ਨਵੀਂ ਪੀੜ੍ਹੀ ਰਾਸ਼ਟਰਪਿਤਾ ਦੀ ਵਿਚਾਰਧਾਰਾ ਦੀ ਜੜ੍ਹ ਤੋਂ ਅਣਜਾਣ

07/17/2019 7:18:31 AM

ਵਰਿੰਦਰ ਭਾਟੀਆ 
ਇਸ ਵਾਰ ਦੇ ਬਜਟ-2019 ਨੂੰ ਪੇਸ਼ ਕਰਨ ਮੌਕੇ ਮਹਾਤਮਾ ਗਾਂਧੀ ਦੇ ਵਿਚਾਰਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਇਕ ‘ਗਾਂਧੀ-ਪੀਡੀਆ’ ਵਿਕਸਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 2 ਅਕਤੂਬਰ 2019 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮਨਾਈ ਜਾਵੇਗੀ। ਮੋਦੀ ਸਰਕਾਰ ਨੇ ਉਸ ਤੋਂ ਇਕ ਸਾਲ ਪਹਿਲਾਂ ਤੋਂ ਹੀ ਇਸ ਨੂੰ ਵੱਡੇ ਪੱਧਰ ’ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਗਾਂਧੀ ਜੀ ਦੀ ਜੀਵਨੀ, ਉਨ੍ਹਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਪੂਰੀ ਜਾਣਕਾਰੀ ਹੁਣ ਇਕ ਹੀ ਸਰਕਾਰੀ ਵੈੱਬਸਾਈਟ ’ਤੇ ਲਿਆਉਣ ਦੀ ਤਿਆਰੀ ਹੋ ਰਹੀ ਹੈ। ਇਸ ਦੀ ਜ਼ਰੂਰਤ ਇਸ ਲਈ ਪਈ ਕਿਉਂਕਿ ਦੇਸ਼ ਦੀ ਨਵੀਂ ਪੀੜ੍ਹੀ ਰਾਸ਼ਟਰਪਿਤਾ ਦੀ ਵਿਚਾਰਧਾਰਾ ਦੀ ਜੜ੍ਹ ਤੋਂ ਅਣਜਾਣ ਸਮਝੀ ਜਾ ਰਹੀ ਹੈ। ਆਜ਼ਾਦ ਭਾਰਤ ਦੇ 6 ਦਹਾਕਿਆਂ ’ਚ ਸਮਾਜਿਕ ਬਦਲਾਅ ਦੀ ਜਿਹੜੀ ਕਹਾਣੀ ਲਿਖੀ ਗਈ ਹੈ, ਬੇਸ਼ੱਕ ਉਸ ਦਾ ਜ਼ਿਆਦਾਤਰ ਹਿੱਸਾ ਨੌਜਵਾਨ ਪੀੜ੍ਹੀ ਦੇ ਨਾਂ ਹੈ। ਦੇਸ਼ ’ਚ ਨਵ-ਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਤੋਂ ਬਾਅਦ ਭਾਰਤ ਜਿਸ ਤੇਜ਼ੀ ਨਾਲ ਗਲੋਬਲਾਈਜ਼ੇਸ਼ਨ ਦੀ ਰਾਹ ’ਤੇ ਦੌੜ ਰਿਹਾ ਹੈ, ਉਸ ਨਾਲ ਨੌਜਵਾਨ ਵਰਗ ਗਾਂਧੀ ਦੇ ਸੁਪਨਿਆਂ ਦੇ ਭਾਰਤ ਤੋਂ ਨਾ ਸਿਰਫ ਦੂਰ ਹੁੰਦਾ ਜਾ ਰਿਹਾ ਹੈ, ਸਗੋਂ ਉਹ ਪੱਛਮ ਦੀ ਭੌਤਿਕਵਾਦੀ ਚਮਕ ਨੂੰ ਅਪਣਾਉਣ ’ਚ ਲੱਗਾ ਹੈ। ਹਾਲਾਂਕਿ ਬਹੁ-ਰਾਸ਼ਟਰੀ ਕੰਪਨੀਆਂ ਦੇ ਆਉਣ ਨਾਲ ਪੱਛਮੀ ਦੇਸ਼ਾਂ ਤੋਂ ਜੋ ਆਵਾਜਾਈ ਵਧੀ, ਉਸ ਨੇ ਕੁਝ ਸਾਲਾਂ ’ਚ ਹੀ ਨੌਜਵਾਨ ਪੀੜ੍ਹੀ ਨੂੰ ਗਾਂਧੀ ਦੇ ਵਿਸ਼ੇ ’ਚ ਸੋਚਣ ’ਤੇ ਮਜਬੂਰ ਕਰ ਦਿੱਤਾ। ਜ਼ਿਆਦਾ ਪੈਸਾ ਕਮਾਉਣ ਦੇ ਲਾਲਚ ਨਾਲ ਹਰ ਤਰ੍ਹਾਂ ਦੀਆਂ ਡਿਗਰੀਆਂ ਲੈ ਕੇ ਦੂਜੇ ਦੇਸ਼ਾਂ ਵਿਚ ਗਏ ਨੌਜਵਾਨਾਂ ਨੂੰ ਗਾਂਧੀਵਾਦ ਦੇ ਸੰਸਾਰ ਪੱਧਰੀ ਰੂਪ ਨੇ ਉਨ੍ਹਾਂ ਦੀ ਸੋਚ ਨੂੰ ਬਦਲਿਆ ਹੈ। ਘੱਟ ਹੀ ਸਹੀ ਪਰ ਕਈ ਨੌਜਵਾਨਾਂ ਦੀਆਂ ਅਜਿਹੀਆਂ ਕਹਾਣੀਆਂ ਸਾਡੇ ਲਈ ਉਦਾਹਰਣ ਬਣ ਸਕਦੀਆਂ ਹਨ, ਜੋ ਵਿਦੇਸ਼ ਦੀਆਂ ਆਰਾਮ-ਤਲਬ ਅਤੇ ਵੱਧ ਆਮਦਨ ਵਾਲੀਆਂ ਨੌਕਰੀਆਂ ਨੂੰ ਛੱਡ ਕੇ ਦੇਸ਼ ਪਰਤ ਆਏ ਅਤੇ ਨਾ ਸਿਰਫ ਵਾਪਿਸ ਆਏ, ਸਗੋਂ ਦੇਸ਼ ਦੇ ਕਈ ਇਲਾਕਿਆਂ ’ਚ ਯਾਦਗਾਰੀ ਕੰਮ ਕੀਤੇ ਹਨ। ਸੋਚੋ, ਕੀ ਭਾਰਤ ਦਾ ਆਜ਼ਾਦੀ ਦਾ ਸੰਘਰਸ਼ ਸਿਰਫ ਅੱਧਖੜ ਅਤੇ ਬੁੱਢੇ ਆਦਮੀਆਂ ਵਲੋਂ ਲੜਿਆ ਗਿਆ ਸੀ? ਬਿਲਕੁਲ ਨਹੀਂ, ਕਿਉਂਕਿ ਜੇ ਅਜਿਹਾ ਹੁੰਦਾ ਤਾਂ ਉਹ ਸਫਲਤਾ ਨਹੀਂ ਪਾ ਸਕਦਾ ਸੀ। ਗਾਂਧੀ ਜੀ ਨੌਜਵਾਨਾਂ ਲਈ ਸਭ ਤੋਂ ਵੱਡੇ ਲੀਡਰ ਸਨ। ਉਨ੍ਹਾਂ ਦਾ ਨੌਜਵਾਨਾਂ ਪ੍ਰਤੀ ਝੁਕਾਅ ਉਨ੍ਹਾਂ ਦਿਨਾਂ ਤੋਂ ਸਾਫ ਨਜ਼ਰ ਆਉਂਦਾ ਹੈ, ਜਦੋਂ ਉਹ ਦੱਖਣੀ ਅਫਰੀਕਾ ਵਿਚ ਰਹਿੰਦੇ ਸਨ।

