾਡੇ ਸਭ ਤੋਂ ਮਜ਼ਬੂਤ ਹਥਿਆਰ ਦੇ ਤੌਰ ’ਤੇ ਅਤੇ ਵਿਸ਼ਵ ਗੁਰੂ ਦੇ ਤੌਰ ’ਤੇ ਸੱਤਾ ਦੇ ਸਿਖਰ ’ਤੇ ਸਾਡੇ ਦਾਅਵੇ ਦੇ ਤੌਰ ’ਤੇ ਉਭਰੇਗੀ।
ਇਸੇ ਸਾਲ ਮਾਣਯੋਗ ਪ੍ਰਧਾਨ ਮੰਤਰੀ ਨੇ ਕੈਲੰਡਰ ’ਤੇ ਇਕ ਮਹੱਤਵਪੂਰਨ ਤਰੀਕ ’ਤੇ ਨਿਸ਼ਾਨ ਲਗਾਇਆ। ‘ਰਾਸ਼ਟਰੀ ਏਕਤਾ ਦਿਵਸ’ ਦੇ ਤੌਰ ’ਤੇ 31 ਅਕਤੂਬਰ, ਜੋ ਭਾਰਤ ਦੇ ‘ਲੋਹ ਪੁਰਸ਼’ ਸਰਦਾਰ ਵੱਲਭ ਭਾਈ ਪਟੇਲ ਦੀ ਵਿਰਾਸਤ ਪ੍ਰਤੀ ਇਕ ਸ਼ਰਧਾਂਜਲੀ ਹੈ। ਹਾਲਾਂਕਿ, ਇਸ ਦਾ ਮਤਲਬ ਸਿਰਫ ਇਕ ਤਰੀਕ ਤੋਂ ਕਿਤੇ ਵੱਧ ਹੈ। ਇਸ ਨੇ ਸਰਦਾਰ ਪਟੇਲ ਵੱਲੋਂ ਕਲਪਨਾ ਕੀਤੀ ਗਈ ਏਕਤਾ ਅਤੇ ਅਖੰਡਤਾ ਦੇ ਸਾਰ ਨੂੰ ਫਿਰ ਤੋਂ ਜਾਗ੍ਰਿਤ ਕਰਨ ਦੀ ਪਵਿੱਤਰ ਪ੍ਰਤੀਬੱਧਤਾ ਨੂੰ ਮੂਰਤ ਰੂਪ ਦਿੱਤਾ। ਇਹ ਉਨ੍ਹਾਂ ਦੇ ਦਿਖਾਏ ਰਸਤੇ ’ਤੇ ਚੱਲਣ ਦਾ ਇਕ ਵਾਅਦਾ ਸੀ ਅਤੇ ਇਕਜੁੱਟਤਾ ਤੇ ਸਮੂਹਿਕ ਯਤਨਾਂ ਦੀਆਂ ਸਦੀਵੀ ਕੀਮਤਾਂ ’ਤੇ ਅੱਗੇ ਵਧਣ ਦੀ ਸਹੁੰ ਸੀ। ਇਕ ਦਹਾਕੇ ਪਿੱਛੋਂ, ਜਦੋਂ ਅਸੀਂ ਰਾਸ਼ਟਰੀ ਏਕਤਾ ਦਿਵਸ ਮਨਾ ਰਹੇ ਹਾਂ, ਇਹ ਭਾਰਤ ਵੱਲੋਂ ਏਕਤਾ ਦੇ ਸਥਾਈ ਸਿਧਾਂਤਾਂ ਅਤੇ ਸਹਿਯੋਗ ਦੀ ਮਜ਼ਬੂਤ ਤਾਕਤ ਰਾਹੀਂ ਰੌਸ਼ਨ ਰਾਹ ’ਤੇ ਕੀਤੀ ਗਈ ਵਰਣਨਯੋਗ ਯਾਤਰਾ ਨੂੰ ਪੁਨਰਜੀਵਿਤ ਕਰਨ ਦਾ ਸਹੀ ਸਮਾਂ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ-ਕੇਂਦ੍ਰਿਤ ਸ਼ਾਸਨ ਦੇ ਲੋਕਾਚਾਰ ਤਹਿਤ, ਭਾਰਤ ਵਿਸ਼ਵ ਦਾ ਇਕ ਮੋਹਰੀ ਦੇਸ਼ ਬਣ ਗਿਆ ਹੈ ਅਤੇ ਇਹ ਦੁਨੀਆ ਦੀਆਂ 5 ਕਮਜ਼ੋਰ ਅਰਥ-ਵਿਵਸਥਾਵਾਂ ਤੋਂ ਸਿਖਰਲੀਆਂ 5 ਅਰਥ-ਵਿਵਸਥਾਵਾਂ ’ਚ ਸ਼ਾਮਲ ਹੋ ਗਿਆ ਹੈ। 2023 ’ਚ 3.75 ਟ੍ਰਿਲੀਅਨ ਡਾਲਰ ਦੀ ਜੀ.ਡੀ.ਪੀ. ਨਾਲ ਸਾਡਾ ਦੇਸ਼ 2004-2014 ਦੇ ਗੁਆਚੇ ਹੋਏ ਦਹਾਕੇ ਤੋਂ ਉਭਰਦਿਆਂ ਹੁਣ ਤੇਜ਼ੀ ਨਾਲ ਚਮਕ ਰਿਹਾ ਹੈ। ਇਹ ਜਾਣਨਾ ਦਿਲਚਸਪ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ’ਚ, ਸਾਲਾਨਾ ਵਿੱਤੀ ਬਜਟ ਸਿਰਫ ਇਕ ਵਿੱਤੀ ਰੂਪਰੇਖਾ ਤੋਂ ਬਦਲ ਕੇ ਇਕ ਗਤੀਸ਼ੀਲ ਨੀਤੀ ਦਸਤਾਵੇਜ਼ ਬਣ ਗਿਆ ਹੈ, ਜੋ ਲੋਕਾਂ ਦੀਆਂ ਆਸਾਂ ’ਤੇ ਆਧਾਰਿਤ ਹੈ। ਆਮ ਲੋਕਾਂ ਦਾ ਬਜਟ ਨਾਗਰਿਕਾਂ ਨੂੰ ਆਪਣੇ ਵਿੱਤੀ ਫੈਸਲਿਆਂ ਲਈ ਸਰਕਾਰ ਨੂੰ ਜਵਾਬਦੇਹ ਬਣਾਉਣ, ਬਜਟ ਵਿਕਾਸ ਦੀ ਨਿਗਰਾਨੀ ’ਚ ਸਰਗਰਮ ਹਿੱਸੇਦਾਰੀ ਨਿਭਾਉਣ ਅਤੇ ਹੁਨਰ ਸਰੋਤ ਵਰਤੋਂ ਨੂੰ ਯਕੀਨੀ ਬਣਾਉਣ ’ਚ ਸਮਰੱਥ ਬਣਾਉਂਦਾ ਹੈ।
‘ਮੇਕ ਇਨ ਇੰਡੀਆ’ ਅਤੇ ‘ਵੋਕਲ ਫਾਰ ਲੋਕਲ’ ਨੇ ਸਾਡੀ ਭਾਰਤੀਅਤਾ ਨੂੰ ਪੁਨਰਜੀਵਿਤ ਕੀਤਾ, ਜਿਸ ਨਾਲ ਇਕ ਰਾਸ਼ਟਰਵਿਆਪੀ ਹਰਮਨਪਿਆਰੀ ਹਿੱਸੇਦਾਰੀ-ਕੇਂਦ੍ਰਿਤ ਮੁਹਿੰਮ ਦੀ ਸ਼ੁਰੂਆਤ ਹੋਈ। ਅਸੀਂ ਆਪਣੇ ਐੱਮ.ਐੱਸ.ਐੱਮ.ਈ. ਨੂੰ ਹੁਲਾਰਾ ਦਿੱਤਾ, ਨੌਜਵਾਨ ਉੱਦਮਤਾ ਨੂੰ ਪ੍ਰੇਰਿਤ ਕੀਤਾ। ‘ਡਿਜੀਟਲ ਇੰਡੀਆ’ ਪ੍ਰੋਗਰਾਮ ਡਿਜੀਟਲ ਕ੍ਰਾਂਤੀ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ‘ਕੈਸ਼ਲੈੱਸ’ ਅਰਥ-ਵਿਵਸਥਾ ਵੱਲ ਅੱਗੇ ਵਧਣ ਦੀ ਇਕ ਮੁਹਿੰਮ ਹੈ। ਇਹ ਪ੍ਰੋਗਰਾਮ ਆਮ ਨਾਗਰਿਕਾਂ ਨਾਲ ਸਰਕਾਰ ਦੀ ਸਹਿਯੋਗ ਆਧਾਰਿਤ ਸਾਂਝ ਨੂੰ ਅੰਡਰਲਾਈਨ ਕਰਦਾ ਹੈ ਅਤੇ ਡਿਜੀਟਲ ਭੁਗਤਾਨ ਨੂੰ ਹੁਲਾਰਾ ਦਿੰਦਾ ਹੈ। 