ਕੋਰੋਨਾ ਤੋਂ ਬਾਅਦ ਕਿਹੋ ਜਿਹੀ ਹੋਵੇਗੀ ਦੁਨੀਆ

12/23/2020 3:36:08 AM

ਵਿਜੇ ਵਿਦਰੋਹੀ

ਕੋਰੋਨਾ ਕਾਲ ਤੋਂ ਬਾਅਦ ਕਿਹੋ ਜਿਹੀ ਹੋਵੇਗੀ ਦੁਨੀਆ। ਸਾਰੇ ਕਹਿ ਰਹੇ ਹਨ ਕਿ ਦੁਨੀਆ ਬਦਲ ਜਾਵੇਗੀ ਪਰ ਇਹ ਤਾਂ ਸਾਰੇ ਹੁਣ ਤੋਂ ਮਹਿਸੂਸ ਕਰ ਰਹੇ ਹਨ। ਅਸਲੀ ਸਵਾਲ ਹੈ ਕਿ ਦੁਨੀਆ ਸੁਧਰ ਜਾਵੇਗੀ ਜਾਂ ਵਿਗੜ ਜਾਵੇਗੀ। ਦੁਨੀਆ ’ਚ ਕੌਮੀ ਪੱਧਰ ’ਤੇ ਵੱਖਵਾਦ ਵਧੇਗਾ ਜਾਂ ਦੁਨੀਆ ਇਕਜੁੱਟ ਹੋ ਜਾਵੇਗੀ। ਦੇਸ਼ ਨੇੜੇ ਆਉਣਗੇ ਜਾਂ ਦੂਰ ਹੋ ਜਾਣਗੇ। ਸਰਪ੍ਰਸਤਵਾਦ ’ਤੇ ਜ਼ੋਰ ਹੋਵੇਗਾ ਜਾਂ ਦੁਨੀਆ ਖੁੱਲ੍ਹ ਜਾਵੇਗੀ। ਦੇਸ਼ਾਂ ਨੂੰ ਇਕ-ਦੂਜੇ ਦੇ ਸਾਥ ਦੀ ਲੋੜ ਪਵੇਗੀ ਜਾਂ ਇੰਝ ਕਿਹਾ ਜਾਵੇ ਪ੍ਰਧਾਨ ਮੰਤਰੀ ਮੋਦੀ ਦੀ ਤਰਜ਼ ’ਤੇ ਕਿ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’ ਦੇ ਆਧਾਰ ’ਤੇ ਦੁਨੀਆ ਅੱਗੇ ਵਧੇਗੀ ਜਾਂ ਆਪਸ ’ਚ ਖੁੰਦਕਾਂ ਕੱਢਣ ’ਚ ਸਮਾਂ ਲੰਘੇਗਾ। ਕੁਝ ਲੋਕ ਇਹ ਵੀ ਸਵਾਲ ਉਠਾ ਰਹੇ ਹਨ ਕਿ ਨਾਗਰਿਕਾਂ ਦਾ ਸਸ਼ਕਤੀਕਰਨ ਵਧੇਗਾ ਜਾਂ ਆਰਟੀਫੀਸ਼ੀਅਲ ਸਰਵਿਲਾਂਸ ਦੇ ਨਾਂ ’ਤੇ ਸਰਕਾਰਾਂ ਨਾਗਰਿਕਾਂ ਦੇ ਬੈੱਡਰੂਮ ਤਕ ਪਹੁੰਚ ਜਾਣਗੀਅਾਂ। ਇਹ ਕੁਝ ਸਵਾਲ ਹਨ ਜੋ ਕੋਰੋਨਾ ਦਾ ਟੀਕਾ ਆਉਣ ਦੇ ਨਾਲ ਹੀ ਫਿਰ ਤੇਜ਼ੀ ਨਾਲ ਉੱਠਣ ਲੱਗੇ ਹਨ, ਬਹਿਸ ਦਾ ਵਿਸ਼ਾ ਬਣਨ ਲੱਗੇ ਹਨ।