ਇਤਿਹਾਸ ਗਵਾਹ ਹੈ ਕਿ ਗਾਂਧੀ ਦੇ ਸਿਰਫ ਵਿਚਾਰ ਹੀ ਨਹੀਂ, ਸਗੋਂ ਉਨ੍ਹਾਂ ਦੇ ਕੰਮ ਵੀ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾਸ੍ਰੋਤ ਰਹੇ ਹਨ। ਭਾਰਤ ਆਉਣ ਤੋਂ ਪਹਿਲਾਂ ਜਦ ਗਾਂਧੀ ਜੀ ਦੱਖਣੀ ਅਫਰੀਕਾ ਵਿਚ ਸਨ ਤਾਂ ਉਥੋਂ ਦੀ ਸਰਕਾਰ ਨੇ ਭਾਰਤੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹਾਂ ਦੀ ਜਾਇਜ਼ਤਾ ’ਤੇ ਸਵਾਲ ਖੜ੍ਹਾ ਕੀਤਾ ਅਤੇ ਉਨ੍ਹਾਂ ਵਿਆਹਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ ’ਚ ਜ਼ਿਆਦਾਤਰ ਨੌਜਵਾਨ ਹੀ ਸਨ। ਅਜਿਹੇ ਨੌਜਵਾਨਾਂ ਨੂੰ ਉਥੋਂ ਦੀ ਸਰਕਾਰ ਨੇ ਨੌਕਰੀਆਂ ’ਚੋਂ ਕੱਢਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਗਾਂਧੀ ਜੀ ਇਕਲੌਤੇ ਅਜਿਹੇ ਵਿਅਕਤੀ ਸਨ, ਜੋ ਉਨ੍ਹਾਂ ਨਾਲ ਖੜ੍ਹੇ ਹੋਏ। ਉਨ੍ਹਾਂ ਨੇ ਨੌਜਵਾਨਾਂ ਨੂੂੰ ਸੰਗਠਿਤ ਅਤੇ ਉਤਸ਼ਾਹਿਤ ਕੀਤਾ ਅਤੇ ਇਕ ਵੱਡਾ ਅੰਦੋਲਨ ਛੇੜਿਆ। ਬੇਰੋਜ਼ਗਾਰ ਹੋ ਚੁੱਕੇ ਨੌਜਵਾਨਾਂ ਲਈ ‘ਫੀਮਿਕਸ ਆਸ਼ਰਮ’ ਬਣਾਇਆ ਅਤੇ ਉਥੇ ਲਘੂ ਉਦਯੋਗ ਚਲਾਉਣ ਲੱਗੇ। ਇਹ ਇਕ ਅਦਭੁੱਤ ਪ੍ਰਯੋਗ ਸੀ, ਜਿਸ ਲਈ ਭਾਰਤ ਦੇ ਲੋਕਾਂ ਨੇ ਵੀ ਆਪਣੀ ਸਹਾਇਤਾ ਭੇਜੀ। ਉਸ ਸਮੇਂ ਉਦਯੋਗਪਤੀ ਰਤਨ ਟਾਟਾ, ਕਾਂਗਰਸ ਅਤੇ ਹੈਦਰਾਬਾਦ ਦੇ ਨਿਜ਼ਾਮ ਦੀ ਦਿੱਤੀ ਹੋਈ ਸਹਾਇਤਾ ਰਾਸ਼ੀ ਲੈ ਕੇ ਗੋਪਾਲਕ੍ਰਿਸ਼ਨ ਗੋਖਲੇ ਦੱਖਣੀ ਅਫਰੀਕਾ ਗਏ। ਗਾਂਧੀ ਜਦ 1901 ਵਿਚ ਭਾਰਤ ਆਏ, ਉਸ ਸਮੇਂ ਕਾਂਗਰਸ ਦਾ ਇਜਲਾਸ ਕਲਕੱਤਾ ਵਿਚ ਸੀ। ਆਮ ਤੌਰ ’ਤੇ ਕਾਂਗਰਸ ਦੇ ਇਜਲਾਸਾਂ ’ਚ ਵਕੀਲਾਂ ਦੀ ਹਿੱਸੇਦਾਰੀ ਰਹਿੰਦੀ ਸੀ ਪਰ ਕਲਕੱਤਾ ’ਚ ਕਾਫੀ ਗਿਣਤੀ ’ਚ ਨੌਜਵਾਨਾਂ ਨੇ ਹਿੱਸੇਦਾਰੀ ਕੀਤੀ। ਮੰਨਿਆ ਜਾਂਦਾ ਹੈ ਕਿ ਗਾਂਧੀ ਦੇ ਆਉਣ ਨਾਲ ਨੌਜਵਾਨਾਂ ’ਚ ਇਸ ਦਾ ਪ੍ਰਭਾਵ ਪਿਆ। ਉਸ ਇਜਲਾਸ ’ਚ ਗਾਂਧੀ ਜੀ ਨੇ ਇਹ ਕਿਹਾ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਆਪਣਾ ਕੰਮ ਕਰਨ ’ਚ ਕਿਸੇ ਵੀ ਤਰ੍ਹਾਂ ਦੀ ਸ਼ਰਮ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਉਥੇ ਬਣੇ ਪਖਾਨਿਆਂ ਨੂੰ ਖ਼ੁਦ ਸਾਫ ਕਰ ਕੇ ਇਸ ਦਾ ਸੰਦੇਸ਼ ਵੀ ਦਿੱਤਾ। ਆਜ਼ਾਦੀ ਦੀ ਲੜਾਈ ਲੜਦੇ ਹੋਏ ਗਾਂਧੀ ਜੀ ਨੇ ਜਦ ਅਸਹਿਯੋਗ ਅੰਦੋਲਨ ਦਾ ਨਾਅਰਾ ਦਿੱਤਾ ਤਾਂ ਉਨ੍ਹਾਂ ਨੇ ਨੌਜਵਾਨਾਂ ਨੂੰ ਸਰਕਾਰੀ ਕਾਲਜ-ਸਕੂਲ ਛੱਡਣ ਦਾ ਸੱਦਾ ਦਿੱਤਾ ਅਤੇ ਸਵਦੇਸ਼ੀ ਸਕੂਲਾਂ ’ਚ ਪੜ੍ਹਨ ਲਈ ਕਿਹਾ। ਨਤੀਜੇ ਵਜੋਂ ਕਾਸ਼ੀ ਵਿੱਦਿਆਪੀਠ ਸਮੇਤ ਕਈ ਸਿੱਖਿਆ ਸੰਸਥਾਨਾਂ ਦੀ ਸਥਾਪਨਾ ਹੋਈ। ਦੇਸ਼ ਵਿਚ ਇਸ ਨਾਲ ਇਕ ਸਵਦੇਸ਼ੀ ਸਿੱਖਿਆ ਪ੍ਰਣਾਲੀ ਦਾ ਆਕਰਸ਼ਣ ਪੈਦਾ ਹੋਇਆ। ਉਨ੍ਹਾਂ ਨੌਜਵਾਨਾਂ ਨੂੰ ਚਰਖੇ ਦਿੱਤੇ ਗਏ, ਜੋ ਅਸਹਿਯੋਗ ਅੰਦੋਲਨ ਨਾਲ ਬੇਰੋਜ਼ਗਾਰ ਹੋ ਗਏ ਸਨ। ਜੇਲ ਤੋਂ ਆਉਣ ਬਾਅਦ ਗਾਂਧੀ ਜੀ ਨੇ ਲਘੂ ਉਦਯੋਗਾਂ ਨੂੰ ਇਥੇ ਵੀ ਵਧਾਉਣ ’ਤੇ ਜ਼ੋਰ ਦਿੱਤਾ ਅਤੇ ਦੇਸ਼ ਵਿਚ ਸਵੈ-ਰੋਜ਼ਗਾਰ ਦਾ ਵਿਸਥਾਰ ਹੋਇਆ।

