ਦੋ ਭਾਸ਼ਣਾਂ ਦੀ ਕਹਾਣੀ ਕੀ ਕਹਿੰਦੀ ਹੈ?

Sunday, Oct 06, 2024 - 07:13 PM (IST)

ਪਿਛਲੇ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਯੂਰੇਸ਼ੀਆ ’ਚ ਜੰਗ ’ਚ ਸ਼ਾਮਲ ਦੇਸ਼ਾਂ ਦੇ ਨੇਤਾਵਾਂ ਵਲੋਂ ਦਿੱਤੇ ਗਏ 2 ਭਾਸ਼ਣਾਂ ਨੇ ਵਿਸ਼ਵ ਪੱਧਰ ’ਤੇ ਧਿਆਨ ਆਪਣੇ ਵੱਲ ਖਿੱਚਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅੱਤਵਾਦ ਦੇ ਵਿਰੁੱਧ ਜੰਗ ਬਾਰੇ ਗੱਲ ਕੀਤੀ, ਜੋ ਉਨ੍ਹਾਂ ਦੀ ਫੌਜ ਲਗਭਗ ਇਕ ਸਾਲ ਤੋਂ ਲੜ ਰਹੀ ਹੈ।

ਫਿਰ, ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ 2 ਸਾਲ ਤੋਂ ਵੱਧ ਸਮੇਂ ਤੋਂ ਰੂਸੀ ਹਮਲੇ ਦੇ ਖਿਲਾਫ ਆਪਣੇ ਇਲਾਕੇ ਦੀ ਰਾਖੀ ਕਰਨ ’ਚ ਆਪਣੇ ਲੋਕਾਂ ਦੀ ਭਾਵਨਾ ਬਾਰੇ ਗੱਲ ਕੀਤੀ।

ਨੇਤਨਯਾਹੂ ਅਤੇ ਜ਼ੇਲੈਂਸਕੀ ਦੋਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜੰਗ ਖਤਮ ਕਰਨੀ ਚਾਹੰੁਦੇ ਹਨ ਪਰ ਆਪਣੀਆਂ ਸ਼ਰਤਾਂ ’ਤੇ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਸ਼ੁਰੂ ’ਚ ਸੰਯੁਕਤ ਰਾਸ਼ਟਰ ’ਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ‘ਮੇਰੇ ਦੇਸ਼ ’ਤੇ ਲਾਏ ਗਏ ਝੂਠੇ ਦੋਸ਼ ਅਤੇ ਬਦਨਾਮੀ’ ਨੂੰ ਸੁਣਨ ਦੇ ਬਾਅਦ ‘ਇੱਥੇ ਆਉਣ ਅਤੇ ਰਿਕਾਰਡ ਨੂੰ ਸਹੀ ਕਰਨ ਦਾ ਫੈਸਲਾ ਕੀਤਾ।’ ਨੇਤਨਯਾਹੂ ਨੇ ਆਪਣੇ ਦੇਸ਼ ਨਾਲ ਸਲੂਕ ਕਰਨ ’ਚ ਸੰਯੁਕਤ ਰਾਸ਼ਟਰ ਦੇ ‘ਨੈਤਿਕ ਦਾਗ’ ਦੀ ਨਿੰਦਾ ਕਰਨ ’ਚ ਕੋਈ ਕਸਰ ਨਹੀਂ ਛੱਡੀ।

ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ‘ਅੰਧਕਾਰ ਦਾ ਘਰ’ ਅਤੇ ‘ਇਜ਼ਰਾਈਲ ਵਿਰੋਧੀ ਸਪਾਟ-ਪ੍ਰਿਥਵੀ ਸਮਾਜ’ ਦੱਸਿਆ ਅਤੇ ਸ਼ਿਕਾਇਤ ਕੀਤੀ ਕਿ ‘ਕਿਸੇ ਵੀ ਝੂਠੇ ਦੋਸ਼, ਕਿਸੇ ਵੀ ਅਜੀਬੋ-ਗਰੀਬ ਦੋਸ਼’ ਲਈ ਇਕ ‘ਸਵੈ-ਚਲਿਤ ਬਹੁਮਤ’ ਹਾਸਲ ਕੀਤਾ ਜਾ ਸਕਦਾ ਹੈ। ਨੇਤਨਯਾਹੂ ਬੇਸਿਰ-ਪੈਰ ਦੋਸ਼ ਨਹੀਂ ਲਗਾ ਰਹੇ ਸਨ। ਸੰਯੁਕਤ ਰਾਸ਼ਟਰ ਨੇ ਪਿਛਲੇ 10 ਸਾਲਾਂ ’ਚ 174 ਵਾਰ ਇਜ਼ਰਾਈਲ ਦੀ ਨਿੰਦਾ ਕੀਤੀ ਹੈ, ਜਦ ਕਿ ਇਸ ਨੇ ਹੋਰ ਸਾਰੇ ਦੇਸ਼ਾਂ ਦੀ ਸਿਰਫ 73 ਵਾਰ ਨਿੰਦਾ ਕੀਤੀ ਹੈ।

ਜਦੋਂ ਨੇਤਨਯਾਹੂ ਨੇ ਆਪਣੇ 35 ਮਿੰਟ ਦੇ ਭਾਸ਼ਣ ਦੇ ਅਖੀਰ ’ਚ ਜ਼ੋਰਦਾਰ ਢੰਗ ਨਾਲ ਕਿਹਾ ਕਿ ਇਜ਼ਰਾਈਲ ‘ਇਹ ਲੜਾਈ ਜਿੱਤੇਗਾ ਕਿਉਂਕਿ ਸਾਡੇ ਕੋਲ ਕੋਈ ਬਦਲ ਨਹੀਂ ਹੈ’, ਨਾ ਤਾਂ ਸਿਰਫ ਗੈਲਰੀ ’ਚ ਮੌਜੂਦ ਲੋਕਾਂ ਨੇ ਸਗੋਂ ਬਾਹਰ ਦੇ ਲੋਕਾਂ ਨੇ ਵੀ ਤਾੜੀਆਂ ਮਾਰੀਆਂ।

ਰਾਸ਼ਟਰਪਤੀ ਜ਼ੇਲੈਂਸਕੀ, ਜਿਨ੍ਹਾਂ ਨੇ ਨੇਤਨਯਾਹੂ ਨਾਲ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ, ਨੇ ਵੀ ਸ਼ਿਕਾਇਤ ਕੀਤੀ ਕਿ ਸੰਯੁਕਤ ਰਾਸ਼ਟਰ ’ਚ ਜੰਗ ਅਤੇ ਸ਼ਾਂਤੀ ਦੇ ਮਾਮਲਿਆਂ ਨੂੰ ‘ਸੱਚੇ ਅਤੇ ਨਿਰਪੱਖ ਰੂਪ ’ਚ’ ਹੱਲ ਕਰਨਾ ਅਸੰਭਵ ਹੈ, ਕਿਉਂਕਿ ‘ਸੁਰੱਖਿਆ ਪ੍ਰੀਸ਼ਦ ’ਚ ਬਹੁਤ ਕੁਝ ਵੀਟੋ ਪਾਵਰ ’ਤੇ ਨਿਰਭਰ ਕਰਦਾ ਹੈ। ਜਦੋਂ ਹਮਲਾਵਰ ਵੀਟੋ ਪਾਵਰ ਦੀ ਵਰਤੋਂ ਕਰਦਾ ਹੈ, ਤਾਂ ਸੰਯੁਕਤ ਰਾਸ਼ਟਰ ਜੰਗ ਨੂੰ ਰੋਕਣ ’ਚ ਸ਼ਕਤੀਹੀਣ ਹੁੰਦਾ ਹੈ।’ ਲੋਕਾਂ ਨੇ ਜ਼ੇਲੈਂਸਕੀ ਦੀ ਸ਼ਲਾਘਾ ਕੀਤੀ ਜਦੋਂ ਉਨ੍ਹਾਂ ਨੇ ‘ਮੇਰੇ ਲੋਕਾਂ ਲਈ ਨਿਆਂਪੂਰਨ ਸ਼ਾਂਤੀ’ ਲਈ ‘ਦੁਨੀਆਂ ਦੇ ਸਾਰੇ ਦੇਸ਼ਾਂ’ ਕੋਲੋਂ ਸਮਰਥਨ ਮੰਗਿਆ।

ਹਾਲਾਂਕਿ, ਨੇਤਨਯਾਹੂ ਦੀ ਜੰਗ ਅਤੇ ਜ਼ੇਲੈਂਸਕੀ ਦੀ ਸ਼ਾਂਤੀ ’ਚ ਫਰਕ ਹੈ। ਜਿੱਥੇ ਨੇਤਨਯਾਹੂ ਬਿਨਾਂ ਕਿਸੇ ਭਾਈਵਾਲੀ ਦੇ ਆਪਣੀ ਜੰਗ ਲੜ ਰਹੇ ਹਨ, ਉੱਥੇ ਹੀ ਜ਼ੇਲੈਂਸਕੀ ਮੰਨਦੇ ਹਨ ਕਿ ਯੂਕ੍ਰੇਨ ’ਚ ਜੰਗ ਦੀ ਜ਼ਿੰਮੇਵਾਰੀ ਦੁਨੀਆ ਦੇ ਸਾਰੇ ਦੇਸ਼ਾਂ ’ਤੇ ਹੈ। ਇਸ ’ਚ ਵੀ ਜ਼ੇਲੈਂਸਕੀ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਉਹ ਜੰਗ ਨੂੰ ਖਤਮ ਕਰਨ ਦੇ ਇਕਲੌਤੇ ਆਧਾਰ ਦੇ ਰੂਪ ’ਚ ਸਿਰਫ ਇਕ ਸਾਲ ਪਹਿਲਾਂ ਸੰਯੁਕਤ ਰਾਸ਼ਟਰ ’ਚ ਅਤੇ ਉਸ ਤੋਂ ਕੁਝ ਸਾਲ ਪਹਿਲਾਂ ਇੰਡੋਨੇਸ਼ੀਆ ’ਚ ਜੀ-20 ਸਿਖਰ ਸੰਮੇਲਨ ’ਚ ਉਨ੍ਹਾਂ ਵਲੋਂ ਪੇਸ਼ ਸ਼ਾਂਤੀ ਸੂਤਰ ਨੂੰ ਹੀ ਪ੍ਰਵਾਨ ਕਰਨਗੇ।

ਉਹ ਬਦਲਵੇਂ ਸੁਝਾਅ ਦੇਣ ਵਾਲਿਆਂ ’ਤੇ ਟਕੋਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਨੇ ਟਕੋਰ ਕਰਦਿਆਂ ਕਿਹਾ, ‘‘ਸ਼ਾਂਤੀ ਸੂਤਰ ਪਹਿਲਾਂ ਤੋਂ ਹੀ 2 ਸਾਲ ਤੋਂ ਮੌਜੂਦ ਹੈ। ਹੋ ਸਕਦਾ ਹੈ ਕਿ ਕੋਈ ਵਿਅਕਤੀ ਅਸਲ ਸ਼ਾਂਤੀ ਦੀ ਬਜਾਏ ਜਮੀ ਹੋਈ ਜੰਗਬੰਦੀ ਲਈ ਆਪਣੀ ਸਿਆਸੀ ਜੀਵਨੀ ਲਈ ਨੋਬਲ ਪੁਰਸਕਾਰ ਚਾਹੁੰਦਾ ਹੋਵੇ।’’

ਜੰਗ ਦੇ ਹੱਲ ਦੀ ਭਾਲ ’ਚ ਇਜ਼ਰਾਈਲ ਦੀ ਤੁਲਨਾ ’ਚ ਯੂਕ੍ਰੇਨ ਦੇ ਨਾਲ ਵੱਧ ਦੇਸ਼ ਖੜ੍ਹੇ ਸਨ। ਫਿਰ ਵੀ, ਜ਼ਿਆਦਾਤਰ ਲੋਕ ਨੇਤਨਯਾਹੂ ਦੇ ਆਪਣੇ ਹਿਸਾਬ ਨਾਲ ਜੰਗ ਨੂੰ ਜ਼ੇਲੈਂਸਕੀ ਦੇ ਆਪਣੇ ਹਿਸਾਬ ਨਾਲ ਸ਼ਾਂਤੀ ਦੀ ਤੁਲਨਾ ’ਚ ਵੱਧ ਉਚਿਤ ਮੰਨਦੇ ਹਨ।

ਅਜਿਹਾ ਇਸ ਲਈ ਹੈ ਕਿਉਂਕਿ ਪੱਛਮੀ ਸ਼ਕਤੀਆਂ ਦੇ ਬਾਹਰ ਕਈ ਲੋਕ ਯੂਕ੍ਰੇਨ ਜੰਗ ਨੂੰ ਰੂਸ ਅਤੇ ਨਾਟੋ ਸ਼ਕਤੀਆਂ ਦੇ ਦਰਮਿਆਮ ਇਕ ਹੰਕਾਰ ਦੀ ਜੰਗ ਵਜੋਂ ਦੇਖਦੇ ਹਨ, ਜਦ ਕਿ ਲਗਭਗ ਹਰ ਪ੍ਰਮੱਖ ਰਾਸ਼ਟਰ ਨੇ ਯੂਕ੍ਰੇਨ ’ਚ ਦਾਖਲ ਹੋਣ ਵਾਲੇ ਰੂਸ ਦੇ ਟੈਂਕਾਂ ਦੀ ਨਿੰਦਾ ਕੀਤੀ ਹੈ। ਹਰ ਕੋਈ ਜੰਗ ਦੇ ਅੰਤ ਨੂੰ ਜ਼ੇਲੈਂਸਕੀ ਦੇ ਨਜ਼ਰੀਏ ਨਾਲ ਨਹੀਂ ਦੇਖਦਾ ਹੈ-ਇੱਥੋਂ ਤਕ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਵੀ ਨਹੀਂ ਜਿਨ੍ਹਾਂ ਨੇ ਨਾਟੋ ਨੂੰ ‘ਅਪ੍ਰਚੱਲਿਤ’ ਕਿਹਾ ਹੈ।

2 ਦਹਾਕੇ ਪਹਿਲਾਂ, ਜਦੋਂ ਸਤੰਬਰ 2001 ’ਚ ਟਵਿਨ ਟਾਵਰਸ ’ਤੇ ਅੱਤਵਾਦੀ ਹਮਲੇ ਵਜੋਂ ਸਭ ਤੋਂ ਖਰਾਬ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ, ਤਾਂ ਰਾਸ਼ਟਰਪਤੀ ਪੁਤਿਨ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਨੂੰ ਸਮਰਥਨ ਦੇਣ ਲਈ ਸਭ ਤੋਂ ਪਹਿਲਾਂ ਫੋਨ ਕਰਨ ਵਾਲਿਆਂ ’ਚੋਂ ਇਕ ਸਨ, ਜਿਸ ਦੇ ਬਾਅਦ ਬੁਸ਼ ਦੀ ਰਾਸ਼ਟਰ ਦੀ ਸੁਰੱਖਿਆ ਸਲਾਹਕਾਰ ਕੋਂਡੋਲੀਜ਼ਾ ਰਾਈਸ ਨੇ ਟਿੱਪਣੀ ਕੀਤੀ ਕਿ ‘ਠੰਢੀ ਜੰਗ ਅਸਲ ’ਚ ਖਤਮ ਹੋ ਗਈ ਹੈ।’