ਸੰਯੁਕਤ ਰਾਸ਼ਟਰ ਸੰਘ ਦਾ ਦਾਅਵਾ ਹੈ ਕਿ ਕੋਰੋਨਾ ਕਾਰਨ 20 ਕਰੋੜ ਤੋਂ ਜ਼ਿਆਦਾ ਲੋਕ ਬਹੁਤ ਜ਼ਿਆਦਾ ਗਰੀਬ ਹੋ ਜਾਣਗੇ। ਇਸ ’ਚ ਭਾਰਤ ਦੇ 2 ਕਰੋੜ ਤਕ ਲੋਕ ਗਰੀਬੀ ਰੇਖਾ ਦੀ ਹੱਦ ਤੋਂ ਹੇਠਾਂ ਆ ਸਕਦੇ ਹਨ। ਪਿਛਲੇ 15 ਸਾਲਾਂ ’ਚ ਭਾਰਤ ਨੇ ਗਰੀਬੀ ਹਟਾਓ ਦੀ ਦਿਸ਼ਾ ’ਚ ਬਹੁਤ ਕੰਮ ਕੀਤਾ ਹੈ। ਦਾਅਵਾ ਹੈ ਕਿ 7 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਗਰੀਬੀ ਦੀ ਰੇਖਾ ਤੋਂ ਉਠਾਇਆ ਗਿਆ ਹੈ ਪਰ ਕੋਰੋਨਾ ਕਾਲ ’ਚ ਭਾਰਤੀ ਅਰਥਵਿਵਸਥਾ ਮਾਈਨਸ ’ਚ ਚਲੀ ਗਈ (-24 ਫੀਸਦੀ ਪਹਿਲੀ ਤਿਮਾਹੀ ’ਚ ਅਤੇ -7.5 ਫੀਸਦੀ ਦੂਜੀ ਤਿਮਾਹੀ ’ਚ)। ਜਾਣਕਾਰਾਂ ਦਾ ਕਹਿਣਾ ਹੈ ਕਿ ਪੂਰੇ ਸਾਲ ਦੀ ਵਿਕਾਸ ਦਰ ਵੀ ਮਾਈਨਸ ’ਚ ਰਹਿ ਸਕਦੀ ਹੈ। ਕੋਰੋਨਾ ਕਾਲ ’ਚ ਭਾਰਤ ’ਚ ਕਰੋੜਾਂ ਲੋਕਾਂ ਦੀਅਾਂ ਨੌਕਰੀਅਾਂ ਜਾ ਚੁੱਕੀਅਾਂ ਹਨ। ਇਨ੍ਹਾਂ ’ਚੋਂ ਬਹੁਤਿਅਾਂ ਨੂੰ ਰੋਜ਼ਗਾਰ ਮਿਲਿਆ ਹੈ ਪਰ ਕਰੋੜਾਂ ਅਜੇ ਵੀ ਹਾਸ਼ੀਏ ’ਤੇ ਹੀ ਹਨ। ਭਾਰਤ ਦੇ ਨਾਲ-ਨਾਲ ਹੋਰ ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਦਾ ਵੀ ਇਹੀ ਹਾਲ ਹੋ ਸਕਦਾ ਹੈ।

