ਟਰੂਡੋ ਨੂੰ ਪਾਕਿਸਤਾਨ ''ਚ ਅੱਤਵਾਦੀ ਸਰਗਰਮੀਆਂ ਤੋਂ ਸਬਕ ਸਿੱਖਣਾ ਚਾਹੀਦਾ ਸੀ
Wednesday, Sep 27, 2023 - 02:45 PM (IST)
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕੁਝ ਦਿਨ ਪਹਿਲਾਂ ਕੈਨੇਡਾ ਦੀ ਪਾਰਲੀਮੈਂਟ ’ਚ ਭਾਰਤ ਦੇ 10 ਲੱਖ ਦੇ ਇਨਾਮੀ ਭਗੌੜੇ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਕੁਝ ਮਹੀਨੇ ਪਹਿਲਾਂ ਮਾਰੇ ਜਾਣ ’ਤੇ ਸ਼ੱਕ ਦੀ ਬੁਨਿਆਦ ’ਤੇ ਭਾਰਤ ਦੀ ਏਜੰਸੀ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਸਾਡੀ ਪ੍ਰਭੂਸੱਤਾ ’ਚ ਦਖਲ ਹੈ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਉਲੰਘਣ ਹੈ। ਉਨ੍ਹਾਂ ਦੇ ਵਿਦੇਸ਼ ਮੰਤਰੀ ਨੇ ਵੀ ਇਸੇ ਤਰ੍ਹਾਂ ਦੇ ਦੋਸ਼ ਲਾਏ। ਇਕ ਵਿਕਸਤ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਤਰ੍ਹਾਂ ਜਲਦਬਾਜ਼ੀ ’ਚ ਗੈਰ-ਜ਼ਿੰਮੇਵਾਰਾਨਾ, ਮਨਘੜਤ ਹੈਰਾਨੀ ਵਾਲੇ ਅਤੇ ਬੇ-ਬੁਨਿਆਦ ਬਿਆਨ ਕਾਰਨ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਆਗੂ ਵੀ ਹੈਰਾਨ ਹਨ।
ਸੱਚਾਈ ਇਹ ਹੈ ਕਿ ਟਰੂਡੋ ਕੋਲ ਨਾ ਤਾਂ ਮੌਕੇ ਦਾ ਕੋਈ ਗਵਾਹ ਹੈ ਅਤੇ ਨਾ ਹੀ ਕੋਈ ਪੱਕਾ ਸਬੂਤ ਹੈ ਪਰ ਇਸ ਤਰ੍ਹਾਂ ਦੇ ਊਲ-ਜਲੂਲ ਬਿਆਨਾਂ ਨਾਲ ਦੋ ਦੇਸ਼ਾਂ ਦੇ ਦੋਸਤਾਨਾਂ ਰਿਸ਼ਤਿਆਂ ’ਚ ਖਟਾਸ ਪੈਦਾ ਹੁੰਦੀ ਹੈ। ਕੈਨੇਡੀਅਨ ਸਰਕਾਰ ਨੇ ਹਫੜਾ-ਦਫੜੀ ’ਚ ਭਾਰਤ ਦੇ ਇਕ ਡਿਪਲੋਮੈਟ ਨੂੰ ਕੈਨੇਡਾ ਛੱਡਣ ਲਈ ਕਹਿ ਦਿੱਤਾ ਤਾਂ ਦੂਜੇ ਪਾਸੇ ਭਾਰਤ ਨੇ ਵੀ ਇਸ ’ਤੇ ਸਖਤ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੈਨੇਡਾ ਦੇ ਇਕ ਡਿਪਲੋਮੈਟ ਨੂੰ 5 ਦਿਨਾਂ ਅੰਦਰ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ। ਨਾਲ ਹੀ ਕੈਨੇਡਾ ਦੇ ਨਾਗਰਿਕਾਂ ਦੇ ਭਾਰਤ ਆਉਣ ’ਤੇ ਪਾਬੰਦੀ ਲਾ ਦਿੱਤੀ।
