2500 ਸਾਲ ਬਾਅਦ ਦੀ ਦੁਨੀਆ ਨੂੰ ਅਸੀਂ ਕੀ ਦੇਵਾਂਗੇ

08/05/2019 6:57:31 AM

ਵਿਨੀਤ ਨਾਰਾਇਣ 
ਮੈਂ ਜੀਵਨ ’ਚ ਪਹਿਲੀ ਵਾਰ ਯੂਨਾਨ (ਗਰੀਸ) ਆਇਆ ਹਾਂ, ਜਿਸ ਨੂੰ ਪੱਛਮੀ ਦੁਨੀਆ ਦੀ ਸੱਭਿਅਤਾ ਦਾ ਪੰਘੂੜਾ ਕਹਿੰਦੇ ਹਨ। ਇਥੇ ਅੱਜ ਵੀ 25 ਸਾਲ ਪੁਰਾਣੇ ਸੰਗਮਰਮਰ ਦੇ ਵਿਸ਼ਾਲ ਮੰਦਰ ਅਤੇ 30 ਮੀਟਰ ਦੀਆਂ ਉੱਚੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੇ ਅਵਸ਼ੇਸ਼ ਜਾਂ ਪ੍ਰਮਾਣ ਮੌਜੂਦ ਹਨ, ਜਿਨ੍ਹਾਂ ਨੂੰ ਦੇਖ ਕੇ ਪੂਰੀ ਦੁਨੀਆ ਦੇ ਲੋਕ ਹੈਰਾਨ ਹੋ ਜਾਂਦੇ ਹਨ। ਸਾਡਾ ਟੂਰਿਸਟ ਗਾਈਡ ਇਕ ਬਹੁਤ ਹੀ ਪੜ੍ਹਿਆ-ਲਿਖਿਆ ਗਾਈਡ ਹੈ, ਜਿਸ ਨੇ ਪੁਰਾਤੱਤਵ ’ਤੇ ਪੀਐੱਚ. ਡੀ. ਕੀਤੀ ਹੈ ਅਤੇ ਲੰਡਨ ਤੋਂ ਮਾਸਟਰ ਦੀ ਡਿਗਰੀ ਹਾਸਿਲ ਕੀਤੀ ਹੈ। ਉਸ ਨੇ ਸਾਨੂੰ 2 ਘੰਟਿਆਂ ’ਚ ਯੂਨਾਨ ਦਾ 3000 ਸਾਲ ਦਾ ਇਤਿਹਾਸ ਤਾਰੀਖਵਾਰ ਇੰਨਾ ਸੋਹਣਾ ਦੱਸਿਆ ਕਿ ਅਸੀਂ ਉਸ ਦੇ ਮੁਰੀਦ ਹੋ ਗਏ। ਜਦੋਂ ਅਸੀਂ ਇਨ੍ਹਾਂ ਵਿਸ਼ਾਲ ਇਮਾਰਤਾਂ ਦੇ ਖੰਡਰਾਂ ਨੂੰ ਦੇਖ ਕੇ ਹੈਰਾਨੀ ਜ਼ਾਹਿਰ ਕੀਤੀ ਤਾਂ ਉਸ ਨੇ ਪਲਟ ਕੇ ਇਕ ਅਜਿਹਾ ਸਵਾਲ ਪੁੱਛਿਆ, ਜਿਸ ਨੂੰ ਸੁਣ ਕੇ ਮੈਂ ਸੋਚ ’ਚ ਪੈ ਗਿਆ। ਉਸ ਨੇ ਕਿਹਾ, ‘‘ਇਹ ਇਮਾਰਤਾਂ ਤਾਂ 2500 ਸਾਲ ਬਾਅਦ ਵੀ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਪ੍ਰਮਾਣ ਦੇ ਰਹੀਆਂ ਹਨ ਪਰ ਕੀ ਅੱਜ ਦੀ ਦੁਨੀਆ ’ਚ ਅਸੀਂ ਕੁਝ ਅਜਿਹਾ ਛੱਡ ਕੇ ਜਾ ਰਹੇ ਹਾਂ, ਜੋ 2500 ਸਾਲ ਬਾਅਦ ਵੀ ਦੁਨੀਆ ’ਚ ਮੌਜੂਦ ਰਹੇਗਾ?’’ ਉਸ ਨੇ ਅੱਗੇ ਕਿਹਾ, ‘‘ਅਸੀਂ ਪ੍ਰਦੂਸ਼ਣ ਵਧਾ ਰਹੇ ਹਾਂ, ਪਾਣੀ, ਜ਼ਮੀਨ ਅਤੇ ਹਵਾ ਜਿੰਨੀ ਪ੍ਰਦੂਸ਼ਿਤ 50 ਸਾਲਾਂ ਵਿਚ ਹੋਈ ਹੈ, ਓਨੀ ਪਿਛਲੇ 1 ਲੱਖ ਸਾਲ ਵਿਚ ਵੀ ਨਹੀਂ ਹੋਈ ਸੀ। ਅੱਜ ਗਰੀਸ ਗਰਮੀ ਨਾਲ ਝੁਲਸ ਰਿਹਾ ਹੈ। ਸਾਡੇ ਜੰਗਲਾਂ ਵਿਚ ਅੱਗ ਲੱਗ ਰਹੀ ਹੈ, ਰੂਸ ਦੇ ਜੰਗਲਾਂ ਵਿਚ ਵੀ ਲੱਗ ਰਹੀ ਹੈ, ਕੈਲੀਫੋਰਨੀਆ ਦੇ ਜੰਗਲਾਂ ਵਿਚ ਵੀ ਲੱਗ ਰਹੀ ਹੈ। ਇਹ ਤਾਂ ਇਕ ਟ੍ਰੇਲਰ ਹੈ। ਜੇਕਰ ‘ਗਲੋਬਲ ਵਾਰਮਿੰਗ’ ਇਸੇ ਤਰ੍ਹਾਂ ਵਧਦੀ ਗਈ ਤਾਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦੇ ਗਲੇਸ਼ੀਅਰ ਅਗਲੇ 2-3 ਦਹਾਕਿਆਂ ਵਿਚ ਹੀ ਕਾਫੀ ਪਿਘਲ ਜਾਣਗੇ, ਜਿਸ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋ ਕੇ ਦੁਨੀਆ ਦੇ ਤਮਾਮ ਉਨ੍ਹਾਂ ਦੇਸ਼ਾਂ ਨੂੰ ਡੁਬੋ ਦੇਵੇਗਾ, ਜੋ ਅੱਜ ਟਾਪੂਆਂ ’ਤੇ ਵਸੇ ਹਨ।’’