ਕਿਹਾ ਜਾ ਰਿਹਾ ਹੈ ਕਿ ਜਿਥੇ-ਜਿਥੇ ਤਾਨਾਸ਼ਾਹੀ ਰਾਜ ਹੈ ਉਥੇ-ਉਥੇ ਲੋਕਾਂ ਦੀਅਾਂ ਤਕਲੀਫਾਂ ਬਹੁਤ ਜ਼ਿਆਦਾ ਵਧੀਅਾਂ ਹਨ। ਤਾਨਾਸ਼ਾਹਾਂ ਨੇ ਵੀ ਸੱਤਾ ’ਤੇ ਆਪਣੀ ਪਕੜ ਨੂੰ ਮਜ਼ਬੂਤ ਬਣਾਉਣ ਲਈ ਕੋਰੋਨਾ ਦਾ ਫਾਇਦਾ ਉਠਾਇਆ ਹੈ ਪਰ ਇਸ ਤੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਕੋਰੋਨਾ ਤੋਂ ਬਾਅਦ ਤਾਨਾਸ਼ਾਹਾਂ ਦੀ ਭੂਮਿਕਾ ਵਧ ਸਕਦੀ ਹੈ। ਜਿਥੇ-ਜਿਥੇ ਤਾਨਾਸ਼ਾਹ ਨਹੀਂ ਹਨ ਉਥੇ-ਉਥੇ ਵੀ ਸੱਤਾਧਾਰੀ ਆਪਣੀ ਪਕੜ ਮਜ਼ਬੂਤ ਕਰਨ ਲਈ ਲੋਕਤੰਤਰੀ ਕਦਰਾਂ-ਕੀਮਤਾਂ ਦੀ ਹੱਤਿਆ ਕਰਨ ’ਚ ਲੱਗੇ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਕਾਲ ’ਚ ਸਰਕਾਰਾਂ ਹੋਰ ਜ਼ਿਆਦਾ ਬੇਲਗਾਮ ਹੋਈਅਾਂ ਹਨ। ਸੂਬਿਅਾਂ ਦੀ ਭੂਮਿਕਾ ਘਟਾਈ ਗਈ ਹੈ। ਸਰਕਾਰਾਂ ਨੇ ਆਪਣੀ ਮਰਜ਼ੀ ਨਾਲ ਵਾਇਰਸ ਦੀ ਆੜ ’ਚ ਸਖਤ ਅਤੇ ਇਕਪਾਸੜ ਫੈਸਲੇ ਲੈਣੇ ਸ਼ੁਰੂ ਕੀਤੇ ਹਨ। ਇਸ ਕਾਰਨ ਵੀ ਗਰੀਬਾਂ ਦੀ ਗਿਣਤੀ ’ਚ ਅੱਗੇ ਚੱਲ ਕੇ ਹੋਰ ਜ਼ਿਆਦਾ ਵਾਧਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਹੋਟਲ-ਰੈਸਟੋਰੈਂਟ ਬੰਦ ਹੋਣ ਨਾਲ ਜ਼ੰਕ ਫੂਡ ਖਾਣ ਦੀ ਆਦਤ ’ਚ ਕਮੀ ਆਈ ਹੈ। ਇਸ ਨਾਲ ਮੋਟਾਪਾ ਅਤੇ ਇਸ ਨਾਲ ਜੁੜੀਅਾਂ ਬੀਮਾਰੀਅਾਂ ’ਚ ਕਮੀ ਆਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਇਹ ਸਿਲਸਿਲਾ ਬਣਿਆ ਤਾਂ ਲੋਕਾਂ ਦਾ ਭਲਾ ਹੀ ਹੋਵੇਗਾ। ਲੋਕ ਪਰਿਵਾਰ ਨਾਲ ਸਮਾਂ ਬਿਤਾਉਣ ਲੱਗੇ ਹਨ। ਪੂਰਾ ਪਰਿਵਾਰ ਇਕੱਠਿਅਾਂ ਜ਼ਿਆਦਾ ਸਮਾਂ ਬਿਤਾਉਣ ਲੱਗਾ ਹੈ। ਪਰਿਵਾਰ ਅਤੇ ਪਰਿਵਾਰਕ ਨੇੜੇ ਦੇ ਦੋਸਤਾਂ ਨੂੰ ਜ਼ਿਆਦਾ ਸਮਝਣ ਲੱਗਾ ਹੈ। ਹਾਲਾਂਕਿ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਜ਼ਿਆਦਾ ਸਮਾਂ ਘਰ ’ਚ ਬਿਤਾਉਣ ਨਾਲ ਆਪਸ ’ਚ ਪਤੀ-ਪਤਨੀ ਦੇ ਝਗੜੇ ਵੀ ਵਧੇ ਹਨ ਅਤੇ ਤਲਾਕ ਦੇ ਮਾਮਲਿਅਾਂ ’ਚ ਵੀ ਤੇਜ਼ੀ ਆਈ ਹੈ ਪਰ ਕੁਲ ਮਿਲਾ ਕੇ ਪਰਿਵਾਰ ਜ਼ਿਆਦਾ ਨੇੜੇ ਆਏ ਹਨ। ਇਹ ਕੋਰੋਨਾ ਕਾਲ ਦੀ ਸਭ ਤੋਂ ਵੱਡੀ ਦੇਣ ਕਹੀ ਜਾ ਸਕਦੀ ਹੈ ਜਿਥੇ ਲੋਕ ਇਕ-ਦੂਜੇ ਦੀ ਲੋੜ ਮਹਿਸੂਸ ਕਰਨ ਲੱਗੇ ਹਨ। ਬਜ਼ੁਰਗਾਂ ਦੀ ਚਿੰਤਾ ਕਰਨ ਲੱਗੇ ਹਨ। ਅਮਰੀਕਾ ’ਚ ਤਾਂ ਪਤਾ ਲੱਗਾ ਹੈ ਕਿ ਕੋਰੋਨਾ ਕਾਲ ’ਚ ਬੱਚਿਅਾਂ ਨੇ ਮਾਂ-ਬਾਪ ਨਾਲ ਅਤੇ ਮਾਪਿਅਾਂ ਨੇ ਬੱਚਿਅਾਂ ਨਾਲ ਜ਼ਿਆਦਾ ਸਮਾਂ ਟੈਲੀਫੋਨ ’ਤੇ ਗੱਲਬਾਤ ਕੀਤੀ। ਜ਼ਿਆਦਾ ਵਾਰ ਇਕ-ਦੂਜੇ ਦਾ ਹਾਲ-ਚਾਲ ਪੁੱਛਿਆ। ਇਕ-ਦੂਜੇ ਨੂੰ ਕੋਰੋਨਾ ਤੋਂ ਸਾਵਧਾਨ ਰਹਿਣ ਦੇ ਗੁਰ ਦੱਸੇ ਅਤੇ ਜ਼ਰੂਰੀ ਹਦਾਇਤਾਂ ਦਿੱਤੀਅਾਂ।