ਪ੍ਰਧਾਨ ਮੰਤਰੀ ਟਰੂਡੋ ਦੀ ਇਸ ਬਚਕਾਨਾ ਹਰਕਤ ਤੋਂ ਸਪੱਸ਼ਟ ਹੁੰਦਾ ਹੈ ਕਿ ਨਾ ਤਾਂ ਉਹ ਇਕ ਹੁਨਰਮੰਦ ਕੂਟਨੀਤਕ ਹਨ ਅਤੇ ਨਾ ਹੀ ਸਿਆਸਤ ’ਚ ਪਰਿਪੱਕ ਹਨ। ਜਿਸ ਮਾਮਲੇ ਨੂੰ ਆਪਸੀ ਗੱਲਬਾਤ ਨਾਲ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਸੀ, ਉਸ ਨੂੰ ਸੰਸਦ ’ਚ ਰੱਖ ਕੇ ਆਪਣੇ ਆਪ ਨੂੰ ਹਾਸੋ-ਹੀਣਾ ਬਣਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਿਆ। ਕੈਨੇਡਾ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਖਤਰਨਾਕ ਅੱਤਵਾਦੀਆਂ, ਵੱਖਵਾਦੀਆਂ ਅਤੇ ਸਖਤ ਮਿਜਾਜ਼ ਦੇ ਕੱਟੜਪੰਥੀਆਂ ਨੂੰ ਪਨਾਹ ਦੇ ਰਹੀ ਹੈ ਜੋ ਕੈਨੇਡਾ ’ਚ ਬੈਠ ਕੇ ਭਾਰਤ ਵਿਰੁੱਧ ਸਾਜ਼ਿਸ਼ਾਂ ਰਚਦੇ ਰਹਿੰਦੇ ਹਨ।
ਭਾਰਤ ਸਰਕਾਰ ਇਨ੍ਹਾਂ ਕੱਟੜਪੰਥੀਆਂ ਵਿਰੁੱਧ ਅਕਸਰ ਹੀ ਕੈਨੇਡਾ ਸਰਕਾਰ ਨੂੰ ਸੂਚਿਤ ਕਰਦੀ ਰਹਿੰਦੀ ਹੈ। ਭਾਰਤ ਸਰਕਾਰ ਨੇ 54 ਅਜਿਹੇ ਇਨਾਮੀ ਭਗੌੜਿਆਂ ਦੀ ਸੂਚੀ ਕੈਨੇਡਾ ਸਰਕਾਰ ਨੂੰ ਦਿੱਤੀ ਹੈ ਜੋ ਉੱਥੇ ਬਿਨਾਂ ਕਿਸੇ ਡਰ ਤੋਂ ਜ਼ਿੰਦਗੀ ਬਿਤਾ ਰਹੇ ਹਨ ਪਰ ਉੱਥੋਂ ਦੀ ਸਰਕਾਰ ਨੇ ਅੱਜ ਤਕ ਉਨ੍ਹਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਸਰਕਾਰ ਦੀ ਇਹ ਚੁੱਪ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਉਹ ਸਿਰਫ ਅਤੇ ਸਿਰਫ ਆਪਣੇ ਘਰੇਲੂ ਸਿਆਸੀ ਲਾਭ ਨੂੰ ਪਹਿਲ ਦੇ ਰਹੀ ਹੈ। ਕੈਨੇਡਾ ਦੇ ਦੋਸਤ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਰਮਨੀ ਨੇ ਵੀ ਇਸ ਮਾਮਲੇ ’ਤੇ ਬਿਨਾਂ ਕਿਸੇ ਪੱਕੇ ਸਬੂਤਾਂ ਨਾਲ ਉਸ ਦਾ ਸਾਥ ਦੇਣ ਤੋਂ ਸਾਫ ਇਨਕਾਰ ਕਰ ਿਦੱਤਾ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਟਰੂਡੋ ਜੀ-20 ਦੇਸ਼ਾਂ ਦੇ ਸ਼ਾਨਦਾਰ, ਬੇਮਿਸਾਲ ਅਤੇ ਸਫਲ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਦਿੱਲੀ ਆਏ ਸਨ। ਉਨ੍ਹਾਂ ਮੁਤਾਬਕ ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਵਿਸ਼ੇ ’ਤੇ ਗੱਲਬਾਤ ਕੀਤੀ ਸੀ। ਮੋਦੀ ਨੇ ਉਨ੍ਹਾਂ ਦੀ ਗਲਤ ਫਹਿਮੀ ਨੂੰ ਦੂਰ ਕਰਨ ਲਈ ਸਪੱਸ਼ਟ ਕਿਹਾ ਸੀ ਕਿ ਭਾਰਤ ਸ਼ਾਂਤੀ ਪਸੰਦ ਦੇਸ਼ ਹੈ। ਅਸੀਂ ਕਿਸੇ ਦੂਜੇ ਦੇਸ਼ ਦੇ ਹਿਤਾਂ ਲਈ ਸਹਿਯੋਗ ਦੇ ਸਕਦੇ ਹਾਂ ਪਰ ਕਿਸੇ ਦੇ ਅੰਦਰੂਨੀ ਮਾਮਲੇ ’ਚ ਦਖਲ ਨਹੀਂ ਦਿੰਦੇ ਅਤੇ ਨਾ ਹੀ ਸਾਡੀ ਕਿਸੇ ਵੀ ਏਜੰਸੀ ਦਾ ਇਸ ਮਾਮਲੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਹੈ।
ਇਤਿਹਾਸ ਗਵਾਹ ਹੈ ਕਿ ਅੱਤਵਾਦੀ ਧਾਰਮਿਕ ਥਾਵਾਂ ਤੋਂ ਆਪਣੇ ਵਿਰੋਧੀਆਂ ਨੂੰ ਹਟਾਉਣ ਲਈ ਅਜਿਹੇ ਨਫਰਤ ਭਰੇ ਕੰਮ ਕਰਦੇ ਰਹਿੰਦੇ ਹਨ। ਗੈਂਗਸਟਰ ਵੀ ਇਸ ਤਰ੍ਹਾਂ ਦੇ ਕਤਲ ਕਰ ਕੇ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਰਹਿੰਦੇ ਹਨ।
1985 ’ਚ ਭਾਰਤ ਦਾ ਕਨਿਸ਼ਕ ਨਾਂ ਦਾ ਹਵਾਈ ਜਹਾਜ਼ 329 ਮੁਸਾਫਰਾਂ ਨੂੰ ਲੈ ਕੇ ਕੈਨੇਡਾ ਤੋਂ ਭਾਰਤ ਵੱਲ ਆ ਰਿਹਾ ਸੀ ਕਿ ਕੁਝ ਅੱਤਵਾਦੀਆਂ ਨੇ ਉਸ ’ਚ ਫਿਸਫੋਟਕ ਰੱਖ ਦਿੱਤੇ। ਆਇਰਲੈਂਡ ਤੋਂ ਕੁਝ ਦੂਰ ਉਨ੍ਹਾਂ ਫਿਸਫੋਟਕਾਂ ’ਚ ਧਮਾਕਾ ਹੋ ਗਿਆ ਅਤੇ ਮੁਸਾਫਰ ਆਪਣੀਆਂ ਕੀਮਤੀ ਜਾਨਾਂ ਗੁਆ ਬੈਠੇ। ਭਾਰਤ ਸਰਕਾਰ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਅਤੇ ਅੱਤਵਾਦੀਆਂ ਨੂੰ ਕੈਨੇਡਾ ’ਚ ਸ਼ਰਨ ਨਾ ਦੇਣ ਲਈ ਲਿਖਿਆ ਪਰ ਉੱਥੋਂ ਦੀ ਸਰਕਾਰ ਨੇ ਅੱਜ ਤਕ ਚੁੱਪ ਧਾਰਨ ਕੀਤੀ ਹੋਈ ਹੈ। ਨਿੱਜਰ ਪਿੱਛੋਂ ਇਕ ਹੋਰ ਅੱਤਵਾਦੀ ਦੁਨਕੇ ਦੀ ਗੋਲੀਆਂ ਮਾਰ ਕੇ ਹੱਿਤਆ ਕਰ ਿਦੱਤੀ ਗਈ।
ਇਸ ਤੋਂ ਪਹਿਲਾਂ ਵੀ 4-5 ਵਾਰ ਅੱਤਵਾਦੀਆਂ ਅਤੇ ਗੈਂਗਸਟਰਾਂ ਨੇ ਉੱਥੇ ਕਤਲ ਕੀਤੇ ਹਨ। ਜੇ ਕੈਨੇਡਾ ਸਰਕਾਰ ਇਸੇ ਤਰ੍ਹਾਂ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਸ਼ਰਨ ਦਿੰਦੀ ਰਹੇਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ’ਚ ਅਰਾਜਕਤਾ ਅਤੇ ਬੇਅਮਨੀ ਫੈਲ ਜਾਵੇਗੀ।
