ਜੋ ਅਮਰੀਕਾ ’ਚ ਹੋਇਆ ਉਹ ਭਾਰਤ ’ਚ ਕਿਉਂ ਨਹੀਂ ਹੋਵੇਗਾ
Friday, Jan 08, 2021 - 02:57 AM (IST)

ਆਸ਼ੂਤੋਸ਼
ਆਖਿਰ ਅਮਰੀਕਾ ’ਚ ਉਹ ਹੋ ਹੀ ਗਿਆ, ਜਿਸ ਦਾ ਖਦਸ਼ਾ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੀਆਂ ਸ਼ਕਤੀਆਂ ਦੀ ਪ੍ਰਤੀਨਿਧਤਾ ਕਰ ਰਹੇ ਸਨ, ਉਨ੍ਹਾਂ ਸ਼ਕਤੀਆਂ ਨੇ ਆਪਣਾ ਅਸਲੀ, ਜ਼ਾਲਮ ਅਤੇ ਭਿਆਨਕ ਚਿਹਰਾ ਦਿਖਾ ਦਿੱਤਾ। ਟਰੰਪ ਸਮਰਥਕਾਂ ਨੇ ਅਮਰੀਕੀ ਕਾਂਗਰਸ ’ਤੇ ਹੀ ਹਮਲਾ ਕਰ ਦਿੱਤਾ। ਇਹ ਉਦੋਂ ਹੋਇਆ ਜਦੋਂ ਸੰਸਦ ਜਿਹੜੀ ਕਿ ਜੋਅ ਬਾਈਡੇਨ ਦੇ ਰਾਸ਼ਟਰਪਤੀ ਹੋਣ ਦੀ ਲੋੜੀਂਦੀ ਰਸਮ ਪੂਰੀ ਕਰਨ ਲਈ ਬੈਠੀ ਸੀ। ਖ਼ਬਰ ਲਿਖੇ ਜਾਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਸੀ, ਸੈਂਕੜੇ ਜ਼ਖ਼ਮੀ ਸਨ। ਲਗਭਗ 100 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਅਤੇ ਅਮਰੀਕਾ ’ਚ ਇਸ ਬਾਰੇ ਚਰਚਾ ਚੱਲ ਰਹੀ ਹੈ ਕਿ ਟਰੰਪ ਨੂੰ ਉਸ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਮਹਾਦੋਸ਼ ਲਗਾ ਕੇ ਹਟਾ ਦਿੱਤਾ ਜਾਵੇ।
ਅਮਰੀਕਾ ਦੇ ਇਤਿਹਾਸ ’ਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ। ਪਿਛਲੇ 200 ਸਾਲਾਂ ’ਚ ਹਾਰਨ ਵਾਲੇ ਨੇਤਾਵਾਂ ਨੇ ਇਤਰਾਜ਼ ਹਜ਼ਾਰਾਂ ਕੀਤੇ ਹੋਣ, ਅਦਾਲਤ ਦਾ ਦਰਵਾਜ਼ਾ ਖੜਕਾਇਆ ਹੋਵੇ ਪਰ ਕਦੀ ਅਜਿਹਾ ਨਹੀਂ ਹੋਇਆ ਕਿ ਕੁਰਸੀ ’ਤੇ ਬੈਠਾ ਰਾਸ਼ਟਰਪਤੀ ਚੋਣ ਪ੍ਰਕਿਰਿਆ ਨੂੰ ਲਗਾਤਾਰ ਡਿਸਕ੍ਰੈਡਿਟ ਕਰੇ ਅਤੇ ਇਹ ਮੰਨਣ ਲਈ ਤਿਆਰ ਨਾ ਹੋਵੇ ਕਿ ਉਹ ਹਾਰ ਗਿਆ ਹੈ ਅਤੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਆਪਣੇ ਸਮਰਥਕਾਂ ਨੂੰ ਸੰਸਦ ’ਤੇ ਹੀ ਹਮਲੇ ਲਈ ਉਕਸਾਵੇ। ਇਹ ਥੋੜ੍ਹਚਿਰਾ ਸੀ, ਜੋ ਹੋਇਆ ਉਹ ਸੋਚ ਤੋਂ ਪਰ੍ਹੇ ਹੈ। ਬਹੁਤ ਸਾਰੇ ਵਿਦਵਾਨਾਂ ਨੂੰ ਇਹ ਖਦਸ਼ਾ ਸੀ ਕਿ ਟਰੰਪ ਹਾਰਨ ਤੋਂ ਬਾਅਦ ਆਸਾਨੀ ਨਾਲ ਅਹੁਦਾ ਨਹੀਂ ਛੱਡਣਗੇ ਪਰ ਉਹ ਇਸ ਹੱਦ ਤਕ ਡਿੱਗ ਜਾਣਗੇ, ਇਸ ਦਾ ਖਦਸ਼ਾ ਉਨ੍ਹਾਂ ਦੇ ਦੁਸ਼ਮਣਾਂ ਨੂੰ ਵੀ ਨਹੀਂ ਸੀ।
ਅਮਰੀਕਾ ’ਚ ਇਹ ਚਿੰਤਾ ਪਿਛਲੇ 6 ਮਹੀਨਿਆਂ ਤੋਂ ਪ੍ਰਗਟਾਈ ਜਾ ਰਹੀ ਸੀ ਕਿ ਟਰੰਪ ਹਾਰਨ ਤੋਂ ਬਾਅਦ ਸ਼ਾਇਦ ਗੱਦੀ ਨਾ ਛੱਡੇ। ਖੁਦ ਟਰੰਪ ਨੇ ਇਸ ਗੱਲ ਦੇ ਸਾਫ ਸੰਕੇਤ ਦਿੱਤੇ ਸਨ ਕਿ ਉਹ ਹਾਰਨ ’ਤੇ ਆਸਾਨੀ ਨਾਲ ਨਵੇਂ ਰਾਸ਼ਟਰਪਤੀ ਲਈ ਥਾਂ ਖਾਲੀ ਨਹੀਂ ਕਰਨਗੇ। ਹਜ਼ਾਰਾਂ ਲੇਖ ਇਸ ਬਾਰੇ ਲਿਖੇ ਗਏ। ਕਈ ਵਿਦਵਾਨਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਰਾਸ਼ਟਰਪਤੀ ਅਜਿਹਾ ਕਰਦੇ ਹਨ ਤਾਂ ਫਿਰ ਸੰਵਿਧਾਨ ’ਚ ਇਸ ਨਾਲ ਨਜਿੱਠਣ ਦਾ ਰਸਤਾ ਕੀ ਹੋ ਸਕਦਾ ਹੈ। ਕੀ ਫੌਜ ਨੂੰ ਸੱਦ ਕੇ ਉਨ੍ਹਾਂ ਨੂੰ ਜਬਰੀ ਹਾਊਸ ’ਚੋਂ ਕੱਢਣਾ ਪਵੇਗਾ? ਪਰ ਇਨ੍ਹਾਂ ਲੋਕਾਂ ਨੇ ਵੀ ਇਹ ਨਹੀਂ ਸਮਝਿਆ ਸੀ ਕਿ ਟਰੰਪ ਭੀੜ ਨੂੰ ਭੜਕਾ ਕੇ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਕੋਸ਼ਿਸ਼ ਕਰਨਗੇ। ਇਹ ਇਕ ਤਰ੍ਹਾਂ ਤਖਤਾ ਪਲਟਣ ਦੀ ਕੋਸ਼ਿਸ਼ ਸੀ। ਫਰਕ ਸਿਰਫ ਇੰਨਾ ਸੀ ਕਿ ਇਥੇ ਰਾਸ਼ਟਰਪਤੀ ਦੀ ਕੁਰਸੀ ’ਤੇ ਬੈਠਾ ਆਦਮੀ ਹੀ ਇਹ ਕੰਮ ਕਰ ਰਿਹਾ ਸੀ। ਆਮ ਤੌਰ ’ਤੇ ਤਖਤਾ ਪਲਟਣ ਦੀ ਕਾਰਵਾਈ ਸੱਤਾ ’ਤੇ ਬੈਠੇ ਵਿਅਕਤੀ ਦੇ ਵਿਰੁੱਧ ਹੁੰਦੀ ਹੈ।
ਸਭ ਤੋਂ ਪਹਿਲਾਂ ਤਾਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਟਰੰਪ ਵਰਗਾ ਆਦਮੀ ਅਮਰੀਕਾ ਦਾ ਰਾਸ਼ਟਰਪਤੀ ਕਿਵੇਂ ਬਣ ਜਾਂਦਾ ਹੈ? ਅਜਿਹਾ ਕਿਹੜਾ ਅਵਗੁਣ ਉਨ੍ਹਾਂ ’ਚ ਨਹੀਂ ਹੈ, ਜਿਸ ਦੀ ਨਿੰਦਾ ਨਹੀਂ ਕੀਤੀ ਜਾਣੀ ਚਾਹੀਦੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਅਮਰੀਕਾ ਦੀ ਜਨਤਾ ਨੂੰ ਉਮੀਦਵਾਰ ਤਕ ਨਹੀਂ ਬਣਨ ਦੇਣਾ ਚਾਹੀਦਾ। ਟਰੰਪ ‘ਅਮਰੀਕਾ ਫਸਟ’ ਅਤੇ ‘ਅਮਰੀਕਾ ਨੂੰ ਫਿਰ ਮਹਾਨ ਬਣਾਉਣਾ ਹੈ’ ਦੇ ਨਾਅਰੇ ’ਤੇ ਆਏ ਸਨ ਪਰ ਉਹ ਖੁਦ ਇਕ ਲੋਫਰ ਤੋਂ ਵੱਧ ਕੁਝ ਨਹੀਂ ਹਨ। ਮੁਹੱਲੇ ਦੇ ਉਚੱਕੇ ਵਾਂਗ ਉਨ੍ਹਾਂ ’ਚ ਹਰ ਉਹ ਬੁਰੀ ਆਦਤ ਹੈ, ਜਿਸ ਨੂੰ ਕੋਈ ਵੀ ਸਮਾਜ ਨਾਪਸੰਦ ਨਹੀਂ ਕਰਦਾ ਜਾਂ ਕੋਈ ਸੱਭਿਅਕ ਵਿਅਕਤੀ ਅਜਿਹੇ ਆਦਮੀ ਨੂੰ ਆਪਣੇ ਘਰ ’ਚ ਵੜਨ ਨਹੀਂ ਦਿੰਦਾ।
ਇਹ ਟਰੰਪ ਹੀ ਸੀ, ਜਿਸ ਨੂੰ ਕੈਮਰੇ ’ਤੇ ਇਹ ਕਹਿੰਦਿਆਂ ਸੁਣਿਆ ਗਿਆ ਕਿ ਕਿਵੇਂ ਔਰਤਾਂ ਮਸ਼ਹੂਰ ਆਦਮੀ ਦੇ ਜਾਲ ’ਚ ਖੁਦ ਹੀ ਫਸ ਜਾਂਦੀਆਂ ਹਨ। ਇਹ ਉਹੀ ਆਦਮੀ ਹੈ, ਜਿਸ ਨੇ ਕਾਨੂੰਨ ਦੀਅਾਂ ਖਾਮੀਆਂ ਦਾ ਫਾਇਦਾ ਉਠਾ ਕੇ ਵੱਡੇ ਪੱਧਰ ’ਤੇ ਟੈਕਸ ਦੀ ਚੋਰੀ ਕੀਤੀ। ਇਹ ਉਹੀ ਟਰੰਪ ਹਨ, ਜਿਨ੍ਹਾਂ ਟੈਕਸ ਨਾ ਦੇਣਾ ਪਵੇ, ਇਸ ਲਈ ਕਈ ਵਾਰ ਖੁਦ ਨੂੰ ਦੀਵਾਲੀਆ ਐਲਾਨ ਕਰਵਾਇਆ। ਇਹ ਉਹੀ ਟਰੰਪ ਹਨ ਜਿਨ੍ਹਾਂ ਦੇ ਹਜ਼ਾਰਾਂ ਝੂਠਾਂ ਦੀ ਲੰਬੀ ਸੂਚੀ ‘ਨਿਊਯਾਰਕ ਟਾਈਮਜ਼’ ਅਤੇ ‘ਵਾਸ਼ਿੰਗਟਨ ਪੋਸਟ’ ਵਰਗੇ ਵੱਕਾਰੀ ਅਖਬਾਰਾਂ ਨੇ ਬਣਾਈ ਹੋਈ ਹੈ। ਇਹ ਉਹੀ ਟਰੰਪ ਹਨ, ਜੋ ਮੀਡੀਆ ਨੂੰ ਸ਼ਰੇਆਮ ‘ਫੇਕ ਨਿਊਜ਼’ ਕਹਿੰਦੇ ਰਹੇ। ਇਹ ਉਹੀ ਟਰੰਪ ਹਨ ਜੋ ਸ਼ਰੇਆਮ ਮੁਸਲਮਾਨਾਂ ਅਤੇ ਲੈਟਿਨ ਅਮਰੀਕੀ ਲੋਕਾਂ ਵਿਰੁੱਧ ਨਫਰਤ ਫੈਲਾਉਣ ਤੋਂ ਨਹੀਂ ਖੁੰਝਦੇ। ਇਹ ਉਹੀ ਟਰੰਪ ਹਨ, ਜੋ ਨਸਲਵਾਦੀ ਸੰਗਠਨਾਂ ਦੀ ਆਲੋਚਨਾ ਨਹੀਂ ਕਰਦੇ। ਇਹ ਉਹੀ ਟਰੰਪ ਹਨ, ਜਿਨ੍ਹਾਂ ਨੇ ਇਕ ਅਸ਼ਵੇਤ ਨਾਗਰਿਕ ਦੀ ਪੁਲਸ ਦੇ ਹੱਥੋਂ ਮੌਤ ਹੋ ਜਾਣ ’ਤੇ ਸੜਕਾਂ ’ਤੇ ਹੋ ਰਹੇ ਰੋਸ ਵਿਖਾਵੇ ਨੂੰ ਦਰੜਨ ਲਈ ਫੌਜ ਨੂੰ ਸੱਦਾ ਦਿੱਤਾ ਸੀ ਅਤੇ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦਾ ਮਜ਼ਾਕ ਉਡਾਇਆ ਸੀ।
ਸਵਾਲ ਇਹ ਉੱਠਦਾ ਹੈ ਕਿ ਆਖਿਰ ਅਜਿਹਾ ਹੋਇਆ ਕਿਉਂ? ਹੁਣ ਤਕ ਅਮਰੀਕਾ ਦੇ ਲੋਕਤੰਤਰ ਦੀ ਦੁਨੀਆ ’ਚ ਮਿਸਾਲ ਦਿੱਤੀ ਜਾਂਦੀ ਸੀ। ਅਮਰੀਕਾ ਦੁਨੀਆ ਦੇ ਆਧੁਨਿਕ ਇਤਿਹਾਸ ਦਾ ਸਭ ਤੋਂ ਪੁਰਾਣਾ ਲੋਕਤੰਤਰ ਹੈ। 