ਚੋਣ ਜਿੱਤਣ ਨੂੰ ਬੇਚੈਨ ਟਰੰਪ ਨੇ ਦਿੱਤੀ ਧਮਕੀ, ‘ਮੈਂ ਰਾਸ਼ਟਰਪਤੀ ਨਾ ਬਣਿਆ ਤਾਂ ਵਗਣਗੀਆਂ ਖੂਨ ਦੀਆਂ ਨਦੀਆਂ’
Tuesday, Mar 19, 2024 - 02:26 AM (IST)
3-3 ਵਿਆਹ ਕਰਨ ਵਾਲੇ ਅਤੇ 20 ਜਨਵਰੀ, 2017 ਤੋਂ 20 ਜਨਵਰੀ, 2021 ਤਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ (ਰਿਪਬਲੀਕਨ ਪਾਰਟੀ) ਆਪਣੀ ਬਦਜ਼ੁਬਾਨੀ, ਵਪਾਰਕ ਹੇਰਾ-ਫੇਰੀ ਅਤੇ ਔਰਤਾਂ ਨਾਲ ਸੈਕਸ ਸ਼ੋਸ਼ਣ ਲਈ ਜਾਣੇ ਜਾਂਦੇ ਹਨ। ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਵਿਰੁੱਧ 2 ਵਾਰ ਮਹਾਦੋਸ਼ ਦੇ ਤਹਿਤ ਮੁਕੱਦਮਾ ਚਲਾਇਆ ਗਿਆ ਸੀ।
ਡੋਨਾਲਡ ਟਰੰਪ ਨੂੰ ਪੋਰਨ ਫਿਲਮ ਸਟਾਰ ‘ਸਟੋਰਮੀ ਡੈਨੀਅਲਸ’ ਨਾਲ ਸਰੀਰਕ ਸੰਬੰਧ ਬਣਾਉਣ ਅਤੇ ਉਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ 1 ਲੱਖ 30 ਹਜ਼ਾਰ ਡਾਲਰ ਦੀ ਵੱਡੀ ਰਕਮ ਦੇਣ ਦੇ ਦੋਸ਼ ਵਿਚ ਦੋਸ਼ੀ ਪਾਇਆ ਗਿਆ ਸੀ। ਲੇਖਿਕਾ ‘ਈ ਜੀਨ ਕੈਰੋਲ’ ਦੇ ਸੈਕਸ ਸ਼ੋਸ਼ਣ ਲਈ ਵੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਕ ਅਦਾਲਤ ਨੇ ਟਰੰਪ ਨੂੰ ਹੁਕਮ ਦਿੱਤਾ ਸੀ ਕਿ ਉਹ ‘ਈ ਜੀਨ ਕੈਰੋਲ’ ਨੂੰ 5 ਲੱਖ ਡਾਲਰ ਅਦਾ ਕਰੇ।
ਇਸ ਤੋਂ ਇਲਾਵਾ ਵੀ ਡੋਨਾਲਡ ਟਰੰਪ ਵਿਰੁੱਧ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਮੌਕੇ ਅਮਰੀਕਾ ਸੱਤਾ ਦੇ ਕੇਂਦਰ ਕੈਪੀਟਲ ਹਿੱਲ ’ਤੇ ਹੋਈਆਂ ਹਿੰਸਕ ਘਟਨਾਵਾਂ ਵਿਚ ਸ਼ਾਮਲ ਹੋਣ ਤੋਂ ਇਲਾਵਾ ਰਾਸ਼ਟਰਪਤੀ ਅਹੁਦੇ ’ਤੇ ਰਹਿੰਦਿਆਂ ਦਰਜਨਾਂ ਦੋਸ਼ਾਂ ਵਿਚ ਕੇਸ ਦਰਜ ਹਨ, ਜਿਨ੍ਹਾਂ ਵਿਚੋਂ ਚੰਦ ਹੇਠ ਲਿਖੇ ਹਨ :
* ਟਰੰਪ ’ਤੇ ਟੈਕਸ ਚੋਰੀ ਦਾ ਦੋਸ਼ ਹੈ। ਇਸੇ ਕਾਰਨ ਬੀਤੇ ਸਾਲ ਟਰੰਪ ਦੀਆਂ ਕੰਪਨੀਆਂ ’ਤੇ 16 ਲੱਖ ਡਾਲਰ ਦਾ ਜੁਰਮਾਨਾ ਲਾਇਆ ਗਿਆ ਸੀ।
