ਬੇਭਰੋਸਗੀ ਮਤੇ ਨਾਲ ਕੀ ਹਾਸਲ ਹੋਇਆ

08/25/2023 3:54:09 PM

ਦੇਸ਼ ਦੇ ਪ੍ਰਮੁੱਖ ਵਿਰੋਧੀ ਦਲਾਂ ਦਾ ਇਕ ਸਮੂਹ ‘ਇੰਡੀਆ’ ਪੂਰੀ ਤਰ੍ਹਾਂ ਨਾਲ ਨਰਿੰਦਰ ਮੋਦੀ ਸਰਕਾਰ ਵਿਰੁੱਧ ‘ਬੇਭਰੋਸਗੀ’ ਮਤਾ ਲੈ ਕੇ ਆਇਆ। ਇਹ ਜਾਣਦੇ ਹੋਏ ਵੀ ਕਿ ਇਸ ਦਾ ਅਸਫਲ ਹੋਣਾ ਨਿਸ਼ਚਿਤ ਸੀ। ‘ਇੰਡੀਆ’ ਜਾਣਦਾ ਸੀ ਕਿ ਲੋਕ ਸਭਾ ’ਚ ਬੇਭਰੋਸਗੀ ਮਤਾ ਢੇਰ ਹੋ ਜਾਵੇਗਾ, ਫਿਰ ਵੀ ਇਸ ਨੇ ਮਤਾ ਪੇਸ਼ ਕੀਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਮੋਦੀ ਮਣੀਪੁਰ ’ਤੇ ਬੋਲਣ।

ਯਕੀਨੀ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਇਕ ਘੁੰਮਦੀ ਹੋਈ ਪਿੱਚ ’ਤੇ ਖੜ੍ਹੇ ਸਨ। ਵੱਖ-ਵੱਖ ਪਾਰਟੀਆਂ ਜਿਨ੍ਹਾਂ ਨੇ ‘ਇੰਡੀਆ’ ਦਾ ਗਠਨ ਕੀਤਾ, ਉਨ੍ਹਾਂ ਲਈ ਏਕਤਾ ਅਤੇ ਸੰਕਲਪ ਦੀ ਪ੍ਰੀਖਿਆ ਹੋਵੇਗੀ। ਇਹ ਪਹਿਲੇ 2 ਮੋਰਚਿਆਂ ’ਤੇ ਅਸਫਲ ਰਿਹਾ। ਹੇਠਲੇ ਸਦਨ ’ਚ ਬਹਿਸ ਹਲਕੀ-ਫੁਲਕੀ ਰਹੀ। ਇਹ ਬਹਿਸ ਕਦੀ ਵੀ ਸਪੱਸ਼ਟ ਉਚਾਈ ਤਕ ਨਹੀਂ ਪਹੁੰਚੀ ਜਿਸ ਦੀ ਜਨਤਾ ਸ਼ਲਾਘਾ ਕਰ ਸਕੇ।

ਜਦ ਪੰਡਿਤ ਨਹਿਰੂ, ਅਟਲ ਬਿਹਾਰੀ ਵਾਜਪਾਈ, ਨਾਥਪਈ ਜਾਂ ਇੰਦਰਜੀਤ ਗੁਪਤਾ ਬੋਲਦੇ ਸਨ ਤਾਂ ਅਸੀਂ ਹਮੇਸ਼ਾ ਮੰਤਰਮੁਗਧ ਰਹਿੰਦੇ ਸਾਂ। ਅਸੀਂ ਭਾਸ਼ਣ ਦੇ ਸਮਾਨ ਮਿਆਰ ਦੀ ਆਸ ਨਹੀਂ ਕਰਦੇ ਅਤੇ ਮੌਜੂਦਾ ਸੰਸਦ ਮੈਂਬਰਾਂ ਦੇ ਸਮੂਹ ਤੋਂ ਸਪੱਸ਼ਟਤਾ ਚਾਹੁੰਦੇ ਹਾਂ ਪਰ ਅਸੀਂ ਇਸ ਬਾਰੇ ਗਿਆਨਵਾਨ ਹੋਣ ਦੀ ਆਸ ਕਰਦੇ ਹਾਂ। ਗੌਰਵ ਗੋਗੋਈ ਨੂੰ ਛੱਡ ਕੇ ਜਿਨ੍ਹਾਂ ਨੇ ‘ਇੰਡੀਆ’ ਵੱਲੋਂ ਚਰਚਾ ਸ਼ੁਰੂ ਕੀਤੀ, ਨੂੰ ਛੱਡ ਕੇ ਹੋਰ ਬੁਲਾਰਿਆਂ ਨੇ ਨਿਰਾਸ਼ ਹੀ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿਆਰੀ ਕਰ ਕੇ ਆਏ ਸਨ। ਰਾਹੁਲ ਗਾਂਧੀ ਜੋ ਕਿ ਇਕ ਸੰਸਦ ਮੈਂਬਰ ਵਜੋਂ ਫਿਰ ਤੋਂ ਆਪਣਾ ਸਥਾਨ ਹਾਸਲ ਕਰ ਸਕੇ ਹਨ, ਅਸੀਂ ਉਨ੍ਹਾਂ ਕੋਲੋਂ ਕੁਝ ਆਤਿਸ਼ਬਾਜ਼ੀ ਦੀ ਆਸ ਕਰ ਰਹੇ ਸੀ। ਪ੍ਰਧਾਨ ਮੰਤਰੀ ਵੱਲੋਂ ਬਹਿਸ ਦਾ ਬਹੁਤ ਜ਼ਿਆਦਾ ਉਡੀਕਿਆ ਗਿਆ ਜਵਾਬ ਨਹੀਂ ਆਇਆ। ਹਾਲਾਂਕਿ ਉਨ੍ਹਾਂ ਵੱਲੋਂ ਦਿੱਤੇ ਗਏ ਕਈ ਭਾਸ਼ਣਾਂ ਨੂੰ ਆਤਮਵਿਸ਼ਵਾਸ ਨਾਲ ਦੇਖਿਆ ਜਾ ਸਕਦਾ ਹੈ।

ਰਾਹੁਲ ਗਾਂਧੀ ਕੋਲ ਫੁੱਟਪਾਊ ਨਫਰਤ ਲਈ ਸਰਕਾਰ ਦੀ ਆਲੋਚਨਾ ਕਰਨ ਦਾ ਇਕ ਸ਼ਾਨਦਾਰ ਮੌਕਾ ਸੀ। ਇਕ ਅਜਿਹੀ ਸਿਆਸਤ ਜੋ ਦੇਸ਼ ’ਚ ਡਰ, ਫੁੱਟ ਅਤੇ ਕਲੇਸ਼ ਫੈਲਾਅ ਰਹੀ ਹੈ।

ਸਾਡੀ ਮੌਜੂਦਾ ਸਿਆਸਤ ਦੀ ਇਸ ਇਕ ਪ੍ਰਮੁੱਖ ਵਿਸ਼ੇਸ਼ਤਾ ਨੂੰ ਰਾਹੁਲ ਬੁਰੀ ਤਰ੍ਹਾਂ ਨਾਲ ਉਜਾਗਰ ਕਰਨ ’ਚ ਅਸਫਲ ਰਹੇ। ਅਜਿਹਾ ਲੱਗਾ ਕਿ ਉਹ ਬਿਨਾਂ ਤਿਆਰੀ ਦੇ ਬੋਲੇ। ਇਹੀ ਗੱਲ ਪ੍ਰਧਾਨ ਮੰਤਰੀ ਨਾਲ ਵੀ ਦੇਖੀ ਗਈ। ਉਹ ਇਕ ਸ਼ਾਨਦਾਰ ਬੁਲਾਰੇ ਹਨ ਜਿਨ੍ਹਾਂ ਨੂੰ ਅਸੀਂ ਪੂਰੇ ਦਿਨ ਟੀ. ਵੀ. ’ਤੇ ਸੁਣਨਾ ਚਾਹੁੰਦੇ ਹਾਂ।