2014 ਪਿੱਛੋਂ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਇਕ ਰਾਸ਼ਟਰ ਪੱਧਰੀ ਅੰਦੋਲਨ ਦੇ ਰੂਪ ’ਚ ਉਭਰੀ ਹੈ। 2015 ਤੋਂ 2022 ਤੱਕ, ਜੇ. ਏ. ਐੱਮ. (ਜਨ ਧਨ, ਆਧਾਰ ਅਤੇ ਮੋਬਾਇਲ ਫੋਨ) ਰਾਹੀਂ 2.73 ਲੱਖ ਕਰੋੜ ਰੁਪਏ ਤੋਂ ਵੱਧ ਦੀ ਧਨਰਾਸ਼ੀ ਟਰਾਂਸਫਰ ਕੀਤੀ ਗਈ, ਜਿਸ ਨਾਲ ਨਕਲੀ ਲਾਭ ਲੈਣ ਵਾਲੇ ਉਜਾਗਰ ਹੋਏ ਅਤੇ ਵੰਡ ਪ੍ਰਣਾਲੀ ’ਚ ਲੀਕੇਜ ਨੂੰ ਰੋਕਿਆ ਗਿਆ, ਜੋ 2014 ਤੋਂ ਪਹਿਲਾਂ ਵੱਡੇ ਪੈਮਾਨੇ ’ਤੇ ਮੌਜੂਦ ਸਨ।
ਭਾਰਤ ਦੀ ਜੀ-20 ਪ੍ਰਧਾਨਗੀ ਨੇ, ਆਪਣੇ ਨਾਗਰਿਕਾਂ ਦੀ ਹਮਾਇਤ ਨਾਲ ਆਯੋਜਿਤ ਪ੍ਰੋਗਰਾਮਾਂ ਰਾਹੀਂ ਰਾਸ਼ਟਰੀ ਏਕਤਾ ਦਾ ਪ੍ਰਦਰਸ਼ਨ ਕੀਤਾ। ‘ਰਾਸ਼ਟਰੀ ਏਕਤਾ ਦਿਵਸ’ ਸਿਰਫ ਇਕ ਯਾਦ ਉਤਸਵ ਨਹੀਂ ਹੈ, ਇਹ ਲੋਕਾਂ ਨੂੰ ਸਮਰੱਥ ਬਣਾਉਣ ਅਤੇ ਪੁਰਾਣੀਆਂ ਪ੍ਰਥਾਵਾਂ ਤੋਂ ਮੁਕਤੀ ਦੁਆਉਣ ਵਾਲਾ ਇਕ ਡੂੰਘਾ ਦਰਸ਼ਨ ਹੈ। ਇਹ ਵਿਵਹਾਰਿਕ ਲੋਕਤੰਤਰ ਹੈ, ਜੋ ਮਾਂ ਭਾਰਤੀ ਦੇ ਵਿਸ਼ਾਲ ਭੂ-ਸੱਭਿਆਚਾਰਕ-ਸਿਆਸੀ ਦ੍ਰਿਸ਼ ਦੇ ਸ਼ਾਨਦਾਰ ਏਕੀਕਰਨ ਨਾਲ ਸਬੰਧਿਤ ਸਰਦਾਰ ਪਟੇਲ ਦੇ ਦ੍ਰਿਸ਼ਟੀਕੋਣ ਅਨੁਸਾਰ ਹੈ। ਇਸ ਰਾਸ਼ਟਰੀ ਏਕਤਾ ਦਿਵਸ ’ਤੇ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ, ਆਓ ਅਸੀਂ ਆਪਣੇ-ਆਪ ਨੂੰ ਸਸ਼ਕਤੀਕਰਨ ਦੇ ਦਰਸ਼ਨ ਲਈ ਫਿਰ ਤੋਂ ਸਮਰਪਿਤ ਕਰੀਏ, ਹੱਕ/ਅਧਿਕਾਰ ਦਾ ਤਿਆਗ ਕਰੀਏ, ਜੋ ਅਸਲ ’ਚ ਸੱਚੇ ਲੋਕਤੰਤਰ ਦਾ ਆਧਾਰ ਬਣ ਗਿਆ ਹੈ ਅਤੇ ਜੋ ਸਾਨੂੰ ਅੰਮ੍ਰਿਤਕਾਲ ਦੇ ਆਸ਼ੇ ਨਾਲ ਭਰੇ ਯੁੱਗ ’ਚ ਪ੍ਰਵੇਸ਼ ਲਈ ਮਾਰਗਦਰਸ਼ਨ ਕਰ ਰਿਹਾ ਹੈ।
-ਸ਼੍ਰੀ ਜੀ. ਕਿਸ਼ਨ ਰੈੱਡੀ