ਗਾਂਧੀ ਜੀ ਨੇ ਜਿਸ ਮੁਢਲੀ ਸਿੱਖਿਆ ਦੀ ਜ਼ਮੀਨ ਤਿਆਰ ਕੀਤੀ, ਉਹ ਨੌਜਵਾਨਾਂ ਲਈ ਮਹੱਤਵਪੂਰਨ ਹੈ। ਉਨ੍ਹਾਂ ਦੀ ਯੋਜਨਾ ਨੂੰ ਵਰਧਾ ਸਿੱਖਿਆ ਯੋਜਨਾ ਦੇ ਨਾਂ ਨਾਲ ਜਾਣਦੇ ਹਾਂ, ਜਿਸ ਨੂੰ ਡਾ. ਜ਼ਾਕਿਰ ਹੁਸੈਨ ਨੇ ਗਾਂਧੀ ਜੀ ਦੇ ਨਿਰਦੇਸ਼ ’ਤੇ ਤਿਆਰ ਕੀਤਾ। ਉਸ ਯੋਜਨਾ ਦੇ ਤਿੰਨ ਬੁਨਿਆਦੀ ਪੱਖ ਸਨ–ਹੱਥ ਨਾਲ ਤਿਆਰ, ਉਤਪਾਦਨ ਕਾਰਜ, ਮਾਤ ਭਾਸ਼ਾ ’ਚ 7 ਸਾਲਾਂ ਤਕ ਜ਼ਰੂਰੀ ਸਿੱਖਿਆ ਅਤੇ ਸੁਲੇਖ। ਅਸੀਂ ਇਨ੍ਹਾਂ ਯੋਜਨਾਵਾਂ ਨੂੰ ਛੱਡ ਦਿੱਤਾ ਪਰ ਗੁਆਂਢੀ ਚੀਨ ਪਹਿਲੀਆਂ ਦੋ ਗੱਲਾਂ ਨੂੰ ਅਪਣਾ ਕੇ ਪੂਰੀ ਦੁਨੀਆ ’ਚ ਆਪਣਾ ਡੰਕਾ ਵਜਾ ਰਿਹਾ ਹੈ, ਜਦਕਿ ਅਸੀਂ ਬਚਪਨ ਤੋਂ ਹੀ ਅੰਗਰੇਜ਼ੀ ਦੇ ਪਿੱਛੇ ਭੱਜ ਰਹੇ ਹਾਂ। ਕੁਝ ਸਾਲ ਪਹਿਲਾਂ ਹੋਏ ਸਰਵੇ ’ਚ ਇਹ ਪਤਾ ਲੱਗਾ ਕਿ ਦੇਸ਼ ਦੇ 76 ਫੀਸਦੀ ਨੌਜਵਾਨ ਆਪਣਾ ਆਦਰਸ਼ ਗਾਂਧੀ ਨੂੰ ਮੰਨਦੇ ਹਨ। ਹੋ ਸਕਦਾ ਹੈ ਇਨ੍ਹਾਂ ਅੰਕੜਿਆਂ ਵਿਚ ਅਜਿਹੇ ਨੌਜਵਾਨ ਵੀ ਹੋਣਗੇ, ਜੋ ਆਮ ਤੌਰ ’ਤੇ ਗਾਂਧੀ ਨੂੰ ਚੰਗਾ ਮੰਨਦੇ ਹੋਏ ਆਪਣਾ ਆਦਰਸ਼ ਦੱਸਦੇ ਹੋਣ ਪਰ ਹੁਣੇ ਆਈ. ਬੀ. ਐੱਨ.-ਸੀ. ਐੱਨ. ਐੱਨ. ਦੇ ਇਕ ਦੇਸ਼ ਪੱਧਰੀ ਤਾਜ਼ਾ ਸਰਵੇ ’ਚ ਫਿਰ ਇਹ ਸਾਹਮਣੇ ਆਇਆ ਕਿ ਦੇਸ਼ ਦੇ ਜ਼ਿਆਦਾਤਰ ਨੌਜਵਾਨ ਗਾਂਧੀ ਨੂੰ ਆਪਣਾ ਰੋਲ ਮਾਡਲ ਮੰਨ ਰਹੇ ਹਨ। ਇਹ ਸੁਖਦ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਇਕ ਪਾਸੇ ਬੀਅਰ ਅਤੇ ਪੱਬ ਸੰਸਕ੍ਰਿਤੀ ਵਾਲੀ ਮੌਜੂਦਾ ਪੀੜ੍ਹੀ ਪੱਛਮੀ ਜੀਵਨ ਸ਼ੈਲੀ ਨੂੰ ਅਪਣਾ ਰਹੀ ਹੈ, ਉਥੇ ਦੂਜੇ ਪਾਸੇ ਉਹ ਗਾਂਧੀ ਨੂੰ ਆਦਰਸ਼ ਦੱਸਣ ’ਚ ਨਹੀਂ ਝਿਜਕਦੀ।