ਮੋਦੀ ਮਣੀਪੁਰ ਸਮੱਸਿਆ ਦਾ ਕੋਈ ਹੱਲ ਕੱਢਣ ’ਚ ਅਸਫਲ ਰਹੇ। ਅਸੀਂ ਉਨ੍ਹਾਂ ਤੋਂ ਇਹੀ ਆਸ ਕਰ ਰਹੇ ਸੀ। ਇਸ ਦੀ ਬਜਾਏ ਉਨ੍ਹਾਂ ਨੇ ‘ਇੰਡੀਆ’ ਬਾਰੇ ਗੱਲ ਕੀਤੀ ਅਤੇ ਵਿਰੋਧੀ ਧਿਰ ਦੇ ਭਾਈਵਾਲਾਂ ਨੂੰ ਕੋਸਿਆ। ਬਿਨਾਂ ਸ਼ੱਕ ਮੋਦੀ ਜ਼ੋਰ-ਜ਼ੋਰ ਨਾਲ ਬੋਲਦੇ ਰਹੇ। ਉਨ੍ਹਾਂ ਨੇ ਵੰਸ਼ਵਾਦ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵੰਸ਼ਵਾਦ ਨੂੰ ਦਫਨਾਉਣ ਦੀ ਜ਼ਿੰਮੇਵਾਰੀ ਵੋਟਰਾਂ ’ਤੇ ਹੈ ਤਾਂ ਕਿ ਰਾਸ਼ਟਰਵਾਦ ਖੁਸ਼ਹਾਲ ਹੋਵੇ।

ਅਫਸੋਸ ਦੀ ਗੱਲ ਹੈ ਕਿ ਸੰਸਦੀ ਝੜਪਾਂ ਨੂੰ ਨਿਗੂਣੀ ਭੂਮਿਕਾ ਦਿੱਤੀ ਗਈ ਹੈ। ਲਾਲ ਕਿਲੇ ਦੀ ਫਸੀਲ ਤੋਂ ਆਜ਼ਾਦੀ ਦਿਵਸ ਦਾ ਸੰਬੋਧਨ ਜਾਂ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਦੇ ਪ੍ਰਵਚਨਾਂ ਨੇ ਵੀ ਇਹ ਸਾਬਤ ਕਰ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਉਸ ਪੱਧਰ ਦੇ ਹਰੇਕ ਸਿਆਸੀ ਆਗੂ ਨੂੰ ਆਪਣੀ ਤਾਕਤ ਦਾ ਪਤਾ ਹੋਵੇਗਾ ਕਿ ਸੱਤਾ ਹਾਸਲ ਕਰਨ ਅਤੇ ਫਿਰ ਤੋਂ ਕਾਇਮ ਰੱਖਣ ਲਈ ਉਨ੍ਹਾਂ ਸ਼ਕਤੀਆਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।

ਸਾਡੇ ਪ੍ਰਧਾਨ ਮੰਤਰੀ ਦਾ ਸਾਹਮਣਾ ਜਦੋਂ ਇਕ ਉਤਸ਼ਾਹੀ ਭੀੜ ਨਾਲ ਹੁੰਦਾ ਹੈ ਤਾਂ ਉਹ ਇਕ ਹੁਨਰਮੰਦ ਬੁਲਾਰੇ ਹੁੰਦੇ ਹਨ। ਸੰਸਦ ’ਚ ਉਨ੍ਹਾਂ ਨੇ ਵਿਰੋਧੀਆਂ ਨਾਲ ਮੁਕਾਬਲਾ ਕਰਨਾ ਹੁੰਦਾ ਹੈ। ਇਹ ਉਨ੍ਹਾਂ ਦੀ ਪਸੰਦ ਅਤੇ ਉਨ੍ਹਾਂ ਦੇ ਸੁਭਾਅ ਦੇ ਅਨੁਸਾਰ ਨਹੀਂ ਹੈ। ਪੰ. ਜਵਾਹਰ ਲਾਲ ਨਹਿਰੂ ਤੇ ਅਟਲ ਬਿਹਾਰੀ ਵਾਜਪਾਈ ਦਾ ਝੁਕਾਅ ਵੱਖ-ਵੱਖ ਸੀ। ਉਹ ਦੋਵੇਂ ਸੰਸਦੀ ਲੋਕਤੰਤਰ ’ਚ ਫਸੇ ਹੋਏ ਸਨ। ਅਜਿਹਾ ਸਿਸਟਮ ਵਿਰੋਧੀਆਂ ਅਤੇ ਆਲੋਚਕਾਂ ਨੂੰ ਥਾਂ ਦਿੰਦਾ ਹੈ।