ਉਸ ਨੂੰ ਸੰਸਕ੍ਰਿਤੀ ਵਿਚ ਆਈ ਗਿਰਾਵਟ ’ਤੇ ਵੀ ਬਹੁਤ ਚਿੰਤਾ ਸੀ। ਉਸ ਦਾ ਕਹਿਣਾ ਸੀ ਕਿ ਜਿਸ ਸੰਸਕ੍ਰਿਤੀ ਨੂੰ ਅੱਜ ਦੁਨੀਆ ਅਪਣਾ ਰਹੀ ਹੈ, ਇਹ ਭਕਸ਼ਕ ਸੰਸਕ੍ਰਿਤੀ ਹੈ, ਜੋ ਭਵਿੱਖ ’ਚ ਸਾਨੂੰ ਨਿਗਲ ਜਾਵੇਗੀ।

ਦੁਨੀਆ ਦੇ ਸਭ ਤੋਂ ਪੁਰਾਣੇ ਇਤਿਹਾਸਿਕ ਸੰਸਕ੍ਰਿਤਕ ਕੇਂਦਰ ਏਥਨਜ਼ ਸ਼ਹਿਰ ਦਾ ਇਹ ਟੂਰਿਸਟ ਗਾਈਡ ਹਰ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਘੁਮਾਉਂਦਾ ਹੈ ਅਤੇ ਇਸ ਲਈ ਇਸ ਤਰ੍ਹਾਂ ਦੀ ਗੱਲਬਾਤ ਦੁਨੀਆ ਭਰ ਦੇ ਲੋਕਾਂ ਨਾਲ ਕਰਦਾ ਹੈ। ਜ਼ਾਹਿਰ ਹੈ ਕਿ ਦੁਨੀਆ ਦੇ ਹਰ ਹਿੱਸੇ ’ਚ ਵਿਚਾਰਵਾਨ ਲੋਕਾਂ ਦੀ ਸੋਚ ਇਸ ਟੂਰਿਸਟ ਗਾਈਡ ਦੀ ਸੋਚ ਨਾਲ ਬਹੁਤ ਮਿਲਦੀ ਹੈ ਪਰ ਸਵਾਲ ਹੈ ਕਿ ਸਭ ਕੁਝ ਜਾਣਦੇ-ਬੁੱਝਦੇ ਹੋਏ ਵੀ ਅਸੀਂ ਇੰਨਾ ਆਤਮਘਾਤੀ ਜੀਵਨ ਕਿਉਂ ਜੀਅ ਰਹੇ ਹਾਂ? ਜਵਾਬ ਆਸਾਨ ਹੈ। ਕਿਸੇ ਦੇਸ਼ ’ਚ ਸਹੀ ਸੋਚਣ ਵਾਲੇ ਮੁੱਠੀ ਭਰ ਲੋਕ ਹੁੰਦੇ ਹਨ। ਜ਼ਿਆਦਾਤਰ ਲੋਕ ਭੇਡਾਂ ਵਾਂਗ ਤਾਕਤਵਰ ਜਾਂ ਪੈਸੇ ਵਾਲੇ ਲੋਕਾਂ ਦੇ ਪਿੱਛੇ ਲੱਗਦੇ ਹਨ। ਹੁਣ ਉਹ ਤਾਕਤ ਜਿਸ ਦੇ ਕੋਲ ਹੋਵੇਗੀ, ਉਹ ਆਪਣੀ ਮਰਜ਼ੀ ਨਾਲ ਦੁਨੀਆ ਦਾ ਨਕਸ਼ਾ ਬਣਾਏਗਾ। ਫਿਰ ਉਹ ਚਾਹੇ ਰਾਜਸੱਤਾ ਦੇ ਸਿਖਰ ’ਤੇ ਬੈਠਾ ਵਿਅਕਤੀ ਹੋਵੇ ਜਾਂ ਫਿਰ ਕੁਬੇਰ ਦੇ ਖਜ਼ਾਨੇ ’ਤੇ ਬੈਠਾ ਹੋਇਆ। ਦੋਹਾਂ ਦੀ ਹੀ ਸੋਚ ਸਮਾਜ ਤੋਂ ਬਿਲਕੁਲ ਕੱਟੀ ਹੋਈ ਜਾਂ ਇੰਝ ਕਹੀਏ ਕਿ ਜਨਹਿੱਤ ਦੇ ਮੁੱਦਿਆਂ ਤੋਂ ਹਟੀ ਹੋਈ ਹੁੰਦੀ ਹੈ। ਇਸ ਲਈ ਉਹ ਇਕ ਤੋਂ ਇਕ ਵਾਹਯਾਤ ਅਤੇ ਫਜ਼ੂਲਖਰਚੀ ਵਾਲੀਆਂ ਯੋਜਨਾਵਾਂ ਲੈ ਕੇ ਆਉਂਦੇ ਹਨ। ਭਾਵੇਂ ਉਸ ਨਾਲ ਦੇਸ਼ ਦੇ ਕੁਦਰਤੀ ਜਾਂ ਆਰਥਿਕ ਸਾਧਨਾਂ ਦੀ ਵਰਤੋਂ ਹੋਵੇ ਜਾਂ ਸਮਾਜ ’ਚ ਜ਼ਹਿਰ ਫੈਲੇ, ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।

