ਦੌਲਤ ਤਾਂ ਆਉਂਦੀ-ਜਾਂਦੀ ਚੀਜ਼ ਹੈ

05/17/2021 3:36:42 AM

ਦੇਵੀ ਐੱਮ. ਚੇਰੀਅਨ

ਇਹ ਅਜਿਹਾ ਸਭ ਤੋਂ ਭਿਆਨਕ ਸਮਾਂ ਹੈ ਜਿਸ ’ਚੋਂ ਮੇਰਾ ਰਾਸ਼ਟਰ ਲੰਘ ਰਿਹਾ ਹੈ। ਅਜਿਹਾ ਇਕ ਵੀ ਦਿਨ ਨਹੀਂ ਲੰਘਦਾ ਜਦੋਂ ਤੁਸੀਂ ਕਿਸੇ ਆਪਣੇ ਦੀ ਮੌਤ ਦੀ ਖਬਰ ਨਹੀਂ ਸੁਣਦੇ ਹੋ। ਕਿਸੇ ਹਸਪਤਾਲ ’ਚ ਇਕ ਆਕਸੀਜਨ ਬੈੱਡ ਲਈ ਤੁਸੀਂ ਆਪਣੇ ਦੋਸਤਾਂ ਤੋਂ ਕੁਰਲਾਉਂਦੀ ਹੋਈ ਕਾਲ ਸੁਣਦੇ ਹੋ। ਮੈਂ ਇਕ ਅਜਿਹੇ ਕਿਸੇ ਇਕ ਪਰਿਵਾਰ ਨੂੰ ਵੀ ਨਹੀਂ ਜਾਣਦੀ ਜਿੱਥੇ ਇਸ ਦਾ ਪੂਰਾ ਸਟਾਫ ਕੋਵਿਡ ਤੋਂ ਪ੍ਰਭਾਵਿਤ ਨਾ ਹੋਵੇ। ਇਹ ਬਹੁਤ ਹੋ ਗਿਆ। ਇਹ ਸਾਡੇ ਚਿਹਰਿਆਂ, ਸਾਡੇ ਘਰਾਂ ’ਚ ਅਤੇ ਸਾਡੇ ਗੁਆਂਢ ’ਚ ਫੈਲਿਆ ਹੋਇਆ ਹੈ।

ਅਸੀਂ ਇਕ ਡਰ ਦੇ ਮਾਹੌਲ ’ਚ ਜ਼ਿੰਦਗੀ ਗੁਜ਼ਾਰ ਰਹੇ ਹਾਂ ਅਤੇ ਇਹ ਨਹੀਂ ਜਾਣਦੇ ਕਿ ਕਿੰਨਾ ਔਖਾ ਸਮਾਂ ਅਸੀਂ ਝੱਲਾਂਗੇ। ਅਸੀਂ ਇਸ ਗੱਲ ਨੂੰ ਲੈ ਕੇ ਵੀ ਡਰੇ ਹੋਏ ਹਾਂ ਕਿ ਕੀ ਸਾਨੂੰ ਕਿਸੇ ਇਕ ਹਸਪਤਾਲ ’ਚ ਬੈੱਡ ਮਿਲ ਸਕਣਗੇ ਜਦੋਂ ਸਾਨੂੰ ਇਨ੍ਹਾਂ ਦੀ ਲੋੜ ਪਵੇਗੀ। ਜਦੋਂ ਤੁਹਾਡਾ ਦਿਲੋ-ਦਿਮਾਗ ਕੋਵਿਡ ਅਤੇ ਹੋਰ ਜ਼ਿਆਦਾ ਕੋਵਿਡ ਨਾਲ ਭਰਿਆ ਹੋਵੇ ਤਾਂ ਕਿਸੇ ਦੂਸਰੀ ਗੱਲ ਬਾਰੇ ਸੋਚਣਾ ਵੀ ਔਖਾ ਹੈ।

ਕੋਵਿਡ ਤੋਂ ਅਸੀਂ ਸਭ ਤੋਂ ਮਹਾਨ ਚੀਜ਼ਾਂ ਖੋਹ ਰਹੇ ਹਾਂ ਉਹ ਹੈ ਮਨੁੱਖਤਾ, ਕੁਝ ਦੇਣ ਦੀ ਪ੍ਰਵਿਰਤੀ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਇੱਛਾ-ਸ਼ਕਤੀ। ਮੈਂ ਮਹਿਸੂਸ ਕੀਤਾ ਹੈ ਕਿ ਇੱਥੋਂ ਤੱਕ ਕਿ ਬੱਚੇ ਅਤੇ ਗਰੀਬ ਵੀ ਪੈਸੇ ਇਕੱਠੇ ਕਰ ਕੇ ਐੱਨ. ਜੀ. ਓ. ਜਾਂ ਫਿਰ ਕੁਝ ਸੰਸਥਾਵਾਂ ਨੂੰ ਭੇਜ ਰਹੇ ਹਨ ਤਾਂ ਕਿ ਆਕਸੀਜਨ, ਖਾਣਾ ਅਤੇ ਬਿਸਤਰਿਆਂ ਦੀ ਸਪਲਾਈ ਲਈ ਮਦਦ ਕੀਤੀ ਜਾ ਸਕੇ। ਅਜਿਹੇ ਸਮੇਂ ’ਚ ਅਸੀਂ ਜੋ ਸਿੱਖਿਆ ਹੈ, ਉਹ ਆਪਣੇ-ਆਪ ’ਚ ਇਕ ਵਧੀਆ ਉਦਾਹਰਣ ਹੈ। ਬੱਚਿਆਂ ਨੇ ਵੀ ਆਪਣੇ ਜੇਬ ਖਰਚ ’ਚੋਂ ਕੁਝ ਬਚਾਅ ਕੇ ਦਾਨ ਦੇਣਾ ਸ਼ੁਰੂ ਕੀਤਾ ਹੈ। ਇਸ ਧਨ ਨੂੰ ਉਹ ਆਪਣੇ ਉਨ੍ਹਾਂ ਦੋਸਤਾਂ ਦੇ ਘਰਾਂ ’ਚ ਦੇ ਰਹੇ ਹਨ ਜੋ ਖੁਸ਼ ਰਹਿਣ ਦੇ ਯੋਗ ਨਹੀਂ ਹਨ।

ਮੈਂ ਆਪਣੀ 11 ਸਾਲਾ ਦੋਹਤੀ ਨੂੰ 11 ਰੁਪਏ ਜੇਬ ਖਰਚ ਦੇ ਤੌਰ ’ਤੇ ਦਿੱਤੇ ਜੋ ਮੈਂ ਉਸ ਨੂੰ ਹਰ ਹਫਤੇ ਦਿੰਦੀ ਹਾਂ। ਮੈਂ ਜਾਣਦੀ ਹਾਂ ਕਿ ਇਹ ਰਕਮ ਬਹੁਤ ਘੱਟ ਹੈ ਪਰ ਇਹ ਉਸ ਨੂੰ ਖੁਸ਼ ਕਰ ਦਿੰਦੀ ਹੈ। ਪਿਛਲੇ ਹਫਤੇ ਉਸ ਨੇ ਮੈਨੂੰ ਕਿਹਾ ਕਿ ਨਾਨੀ ਤੁਸੀਂ ਮੈਨੂੰ ਇਹ ਪੈਸੇ ਨਾ ਦਿਓ ਅਤੇ ਇਨ੍ਹਾਂ ਪੈਸਿਆਂ ਦੀ ਵਰਤੋਂ ਮਾਸਕ ਖਰੀਦਣ ਲਈ ਕਰੋ ਅਤੇ ਆਪਣੀ ਕਾਲੋਨੀ ਦੇ ਇਕ ਪੁਲਸ ਮੁਲਾਜ਼ਮ ਨੂੰ ਵੰਡ ਦਿਓ। ਆਪਣੀ ਦੋਹਤੀ ਦੀ ਇਸ ਗੱਲ ਨੇ ਮੇਰੇ ਦਿਲ ਨੂੰ ਛੂਹ ਲਿਆ। ਇਸ ਕਾਰਨ ਮੇਰੀਅਾਂ ਅੱਖਾਂ ’ਚ ਹੰਝੂ ਆ ਗਏ।

ਨਾਬਾਲਗਾਂ ਅਤੇ ਨੌਜਵਾਨਾਂ ਨੇ ਕੁਝ ਗਰੁੱਪਾਂ ਦਾ ਰਲ ਕੇ ਗਠਨ ਕੀਤਾ ਹੈ ਅਤੇ ਉਹ ਪਲਾਜ਼ਮਾ ਅਤੇ ਖੂਨਦਾਨ ਕਰ ਰਹੇ ਹਨ ਜਿਸ ਦਾ ਪ੍ਰਚਾਰ ਉਹ ਵ੍ਹਟਸਐਪ, ਫੇਸਬੁੱਕ, ਇੰਸਟਾਗ੍ਰਾਮ ਰਾਹੀਂ ਕਰ ਰਹੇ ਹਾਂ। ਜੇਕਰ ਉਨ੍ਹਾਂ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਉਹ ਸਮੇਂ ’ਤੇ ਲੋਕਾਂ ਦੀ ਮਦਦ ਕਰਨ ਪਹੁੰਚ ਜਾਂਦੇ ਹਨ।

ਇਕ ਵਾਰ ਫਿਰ ਤੋਂ ਮੈਂ ਸਿੱਖ ਕੌਮ ਨੂੰ ਪ੍ਰਣਾਮ ਕਰਦੀ ਹਾਂ ਜਿਸ ਨੇ ਸਾਨੂੰ ਕਦੀ ਵੀ ਝੁਕਣ ਨਹੀਂ ਦਿੱਤਾ। ਜਦੋਂ ਕਦੀ ਵੀ ਲੋੜ ਪਈ ਉਨ੍ਹਾਂ ਨੇ ਜਾਤੀ, ਧਰਮ, ਫਿਰਕੇ ਦਾ ਖਿਆਲ ਕੀਤੇ ਬਿਨਾਂ ਮਦਦ ਕੀਤੀ।

ਆਕਸੀਜਨ, ਪੈਸਾ, ਦਵਾਈਆਂ ਜਾਂ ਫਿਰ ਖਾਣੇ ਦੀ ਲੰਗਰ ਸੇਵਾ ਕੀਤੀ ਜਾ ਰਹੀ ਹੈ। ਜੰਮੂ ’ਚ ਵੈਸ਼ਨੋ ਮਾਤਾ ਟਰੱਸਟ, ਦੱਖਣ ’ਚ ਤਿਰੂਪਤੀ ਟਰੱਸਟ ਅਤੇ ਅਜਮੇਰ ’ਚ ਦਰਗਾਹ ਸ਼ਰੀਫ ਟਰੱਸਟ ਨੂੰ ਵੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਮੈਨੂੰ ਆਸ ਹੈ ਕਿ ਉਹ ਅਜਿਹਾ ਕਰਨਗੇ ਕਿਉਂਕਿ ਉਨ੍ਹਾਂ ਦੇ ਕੋਲ ਸਰੋਤਾਂ ਦਾ ਇਕ ਵੱਡਾ ਭੰਡਾਰ ਹੈ।