ਅੱਠ ਮਹੀਨੇ ਬਾਅਦ, ਜਦੋਂ ਬੁਸ਼ ਅਤੇ ਉਨ੍ਹਾਂ ਦੀ ਪਤਨੀ ਸੇਂਟ ਪੀਟਰਸਬਰਗ ਅਤੇ ਮਾਸਕੋ ’ਚ ਪੁਤਿਨ ਨੂੰ ਮਿਲਣ ਗਏ, ਤਾਂ ਅਮਰੀਕੀ ਪ੍ਰਸ਼ਾਸਨ ’ਚ ਕਈ ਵਿਅਕਤੀਆਂ ਨੇ ਮੰਨ ਲਿਆ ਕਿ ਰੂਸ ਨਾ ਸਿਰਫ ਨਾਟੋ ’ਚ ਸ਼ਾਮਲ ਹੋਵੇਗਾ, ਜਿਵੇਂ ਕਿ ਚੀਨ ਨੇ ਇਕ ਸਾਲ ਪਹਿਲਾਂ ਕੀਤਾ ਸੀ, ਸਗੋਂ ਯੂਰਪੀ ਸੰਘ ’ਚ ਵੀ ਸ਼ਾਮਲ ਹੋਵੇਗਾ। ਕੁਝ ਆਸ਼ਾਵਾਦੀ ਲੋਕਾਂ ਨੇ ਤਰਕ ਦਿੱਤਾ ਕਿ ਇਹ ਨਾਟੋ ’ਚ ਵੀ ਸ਼ਾਮਲ ਹੋ ਸਕਦਾ ਹੈ, ਜੋ ਆਪਣੇ ਪਹਿਲੇ ਅਵਤਾਰ, ਸੋਵੀਅਤ ਸੰਘ ਨੂੰ ਦਰੜਨ ਲਈ ਬਣਾਇਆ ਗਿਆ ਸੰਗਠਨ ਹੈ।

ਪਰ ਪੁਤਿਨ ਪੱਛਮੀ ਸ਼ਕਤੀਆਂ ਦੇ ਨਾਲ ਇਕੋ ਪੱਧਰ ’ਤੇ ਜੁੜਨਾ ਚਾਹੁੰਦੇ ਸਨ ਅਤੇ ਚਾਹੁੰਦੇ ਸਨ ਕਿ ਨਾਟੋ ਚਲਾ ਜਾਵੇ ਅਤੇ ਉਨ੍ਹਾਂ ਨੇ ਯਾਦ ਕੀਤਾ ਕਿ ਜਾਰਜ ਬੁਸ਼ ਸੀਨੀਅਰ ਦੀ ਸਰਕਾਰ ’ਚ ਵਿਦੇਸ਼ ਮੰਤਰੀ ਜੇਮਜ਼ ਬੇਕਰ ਨੇ ਜਰਮਨ ਦੀਵਾਰ ਦੇ ਢਹਿਣ ਦੇ ਕੁਝ ਮਹੀਨੇ ਬਾਅਦ 1990 ’ਚ ਸੋਵੀਅਤ ਰਾਸ਼ਟਰਪਤੀ ਮਾਈਕਲ ਗੋਰਬਾਚੇਵ ਤੋਂ ਕੀ ਪੁੱਛਿਆ ਸੀ? ਕੀ ਸੋਵੀਅਤ ਰੂਸ ਵਲੋਂ ਪੂਰਬ ਵੱਲ ਅੱਗੇ ਵਿਸਥਾਰ ਨਾ ਕਰਨ ਦੇ ਨਾਟੋ ਦੇ ਵਾਅਦੇ ਦੇ ਬਦਲੇ ’ਚ ਜਰਮਨੀ ਦੇ ਕਬਜ਼ੇ ਵਾਲੇ ਪੂਰਬੀ ਹਿੱਸੇ ’ਚੋਂ ਫੌਜੀ ਤੌਰ ’ਤੇ ਪਿੱਛੇ ਹਟਣਗੇ?

ਗੋਰਬਾਚੇਵ ਇਸ ਮਤੇ ਨੂੰ ਪ੍ਰਵਾਨ ਕਰਨ ਲਈ ਤਿਆਰ ਸਨ ਪਰ ਇਸ ਨੂੰ ਗੈਰ-ਰਸਮੀ ਤੌਰ ’ਤੇ ਲਾਗੂ ਕੀਤੇ ਜਾਣ ਤੋਂ ਸੋਵੀਅਤ ਸੰਘ ਦਾ ਪਤਨ ਹੋ ਗਿਆ ਸੀ।

ਜਦ ਨਾਟੋ ਦੀ ਸ਼ੁਰੂਆਤ ਹੋਈ ਸੀ, ਉਦੋਂ ਇਸ ਦੇ 12 ਮੈਂਬਰ ਦੇਸ਼ ਸਨ। ਵਿਸਥਾਰ ਦੇ 10ਵੇਂ ਦੌਰ ਦੇ ਬਾਅਦ 20 ਹੋਰ ਦੇਸ਼ ਇਸ ’ਚ ਸ਼ਾਮਲ ਹੋਏ। ਬੇਕਰ-ਗੋਰਬਾਚੇਵ ਗੱਲਬਾਤ ਦੇ ਬਾਅਦ ਵਿਸਥਾਰ ਦੇ 7 ਦੌਰ ਹੋਏ, ਜਿਸ ’ਚ ਰੂਸ ਦੇ ਗੁਆਂਢ ਦੇ ਦੇਸ਼ ਸ਼ਾਮਲ ਹੋਏ।

ਯੂਕ੍ਰੇਨ ਜੰਗ ਦੋ ਹੰਕਾਰ ਦੇ ਦਰਮਿਆਨ ਦੀ ਉਸ ਖਿੱਚੋਤਾਣ ਦਾ ਨਤੀਜਾ ਹੈ। ਉਸ ਨੂੰ ‘ਸਥਿਰ ਜੰਗਬੰਦੀ’ ਰਾਹੀਂ ਹੱਲ ਕੀਤਾ ਜਾ ਸਕਦਾ ਹੈ, ਜਿਸ ਨੂੰ ਜ਼ੇਲੈਂਸਕੀ ਨਾਪਸੰਦ ਕਰਦੇ ਹਨ। ਕੀ ਉਨ੍ਹਾਂ ਨੂੰ ਯਾਦ ਹੈ ਕਿ 2019 ਦੀਆਂ ਰਾਸ਼ਟਰਪਤੀ ਚੋਣਾਂ ’ਚ, ਉਨ੍ਹਾਂ ਨੇ ਡੋਨਬਾਸ ’ਤੇ ਰੂਸ ਦੇ ਨਾਲ ਗੱਲਬਾਤ ਦੇ ਜ਼ਰੀਏ ਸਮਝੌਤੇ ਦੀ ਗੱਲ ਕਹੀ ਸੀ, ਜਿਸ ਨਾਲ ਉਨ੍ਹਾਂ ਦੇ ਵਿਰੋਧੀ ਯਾਨੁਕੋਵਿਚ ਨੇ ਉਨ੍ਹਾਂ ਨੂੰ ‘ਖਤਰਨਾਕ ਤੌਰ ’ਤੇ ਰੂਸ ਸਮਰਥਕ’ ਕਰਾਰ ਦਿੱਤਾ ਸੀ?

ਲੇਖਕ, ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ, ਭਾਜਪਾ ਦੇ ਨਾਲ ਹਨ। ਵਿਚਾਰ ਉਨ੍ਹਾਂ ਦੇ ਨਿੱਜੀ ਹਨ (ਰਾਮ ਮਾਧਵ)


Rakesh

Content Editor

Related News