‘ਗੰਗਾ-ਜਮੁਨੀ ਤਹਿਜ਼ੀਬ’ ਦਾ ਬਿਹਤਰੀਨ ਨਮੂਨਾ ਹੈ ਉਰਦੂ
Friday, Apr 25, 2025 - 04:46 PM (IST)

ਭਾਵੇਂ ਭਾਰਤੀ ਸੱਭਿਆਚਾਰ, ਜੋ ‘ਅਨੇਕਤਾ ਵਿਚ ਏਕਤਾ’ ਦੀ ਮਿਸਾਲ ਪੇਸ਼ ਕਰਦਾ ਹੈ, ਆਪਣੇ ਆਪ ਵਿਚ ਮਨੁੱਖੀ ਭਾਈਚਾਰੇ ਦੀ ਸਭ ਤੋਂ ਵਧੀਆ ਮਿਸਾਲ ਹੈ, ਪਰ ਇਸ ਵਿਲੱਖਣਤਾ ਨੂੰ ਬਰਕਰਾਰ ਰੱਖਣਾ ਇੰਨਾ ਆਸਾਨ ਨਹੀਂ ਹੈ। ਏਕਤਾ ਲਈ ਸ਼ਾਨਦਾਰ ਯਤਨਾਂ ਦੇ ਬਾਵਜੂਦ, ਬਹੁਤ ਸਾਰੇ ਵਿਚਾਰਧਾਰਕ ਵਖਰਵੇਂ ਵੀ ਅੜਿੱਕਾ ਪਾਉਂਦੇ ਹਨ, ਜਿਸ ਵਿਚ ਸੂਬਾਈ ਵਿਭਿੰਨਤਾ, ਭਾਈਚਾਰਕ ਜਾਂ ਜਾਤੀ ਵਖਰੇਵੇਂ ਤੋਂ ਲੈ ਕੇ ਭਾਸ਼ਾਈ ਵਿਭਿੰਨਤਾ ਵੀ ਸ਼ਾਮਲ ਹੈ।
ਜੇਕਰ ਅਸੀਂ ਭਾਰਤ ਵਿਚ ਉਰਦੂ ਦੀ ਮਹੱਤਤਾ ਦਾ ਮੁਲਾਂਕਣ ਕਰੀਏ, ਤਾਂ ਇਸ ਨੂੰ ਹਿੰਦੀ ਦੀ ਸੱਚੀ ਭੈਣ ਮੰਨਿਆ ਜਾਂਦਾ ਹੈ, ਪਰ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਜੋ ਇਸ ਨੂੰ ਕਿਸੇ ਖਾਸ ਧਰਮ ਨਾਲ ਜੋੜਦੇ ਹਨ। ਅਜਿਹਾ ਹੀ ਇਕ ਮਾਮਲਾ ਮਹਾਰਾਸ਼ਟਰ ਵਿਚ ਦੇਖਣ ਨੂੰ ਮਿਲਿਆ, ਜਿੱਥੇ ਨਗਰ ਕੌਂਸਲ ਦੇ ਨਾਂ ਵਾਲੇ ਬੋਰਡ ’ਤੇ ਮਰਾਠੀ ਦੇ ਨਾਲ-ਨਾਲ ਉਰਦੂ ਭਾਸ਼ਾ ਦੀ ਵਰਤੋਂ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਭਾਵੇਂ ਹਾਲ ਹੀ ਵਿਚ ਸੁਪਰੀਮ ਕੋਰਟ ਨੇ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਹੈ, ਉਰਦੂ ਨੂੰ ‘ਗੰਗਾ-ਜਮੁਨੀ ਤਹਿਜ਼ੀਬ’ ਦੀ ਸਭ ਤੋਂ ਵਧੀਆ ਉਦਾਹਰਣ ਦੱਸਿਆ ਹੈ, ਪਰ ਕਿਤੇ ਨਾ ਕਿਤੇ ਉਰਦੂ ਭਾਸ਼ਾ ਵਿਰੁੱਧ ਇਹ ਪਹਿਲਾਂ ਤੋਂ ਬਣੀ ਸੋਚ ਬਹੁਤ ਕੁਝ ਸੋਚਣ ਨੂੰ ਮਜਬੂਰ ਕਰਦੀ ਹੈ।
ਦਰਅਸਲ, ਇਸ ਸੋਚ ਵਿਚ ਉਹ ਗਲਤ ਧਾਰਨਾਵਾਂ ਸ਼ਾਮਲ ਹਨ ਜੋ ਉਰਦੂ ਨੂੰ ਵਿਦੇਸ਼ੀ ਧਰਤੀ ਦੀ ਉਪਜ ਮੰਨਦੀਆਂ ਹਨ, ਜਦੋਂ ਕਿ ਹਕੀਕਤ ਬਿਲਕੁਲ ਉਲਟ ਹੈ। ਇਸ ਸੰਦਰਭ ਵਿਚ, ਸੁਪਰੀਮ ਕੋਰਟ ਨੂੰ ਇਹ ਵੀ ਸਪੱਸ਼ਟ ਕਰਨਾ ਪਿਆ ਕਿ ‘ਮਰਾਠੀ ਅਤੇ ਹਿੰਦੀ ਵਾਂਗ, ਉਰਦੂ ਵੀ ਇਕ ‘ਇੰਡੋ-ਆਰੀਅਨ’ ਭਾਸ਼ਾ ਹੈ, ਜੋ ਇਸੇ ਧਰਤੀ ’ਤੇ ਪੈਦਾ ਹੋਈ ਸੀ।’
ਜੇਕਰ ਅਸੀਂ ਭਾਰਤੀ ਇਤਿਹਾਸ ’ਤੇ ਨਜ਼ਰ ਮਾਰੀਏ, ਤਾਂ ਉਰਦੂ, ਜਿਸ ਦਾ ਸੱਭਿਆਚਾਰਕ ਤਾਣੇ-ਬਾਣੇ ਨਾਲ ਡੂੰਘਾ ਸਬੰਧ ਹੈ, 12ਵੀਂ ਸਦੀ ਵਿਚ ਮੁਗਲ ਕਾਲ ਦੌਰਾਨ ਵਿਕਸਤ ਹੋਈ। ਇਹ ਭਾਸ਼ਾ ਉੱਤਰ-ਪੱਛਮ ਦੀਆਂ ਖੇਤਰੀ ਉਪ-ਭਾਸ਼ਾਵਾਂ ਨਾਲ ਸੰਪਰਕ ਸਥਾਪਤ ਕਰਨ ਲਈ ਉੱਭਰੀ ਅਤੇ ਦਿੱਲੀ ਦੇ ਨੇੜੇ ਦੇ ਖੇਤਰਾਂ ਵਿਚ ਵਿਕਸਤ ਹੋਈ। ਉਰਦੂ ਦੇ ਪਹਿਲੇ ਮਹਾਨ ਲੋਕ ਕਵੀ ਅਮੀਰ ਖੁਸਰੋ ਨੂੰ ਮੰਨਿਆ ਜਾਂਦਾ ਸੀ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਭਾਸ਼ਾ ਵਿਚ ਦੋਹੇ, ਬੁਝਾਰਤਾਂ ਅਤੇ ਕਹਾਵਤਾਂ ਦੀ ਰਚਨਾ ਕੀਤੀ ਸੀ।
ਉਸ ਸਮੇਂ ਉਰਦੂ ਦਾ ਪ੍ਰਚੱਲਿਤ ਨਾਂ ‘ਹਿੰਦਵੀ’ ਸੀ। ਮੱਧਕਾਲੀ ਯੁੱਗ ਵਿਚ ਇਸ ਨੂੰ ਹਿੰਦਵੀ, ਜ਼ਬਾਨ-ਏ-ਹਿੰਦ, ਹਿੰਦੀ, ਜ਼ਬਾਨ-ਏ-ਦੇਹਲੀ, ਰੇਖਤਾ, ਗੁਜਰੀ, ਦੱਖਣੀ, ਜ਼ਬਾਨ-ਏ-ਮੁੱਲਾ, ਜ਼ਬਾਨ-ਏ-ਉਰਦੂ ਅਤੇ ਉਰਦੂ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਸੀ। ਇਸ ਗੱਲ ਦੇ ਸਬੂਤ ਹਨ ਕਿ ਇਸ ਦਾ ਨਾਂ ‘ਹਿੰਦੁਸਤਾਨੀ’ 11ਵੀਂ ਸਦੀ ਦੇ ਅੰਤ ਵਿਚ ਵਰਤਿਆ ਜਾਂਦਾ ਸੀ, ਜੋ ਬਾਅਦ ਵਿਚ ‘ਉਰਦੂ’ ਬਣ ਗਿਆ। ਉਰਦੂ ਦੇ ਪ੍ਰਸਿੱਧ ਲੇਖਕ ਉਨ੍ਹੀਵੀਂ ਸਦੀ ਦੇ ਸ਼ੁਰੂ ਤੱਕ ਆਪਣੀ ਭਾਸ਼ਾ/ਬੋਲੀ ਨੂੰ ‘ਹਿੰਦੀ’ ਜਾਂ ‘ਹਿੰਦਵੀ’ ਕਹਿੰਦੇ ਰਹੇ।
ਡਿਕਸ਼ਨਰੀ (ਸ਼ਬਦ ਕੋਸ਼) ਅਨੁਸਾਰ, ਉਰਦੂ ਸ਼ਬਦ, ਜੋ ਕਿ ਤੁਰਕੀ ਸ਼ਬਦ ਓਰਦੂ ਜਾਂ ਓਰਦਾ ਤੋਂ ਲਿਆ ਗਿਆ ਹੈ, ਦਾ ਅਰਥ ਹੈ ‘ਫੌਜ’, ‘ਛਾਉਣੀ’ ਜਾਂ ‘ਸ਼ਾਹੀ ਕੈਂਪ’। ਇਹ ਸ਼ਬਦ ਦਿੱਲੀ ਸ਼ਹਿਰ ਲਈ ਵੀ ਵਰਤਿਆ ਜਾਂਦਾ ਸੀ ਕਿਉਂਕਿ ਇਹ ਸਦੀਆਂ ਤੋਂ ਮੁਗਲ ਸਾਮਰਾਜ ਦੀ ਰਾਜਧਾਨੀ ਸੀ।
ਭਾਰਤ ਦੇ ਸੰਵਿਧਾਨ ਵਿਚ ਮਾਨਤਾ ਪ੍ਰਾਪਤ 22 ਭਾਰਤੀ ਭਾਸ਼ਾਵਾਂ ਵਿਚੋਂ ਇਕ ਉਰਦੂ ਨੂੰ ਜੰਮੂ ਅਤੇ ਕਸ਼ਮੀਰ, ਤੇਲੰਗਾਨਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਸਮੇਤ ਕਈ ਭਾਰਤੀ ਸੂਬਿਆਂ ਵਿਚ ਅਧਿਕਾਰਤ ਦਰਜਾ ਪ੍ਰਾਪਤ ਹੈ ਅਤੇ ਇਹ ਭਾਰਤੀ ਸੱਭਿਆਚਾਰਕ ਅਤੇ ਸਾਹਿਤਕ ਖੇਤਰ ਵਿਚ ਵੀ ਇਕ ਮਹੱਤਵਪੂਰਨ ਸਥਾਨ ਰੱਖਦੀ ਹੈ। ਭਾਰਤ ਸਰਕਾਰ ਦੀ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ, ਭਾਰਤ ਗਣਰਾਜ ਵਿਚ ਉਰਦੂ ਬੋਲਣ ਵਾਲਿਆਂ ਦੀ ਕੁੱਲ ਗਿਣਤੀ 62,772,631 ਸੀ।
‘ਗੰਗਾ-ਜਮੁਨੀ’ ਸ਼ਬਦ ਹਿੰਦੀ ਭਾਸ਼ਾ ਤੋਂ ਹੋਂਦ ਵਿਚ ਆਇਆ ਹੈ, ਜਿਸ ਦਾ ਅਰਥ ਹੈ ‘ਮਿਸ਼ਰਤ’, ‘ਸੰਯੁਕਤ’ ਜਾਂ ‘ਮਿਸ਼ਰਿਤ ਧਾਤੂ’; ਇਹ ਅਸਲ ਵਿਚ ਦੋ ਪਵਿੱਤਰ ਨਦੀਆਂ, ਗੰਗਾ ਅਤੇ ਯਮੁਨਾ ਦਾ ਹਵਾਲਾ ਦਿੰਦਾ ਹੈ, ਜੋ ਪ੍ਰਯਾਗਰਾਜ ਵਿਚ ਤ੍ਰਿਵੇਣੀ ਸੰਗਮ ਸਥਾਨ ’ਤੇ ਆਪਣੀ ਵੱਖਰੀ-ਵੱਖਰੀ ਪਛਾਣ ਦਰਜ ਕਰਵਾ ਕੇ ਇਕ-ਦੂਜੇ ਨਾਲ ਮਿਲ ਜਾਂਦੀਆਂ ਹਨ। ‘ਤਹਿਜ਼ੀਬ’ ਸ਼ਬਦ, ਜੋ ਬਾਅਦ ਦੀ ਉਰਦੂ ਤੋਂ ਵਰਤੋਂ ਵਿਚ ਆਇਆ, ਦਾ ਅਰਥ ਹੈ ਸੱਭਿਅਤਾ, ਸੱਭਿਆਚਾਰ, ਤਰੱਕੀ, ਵਿਕਾਸ।