* ਇਨ੍ਹਾਂ ’ਤੇ ਰਾਸ਼ਟਰਪਤੀ ਰਹਿੰਦੇ ਹੋਏ ਇਨ੍ਹਾਂ ਨੂੰ ਮਿਲੇ ਲੱਗਭਗ ਢਾਈ ਲੱਖ ਡਾਲਰ ਮੁੱਲ ਦੇ 100 ਵਿਦੇਸ਼ੀ ਤੋਹਫਿਆਂ ਦਾ ਖੁਲਾਸਾ ਨਾ ਕਰਨ ਦਾ ਵੀ ਦੋਸ਼ ਹੈ।
* ਟਰੰਪ ’ਤੇ ਦੋਸ਼ ਹੈ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਉਨ੍ਹਾਂ ਨੇ ਅਧਿਕਾਰੀਆਂ ’ਤੇ ਦਬਾਅ ਪਾ ਕੇ ਜੋਅ ਬਾਈਡੇਨ ਦੀ ਜਿੱਤ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ।
* ਟਰੰਪ ’ਤੇ ਅਧਿਕਾਰਤ ਦਸਤਾਵੇਜ਼ਾਂ ਨੂੰ ਪਾੜ ਕੇ ਰਾਸ਼ਟਰਪਤੀ ਭਵਨ ਦੀ ਟਾਇਲਟ ’ਚ ਫਲੱਸ਼ ਕਰ ਦੇਣ ਦਾ ਵੀ ਦੋਸ਼ ਹੈ, ਜਿਸ ਨਾਲ ਉਨ੍ਹਾਂ ਦੀ ਟਾਇਲਟ ਜਾਮ ਹੋ ਗਈ ਸੀ।
* ਬੀਤੇ ਸਾਲ ਮਈ ’ਚ ਨਿਊਯਾਰਕ ਦੀ ਇਕ ਅਦਾਲਤ ਨੇ ਡੋਨਾਲਡ ਟਰੰਪ ਦੇ ਸਭ ਤਰ੍ਹਾਂ ਦੇ ਕਾਰੋਬਾਰਾਂ ’ਤੇ 3 ਸਾਲ ਲਈ ਪਾਬੰਦੀ ਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਸਿਵਲ ਫਰਾਡ ਕੇਸ ’ਚ 3946 ਕਰੋੜ ਡਾਲਰ ਦਾ ਜੁਰਮਾਨਾ ਵੀ ਲਾਇਆ ਸੀ। ਟਰੰਪ ’ਤੇ 2011 ਤੋਂ 2021 ਦੇ ਦਰਮਿਆਨ ਬੈਂਕ ਲੋਨ ਅਤੇ ਘੱਟ ਬੀਮਾ ਪ੍ਰੀਮੀਅਮ ਲੈਣ ਲਈ ਆਪਣੀ ਜਾਇਦਾਦ ਦੀ ਝੂਠੀ ਜਾਣਕਾਰੀ ਦੇ ਕੇ ਆਪਣੀ ਨੈੱਟ ਵਰਥ ਵਧਾਉਣ ਦਾ ਵੀ ਦੋਸ਼ ਹੈ।
ਟਰੰਪ ਨੇ ਆਪਣੀ ਰੀਅਲ ਅਸਟੇਟ ਪ੍ਰਾਪਰਟੀ ਟਰੰਪ ਟਾਵਰ, ਮਾਰ ਐਲਾਗੋ, ਆਪਣੇ ਦਫਤਰ ਅਤੇ ਗੋਲਫ ਕਲੱਬਾਂ ਦੀ ਕੀਮਤ ਜ਼ਿਆਦਾ ਦੱਸ ਕੇ ਆਪਣੀ ਕੁੱਲ ਜਾਇਦਾਦ ਦੀ ਕੀਮਤ 18.3 ਹਜ਼ਾਰ ਕਰੋੜ ਤਕ ਵਧਾ ਦਿੱਤੀ ਸੀ।
ਅਤੇ ਹੁਣ ਜਦਕਿ ਅਮਰੀਕੀ ਰਾਸ਼ਟਰਪਤੀ ਦੀਆਂ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਚੋਣਾਂ ਲਈ ਡੋਨਾਲਡ ਟਰੰਪ ਇਕ ਵਾਰ ਫਿਰ ਵ੍ਹਾਈਟ ਹਾਊਸ ਜਾਣ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ ਤਾਂ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ (ਡੈਮੋਕ੍ਰੇਟਿਕ ਪਾਰਟੀ) ਨਾਲ ਹੋਣ ਜਾ ਰਿਹਾ ਹੈ, ਉਨ੍ਹਾਂ ਨੇ 17 ਮਾਰਚ ਨੂੰ ਓਹਾਇਓ ਸੂਬੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਪਣੀ ਚੋਣ ਮੁਹਿੰਮ ਨੂੰ ਦੇਸ਼ ਲਈ ਇਕ ਵੱਡਾ ਮੋੜ ਕਰਾਰ ਦਿੱਤਾ।