ਇਜ਼ਰਾਈਲ ਦੇ ਲੇਖਕ ਯੁਵਾਲ ਨੋਆ ਹਰਾਰੀ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਮਹਾਮਾਰੀ ਦੇ ਕਾਰਨ ਨਾਗਰਿਕਾਂ ਦੇ ਘਰ ’ਚ ਦਾਖਲ ਹੋ ਕੇ ਉਨ੍ਹਾਂ ਦੀ ਜਾਸੂਸੀ ਕਰਨ ਦਾ, ਉਨ੍ਹਾਂ ਦੀਅਾਂ ਸਾਰੀਅਾਂ ਖੁਫੀਆ ਜਾਣਕਾਰੀਅਾਂ ਹਾਸਲ ਕਰਨ ਦਾ ਮੌਕਾ ਮਿਲ ਗਿਆ ਹੈ। ਯੁਵਾਲ ਇਕ ਖਤਰਨਾਕ ਤਸਵੀਰ ਪੇਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਜੇ ਕੋਈ ਸਰਕਾਰ ਤੈਅ ਕਰਦੀ ਹੈ ਕਿ ਸਾਰੇ ਨਾਗਰਿਕਾਂ ਨੂੰ ਬਾਇਓਮੀਟ੍ਰਿਕ ਬ੍ਰੈੱਸਲੇਟ ਪਹਿਨਣਾ ਪਵੇਗਾ, ਇਸ ਦੀ ਨਿਗਰਾਨੀ ਸਰਕਾਰ ਕਰੇਗੀ। ਇਸ ਨਾਲ ਸਰਕਾਰ ਨੂੰ ਪਤਾ ਲੱਗੇਗਾ ਕਿ ਤੁਹਾਡਾ ਤਾਪਮਾਨ ਕਿੰਨਾ ਹੈ, ਦਿਲ ਦੀ ਧੜਕਣ ਦੀ ਕੀ ਹਾਲਤ ਹੈ ਆਦਿ। ਸਰਕਾਰ ਕਹੇਗੀ ਕਿ ਉਹ ਤਾਂ ਅਜਿਹਾ ਨਾਗਰਿਕਾਂ ਦੀ ਭਲਾਈ ਲਈ ਕਰ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ ਸਿਹਤ ਬਾਰੇ ਪਤਾ ਲੱਗ ਜਾਵੇਗਾ ਅਤੇ ਸਰਕਾਰ ਤੁਹਾਨੂੰ ਰਾਹਤ ਦੇ ਸਕੇਗੀ। ਇਸ ਨਾਲ ਇਨਫੈਕਸ਼ਨ ਨੂੰ ਰੋਕਿਆ ਜਾ ਸਕੇਗਾ ਪਰ ਸਰਕਾਰ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਤੁਸੀਂ ਪੂਰਾ ਦਿਨ ਕਿਥੇ-ਕਿਥੇ ਗਏ, ਕਿਸ-ਕਿਸ ਨੂੰ ਮਿਲੇ ਅਤੇ ਕੀ-ਕੀ ਕੰਮ ਕੀਤਾ। ਇਸ ਤੋਂ ਇਲਾਵਾ ਸਰਕਾਰ ਜਾਣ ਜਾਵੇਗੀ ਕਿ ਤੁਹਾਡੀਅਾਂ ਭਾਵਨਾਵਾਂ ਕੀ ਹਨ, ਤੁਸੀਂ ਟੀ. ਵੀ. ’ਤੇ ਕਿਹੜਾ ਪ੍ਰੋਗਰਾਮ ਦੇਖਣਾ ਜ਼ਿਆਦਾ ਪਸੰਦ ਕਰਦੇ ਹੋ, ਤੁਸੀਂ ਟੀ. ਵੀ. ’ਤੇ ਕਿਸ ਨੇਤਾ ਦੇ ਆਉਣ ਅਤੇ ਭਾਸ਼ਣ ਦੇਣ ’ਤੇ ਟੀ. ਵੀ. ਦੇਖਣਾ ਬੰਦ ਕਰ ਦਿੰਦੇ ਹੋ ਜਾਂ ਪੂਰਾ ਭਾਸ਼ਣ ਸੁਣਦੇ ਹੋ? ਤੁਸੀਂ ਕਿਵੇਂ ਰੀਐਕਟ ਕਰਦੇ ਹੋ? ਕਿਸੇ ਸਰਕਾਰੀ ਐਲਾਨ ’ਤੇ ਤੁਹਾਡਾ ਰਵੱਈਆ ਕੀ ਰਹਿੰਦਾ ਹੈ ਆਦਿ। ਭਾਵ ਸਰਕਾਰ ਨੂੰ ਆਸਾਨੀ ਨਾਲ ਅੰਦਾਜ਼ਾ ਹੋ ਜਾਵੇਗਾ ਕਿ ਇਸ ਨਾਲ ਚੋਣਾਂ ’ਚ ਤੁਸੀਂ ਉਸ ਨੂੰ ਦੁਬਾਰਾ ਚੁਣਨ ਜਾ ਰਹੇ ਹੋ ਜਾਂ ਨਹੀਂ। ਜੇ ਨਹੀਂ ਤਾਂ ਕਿਸ ਨੂੰ ਵੋਟ ਦੇਣ ਦਾ ਇਰਾਦਾ ਰੱਖਦੇ ਹੋ? ਇਹ ਗੱਲ ਵੀ ਸਰਕਾਰ ਨੂੰ ਪਤਾ ਲੱਗ ਜਾਵੇਗੀ। ਲੇਖਕ ਦਾ ਕਹਿਣਾ ਹੈ ਕਿ ਇਕ ਤਰ੍ਹਾਂ ਨਾਲ ਤੁਹਾਡੀ ਹਰ ਹਰਕਤ ਸਰਕਾਰ ਦੀਅਾਂ ਨਜ਼ਰਾਂ ’ਚ ਰਹੇਗੀ ਅਤੇ ਤੁਸੀਂ ਇਕ ਤਰ੍ਹਾਂ ਨਾਲ ਆਜ਼ਾਦ ਹੁੰਦੇ ਹੋਏ ਵੀ ਗੁਲਾਮ ਹੋ ਜਾਵੋਗੇ।