ਲੋਕ ਸਭਾ ’ਚ ਬੇਭਰੋਸਗੀ ਮਤੇ ਦਾ ਮਕਸਦ ਸਰਕਾਰ ਦੀ ਭੁੱਲ-ਚੁੱਕ ਦੇ ਪਾਪਾਂ ਨੂੰ ਉਜਾਗਰ ਕਰਨ ਲਈ ਵਿਰੋਧੀ ਧਿਰ ਨੂੰ ਇਕ ਮੌਕਾ ਦੇਣਾ ਸੀ। ਬੇਭਰੋਸੇਗੀ ਮਤਾ ਜੁਲਾਈ ’ਚ ਲਿਆਂਦਾ ਗਿਆ। 

3 ਮਈ ਪਿੱਛੋਂ ਮਣੀਪੁਰ ’ਚ ਅਸ਼ਾਂਤੀ ਅਤੇ ਦੰਗਿਆਂ ’ਤੇ ਕਾਬੂ ਪਾਉਣ ’ਚ ਕੇਂਦਰ ਅਤੇ ਸੂਬਾ ਸਰਕਾਰ ਅਸਮਰੱਥ ਰਹੇ ਅਤੇ ਹਿੰਸਾ ਭੜਕ ਉੱਠੀ। ਮੈਤੇਈ ਅਤੇ ਕੁਕੀ ਬਸਤੀਵਾਦੀ ਕਾਲ ਤੋਂ ਹੀ ਆਹਮੋ-ਸਾਹਮਣੇ ਰਹੇ ਹਨ। ਮੈਤੇਈਆਂ ਦਾ ਕਹਿਣਾ ਹੈ ਕਿ ਕੁਕੀ ਵਿਦੇਸ਼ੀ ਹਨ ਜੋ ਬਰਮਾ (ਹੁਣ ਮਿਆਂਮਾਰ) ਤੋਂ ਆਏ ਹਨ। ਕੁਕੀਆਂ ਦਾ ਦੋਸ਼ ਹੈ ਕਿ ਮੈਤੇਈ ਲੋਕਾਂ ਦੀ ਨਜ਼ਰ ਉਨ੍ਹਾਂ ਦੀ ਭੂਮੀ ’ਤੇ ਹੈ। ਉਹ ਉਸ ਭੂਮੀ ਤਕ ਪਹੁੰਚ ਪ੍ਰਾਪਤ ਕਰਨ ਲਈ ਜਨਜਾਤੀ ਦਰਜੇ ਦਾ ਦਾਅਵਾ ਕਰਦੇ ਹਨ ਜੋ ਸ਼ਾਮਲ ਹੋ ਸਕਦੀ ਹੈ।

ਮੈਤੇਈ ਲੋਕ ਕੁਕੀਆਂ ’ਤੇ ਪਹਾੜੀਆਂ ’ਚ ਪੋਸਤ ਦੇ ਬੂਟਿਆਂ ਦੀ ਖੇਤੀ ਕਰਨ ਦਾ ਦੋਸ਼ ਲਾਉਂਦੇ ਹਨ ਜੋ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਸਰੋਤ ਹੈ ਜਦਕਿ ਕੁਕੀਆਂ ਦਾ ਕਹਿਣਾ ਹੈ ਕਿ ਨਸ਼ੀਲੀਆਂ ਦਵਾਈਆਂ ਦਾ ਵਪਾਰ ਮੈਤੇਈਆਂ ਦੇ ਸ਼ਕਤੀਸ਼ਾਲੀ ਹੱਥਾਂ ’ਚ ਹੈ ਜੋ ਡਰੱਗ ਮਾਫੀਆ ਅਤੇ ਪੋਸਤ ਦੀ ਖੇਤੀ ਨੂੰ ਹੁਲਾਰਾ ਦਿੰਦੇ ਹਨ।