1776 ’ਚ ਅਮਰੀਕਾ ਦੇ 13 ਸੂਬਿਆਂ ਨੇ ਇਕੱਠਿਆਂ ਬ੍ਰਿਟੇਨ ਦੇ ਸ਼ਾਸਨ ਵਿਰੁੱਧ ਬਗਾਵਤ ਕੀਤੀ। ਲਗਭਗ 6 ਸਾਲ ਤਕ ਅਮਰੀਕਾ ਨੂੰ ਆਜ਼ਾਦੀ ਹਾਸਲ ਕਰਨ ਲਈ ਬ੍ਰਿਟੇਨ ਦੀ ਫੌਜ ਨਾਲ ਜੰਗ ਲੜਨੀ ਪਈ ਸੀ। ਜਾਰਜ ਵਾਸ਼ਿੰਗਟਨ ਨੇ ਇਸ ਅਮਰੀਕੀ ਫੌਜ ਦੀ ਅਗਵਾਈ ਕੀਤੀ ਸੀ ਅਤੇ ਉਹੀ ਪਹਿਲੇ ਰਾਸ਼ਟਰਪਤੀ ਵੀ ਬਣੇ। ਇਕ ਲਿਹਾਜ਼ ਨਾਲ ਅਮਰੀਕਾ ਨੂੰ ਇਕ ਆਧੁਨਿਕ ਸਮੇਂ ਦਾ ਪਹਿਲਾ ਰਿਪਬਲਿਕ ਵੀ ਕਹਿ ਸਕਦੇ ਹਾਂ। ਉਦੋਂ ਤੋਂ ਲੈ ਕੇ ਹੁਣ ਤਕ ਉਸ ਨੂੰ ਦੁਨੀਆ ਦੇ ਸਾਹਮਣੇ ਇਕ ਆਦਰਸ਼ ਵਾਂਗ ਪੇਸ਼ ਕੀਤਾ ਜਾਂਦਾ ਰਿਹਾ ਸੀ ਅਤੇ ਇਹ ਕਿਹਾ ਜਾਂਦਾ ਸੀ ਕਿ ਸਾਰੇ ਮਤਭੇਦਾਂ ਦੇ ਬਾਵਜੂਦ ਅਮਰੀਕਾ ’ਚ ਮਿਲ-ਬੈਠ ਕੇ ਆਪਸੀ ਮਤਭੇਦਾਂ ਨੂੰ ਹੱਲ ਕਰ ਲਿਆ ਜਾਂਦਾ ਹੈ ਪਰ ਟਰੰਪ ਨੇ ਇਸ ਕਹਾਵਤ ਨੂੰ ਚੂਰ-ਚੂਰ ਕਰ ਦਿੱਤਾ।
ਟਰੰਪ ਇਕੱਲਾ ਉਦਾਹਰਣ ਨਹੀਂ ਹੈ। ਦੁਨੀਆ ਦੇ ਦੂਸਰੇ ਦੇਸ਼ਾਂ ’ਚ ਵੀ ਇਸ ਤਰ੍ਹਾਂ ਦੇ ਲੋਕ ਰਾਸ਼ਟਰਮੁਖੀ ਦੀ ਕੁਰਸੀ ’ਤੇ ਬਿਰਾਜਮਾਨ ਹਨ। ਇਹ ਉਹ ਲੋਕ ਹਨ, ਜਿਹੜੇ ਲੋਕਤੰਤਰ ਰਾਹੀਂ ਸੱਤਾ ਦੀ ਚੋਟੀ ’ਤੇ ਪਹੁੰਚੇ। ਵਿਰੋਧੀਆਂ ਦੇ ਵਿਰੁੱਧ ਨਫਰਤ ਫੈਲਾਉਣੀ, ਲੋਕਾਂ ਨੂੰ ਭੜਕਾਉਣਾ ਅਜਿਹੇ ਲੋਕਾਂ ਦੀ ਰਾਜਨੀਤੀ ਦਾ ਮੂਲ ਹੈ। ‘ਸੀ. ਐੱਨ. ਐੱਨ. ਦੇ ਇਕ ਐਂਕਰ ਨੇ ਸਹੀ ਕਿਹਾ ਹੈ ਕਿ ਟਰੰਪ ਨੇ ਮਤਭੇਦ, ਜੋ ਲੋਕਤੰਤਰ ਦੀ ਮੂਲ ਆਤਮਾ ਹੈ, ਉਦ ਹੀ ਇਕ ਹਥਿਆਰ ਦੇ ਤੌਰ ’ਤੇ ਵਰਤੋਂ ਕੀਤੀ। ਵੱਖ ਵਿਚਾਰ ਜਾਂ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਦੇ ਦੁਸ਼ਮਣ ਵਾਂਗ ਪੇਸ਼ ਕੀਤਾ। ਅਜਿਹੇ ਲੋਕਾਂ ਵਿਰੁੱਧ ਹਿੰਸਾ ਅਤੇ ਨਫਰਤ ਦਾ ਵਾਤਾਵਰਣ ਬਣਾਇਆ, ਜਿਸ ਦਾ ਨਤੀਜਾ ਇਹ ਹੋਇਆ ਕਿ ਦੇਸ਼ ਦੇ ਇਕ ਤਬਕੇ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਟਰੰਪ ਇਕੱਲੇ ਆਗੂ ਹਨ, ਜਿਹੜੇ ਦੇਸ਼ ਦੇ ਹਿੱਤ ’ਚ ਕੰਮ ਕਰ ਰਹੇ ਹਨ ਅਤੇ ਇਸੇ ਲਈ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਹਨ। ਜਦੋਂ ਉਹ ਸਹੀ ਢੰਗ ਨਾਲ ਨਹੀਂ ਹਟਾ ਸਕੇ ਤਾਂ ਚੋਣਾਂ ’ਚ ਗੜਬੜ ਕਰ ਕੇ ਹਰਾ ਦਿੱਤਾ। ਇਹ ਮਾਨਸਿਕਤਾ ਕਿੰਨੀ ਖਤਰਨਾਕ ਹੈ, ਇਸ ਦਾ ਸਬੂਤ ਦੁਨੀਆ ਨੇ ਦੇਖ ਲਿਆ ਹੈ।
ਕੀ ਇਹ ਮਾਨਸਿਕਤਾ ਅੱਜ ਭਾਰਤ ’ਚ ਨਹੀਂ ਦੇਖੀ ਜਾ ਸਕਦੀ? ਕੀ ਇਹ ਸੱਚ ਨਹੀਂ ਕਿ ਸੋਸ਼ਲ ਮੀਡੀਆ ਅਤੇ ਟੀ. ਵੀ. ਦੇ ਰਾਹੀਂ ਵਿਰੋਧੀਆਂ ਅਤੇ ਘੱਟ ਗਿਣਤੀ ਤਬਕੇ ਵਿਰੁੱਧ ਨਫਰਤ ਅਤੇ ਹਿੰਸਾ ਦਾ ਮਾਹੌਲ ਬਣਾਇਆ ਜਾ ਰਿਹਾ ਹੈ? ਸ਼ਾਹੀਨ ਬਾਗ ਪ੍ਰੋਟੈਸਟ, ਕੋਰੋਨਾ ਦੇ ਸਮੇਂ ਤਬਲੀਗੀ ਜਮਾਤ ’ਤੇ ਹਮਲਾ ਅਤੇ ਹੁਣ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਦੱਸਣ ਦੀ ਕੋਸ਼ਿਸ਼, ਇਸ ਪਾਸੇ ਇਸ਼ਾਰਾ ਨਹੀਂ ਕਰਦੇ ਕਿ ਭਾਰਤ ’ਚ ਵੀ ਲਗਭਗ ਉਹੋ ਜਿਹੀ ਹੀ ਸਥਿਤੀ ਬਣਾ ਦਿੱਤੀ ਗਈ ਹੈ। ਸੱਤਾ ਨਾਲ ਸਬੰਧ ਨਾ ਰੱਖਣ ਵਾਲਿਆਂ ਨੂੰ ਦੇਸ਼ਧ੍ਰੋਹੀ ਦੱਸਣਾ, ਦੇਸ਼ ਦਾ ਦੁਸ਼ਮਣ ਕਹਿਣਾ, ਇਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ। ਅਜਿਹੇ ’ਚ ਇਸ ਖਦਸ਼ੇ ਤੋਂ ਕਿਵੇਂ ਨਾਂਹ ਕੀਤੀ ਜਾ ਸਕਦੀ ਹੈ ਕਿ ਜੋ ਕੁਝ ਅਮਰੀਕਾ ’ਚ ਹੋਇਆ, ਦੇਰ-ਸਵੇਰ ਉਹ ਸਥਿਤੀ ਭਾਰਤ ’ਚ ਨਹੀਂ ਹੋਵੇਗੀ?