ਇਸ ਮਹਾਮਾਰੀ ’ਚ ਜਿੰਨਾ ਤੁਹਾਡੇ ਕੋਲ ਧਨ ਹੋਵੇਗਾ, ਓਨੇ ਵੱਧ ਹੀ ਸਰੋਤ ਹੋਣਗੇ ਕਿਉਂਕਿ ਸਾਨੂੰ ਇਨ੍ਹਾਂ ਸਾਰਿਆਂ ਦੀ ਲੋੜ ਹੈ। ਲੋਕ ਦਵਾਈਆਂ, ਹਸਪਤਾਲਾਂ, ਬੈੱਡਾਂ, ਆਕਸੀਜਨ ਅਤੇ ਹੋਰ ਸਿਹਤ ਸਹੂਲਤਾਂ ਤੋਂ ਸੱਖਣੇ ਹੋ ਕੇ ਮਰ ਰਹੇ ਹਨ। ਸਾਰੇ ਧਾਰਮਿਕ ਲੋਕ ਬੇਹੱਦ ਅਮੀਰ ਅਤੇ ਖੁਸ਼ਹਾਲ ਹਨ ਅਤੇ ਉਹ ਦੌਲਤ ’ਤੇ ਬੈਠੇ ਹੋਏ ਹਨ। ਜੇਕਰ ਉਹ ਅੱਗੇ ਆਉਣ ਤਾਂ ਸਾਡੀ ਆਬਾਦੀ ਦੀ ਮਦਦ ਕਰ ਸਕਦੇ ਹਨ।

ਆਰਟ ਆਫ ਲਿਵਿੰਗ ਦੇ ਸ਼੍ਰੀ ਸ਼੍ਰੀ ਰਵੀਸ਼ੰਕਰ ਹਸਪਤਾਲਾਂ, ਆਕਸੀਜਨ, ਵੈਂਟੀਲੇਟਰਾਂ ਅਤੇ ਖਾਣੇ ਲਈ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ। ਜੇਕਰ ਇਹ ਧਨ-ਦੌਲਤ ਸਾਡੇ ਟਰੱਸਟਾਂ ਜਾਂ ਫਿਰ ਗੌਡਮੈਨ ਕੋਲ ਹੈ ਤਾਂ ਇਹ ਸਮਾਂ ਹੈ ਕਿ ਉਨ੍ਹਾਂ ਨੂੰ ਗਰੀਬ ਅਤੇ ਦਰਮਿਆਨੇ ਵਰਗ ਦੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਉਨ੍ਹਾਂ ’ਚ ਵਰ੍ਹਿਆਂ ਤੋਂ ਭਰੋਸਾ ਹੈ।

ਇਸ ਧਨ ਨੂੰ ਇਕੱਠਾ ਕਰਨ ਲਈ ਲੋਕਾਂ ਨੇ ਹੀ ਮਦਦ ਕੀਤੀ ਹੈ। ਦੌਲਤ ਆਵੇਗੀ ਅਤੇ ਚਲੀ ਜਾਵੇਗੀ ਪਰ ਮਨੁੱਖੀ ਜ਼ਿੰਦਗੀ ਜੇਕਰ ਇਕ ਵਾਰ ਚਲੀ ਗਈ ਤਾਂ ਵਾਪਸ ਨਹੀਂ ਪਰਤੇਗੀ। ਵੱਖ-ਵੱਖ ਸੂਬਿਆਂ ਦੀਅਾਂ ਸਰਕਾਰਾਂ ਨੂੰ ਇਕੱਠਿਆਂ ਕਰ ਕੇ ਰਲ ਕੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਸਰਕਾਰੀ ਹਸਪਤਾਲ ਅਤੇ ਉਨ੍ਹਾਂ ਦੀਆਂ ਸਹੂਲਤਾਂ ਇਸ ਮਹਾਮਾਰੀ ’ਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।