ਗਾਂਧੀ ਦੇ ਰਾਹ ’ਤੇ ਨਹੀਂ ਚੱਲਦੇ ਨੌਜਵਾਨ

ਗੰਭੀਰ ਸਵਾਲ ਇਹੀ ਹੈ ਕਿ ਗਾਂਧੀ ਨੂੰ ਆਪਣਾ ਰੋਲ ਮਾਡਲ ਦੱਸਣ ਵਾਲੀ ਨੌਜਵਾਨ ਪੀੜ੍ਹੀ ਗਾਂਧੀ ਦੇ ਰਸਤੇ ’ਤੇ ਚੱਲਣ ਲਈ ਤਿਆਰ ਕਿਉਂ ਨਹੀਂ ਹੈ। ਕਿਉਂ ਉਹ ਹਿੰਸਾ, ਨਸ਼ਾਖੋਰੀ ਅਤੇ ਪੈਸੇ ਦੇ ਪਿੱਛੇ ਭੱਜ ਰਹੀ ਹੈ? ਇਹ ਸਵਾਲ ਦੇਸ਼ ਦੀਆਂ ਉਨ੍ਹਾਂ ਸਰਕਾਰਾਂ ਤੋਂ ਹੀ ਪੁੱਛਣਾ ਪਵੇਗਾ ਜੋ ਹੁਣ ਤਕ ਗਾਂਧੀ ਨੂੰ ਨਕਾਰਦੀਆਂ ਆਈਆਂ ਹਨ। ਗਾਂਧੀ ਨੇ ਜਿਸ ‘ਹਿੰਦ ਸਵਰਾਜ’ ਦਾ ਖਾਕਾ ਦਿੱਤਾ ਸੀ, ਉਸ ’ਤੇ ਸਾਡੇ ਨੇਤਾ ਹਮੇਸ਼ਾ ਚੱਲਣ ਤੋਂ ਕਤਰਾਉਂਦੇ ਰਹੇ। ਗਾਂਧੀ ਜੀ ਲਘੂ ਉਦਯੋਗ ਅਤੇ ਸਵੈ-ਰੋਜ਼ਗਾਰ ਨਾਲ ਦੇਸ਼ ਦੇ ਹਰ ਵਿਅਕਤੀ ਨੂੰ ਕੰਮ ਦੇਣਾ ਚਾਹੁੰਦੇ ਸਨ, ਜਦਿਕ ਸਾਡੀਆਂ ਨੌਜਵਾਨ ਆਰਥਿਕ ਨੀਤੀਆਂ ਨੌਜਵਾਨਾਂ ਨੂੰ ਬੇਰੋਜ਼ਗਾਰੀ ਦੀ ਦਲਦਲ ਵਿਚ ਧੱਕ ਰਹੀਆਂ ਹਨ। ਆਜ਼ਾਦੀ ਤੋਂ ਬਾਅਦ ਜੋ ਲਘੂ ਉਦਯੋਗ ਫੈਲਿਆ, ਉਹ ਆਖਰੀ ਸਾਹ ਗਿਣ ਰਿਹਾ ਹੈ। ਵੱਡੇ ਪੂੰਜੀਪਤੀ ਘਰਾਣਿਆਂ ਦੇ ਚੁੰਗਲ ਵਿਚ ਤਾਂ ਦੇਸ਼ ਬਹੁਤ ਪਹਿਲਾਂ ਜਕੜ ਚੁੱਕਾ ਸੀ, ਹੁਣ ਵਿਦੇਸ਼ੀ ਪੂੰਜੀ ਦੇ ਹਵਾਲੇ ਸਾਡੇ ਖੁਦਰਾ ਅਤੇ ਘਰੇਲੂ ਰੋਜ਼ਗਾਰਾਂ ਨੂੰ ਵੀ ਸੌਂਪਿਆ ਜਾ ਰਿਹਾ ਹੈ। ਕੁਲ ਮਿਲਾ ਕੇ ਅਸੀਂ ਅਜਿਹੀ ਅਰਥ ਵਿਵਸਥਾ ਦੇ ਹਵਾਲੇ ਕਰ ਦਿੱਤੇ ਗਏ ਹਾਂ, ਜਿਸ ਨੂੰ ਗਾਂਧੀ ਜੀ ਗਰੀਬ ਪੈਦਾ ਕਰਨ ਵਾਲੀ ਦੱਸਦੇ ਸੀ।

ਗਾਂਧੀਵਾਦੀ ਵਿਚਾਰਾਂ ਦੀ ਪ੍ਰਸੰਗਿਕਤਾ

