‘ਜਾਨਲੇਵਾ ਬਣ ਰਿਹਾ’ ‘ਨੌਜਵਾਨਾਂ ’ਚ ਸੈਲਫੀ ਲੈਣ ਦਾ ਜਨੂਨ’

06/11/2024 3:55:19 AM

ਬਿਨਾਂ ਸ਼ੱਕ ਮੋਬਾਈਲ ਫੋਨ ਦੇ ਕਈ ਲਾਭ ਹਨ ਪਰ ਅਕਸਰ ਇਸ ਰਾਹੀਂ ਸੈਲਫੀ ਲੈਣ ਦੇ ਚੱਕਰ ’ਚ ਨੌਜਵਾਨ-ਮੁਟਿਆਰਾਂ ਦੇ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਦੀਆਂ ਖਬਰਾਂ ਆਉਣ ਦੇ ਬਾਵਜੂਦ ਅੱਜ ਦੇ ਨੌਜਵਾਨ-ਮੁਟਿਆਰਾਂ ਆਪਣੀ ਜਾਨ ਨੂੰ ਖਤਰੇ ’ਚ ਪਾ ਕੇ ਸੈਲਫੀ ਅਤੇ ਰੀਲਜ਼ ਬਣਾ ਰਹੀਆਂ ਹਨ।

2018 ’ਚ ‘ਜਰਨਲ ਆਫ ਫੈਮਿਲੀ ਮੈਡੀਸਨ ਐਂਡ ਪ੍ਰਾਇਮਰੀ ਕੇਅਰ’ ਦੀ ਇਕ ਰਿਪੋਰਟ ਮੁਤਾਬਕ ਸਮੁੱਚੀ ਦੁਨੀਆ ’ਚ ਸੈਲਫੀ ਲੈਣ ਦੌਰਾਨ ਸਭ ਤੋਂ ਵੱਧ ਮੌਤਾਂ ਭਾਰਤ ’ਚ ਹੁੰਦੀਆਂ ਹਨ। ਇਸ ਤੋਂ ਬਾਅਦ ਰੂਸ, ਅਮਰੀਕਾ ਅਤੇ ਪਾਕਿਸਤਾਨ ਦਾ ਨੰਬਰ ਆਉਂਦਾ ਹੈ।

ਰਿਪੋਰਟ ਅਨੁਸਾਰ ਅਕਤੂਬਰ 2011 ਤੋਂ 2017 ਦਰਮਿਆਨ ਦੁਨੀਆ ’ਚ ਸੈਲਫੀ ਲੈਂਦੇ ਸਮੇਂ 259 ਵਿਅਕਤੀਆਂ ਦੀ ਮੌਤ ਹੋਈ, ਜਿਨ੍ਹਾਂ ’ਚੋਂ ਸਭ ਤੋਂ ਵੱਧ 159 ਮੌਤਾਂ ਸਿਰਫ ਭਾਰਤ ’ਚ ਹੋਈਆਂ, ਜਿਨ੍ਹਾਂ ਦੀ ਗਿਣਤੀ ’ਚ ਹੁਣ ਹੋਰ ਵੀ ਵਾਧਾ ਹੁੰਦਾ ਜਾ ਰਿਹਾ ਹੈ।

ਵਧੇਰੇ ਮੌਤਾਂ ਡੁੱਬਣ, ਰੇਲ-ਗੱਡੀਆਂ ਦੀ ਲਪੇਟ ’ਚ ਆਉਣ ਜਾਂ ਹਿੰਸਕ ਜਾਨਵਰਾਂ ਨਾਲ ਸੈਲਫੀ ਲੈਣ ਕਾਰਨ ਹੋਈਆਂ ਅਤੇ 50 ਫੀਸਦੀ ਮ੍ਰਿਤਕਾਂ ਦੀ ਉਮਰ 20 ਤੋਂ 29 ਸਾਲ ਦਰਮਿਆਨ ਸੀ। ਸੈਲਫੀ ਦੇ ਜਨੂਨ ’ਚ ਇਸ ਸਾਲ ਹੋਈਆਂ ਮੌਤਾਂ ’ਚੋਂ ਕੁਝ ਹੇਠਾਂ ਦਰਜ ਹਨ :

* 4 ਜਨਵਰੀ, 2024 ਨੂੰ ਧਾਰ (ਮੱਧ ਪ੍ਰਦੇਸ਼) ਜ਼ਿਲੇ ਦੇ ‘ਮਾਂਡੂ’ ’ਚ ਘੁੰਮਣ ਆਇਆ ਇਕ ਨੌਜਵਾਨ ‘ਕਾਕੜਾ ਖੌ’ ਦੀ ਖੱਡ ਦੇ ਕੰਢੇ ਇਕ ਰੁੱਖ ਨੇੜੇ ਸੈਲਫੀ ਲੈਣ ਦੇ ਯਤਨ ’ਚ ਪੈਰ ਫਿਸਲ ਜਾਣ ਕਾਰਨ ਖੱਡ ’ਚ ਡਿੱਗ ਕੇ ਜਾਨ ਗੁਆ ਬੈਠਾ।