ਟਰੂਡੋ ਨੂੰ ਪਾਕਸਿਤਾਨ ’ਚ ਅੱਤਵਾਦੀਆਂ ਦੀਆਂ ਸਰਗਰਮੀਆਂ ਤੋਂ ਹੀ ਕੁਝ ਸਿੱਖਿਆ ਲੈਣੀ ਚਾਹੀਦੀ ਸੀ। ਪਾਕਿਸਤਾਨ ਦੇ ਜਿਨ੍ਹਾਂ ਹੁਕਮਰਾਨਾਂ ਨੇ ਭਾਰਤ ’ਚ ਅਰਾਜਕਤਾ ਫੈਲਾਉਣ ਲਈ ਅੱਤਵਾਦੀਆਂ ਨੂੰ ਪਾਲਿਆ-ਪੋਸਿਆ ਸੀ, ਅੱਜ ਉਹੀ ਅੱਤਵਾਦੀ ਪਾਕਿਸਤਾਨ ਦੀ ਬਰਬਾਦੀ ਦਾ ਕਾਰਨ ਬਣੇ ਹੋਏ ਹਨ। ਪਾਕਿਸਤਾਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਵਿਗੜ ਗਈ ਹੈ। ਇਸ ਦੀ ਆਰਥਿਕ, ਫੌਜੀ ਅਤੇ ਸਿਆਸੀ ਸਹਾਇਤਾ ਕਰਨ ਵਾਲੇ ਦੇਸ਼ਾਂ ਨੇ ਵੀ ਮੂੰਹ ਮੋੜ ਿਲਆ ਹੈ। ਭਾਰਤ ਨੇ ਇਨ੍ਹਾਂ ਅੱਤਵਾਦੀਆਂ ਕਾਰਨ ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਭਾਰੀ ਸੰਤਾਪ ਝਲਿਆ ਹੈ।
ਭਾਰਤ ਨੇ ਯੂ.ਐੱਨ, ਜੀ-7, ਜੀ-20 ਅਤੇ ਹੋਰ ਕੌਮਾਂਤਰੀ ਸੰਮੇਲਨਾਂ ’ਚ ਅੱਤਵਾਦ ’ਤੇ ਖੁੱਲ੍ਹ ਕੇ ਵਿਰੋਧ ਕੀਤਾ ਹੈ। ਇਸ ਪ੍ਰਤੀ ਹੁਣ ਦੁਨੀਆ ਦੇ ਦੇਸ਼ ਭਾਰਤ ਨਾਲ ਸਹਿਮਤੀ ਜਤਾਉਣ ਲੱਗੇ ਹਨ। ਕੈਨੇਡਾ ਇਸ ਸਮੇਂ ਅੱਤਵਾਦੀਆਂ ਲਈ ਸਵਰਗ ਦੇ ਬਰਾਬਰ ਹੈ ਜਿੱਥੇ ਕੁਝ ਖਾਲਿਸਤਾਨੀ ਭਾਰਤ ਵਿਰੁੱਧ ਆਪਣੀਆਂ ਸਰਗਰਮੀਆਂ ਚਲਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਸਿੱਧਾ ਜਾਂ ਅਸਿੱਧਾ ਸਮਰਥਨ ਮਿਲਦਾ ਹੈ। ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਉਨ੍ਹਾਂ ਨੂੰ ਪੈਸੇ ਮੁਹੱਈਆ ਕਰਦੀ ਹੈ। ਇਕ ਅੱਤਵਾਦੀ ਦੇ ਮਰਨ ’ਤੇ ਆਖਿਰ ਟਰੂਡੋ ਇੰਨੇ ਪ੍ਰੇਸ਼ਾਨ ਕਿਉਂ ਹਨ ਅਤੇ ਭਾਰਤ ਵਰਗੇ ਮਹਾਨ, ਸ਼ਾਂਤੀ ਪਸੰਦ ਅਤੇ ਸਭ ਨਾਲ ਸਹਿਯੋਗ ਦੇਣ ਵਾਲੇ ਦੇਸ਼ ਨਾਲ ਆਪਣੇ ਸਬੰਧ ਖਰਾਬ ਕਰਨ ਲਈ ਕਿਉਂ ਤੁਲੇ ਹੋਏ ਹਨ।
ਸੱਚਾਈ ਇਹ ਹੈ ਕਿ ਉਹ ਆਪਣੀ ਗੁਆਚੀ ਹੋਈ ਸਾਖ ਨੂੰ ਮੁੜ ਸਥਾਪਿਤ ਕਰਨ ਲਈ ਇਨ੍ਹਾਂ ਅੱਤਵਾਦੀਆਂ ਅਤੇ ਖਾਲਿਸਤਾਨੀਆਂ ਰਾਹੀਂ ਅਗਲੀ ਚੋਣ ਜਿੱਤਣਾ ਚਾਹੁੰਦੇ ਹਨ। ਅਸਲ ’ਚ ਟਰੂਡੋ ਆਪਣੇ ਹੀ ਦੇਸ਼ ਨੂੰ ਅੱਤਵਾਦ ਦੀ ਭੱਠੀ ’ਚ ਧੱਕ ਰਹੇ ਹਨ। ਉਹ ਆਪਣੇ ਹੀ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਸਾਬਤ ਹੋ ਰਹੇ ਹਨ।
ਪ੍ਰੋ. ਦਰਬਾਰੀ ਲਾਲ (ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ)