ਧੀਆਂ ਵੀ ਹੋਣ ਲੱਗੀਆਂ ‘ਅਜਿਹੀਆਂ’

Tuesday, Oct 27, 2026 - 03:39 PM (IST)

ਧੀਆਂ ਵੀ ਹੋਣ ਲੱਗੀਆਂ ‘ਅਜਿਹੀਆਂ’

ਅੱਜਕੱਲ ਬਹੁਤ ਸਾਰੀਆਂ ਖ਼ਬਰਾਂ ਅਜਿਹੀਆਂ ਆਉਂਦੀਆਂ ਹਨ, ਆਸ-ਪਾਸ ਦੀਆਂ ਘਟਨਾਵਾਂ ਵੀ ਦਿਖਾਈ ਦਿੰਦੀਆਂ ਹਨ ਕਿ ਅਰਸੇ ਤੋਂ ਜੋ ਗੱਲਾਂ ਸੁਣਦੇ ਆ ਰਹੇ ਹਾਂ, ਉਨ੍ਹਾਂ ਤੋਂ ਵਿਸ਼ਵਾਸ ਹਟ ਜਾਂਦਾ ਹੈ। ਲੱਗਦਾ ਹੈ ਕਿ ਜਾਂ ਤਾਂ ਸਮਾਂ ਬਹੁਤ ਬਦਲ ਗਿਆ ਹੈ ਜਾਂ ਅਸੀਂ ਚੀਜ਼ਾਂ ਨੂੰ ਠੀਕ ਢੰਗ ਨਾਲ ਨਹੀਂ ਦੇਖ ਪਾ ਰਹੇ ਹਾਂ।

ਅਕਸਰ ਸੁਣਦੇ ਆਏ ਹਾਂ ਕਿ ਪੁੱਤਰਾਂ ਦੇ ਮੁਕਾਬਲੇ ਧੀਆਂ ਆਪਣੇ ਮਾਤਾ-ਪਿਤਾ ਦਾ ਜ਼ਿਆਦਾ ਧਿਆਨ ਰੱਖਦੀਆਂ ਹਨ। ਉਹ ਵਧੇਰੇ ਜ਼ਿੰਮੇਵਾਰ ਅਤੇ ਭਾਵਨਾਤਮਕ ਹੁੰਦੀਆਂ ਹਨ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹ ਧੀਆਂ ਹੀ ਨੂੰਹ ਬਣਦੀਆਂ ਹਨ, ਤਾਂ ਸਹੁਰੇ ਘਰ ’ਚ ਸੱਸ-ਸਹੁਰਾ ਉਨ੍ਹਾਂ ਨੂੰ ਜ਼ਰਾ ਨਹੀਂ ਭਾਉਂਦੇ। ਇਕ ਭਾਵਨਾਤਮਕ ਕੁੜੀ, ਨੂੰਹ ਬਣਦਿਆਂ ਹੀ ਇੰਨੀ ਸਖਤ ਕਿਵੇਂ ਹੋ ਜਾਂਦੀ ਹੈ। ਹਾਲਾਂਕਿ ਕਿਸੇ ਵੀ ਗੱਲ ਦਾ ਜਨਰਲਾਈਜ਼ੇਸ਼ਨ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੀਆਂ ਨੂੰਹਾਂ ਵੀ ਹੁੰਦੀਆਂ ਹਨ ਜੋ ਸਹੁਰੇ ਘਰ ’ਚ ਬਹੁਤ ਪਿਆਰ ਨਾਲ ਰਹਿੰਦੀਆਂ ਹਨ ਅਤੇ ਅਜਿਹੀਆਂ ਸੱਸਾਂ ਵੀ ਹੁੰਦੀਆਂ ਹਨ, ਜੋ ਆਪਣੀਆਂ ਨੂੰਹਾਂ ਨੂੰ ਬਹੁਤ ਪਿਆਰ ਕਰਦੀਆਂ ਹਨ। ਹਾਲਾਂਕਿ ਇਹ ਵੀ ਸੱਚ ਹੈ ਕਿ ਜਿਸ ਦੀ ਚੱਲ ਜਾਏ, ਜਿਸ ਦੇ ਹੱਥ ’ਚ ਸੱਤਾ ਹੋਵੇ, ਉਹੀ ਦੂਜੇ ਨੂੰ ਸਤਾਉਂਦਾ ਹੈ। ਕਦੇ ਸੱਸ, ਤਾਂ ਕਦੇ ਨੂੰਹ, ਤਾਂ ਕਦੇ ਪੁੱਤਰ।

ਵਿਚਾਰ-ਵਟਾਂਦਰਾ ਅਕਸਰ ਇਕੋ ਝਾੜੂ ਨਾਲ ਸਾਰਿਆਂ ਨੂੰ ਹੂੰਝ ਦਿੰਦੇ ਹਨ। ਇਸਤਰੀ ਵਿਚਾਰ-ਵਟਾਂਦਰੇ ਨੇ ਵੀ ਇਸ ਧਾਰਨਾ ਨੂੰ ਬਲ ਦਿੱਤਾ ਹੈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਦੀਆਂ ਹਨ, ਜਦਕਿ ਉਨ੍ਹਾਂ ਦੇ ਜਨਮ ’ਤੇ ਅਕਸਰ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ।

ਉਂਝ ਵਕਤ ਦੇ ਨਾਲ ਬਹੁਤ ਕੁਝ ਬਦਲ ਰਿਹਾ ਹੈ। ਲੋਕ ਕੁੜੀਆਂ ਦੇ ਜਨਮ ’ਤੇ ਵੱਡੀਆਂ-ਵੱਡੀਆਂ ਦਾਵਤਾਂ ਦੇ ਰਹੇ ਹਨ। ਕਈ-ਕਈ ਪਿੰਡਾਂ ਨੂੰ ਸੱਦਾ ਦੇ ਰਹੇ ਹਨ। ਧੀ ਦੇ ਘਰ ਆਉਣ ’ਤੇ ਬੈਂਡ-ਵਾਜੇ ਵਜਾ ਕੇ ਸਵਾਗਤ ਕਰ ਰਹੇ ਹਨ।

ਤਾਂ ਗੱਲ ਹੋ ਰਹੀ ਹੈ ਕਿ ਕੁੜੀਆਂ ਆਪਣੇ ਘਰ ਵਾਲਿਆਂ ਦੀ ਜ਼ਿਆਦਾ ਦੇਖਭਾਲ ਕਰਦੀਆਂ ਹਨ, ਉਨ੍ਹਾਂ ਨਾਲ ਵਧੇਰੇ ਜੁੜਾਅ ਮਹਿਸੂਸ ਕਰਦੀਆਂ ਹਨ ਪਰ ਅੱਜਕੱਲ ਅਜਿਹੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਤੋਂ ਇਸ ਧਾਰਨਾ ਦੇ ਉਲਟ ਗੱਲਾਂ ਵੀ ਦਿਖਾਈ ਦਿੰਦੀਆਂ ਹਨ।

ਕੁਝ ਦਿਨ ਪਹਿਲਾਂ ਦੀ ਖ਼ਬਰ ਤਾਂ ਆਪ ’ਚੋਂ ਬਹੁਤਿਆਂ ਨੇ ਪੜ੍ਹੀ ਹੀ ਹੋਵੇਗੀ। ਤਿੰਨ ਧੀਆਂ ਦੇ ਪਿਤਾ ਬਿਰਧ ਆਸ਼ਰਮ ’ਚ ਰਹਿੰਦੇ ਸਨ। ਪਤਨੀ ਦੀ ਮੌਤ ਹੋ ਚੁੱਕੀ ਸੀ। ਉਹ ਧੀਆਂ ਦੀ ਉਡੀਕ ਕਰ ਦੇ ਰਹਿੰਦੇ ਸਨ ਕਿ ਕਦੇ ਤਾਂ ਕੋਈ ਉਨ੍ਹਾਂ ਨੂੰ ਮਿਲਣ ਆਵੇਗਾ ਪਰ ਕੋਈ ਉਨ੍ਹਾਂ ਨੂੰ ਮਿਲਣ ਨਹੀਂ ਆਉਂਦਾ ਸੀ। ਧੀਆਂ ਅਕਸਰ ਸਮਾਂ ਨਾ ਹੋਣ ਦੀ ਗੱਲ ਕਹਿ ਦਿੰਦੀਆਂ ਸਨ। ਫਿਰ ਇਕ ਦਿਨ ਉਕਤ ਬਜ਼ੁਰਗ ਦੀ ਮੌਤ ਹੋ ਗਈ। ਬਿਰਧ ਆਸ਼ਰਮ ਦੇ ਅਧਿਕਾਰੀਆਂ ਨੇ ਤਿੰਨਾਂ ਧੀਆਂ ਨਾਲ ਸੰਪਰਕ ਕੀਤਾ ਪਰ ਤਿੰਨਾਂ ਨੇ ਹੀ ਆਉਣ ਤੋਂ ਮਨ੍ਹਾ ਕਰ ਦਿੱਤਾ। ਮੁੰਬਈ ’ਚ ਰਹਿਣ ਵਾਲੀ ਧੀ ਨੇ ਅੰਤਿਮ ਸੰਸਕਾਰ ਆਨਲਾਈਨ ਦੇਖਿਆ ਅਤੇ ਵਾਰ-ਵਾਰ ਪੁੱਛਦੀ ਰਹੀ ਕਿ ਹੋਰ ਕਿੰਨਾ ਸਮਾਂ ਲੱਗੇਗਾ। ਅਸਥੀਆਂ ਚੁਗਣ ਲਈ ਵੀ ਧੀਆਂ ਨਹੀਂ ਆਈਆਂ। ਇਸ ਘਟਨਾ ਦੀ ਮੀਡੀਆ ’ਚ ਬਹੁਤ ਚਰਚਾ ਵੀ ਹੋਈ।

ਹਾਲ ਹੀ ’ਚ ਇਕ ਹੋਰ ਘਟਨਾ ਪੜ੍ਹੀ। ਇਕ ਪਿਤਾ ਦੀਆਂ ਪੰਜ ਧੀਆਂ ਸਨ। ਖ਼ੁਦ ਅਨਪੜ੍ਹ ਹੁੰਦਿਆਂ ਵੀ ਉਨ੍ਹਾਂ ਨੇ ਧੀਆਂ ਨੂੰ ਖ਼ੂਬ ਪੜ੍ਹਾਇਆ-ਲਿਖਾਇਆ। ਉਨ੍ਹਾਂ ਦਾ ਵਿਆਹ ਕਰ ਦਿੱਤਾ। ਫਿਰ ਉਕਤ ਬਜ਼ੁਰਗ ਨੂੰ ਲੱਗਿਆ ਕਿ ਜੀਵਨ ਦਾ ਪਤਾ ਨਹੀਂ, ਕਿੰਨੇ ਦਿਨ ਦਾ ਹੈ। ਇਸ ਲਈ ਉਹ ਜਿਸ ਮਕਾਨ ’ਚ ਰਹਿੰਦੇ ਹਨ, ਉਸ ਨੂੰ ਆਪਣੀਆਂ ਧੀਆਂ ਦੇ ਨਾਂ ਕਰ ਦੇਣ। ਉਨ੍ਹਾਂ ਨੇ ਆਪਣੀ ਛੋਟੀ ਧੀ ਨਾਲ ਇਸ ਬਾਰੇ ਗੱਲ ਕੀਤੀ।

ਧੀ ਨੇ ਕਿਹਾ ਕਿ ਉਹ ਸਭ ਕਰਵਾ ਦੇਵੇਗੀ। ਪਿਤਾ ਬਿਲਕੁਲ ਚਿੰਤਤ ਨਾ ਹੋਣ। ਧੀ ਨੇ ਵਸੀਅਤ ਤਿਆਰ ਕਰਵਾ ਦਿੱਤੀ। ਫਿਰ ਇਹ ਕਹਿ ਕੇ ਪਿਤਾ ਨਾਲ ਆ ਕੇ ਰਹਿਣ ਲੱਗੀ ਕਿ ਉਹ ਉਨ੍ਹਾਂ ਦੀ ਦੇਖਭਾਲ ਕਰਨਾ ਚਾਹੁੰਦੀ ਹੈ। ਪਿਤਾ ਨੇ ਉਸ ਨੂੰ ਕਿਹਾ ਕਿ ਜੋ ਵਸੀਅਤ ਤਿਆਰ ਹੋਈ ਹੈ, ਉਸ ਨੂੰ ਦਿਖਾ ਤਾਂ ਦੇ ਪਰ ਧੀ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ। ਪਿਤਾ ਨੂੰ ਸ਼ੱਕ ਹੋਇਆ, ਤਾਂ ਉਨ੍ਹਾਂ ਨੇ ਆਪਣੀਆਂ ਹੋਰ ਚਾਰ ਧੀਆਂ ਨੂੰ ਇਸ ਬਾਰੇ ਦੱਸਿਆ। ਪਿਤਾ ਨੇ ਧੀਆਂ ਦੀ ਮਦਦ ਨਾਲ ਵਸੀਅਤ ਦੀ ਡੁਪਲੀਕੇਟ ਕਾਪੀ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ। ਵਸੀਅਤ ਮਿਲਣ ’ਤੇ ਚਾਰੋਂ ਧੀਆਂ ਅਤੇ ਪਿਤਾ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਨੂੰ ਧੋਖੇ ’ਚ ਰੱਖ ਕੇ, ਸਭ ਤੋਂ ਛੋਟੀ ਧੀ ਨੇ ਮਕਾਨ ਆਪਣੇ ਨਾਂ ਕਰਵਾ ਲਿਆ ਸੀ।

ਇਸ ਲਈ ਅਨੇਕਾਂ ਵਾਰ ਮੰਗਣ ’ਤੇ ਵੀ ਉਸ ਨੇ ਵਸੀਅਤ ਨੂੰ ਨਹੀਂ ਦਿਖਾਇਆ। ਇੰਨਾ ਹੀ ਨਹੀਂ, ਮਕਾਨ ’ਚ ਕੋਈ ਹੋਰ ਰਹਿਣ ਨਾ ਆ ਜਾਵੇ, ਇਸ ਕਾਰਨ ਉਹ ਖ਼ੁਦ ਪਰਿਵਾਰ ਸਮੇਤ ਉੱਥੇ ਆ ਕੇ ਰਹਿਣ ਵੀ ਲੱਗੀ। ਮਜਬੂਰ ਹੋ ਕੇ ਪਿਤਾ ਨੇ ਹੋਰ ਚਾਰ ਧੀਆਂ ਨਾਲ ਮਿਲ ਕੇ ਵਸੀਅਤ ਰੱਦ ਕਰਵਾਉਣ ਦਾ ਦਾਅਵਾ ਕੀਤਾ ਪਰ ਜਿਵੇਂ ਹੁੰਦਾ ਹੈ, ਇਸ ਮਾਮਲੇ ’ਚ ਕਿਸੇ ਨਾ ਕਿਸੇ ਕਾਰਨ ਦੇਰ ਹੁੰਦੀ ਗਈ। ਖ਼ੈਰ, ਇਕ ਦੁਖੀ ਪਿਤਾ ਦੀ ਜਿੱਤ ਹੋਈ ਪਰ ਮੌਤ ਤੋਂ ਬਾਅਦ।