ਮਿਆਂਮਾਰ ਨਾਲ ਮਣੀਪੁਰ ਦੀਆਂ ਖੁੱਲ੍ਹੀਆਂ ਸਰਹੱਦਾਂ ਹਥਿਆਰਾਂ ਦੀ ਨਾਜਾਇਜ਼ ਦਰਾਮਦ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ। ਮਣੀਪੁਰ ਪੁਲਸ ’ਤੇ ਇੰਫਾਲ ’ਚ ਆਪਣੇ ਅਸਲਾ ਘਰ ’ਤੇ ਹੱਲਾ ਬੋਲਣ ਦੀ ਇਜਾਜ਼ਤ ਦੇਣ ਦਾ ਦੋਸ਼ ਹੈ। ਬਿਨਾਂ ਕਿਸੇ ਰੋਕ ਦੇ ਉੱਥੋਂ ਹਥਿਆਰ ਅਤੇ ਗੋਲਾ-ਬਾਰੂਦ ਲੁੱਟ ਲਿਆ ਗਿਆ।

ਲੋੜੀਂਦੇ ਗੋਲਾ-ਬਾਰੂਦ ਨਾਲ ਲੁੱਟੇ ਗਏ ਹਥਿਆਰ ਹੁਣ ਮੈਤੇਈਆਂ ਦੇ ਹੱਥਾਂ ’ਚ ਹਨ। ਇਨ੍ਹਾਂ ਲੁੱਟੇ ਗਏ ਹਥਿਆਰਾਂ ਨੂੰ ਬਰਾਮਦ ਕਰਨ ਦੇ ਯਤਨ ਅੱਧੇ-ਅਧੂਰੇ ਮਨ ਨਾਲ ਕੀਤੇ ਗਏ। ਇਹ ਹਥਿਆਰ ਅਜੇ ਵੀ ਇਧਰ-ਓਧਰ ਤੈਰ ਰਹੇ ਹਨ। ਅਖੀਰ ਸ਼ਾਂਤੀ ਬਹਾਲ ਹੋਣ ਪਿੱਛੋਂ ਵੀ ਇਸ ਨਾਲ ਜਨਤਾ ਲਈ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਹਿੰਸਾ ਦੇ ਇੱਕਾ-ਦੁੱਕਾ ਮਾਮਲੇ ਮਣੀਪੁਰ ਸੂਬੇ ਨੂੰ ਪ੍ਰੇਸ਼ਾਨ ਕਰ ਰਹੇ ਹਨ।

ਕੇਂਦਰੀ ਲੀਡਰਸ਼ਿਪ ਨੇ ਮੁੱਖ ਮੰਤਰੀ ਦੀ ਨਿਯੁਕਤੀ ਕੀਤੀ ਹੈ ਜੋ ਉਸ ਲਈ ਇਕ ਲਗਾਤਾਰ ਆਫਤ ਸਾਬਤ ਹੋਈ। ਮੋਦੀ ਜਾਣਦੇ ਹਨ ਕਿ ਮਣੀਪੁਰ ’ਚ ਅੱਗ ਬੁਝਾਉਣੀ ਸੌਖੀ ਨਹੀਂ ਹੋਵੇਗੀ, ਇਸ ਲਈ ਉਨ੍ਹਾਂ ਨੇ ਉਡੀਕ ਕਰਨ ਦਾ ਫੈਸਲਾ ਲਿਆ ਹੈ। 2024 ’ਚ ਮੈਤੇਈ ਵੋਟ ਗੁਆਉਣ ਦੇ ਡਰ ਤੋਂ ਉਹ ਮੁੱਖ ਮੰਤਰੀ ਨਹੀਂ ਬਦਲ ਰਹੇ। 

2001 ਪਿੱਛੋਂ ਅਖਬਾਰਾਂ 'ਚ ਮੇਰੇ ਵੱਲੋਂ ਲਿਖੇ ਲੇਖਾਂ ਦਾ ਇਕ ਸੰਗ੍ਰਹਿ ਯੋਡਾ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਮੇਰੀ ਪੋਤੀ ਵੱਲੋਂ ਚੁਣੇ ਗਏ ਸਿਰਫ 50 ਲੇਖਾਂ ਨੂੰ 'ਹੋਮ ਫਾਰ ਸੈਨਿਟੀ' ਨਾਂ ਦੀ ਕਿਤਾਬ 'ਚ ਸ਼ਾਮਲ ਕੀਤਾ ਗਿਆ ਹੈ। 

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


Rakesh

Content Editor

Related News