ਲੇਖਕ ਅੱਗੇ ਕਹਿੰਦਾ ਹੈ ਕਿ ਤੁਸੀਂ ਕਹੋਗੇ ਕਿ ਇਹ ਸਭ ਤਾਂ ਕੋਰੋਨਾ ਦਾ ਟੀਕਾ ਲੱਗਣ ਦੇ ਨਾਲ ਹੀ ਖਤਮ ਹੋ ਜਾਵੇਗਾ ਪਰ ਅਜਿਹਾ ਹੋਵੇ, ਜ਼ਰੂਰੀ ਨਹੀਂ ਹੈ। ਇਕ ਵਾਰ ਸਰਕਾਰ ਦੇ ਹੱਥ ’ਚ ਇੰਨਾ ਵੱਡਾ ਹਥਿਆਰ ਲੱਗ ਜਾਵੇਗਾ ਤਾਂ ਉਹ ਭਲਾ ਕਿਉਂ ਇਸ ਨੂੰ ਛੱਡਣਾ ਚਾਹੇਗੀ। 1948 ’ਚ ਇਜ਼ਰਾਈਲ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਪ੍ਰੈੱਸ ’ਤੇ ਸੈਂਸਰਸ਼ਿਪ ਲਗਾਈ ਗਈ, ਪੁਡਿੰਗ ਬਣਾਉਣ ਲਈ ਲੋਕਾਂ ਦੀਅਾਂ ਜ਼ਮੀਨਾਂ ਜ਼ਬਤ ਕੀਤੀਅਾਂ ਗਈਅਾਂ (ਪੁਡਿੰਗ ਦੀ ਗੱਲ ਮਜ਼ਾਕ ਨਹੀਂ ਹੈ)। 1948 ਦੀ ਜਗ੍ਹਾ ਹੁਣ 2020 ਆ ਗਿਆ ਹੈ ਪਰ ਇਜ਼ਰਾਈਲ ਨੇ ਅੱਜ ਤਕ ਅਧਿਕਾਰਤ ਤੌਰ ’ਤੇ ਕਦੇ ਐਲਾਨ ਨਹੀਂ ਕੀਤਾ ਹੈ ਕਿ ਐਮਰਜੈਂਸੀ ਖਤਮ ਹੋ ਗਈ ਹੈ। ਕਾਗਜ਼ਾਂ ’ਚ ਇਹ ਅਜੇ ਵੀ ਜਾਰੀ ਹੈ।


Bharat Thapa

Content Editor

Related News