ਛੋਟੀ ਧੀ ਨੂੰ ਮਕਾਨ ਤੋਂ ਫ਼ੌਰਨ ਬਾਹਰ ਕਰਨ ਦਾ ਹੁਕਮ ਵੀ ਆਇਆ ਪਰ ਇਨਸਾਫ਼ ਮਿਲਿਆ ਵੀ ਤਾਂ ਬਜ਼ੁਰਗ ਦੀ ਮੌਤ ਤੋਂ ਬਾਅਦ। ਪਿਤਾ ਨੇ ਨਵੀਂ ਵਸੀਅਤ ਵੀ ਤਿਆਰ ਕਰਵਾਈ ਸੀ, ਜਿਸ ’ਚ ਛੋਟੀ ਧੀ ਨੂੰ ਹਰ ਅਧਿਕਾਰ ਤੋਂ ਬੇਦਖ਼ਲ ਕਰ ਦਿੱਤਾ ਗਿਆ।

ਇਸ ਪੂਰੀ ਘਟਨਾ ਨੇ ਇਹੀ ਸਬਕ ਤਾਂ ਦਿੱਤਾ ਹੈ, ਜਿਸ ਬਾਰੇ ਬਜ਼ੁਰਗ ਪਹਿਲਾਂ ਤੋਂ ਹੀ ਕਹਿੰਦੇ ਆਏ ਹਨ ਕਿ ਲਾਲਚ ਦਾ ਨਾ ਕੋਈ ਰਿਸ਼ਤਾ ਹੁੰਦਾ ਹੈ, ਨਾ ਕੋਈ ਧਰਮ। ਸਗੋਂ ਲਾਲਚੀ ਵਿਅਕਤੀ ਦੀਆਂ ਅੱਖਾਂ ’ਤੇ ਅਜਿਹੀ ਪੱਟੀ ਬੱਝ ਜਾਂਦੀ ਹੈ, ਜੋ ਉਸ ਨੂੰ ਸਹੀ-ਗਲਤ ਨਹੀਂ ਦੇਖਣ ਦਿੰਦੀ। ਅਜਿਹੇ ’ਚ ਨਾ ਮਾਂ, ਮਾਂ ਹੈ, ਨਾ ਪਿਤਾ, ਪਿਤਾ, ਨਾ ਹੀ ਕੋਈ ਭਰਾ-ਭੈਣ, ਨਾਤੇ, ਰਿਸ਼ਤੇਦਾਰ ਸਕਾ ਹੈ।

ਇਸ ਲਈ ਕਈ ਵਾਰ ਜ਼ਮੀਨ, ਜਾਇਦਾਦ, ਰੁਪਏ, ਪੈਸੇ ਦੇ ਮਾਮਲਿਆਂ ’ਚ ਆਪਣੇ ਹੀ ਅਪਣਿਆਂ ਨੂੰ ਮਾਰ ਕੇ ਰਿਸ਼ਤਿਆਂ ਨੂੰ ਖ਼ਤਮ ਕਰ ਦਿੰਦੇ ਹਨ। ਹੁਣ ਤਾਂ ਇਹ ਵੀ ਹੈ ਕਿ ਅਪਰਾਧ ਕਰਨ ਤੋਂ ਬਾਅਦ ਅਪਰਾਧੀ ਬੇਖ਼ੌਫ਼ ਹੋ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਦੁੱਖ ਨਹੀਂ। ਕੋਈ ਪਛਤਾਵਾ ਨਹੀਂ। ਜੋ ਕੀਤਾ ਸੋ ਠੀਕ ਕੀਤਾ।

ਇਹ ਸੋਚਣਾ ਵੀ ਕਿੰਨਾ ਭਿਆਨਕ ਹੈ ਕਿ ਨਜ਼ਦੀਕ ਤੋਂ ਨਜ਼ਦੀਕ ਰਿਸ਼ਤਿਆਂ ’ਤੇ ਅੱਜਕੱਲ ਯਕੀਨ ਨਹੀਂ ਕੀਤਾ ਜਾ ਸਕਦਾ। ਕਦੋਂ ਕੌਣ ਦਗਾ ਦੇ ਜਾਏ, ਪਤਾ ਨਹੀਂ।

—ਸ਼ਮਾ ਸ਼ਰਮਾ


author

Anmol Tagra

Content Editor

Related News