ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਤੋਂ ਭਾਰਤ ਨੂੰ ਕੀ ਮਿਲਿਆ
Thursday, Jun 29, 2023 - 01:04 PM (IST)
ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਨੇ ਭਾਰਤ-ਅਮਰੀਕਾ ਦੇ ਦੁਵੱਲੇ ਸੰਬੰਧਾਂ ਨੂੰ ਇਕ ਨਵੀਂ ਵਿਆਖਿਆ ਦਿੱਤੀ ਹੈ। ਇਹ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਮਰੀਕਾ ਦੀ ਪਹਿਲੀ ਸਰਕਾਰੀ ਯਾਤਰਾ ਸੀ ਅਤੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਇਸ ਫੇਰੀ ਨੇ ਇਤਿਹਾਸ ਰਚਿਆ ਹੈ।
ਭਾਰਤ ਵਿਚ ਭਾਰਤੀ ਜਹਾਜ਼ਾਂ ਲਈ ਜੈੱਟ ਇੰਜਣਾਂ ਦੇ ਉਤਪਾਦਨ ਤੋਂ ਲੈ ਕੇ - ਯੂ.ਐੱਸ. ਦੁਆਰਾ ਬਣਾਏ ਹਥਿਆਰਬੰਦ ਸੀਗਾਰਡੀਅਨ ਡਰੋਨਾਂ ਨੂੰ ਖਰੀਦਣ ਤੱਕ; ਭਾਰਤ ਵਿਚ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤਾਂ ਤੋਂ ਲੈ ਕੇ -ਪੁਲਾੜ ਲਈ ਇਕ ਸਾਂਝੇ ਮਿਸ਼ਨ ਦੇ ਐਲਾਨ ਤੱਕ; ਵੀਜ਼ੇ ਰੀਨਿਊ ਕਰਨ ਤੋਂ ਲੈ ਕੇ - ਭਾਰਤ ਤੋਂ ਚੋਰੀ ਹੋਈਆਂ 100 ਤੋਂ ਵੱਧ ਕਲਾਕ੍ਰਿਤੀਆਂ ਦੀ ਘਰ ਵਾਪਸੀ ਤੱਕ; ਆਪਸੀ ਵਣਜ, 5ਜੀ-6ਜੀ ਦੂਰਸੰਚਾਰ ਤੋਂ ਲੈ ਕੇ ਐਡਵਾਂਸ ਕੰਪਿਊਟਿੰਗ ਦੇ ਖੇਤਰ ਵਿਚ ਸਾਂਝੇ ਵਿਕਾਸ ਤੱਕ; ਇਨ੍ਹਾਂ ਪ੍ਰਭਾਵਸ਼ਾਲੀ ਸੌਦਿਆਂ ਅਤੇ ਸਮਝੌਤਿਆਂ ਨੇ ਭਾਰਤੀ-ਅਮਰੀਕੀ ਸੰਬੰਧਾਂ ਲਈ ਨਵੇਂ ਆਯਾਮ ਸਥਾਪਿਤ ਕੀਤੇ ਹਨ ਜਾਂ ਕਹਿ ਲਈਏ ਕਿ ਇਸ ਯਾਤਰਾ ਨੇ ਭਾਰਤ-ਅਮਰੀਕਾ ਦੇ ਦੁਵੱਲੇ ਸੰਬੰਧਾਂ ਦਾ ਇਕ ਨਵਾਂ ਚੈਪਟਰ ਲਾਂਚ ਕੀਤਾ ਹੈ।
ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਨੇ ਪ੍ਰਧਾਨ ਮੰਤਰੀ ਮੋਦੀ ਦਾ 'ਮੋਦੀ-ਮੋਦੀ' ਦੇ ਨਾਅਰਿਆਂ ਵਿਚਕਾਰ ਵ੍ਹਾਈਟ ਹਾਊਸ ਵਿਖੇ ਨਿੱਘਾ ਰਸਮੀ ਸਵਾਗਤ ਕੀਤਾ ਤਾਂ ਨਿਸ਼ਚਿਤ ਹੀ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਸੱਤਾ ਸੰਭਾਲਣ ਤੋਂ ਲੈ ਕੇ ਅੱਜ ਤੱਕ ਭਾਰਤ ਦੀ ਕਲਪਨਾ ਹਮੇਸ਼ਾ ਇਕ ਗਲੋਬਲ ਲੀਡਰ ਵਜੋਂ ਕੀਤੀ ਹੈ, ਜੋ ਪਹਿਲਾਂ ਕਦੇ ਵੀ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਕੀਤੀ ਸੀ। ਇਸੇ ਲਈ ਭਾਰਤ ਦੀ ਵਿਦੇਸ਼ ਨੀਤੀ ਨੂੰ ਸੋਧਣ ਲਈ ਹਮੇਸ਼ਾ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ 58 ਪੈਰਾਗ੍ਰਾਫਾਂ ਦਾ ਸੰਯੁਕਤ ਬਿਆਨ, ਸਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਲੈ ਕੇ ਜਾਣ ਅਤੇ ਇਕ ਨਵੇਂ ਭਵਿੱਖ ਦਾ ਨਕਸ਼ਾ ਬਣਾਉਣ ਦੀ ਸਵੈ-ਘੋਸ਼ਣਾ ਹੈ। ਪੀ.ਐੱਮ. ਮੋਦੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਦੋ ਮਹਾਨ ਦੇਸ਼ਾਂ ਦੀ ਭਾਈਵਾਲੀ ਦੌਰਾਨ ਮਨੁੱਖੀ ਵਿਕਾਸ ਦਾ ਕੋਈ ਵੀ ਕੋਨਾ ਅਣਛੂਹਿਆ ਨਹੀਂ ਰੱਖਿਆ ਗਿਆ ਹੈ।
ਇਤਿਹਾਸਕ ਰੱਖਿਆ ਸਮਝੌਤਿਆਂ ਦਾ ਐਲਾਨ
ਡਿਫੈਂਸ ਖੇਤਰ ਵਿਚ ਭਾਰਤ ਅਤੇ ਅਮਰੀਕਾ ਦੌਰਾਨ ਪਹਿਲਾਂ ਤੋਂ ਹੀ ਕਾਫੀ ਸਾਂਝੇ ਸਮਝੌਤੇ ਹੋਏ ਹਨ। ਇਸੇ ਭਾਈਵਾਲੀ ਨੂੰ ਅੱਗੇ ਵਧਾਉਂਦੇ ਹੋਏ ਭਾਰਤ-ਸੰਯੁਕਤ ਰਾਜ ਡਿਫੈਂਸ ਐਕਸਲਰੇਸ਼ਨ ਈਕੋ ਸਿਸਟਮ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਦੋਵਾਂ ਦੇਸ਼ਾਂ ਦੇ ਰੱਖਿਆ ਖੇਤਰਾਂ ਵਿਚ ਸਹਿਯੋਗ ਅਤੇ ਨਵੀਨਤਾ ਨੂੰ ਹੁਲਾਰਾ ਦੇਵੇਗੀ।
ਜਨਰਲ ਇਲੈਕਟ੍ਰਿਕ ਨੇ ਭਾਰਤੀ ਹਵਾਈ ਸੈਨਾ ਲਈ ਲੜਾਕੂ ਜੈੱਟ ਇੰਜਣ ਬਣਾਉਣ ਲਈ ਭਾਰਤ ਦੀ ਹਿੰਦੁਸਤਾਨ ਏਅਰੋਨਾਟੀਕਲ ਲਿਮਟਿਡ ਨਾਲ ਇਕ ਇਤਿਹਾਸਕ ਸਮਝੌਤੇ ’ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ। ਇਹ ਭਾਰਤ ਵਿਚ ਐੱਫ414 ਇੰਜਣਾਂ ਦਾ ਨਿਰਮਾਣ ਕਰਨ ਦੀ - ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ।
ਭਾਰਤੀ ਰੱਖਿਆ ਵਿਚ ਇਕ ਹੋਰ ਗੇਮ ਚੇਂਜਰ ਜਨਰਲ ਐਟੋਮਿਕਸ ਤੋਂ ਹਥਿਆਰਬੰਦ ਡਰੋਨਾਂ ਦੀ ਖਰੀਦ ਹੋਵੇਗੀ– ਇਹ ਡਰੋਨ ਦੇਸ਼ ਦੀ ਖੁਫੀਆ ਜਾਣਕਾਰੀ, ਨਿਗਰਾਨੀ ਅਤੇ ਖੋਜ ਸਮਰੱਥਾਵਾਂ ਨੂੰ ਵਧਾਉਣ ਵਿਚ ਬਹੁਤ ਮਦਦਗਾਰ ਸਾਬਿਤ ਹੋਣਗੇ। ਭਾਰਤ ਜਨਰਲ ਐਟੋਮਿਕਸ ਤੋਂ 3 ਬਿਲੀਅਨ ਡਾਲਰ ਤੋਂ ਵੱਧ ਮੁੱਲ ਦੇ 31 ਡਰੋਨ ਖਰੀਦੇਗਾ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸ਼ਕਤੀਸ਼ਾਲੀ ਡਰੋਨ ਭਾਰਤ ਵਿਚ ਅਸੈਂਬਲ ਕੀਤੇ ਜਾਣਗੇ। ਰਿਪੋਰਟਾਂ ਅਨੁਸਾਰ, ਭਾਰਤ ਅਮਰੀਕਾ ਨਾਲ 3 ਬਿਲੀਅਨ ਡਾਲਰ ਦੇ ਡਰੋਨ ਸੌਦੇ ਵਿਚ ਉੱਚ ਤਕਨੀਕੀ ਟ੍ਰਾਂਸਫਰ ਦੀ ਵੀ ਮੰਗ ਕਰ ਰਿਹਾ ਹੈ। ਇਸ ਤੋਂ ਇਲਾਵਾ, ਨਵਾਂ ਮਾਸਟਰ ਸ਼ਿਪ ਰਿਪੇਅਰ ਐਗਰੀਮੈਂਟ(ਐੱਮ. ਐੱਸ .ਆਰ. ਏ.) ਮੱਧ-ਸਫ਼ਰੀ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਨੂੰ ਭਾਰਤੀ ਸ਼ਿਪਯਾਰਡਾਂ ’ਤੇ ਸੇਵਾ ਅਤੇ ਮੁਰੰਮਤ ਕਰਨ ਦੀ ਇਜਾਜ਼ਤ ਦੇਵੇਗਾ।
ਭਾਰਤ ਵਿਚ ਤਕਨਾਲੋਜੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਵੱਜਿਆ ਡੰਕਾ
ਇਸ ਫੇਰੀ ਦੌਰਾਨ, ਭਾਰਤ ਵਿਚ ਵਿਦੇਸ਼ੀ ਨਿਵੇਸ਼ ਅਤੇ ਭਾਰਤੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਉਪਲਬਧ ਕਰਵਾਉਣਾ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਮੁੱਖ ਟੀਚਾ ਰਿਹਾ। ਅਮਰੀਕਾ ਦੀ ਆਪਣੀ ਰਾਜ ਯਾਤਰਾ ਦੌਰਾਨ, ਪੀ. ਐੱਮ. ਮੋਦੀ ਨੇ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ, ਐਪਲ ਦੇ ਸੀ. ਈ. ਓ. ਟਿਮ ਕੁੱਕ ਅਤੇ ਓਪਨ ਏ. ਆਈ. ਦੇ ਸੀ. ਈ. ਓ. ਸੈਮ ਓਲਟਮੈਨ ਸਮੇਤ ਕਈ ਸੀ. ਈ. ਓਜ਼ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ, ਜਿੱਥੇ ਇਕ ਪਾਸੇ ਐਮਾਜ਼ੋਨ ਨੇ ਅਗਲੇ ਸੱਤ ਸਾਲਾਂ ਵਿਚ ਭਾਰਤ ਵਿਚ 15 ਬਿਲੀਅਨ ਡਾਲਰ ਦਾ ਵਾਧੂ ਨਿਵੇਸ਼ ਕਰਨ ਦਾ ਵਚਨ ਦਿੱਤਾ, ਉੱਥੇ ਹੀ ਦੂਜੇ ਪਾਸੇ ਸਰਚ ਇੰਜਣ ਦੇ ਦਿੱਗਜ਼- ਗੂਗਲ ਨੇ ਪੀ. ਐੱਮ. ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿਖੇ ਆਪਣਾ ਗਲੋਬਲ ਫਿਨਟੈੱਕ ਆਪਰੇਸ਼ਨ ਸੈਂਟਰ ਸਥਾਪਤ ਕਰਨ ਦਾ ਵਚਨ ਦਿੱਤਾ ਅਤੇ ਆਪਣੇ 10 ਬਿਲੀਅਨ ਡਾਲਰ ਦੇ ਡਿਜੀਟਾਈਜ਼ੇਸ਼ਨ ਫੰਡ ਰਾਹੀਂ ਭਾਰਤ ਵਿਚ ਨਿਵੇਸ਼ ਕਰਨ ਦਾ ਇਰਾਦਾ ਵੀ ਜ਼ਾਹਿਰ ਕੀਤਾ। ਨਿਵੇਸ਼ ਕਰੇਗੀ।
ਭਾਰਤ ਬਣੇਗਾ ਸੈਮੀਕੰਡਕਟਰ ਮੈਨੂਫੈਕਚਰਿੰਗ ਦਾ ਅਗਲਾ ਗਲੋਬਲ ਹੱਬ
ਤਕਨਾਲੋਜੀ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਸਫਲਤਾ ਅਮਰੀਕੀ ਮੈਮੋਰੀ ਚਿੱਪ ਫਰਮ ਮਾਈਕ੍ਰੋਨ ਟੈਕਨਾਲੋਜੀ ਵਲੋਂ ਭਾਰਤ ਵਿਚ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਸੈਂਟਰ ਬਣਾਉਣ ਲਈ $825 ਮਿਲੀਅਨ ਤੱਕ ਦਾ ਨਿਵੇਸ਼ ਕਰਨ ਦਾ ਐਲਾਨ ਸੀ। ਇਹ ਸੈਮੀਕੰਡਕਟਰ ਸਪਲਾਈ ਚੇਨ ਨੂੰ ਮਜ਼ਬੂਤ ਕਰੇਗਾ ਅਤੇ ਅਗਲੇ ਪੰਜ ਸਾਲਾਂ ਵਿਚ ਹਜ਼ਾਰਾਂ ਨਵੇਂ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ। ਇਸ ਤੋਂ ਇਲਾਵਾ, ਯੂ.ਐੱਸ. ਸੈਮੀਕੰਡਕਟਰ ਟੂਲ-ਮੇਕਰ ਅਪਲਾਈਡ ਮਟੀਰੀਅਲਜ਼ (ਅਮਾਟੋ) ਭਾਰਤ ਵਿਚ ਚਾਰ ਸਾਲਾਂ ਵਿਚ 400 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।
ਪੁਲਾੜ ਤਕਨਾਲੋਜੀ ਦੇ ਖੇਤਰ ’ਚ ਭਾਰਤ-ਅਮਰੀਕਾ ਇਕੱਠੇ ਕਰਨਗੇ ਕੰਮ
ਇਸ ਫੇਰੀ ਦੌਰਾਨ ਪੁਲਾੜ ਖੇਤਰ ਸੰਬੰਧੀ ਵੀ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਆਰਟੇਮਿਸ ਸਮਝੌਤੇ ’ਤੇ ਹਸਤਾਖਰ ਕਰਨ ਦੇ ਨਾਲ, ਭਾਰਤ 26 ਹੋਰ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ ਜੋ ਚੰਦਰਮਾ, ਮੰਗਲ ਅਤੇ ਹੋਰ ਗ੍ਰਹਿਆਂ ਦੀ ਖੋਜ ਵਿਚ ਸ਼ਾਂਤੀਪੂਰਨ ਅਤੇ ਟਿਕਾਊ ਸਹਿਯੋਗ ਲਈ ਵਚਨਬੱਧ ਹੈ।
ਬਿਨਾਂ ਵਿਦੇਸ਼ ਗਏ ਕੀਤੇ ਜਾ ਸਕਣਗੇ ਵਰਕ ਵੀਜ਼ਾ ਰੀਨਿਊ
ਪੀ. ਐੱਮ. ਮੋਦੀ ਨੇ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ, ਇਕ ਮਹੱਤਵਪੂਰਨ ਲੋਕ-ਪਹਿਲ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਭਾਰਤੀ ਪੇਸ਼ੇਵਰ ਵਿਦੇਸ਼ ਯਾਤਰਾ ਕੀਤੇ ਬਿਨਾਂ ਆਪਣੇ ਵਰਕ ਵੀਜ਼ਾ ਨੂੰ ਰੀਨਿਊ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਅਮਰੀਕਾ ਫੇਰੀ ਵਿਸ਼ਵ ਦੇ ਇਤਿਹਾਸ ਦੇ ਪੰਨਿਆਂ ਵਿਚ ਦਰਜ ਕੀਤੀ ਜਾਵੇਗੀ।