ਮੈਂ ਅਜਿਹੇ ਕਈ ਐੱਨ. ਜੀ. ਓਜ਼ ਨੂੰ ਜਾਣਦੀ ਹਾਂ ਜੋ ਅਜਿਹੇ ਡਾਕਟਰਾਂ ਅਤੇ ਨਰਸਾਂ ਨੂੰ ਔਖੇ ਸਮੇਂ ਦੌਰਾਨ ਉਨ੍ਹਾਂ ਦੀ ਧਨ ਨਾਲ ਮਦਦ ਕਰਦੇ ਹਨ। ਮੈਂ ਬੇਨਤੀ ਕਰਦੀ ਹਾਂ ਕਿ ਸਾਡੇ ਗੌਡਮੈਨ, ਟਰੱਸਟ ਅਤੇ ਸਾਡੇ ਕਾਰੋਬਾਰੀ ਅੱਗੇ ਆਉਣ ਅਤੇ ਆਪਣੇ ਲੋਕਾਂ ਦੀ ਮਦਦ ਕਰਨ। ਅਜਿਹੀਆਂ ਵੀ ਕਈ ਉਦਾਹਰਣਾਂ ਹਨ ਜਦੋਂ ਲੋਕ ਦੇਣ ਲਈ ਤਿਆਰ ਹਨ ਪਰ ਇਹ ਨਹੀਂ ਜਾਣਦੇ ਕਿ ਕਿੱਥੇ ਅਤੇ ਕਿਸ ਨੂੰ ਦੇਣਾ ਹੈ। ਮੈਂ ਆਸ ਕਰਦੀ ਹਾਂ ਕਿ ਅਸੀਂ ਸੋਸ਼ਲ ਮੀਡੀਆ ਰਾਹੀਂ ਇਸ ਦਾ ਪ੍ਰਚਾਰ ਕਰੀਏ।

ਸਾਨੂੰ ਉਨ੍ਹਾਂ ਤੋਂ ਸਾਵਧਾਨ ਰਹਿਣਾ ਹੋਵੇਗਾ ਜੋ ਕਾਲਾਬਾਜ਼ਾਰੀ ਅਤੇ ਦਵਾਈਆਂ ਨੂੰ ਵੇਚ ਕੇ ਪੈਸਾ ਕਮਾ ਰਹੇ ਹਨ। ਉਹ ਆਪਣੇ ਪਰਿਵਾਰਾਂ ਅਤੇ ਆਪਣੇ ਲਈ ਕਿਹੜਾ ਕਰਮ ਕਰ ਰਹੇ ਹਨ। ਕਾਲਾ ਧਨ ਜੋ ਉਹ ਇਕੱਠਾ ਕਰ ਰਹੇ ਹਨ ਉਹ ਉਨ੍ਹਾਂ ਦੀਅਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੜਬੜਾ ਕੇ ਰੱਖ ਦੇਵੇਗਾ। ਬਚਪਨ ਦੌਰਾਨ ਸਾਨੂੰ ਇਕ ਗੱਲ ਸੁਣਨ ਨੂੰ ਮਿਲਦੀ ਸੀ, ‘‘ਹਰਾਮ ਦੀ ਕਮਾਈ ਹਰਾਮ ’ਚ ਹੀ ਜਾਵੇਗੀ।’’

ਬਚਪਨ ’ਚ ਹੀ ਅਸੀਂ ਫਲੋਰੈਂਸ ਨਾਈਟਿੰਗੇਲ ਦੇ ਬਾਰੇ ’ਚ ਪੜ੍ਹਦੇ ਸੀ। ਅੱਜ ਸਾਡੇ ਕੋਲ ਹਜ਼ਾਰਾਂ ਦੀ ਤਾਦਾਦ ’ਚ ਅਜਿਹੀਆਂ ਨਾਈਟਿੰਗੇਲ ਹਨ। ਸਾਨੂੰ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇਸ ਮਹਾਮਾਰੀ ਦੌਰਾਨ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਸਾਨੂੰ ਇਹ ਅਹਿਸਾਸ ਕਰਵਾ ਰਹੀ ਹੈ ਕਿ ਨਾ ਧਨ ਦਾ ਢੇਰ, ਨਾ ਪੈਰੋਕਾਰਾਂ ਦੀ ਵੱਡੀ ਗਿਣਤੀ, ਨਾ ਹੀ ਵੱਡੇ ਸਬੰਧ ਅਤੇ ਨਾ ਹੀ ਚਲਾਕੀਆਂ ਤੁਹਾਨੂੰ ਇਸ ਸਮੇਂ ਬਚਾ ਸਕਦੀਆਂ ਹਨ।


Bharat Thapa

Content Editor

Related News