ਬਾਵਜੂਦ ਇਸ ਅਨਰਥ ਅਰਥਤੰਤਰ ’ਚ ਗਾਂਧੀ ਜੀ ਹੀ ਇਕਲੌਤੇ ਵਿਚਾਰ ਹਨ, ਜਿਨ੍ਹਾਂ ਨੂੰ ਅਪਣਾ ਕੇ ਦੇਸ਼ ਅਤੇ ਸਮਾਜ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੇ ਜੀਵਨ ਵਿਚ ਕੁਝ ਵੀ ਵਿਅਕਤੀਗਤ ਨਹੀਂ ਸੀ। ਉਨ੍ਹਾਂ ਦਾ ਪੂਰਾ ਜੀਵਨ ਇਕ ਸਾਂਝਾ ਪਰਿਵਾਰ ਸੀ, ਜਿਸ ਵਿਚ ਉਨ੍ਹਾਂ ਲਈ ਵੀ ਜਗ੍ਹਾ ਸੀ, ਜੋ ਉਨ੍ਹਾਂ ਤੋਂ ਪੂਰੀ ਤਰ੍ਹਾਂ ਅਸਹਿਮਤ ਸਨ। ਭਾਰਤ ਵਿਚ ਵਿਦੇਸ਼ੀ ਕੱਪੜਿਆਂ ਦੀ ਹੋਲੀ ਬਾਲਣ ਲਈ ਪ੍ਰੇਰਿਤ ਕਰਨ ਵਾਲਾ ਮਹਾਤਮਾ ਜਦ ਗੋਲ ਮੇਜ਼ ਸੰਮੇਲਨ ’ਚ ਹਿੱਸਾ ਲੈਣ ਲਈ ਬ੍ਰਿਟੇਨ ਗਿਆ ਤਾਂ ਮੌਕਾ ਮਿਲਦਿਆਂ ਹੀ ਲੰਕਾਸ਼ਾਇਰ ਦੇ ਕੱਪੜਾ ਕਾਰਖਾਨਿਆਂ ਦੇ ਮਜ਼ਦੂਰਾਂ ਵਿਚਾਲੇ ਜਾ ਪਹੁੰਚਿਆ, ਜਿਹੜੇ ਸਵਦੇਸ਼ੀ ਅੰਦੋਲਨ ਕਾਰਨ ਬੇਰੋਜ਼ਗਾਰ ਹੋ ਰਹੇ ਸਨ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਤਾਂ ਤੁਹਾਡੇ ਨਾਲ ਪਿਆਰ ਹੀ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਇੰਗਲੈਂਡ ਦੀਆਂ ਮਿੱਲਾਂ ’ਚ ਬਣਨ ਵਾਲੇ ਕੱਪੜੇ ਭਾਰਤ ਦੇ ਲੱਖਾਂ ਜੁਲਾਹਿਆਂ ਨੂੰ ਬੇਰੋਜ਼ਗਾਰ ਕਰ ਦੇਣ ਅਤੇ ਸਾਡੀ ਆਰਥਿਕ ਆਤਮਨਿਰਭਰਤਾ ਨੂੰ ਨਸ਼ਟ ਕਰਨ ਦਾ ਹਥਿਆਰ ਬਣਨ। ਜੇ ਮਹਾਤਮਾ ਗਾਂਧੀ ਨੌਜਵਾਨਾਂ ਲਈ ਨਹੀਂ ਹਨ ਤਾਂ ਉਨ੍ਹਾਂ ਦਾ ਜੀਵਨ ਦਰਸ਼ਨ ਕਿਸੇ ਕੰਮ ਦਾ ਨਹੀਂ ਹੈ। ਉਨ੍ਹਾਂ ਦਾ ਪੂਰਾ ਜੀਵਨ ਇਨ੍ਹਾਂ ਚਿੰਤਾਵਾਂ ਨਾਲ ਲੜਦਿਆਂ ਹੀ ਲੰਘਿਆ। ਸੱਚ, ਅਹਿੰਸਾ, ਪ੍ਰੇਮ, ਸਾਦਗੀ ਵਰਗੇ ਗਾਂਧੀਵਾਦੀ ਵਿਚਾਰਾਂ ਦੀ ਪੂੰਜੀ ਪੂਰੀ ਦੁਨੀਆ ਲਈ ਪ੍ਰਸੰਗਿਕ ਹੈ।
 


Bharat Thapa

Content Editor

Related News