ਪਰ ਇਕ ਚੀਜ਼ ’ਤੇ ਹੋਰ ਗੌਰ ਕਰਨਾ ਚਾਹੀਦਾ ਹੈ ਕਿ ਆਖਿਰ ਸਮਾਜ ਨੂੰ ਕੀ ਹੋ ਗਿਆ ਹੈ ਕਿ ਉਹ ਅਜਿਹੇ ਨੇਤਾਵਾਂ ਦੀਆਂ ਗੱਲਾਂ ’ਤੇ ਭਰੋਸਾ ਕਰਨ ਲੱਗਾ ਹੈ, ਉਨ੍ਹਾਂ ਨੂੰ ਆਪਣਾ ਨੇਤਾ ਮੰਨ ਕੇ ਮਰਨ-ਮਰਾਉਣ ਤਕ ਉਤਾਰੂ ਹੋ ਜਾਂਦਾ ਹੈ? ਕੀ ਸਮਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਕੀ ਜਨਤਾ ’ਤੇ ਪਾਗਲਪਨ ਸਵਾਰ ਹੋ ਗਿਆ ਹੈ? ਉਹ ਅਜਿਹੇ ਨੇਤਾਵਾਂ ’ਤੇ ਕਿਉਂ ਭਰੋਸਾ ਕਰਨ ਲੱਗੀ ਹੈ, ਜਿਨ੍ਹਾਂ ਨੂੰ ਉਹ ਆਪਣੇ ਘਰ ’ਚ ਮਹਿਮਾਨ ਵਜੋਂ ਸੱਦਣਾ ਪਸੰਦ ਨਾ ਕਰੇ? ਕੀ ਲਿਬਰਲ ਸਮਾਜ ਇਹ ਆਤਮ ਮੰਥਨ ਕਰਨ ਲਈ ਤਿਆਰ ਹੈ? ਟਰੰਪ ਅਤੇ ਉਨ੍ਹਾਂ ਵਰਗਿਆਂ ਦੀ ਨਿੰਦਾ ਕਰਨੀ ਤਾਂ ਸੌਖੀ ਪਰ ਸਵੈ-ਪੜਚੋਲ ਲਈ ਆਤਮ-ਮੰਥਨ ਕਰਨ ਨੂੰ ਕਿੰਨੇ ਰਾਜ਼ੀ ਹਨ? ਮੈਨੂੰ ਲੱਗਦਾ ਹੈ ਕਿ ਸਮੱਸਿਆ ਬੇਹੱਦ ਗੰਭੀਰ ਹੈ ਅਤੇ ਇਹ ਸਮਝਣਾ ਕਿ ਜੋ ਅਮਰੀਕਾ ’ਚ ਹੋੋਇਆ, ਉਹ ਇਕ ਅਪਵਾਦ ਹੈ, ਬੇਹੱਦ ਆਤਮਘਾਤੀ ਕਦਮ ਸਾਬਿਤ ਹੋਵੇਗਾ?