ਇਥੋਂ ਤਕ ਕਿ ਰੈਲੀ ਵਿਚ ਡੋਨਾਲਡ ਟਰੰਪ ਸ਼ਬਦਾਂ ’ਤੇ ਆਪਣੀ ਪਕੜ ਗੁਆ ਬੈਠੇ ਅਤੇ ਦੁਬਾਰਾ ਸੱਤਾ ਵਿਚ ਵਾਪਸੀ ਦੀ ਮਨਸ਼ਾ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਚਿਤਾਵਨੀ ਦੇ ਦਿੱਤੀ ਕਿ ਜੇ ਉਹ ਰਾਸ਼ਟਰਪਤੀ ਅਹੁਦੇ ਲਈ ਨਾ ਚੁਣੇ ਗਏ ਤਾਂ ਇਹ ਪੂਰੇ ਦੇਸ਼ ਲਈ ‘ਖੂਨ-ਖਰਾਬੇ ਵਾਲੀ ਸਥਿਤੀ’ ਹੋਵੇਗੀ ਅਤੇ ਸਥਿਤੀ ਗੰਭੀਰ ਵੀ ਹੋ ਸਕਦੀ ਹੈ।
ਉਹ ਇਥੇ ਹੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਅੱਗੇ ਕਿਹਾ,‘‘ਹਾਲਾਤ ਪਿਛਲੀ ਵਾਰ ਤੋਂ ਵੀ ਖਰਾਬ ਹੋ ਸਕਦੇ ਹਨ। ਦੇਸ਼ ਨੂੰ ਮੇਰੀ ਲੋੜ ਹੈ। ਜੇ ਮੈਂ ਨਾ ਜਿੱਤਿਆ ਤਾਂ ‘ਬਲੱਡ ਬਾਥ’ ਹੋਵੇਗਾ ਅਤੇ ‘ਖੂਨ ਦੀਆਂ ਨਦੀਆਂ’ ਵਹਿਣਗੀਆਂ।’’
ਟਰੰਪ ਦੀ ਇਸ ਤਰ੍ਹਾਂ ਦੀ ਬਿਆਨਬਾਜ਼ੀ ’ਤੇ ਟਿੱਪਣੀ ਕਰਦੇ ਹੋਏ ਜੋਅ ਬਾਈਡੇਨ ਨੇ ਕਿਹਾ ਹੈ ਕਿ ‘‘2 ਉਮੀਦਵਾਰਾਂ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀਆਂ-ਆਪਣੀਆਂ ਪਾਰਟੀਆਂ ਦੀ ਨਾਮਜ਼ਦਗੀ ਹਾਸਲ ਕਰ ਲਈ ਹੈ। ਇਨ੍ਹਾਂ ਵਿਚੋਂ ਇਕ ਮਾਨਸਿਕ ਤੌਰ ’ਤੇ ਇਸ ਅਹੁਦੇ ਦੇ ਅਯੋਗ ਹੈ ਅਤੇ ਦੂਜਾ ਮੈਂ ਹਾਂ।’’
ਹਾਲਾਂਕਿ ਅਮਰੀਕਾ ਖੁਦ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਦਾ ਹੈ ਪਰ ਜੇ ਚੋਣਾਂ ਵਿਚ ਹਾਰਨ ’ਤੇ ਆਪਣੇ ਹੀ ਦੇਸ਼ ਵਿਚ ਖੂਨ-ਖਰਾਬਾ ਹੋਣ ਦੀ ਧਮਕੀ ਦੇਣ ਵਾਲਾ ਟਰੰਪ ਰਾਸ਼ਟਰਪਤੀ ਬਣਦਾ ਹੈ ਤਾਂ ਇਸ ਨੂੰ ਅਮਰੀਕਾ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ, ਜੋ ਅਮਰੀਕੀ ਲੋਕਤੰਤਰ ਦੇ ਹਿੱਤ ਵਿਚ ਨਹੀਂ ਹੋਵੇਗਾ।
-ਵਿਜੇ ਕੁਮਾਰ