ਸਮੂਹਿਕ ਰੂਪ ਵਿਚ, ‘ਗੰਗਾ-ਜਮੁਨੀ ਤਹਿਜ਼ੀਬ’ ਸਿਰਫ਼ ਇਕ ਮੁਹਾਵਰਾ ਨਹੀਂ ਹੈ, ਸਗੋਂ ਉਸ ਵਿਭਿੰਨਤਾ ਦਾ ਪ੍ਰਮਾਣ ਹੈ ਜੋ ਭਾਰਤ ਦੀ ਵਿਲੱਖਣ ਪਛਾਣ ਹੈ। ਭਾਵ, ਇਕ ਪ੍ਰਤੀਕਾਤਮਕ ਰੂਪ ਵਿਚ ਦੋ ਸੱਭਿਆਚਾਰ ਹਨ ਜੋ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦੇ ਹੋਏ, ਆਪਸੀ ਸਦਭਾਵਨਾ ਵਿਚ ਇਕ-ਦੂਜੇ ਦੇ ਮਹੱਤਵ ਨੂੰ ਸਵੀਕਾਰ ਕਰ ਕੇ ਸੱਭਿਆਚਾਰਕ ਅਤੇ ਸਾਹਿਤਕ ਵਿਕਾਸ ਦੇ ਨਵੇਂ ਪਹਿਲੂ ਸਥਾਪਤ ਕਰਦੇ ਹਨ। ਇਸ ਤਹਿਜ਼ੀਬ ਦੀਆਂ ਕਈ ਮਿਸਾਲਾਂ ਇਤਿਹਾਸ ਵਿਚ ਵੇਖੀਆਂ ਜਾ ਸਕਦੀਆਂ ਹਨ। ਮੁਨਸ਼ੀ ਪ੍ਰੇਮਚੰਦ ਅਤੇ ਜੈਸ਼ੰਕਰ ਪ੍ਰਸਾਦ ਨੂੰ ਪੜ੍ਹਨ ਵਾਲੇ ਸਾਹਿਤ ਪ੍ਰੇਮੀ ਸਆਦਤ ਹਸਨ ਮੰਟੋ ਅਤੇ ਮਿਰਜ਼ਾ ਗ਼ਾਲਿਬ ਨੂੰ ਵੀ ਉਸੇ ਜੋਸ਼ ਨਾਲ ਪੜ੍ਹਦੇ ਸਨ।
ਜਿੱਥੇ ਮੁਸਲਿਮ ਮੂਰਤੀਕਾਰ ਦੇਵੀ ਦੁਰਗਾ ਦੀਆਂ ਮੂਰਤੀਆਂ ਬਣਾਉਂਦੇ ਹਨ, ਉੱਥੇ ਹੀ ਹਿੰਦੂ ਕਾਰੀਗਰ ਮੁਹੱਰਮ ਤਾਜ਼ੀਆ ਬਣਾਉਣ ਵਿਚ ਰੁੱਝੇ ਹੋਏ ਦਿਖਾਈ ਦਿੰਦੇ ਹਨ। ਜਿਵੇਂ ਕਿ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਕਿਹਾ, ‘‘ਭਾਸ਼ਾ ਕੋਈ ਧਰਮ ਨਹੀਂ ਹੈ...ਭਾਸ਼ਾ ਸੱਭਿਆਚਾਰ ਹੈ। ਭਾਸ਼ਾ ਕਿਸੇ ਭਾਈਚਾਰੇ ਅਤੇ ਇਸ ਦੇ ਲੋਕਾਂ ਦੀ ਸੱਭਿਅਤਾ ਦੀ ਯਾਤਰਾ ਨੂੰ ਮਾਪਣ ਲਈ ਇਕ ਮਾਪਦੰਡ ਹੈ।’’