ਗਰੀਸ ਦਾ ਇਤਿਹਾਸ ਦੁਨੀਆ ਦੇ ਤਮਾਮ ਦੂਜੇ ਦੇਸ਼ਾਂ ਵਾਂਗ ਹੈ, ਜਿਥੇ ਸੱਤਾਧਾਰੀਆਂ ਨੇ ਜਾਂ ਹਮਲਾਵਰਾਂ ਨੇ ਵਾਰ-ਵਾਰ ਤਬਾਹੀ ਮਚਾਈ ਅਤੇ ਸਭ ਕੁਝ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਹ ਤਾਂ ਆਮ ਆਦਮੀ ਦੀ ਹਿੰਮਤ ਹੈ ਕਿ ਉਹ ਵਾਰ-ਵਾਰ ਅਜਿਹੇ ਤੂਫਾਨ ਸਹਿ ਕੇ ਵੀ ਉੱਠ ਖੜ੍ਹਾ ਹੁੰਦਾ ਹੈ ਅਤੇ ਤਿਣਕੇ-ਤਿਣਕੇ ਇਕੱਠੇ ਕਰ ਕੇ ਆਪਣਾ ਆਸ਼ਿਆਨਾ ਫਿਰ ਬਣਾ ਲੈਂਦਾ ਹੈ। ਪਿਛਲੀਆਂ ਸਦੀਆਂ ਵਿਚ ਜੋ ਨੁਕਸਾਨ ਹੋਇਆ, ਉਸ ਵਿਚ ਜਨ-ਧਨ ਦਾ ਹੀ ਨੁਕਸਾਨ ਹੋਇਆ ਪਰ ਹੁਣ ਜੋ ਪਸ਼ੂ ਬਿਰਤੀ ਦੇ ਸਤਾਏ ਹਨ, ਉਹ ਲੱਗਭਗ ਦੁਨੀਆ ਦੇ ਹਰ ਦੇਸ਼ ਵਿਚ ਹਨ। ਅਜਿਹੀ ਤਬਾਹੀ ਮਚ ਰਹੀ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਡੂੰਘਾਈ ਤਕ ਮਹਿਸੂਸ ਕਰਨਗੀਆਂ ਪਰ ਉਸ ਤੋਂ ਉੱਭਰਨ ਲਈ ਉਨ੍ਹਾਂ ਕੋਲ ਬਹੁਤੇ ਬਦਲ ਨਹੀਂ ਬਚਣਗੇ।

ਜਲਵਾਯੂ ਤਬਦੀਲੀ ਦੇ ਸਿਖਰ ਸੰਮੇਲਨ ’ਚ ਫਰਾਂਸ ਵਿਚ ਦੁਨੀਆ ਭਰ ਦੇ ਰਾਸ਼ਟਰ ਮੁਖੀ ਇਕੱਠੇ ਹੋਏ ਅਤੇ ਸਭ ਨੇ ‘ਗਲੋਬਲ ਵਾਰਮਿੰਗ’ ਉੱਤੇ ਚਿੰਤਾ ਜਤਾਈ ਅਤੇ ਗੰਭੀਰ ਯਤਨ ਕਰਨ ਦੇ ਐਲਾਨ ਕੀਤੇ ਪਰ ਆਪਣੇ ਦੇਸ਼ ਵਿਚ ਜਾ ਕੇ ਮੁੱਕਰ ਗਏ, ਜਿਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੈਰਿਸ ’ਚ ਕੁਝ ਕਿਹਾ ਅਤੇ ਵਾਸ਼ਿੰਗਟਨ ਵਿਚ ਜਾ ਕੇ ਕੁਝ ਹੋਰ ਬੋਲੇ। ਰਾਸ਼ਟਰ ਮੁਖੀਆਂ ਦੀ ਇਹ ਦੋਹਰੀ ਨੀਤੀ ਸਮਾਜ ਅਤੇ ਚੌਗਿਰਦੇ ਲਈ ਘਾਤਕ ਸਿੱਧ ਹੋ ਰਹੀ ਹੈ। ਸੂਚਨਾ ਇਨਕਲਾਬ ਦੇ ਇਸ ਯੁੱਗ ’ਚ ਹਰ ਦੇਸ਼ ਦੀ ਜਾਗਰੂਕ ਜਨਤਾ ਨੂੰ ਇਸ ਨਕਾਰਾਤਮਕ ਪ੍ਰਵਿਰਤੀ ਦੇ ਵਿਰੁੱਧ ਮਿਲ ਕੇ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਆਪਣੇ ਜੀਵਨ ’ਚ ਅਜਿਹਾ ਬਦਲਾਅ ਲਿਆਉਣਾ ਚਾਹੀਦਾ ਹੈ ਕਿ ਅਸੀਂ ਕੁਦਰਤ ਦੀ ਹੱਦੋਂ ਵੱਧ ਗਲਤ ਵਰਤੋਂ ਨਾ ਕਰ ਕੇ ਉਸ ਨਾਲ ਸੰਤੁਲਨ ’ਚ ਜਿਊਣਾ ਸਿੱਖੀਏ, ਤਾਂ ਹੀ ਸਾਡੀਆਂ ਭਵਿੱਖੀ ਪੀੜ੍ਹੀਆਂ ਦਾ ਜੀਵਨ ਸੁਧਰ ਸਕੇਗਾ।

(www.vineetnarain.net)
 


Bharat Thapa

Content Editor

Related News