* 8 ਜਨਵਰੀ ਨੂੰ ਬਹਿਰਾਈਚ ( ਉੱਤਰ ਪ੍ਰਦੇਸ਼) ਦੇ ‘ਨਾਨਧਾਰਾ’ ਖੇਤਰ ’ਚ ਸਰਯੂ ਨਦੀ ’ਚ ਨਹਾ ਕੇ ਨਿਕਲਣ ਪਿੱਛੋਂ ਨਦੀ ’ਚ ਪਏ ਡਰੱਮ ਉੱਪਰ ਖੜ੍ਹਾ ਹੋ ਕੇ ਸੈਲਫੀ ਲੈਣ ਦੇ ਯਤਨ ’ਚ 14 ਸਾਲ ਦੇ ਇਕ ਅੱਲ੍ਹੜ ਦੀ ਪਾਣੀ ’ਚ ਡਿੱਗ ਕੇ ਡੁੱਬ ਜਾਣ ਕਾਰਨ ਮੌਤ ਹੋ ਗਈ। ਘਟਨਾ ਦਾ ਸਦਮਾ ਨਾ ਸਹਿ ਸਕਣ ਕਾਰਨ ਅੱਲ੍ਹੜ ਦੇ ਚਾਚਾ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਅਤੇ ਪਿਤਾ ਬੀਮਾਰ ਹੋ ਗਿਆ।

* 16 ਮਾਰਚ ਨੂੰ ਇਕ ਵਿਅਕਤੀ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਸਥਿਤ ‘ਵੈਂਕਟੇਸ਼ਵਰ ਚਿੜੀਆ ਘਰ’ ਦੇ ਮੁਲਾਜ਼ਮਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਸ਼ੇਰ ਨਾਲ ਸੈਲਫੀ ਲੈਣ ਲਈ ਉਸ ਦੇ ਵਾੜੇ ’ਚ ਚਲਾ ਗਿਆ ਜਿਸ ’ਤੇ ਸ਼ੇਰ ਨੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।

* 27 ਮਾਰਚ ਨੂੰ ਉਮਰੀਆ (ਮੱਧ ਪ੍ਰਦੇਸ਼) ਦੇ ‘ਘੁਨਘੁਟੀ’ ਥਾਣਾ ਇਲਾਕੇ ’ਚ ਸ਼ਹਡੋਲ ਤੋਂ ਪਿਕਨਿਕ ਮਨਾਉਣ ਆਏ 4 ਨੌਜਵਾਨਾਂ-ਮੁਟਿਆਰਾਂ ਦੀ ਸੈਲਫੀ ਲੈਣ ਦੇ ਚੱਕਰ ’ਚ ਜਾਨ ਚਲੀ ਗਈ। ਪਹਿਲਾਂ ਸੈਲਫੀ ਲੈਣ ਦੌਰਾਨ ਇਕ ਕੁੜੀ ਨਦੀ ’ਚ ਡਿੱਗੀ, ਜਿਸ ਨੂੰ ਬਚਾਉਣ ਲਈ ਪਾਣੀ ’ਚ ਉਤਰੇ 3 ਨੌਜਵਾਨ ਵੀ 1-1 ਕਰ ਕੇ ਤੈਰਨਾ ਨਾ ਜਾਣਨ ਕਾਰਨ ਡੂੰਘੇ ਪਾਣੀ ’ਚ ਡੁੱਬ ਗਏ।

* 18 ਅਪ੍ਰੈਲ ਨੂੰ ਅਬੋਹਰ ( ਪੰਜਾਬ) ਦੇ ਪਿੰਡ ‘ਸ਼ੇਰੇਵਾਲਾ’ ’ਚ ਪੁਰਾਣੀ ਅਤੇ ਜਰਜਰ ਵਾਟਰ ਵਰਕਸ ਦੀ ਟੈਂਕੀ ’ਤੇ ਕਬੂਤਰਾਂ ਨਾਲ ਸੈਲਫੀ ਲੈਣ ਲਈ ਚੜ੍ਹਿਆ ਪਿੰਡ ਦਾ ਇਕ 16 ਸਾਲਾ ਅੱਲ੍ਹੜ , ਜੋ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ, ਪੈਰ ਫਿਸਲ ਜਾਣ ਕਾਰਨ ਹੇਠਾਂ ਡਿੱਗ ਕੇ ਜਾਨ ਗੁਆ ਬੈਠਾ।

* 3 ਜੂਨ ਨੂੰ ਮਨਾਲੀ ( ਹਿਮਾਚਲ) ਵਿਖੇ ‘ਵਸ਼ਿਸ਼ਠ ਮੋੜ’ ਨੇੜੇ ਇਕ ਚੱਟਾਨ ’ਤੇ ਸੈਲਫੀ ਲੈਂਦੇ ਸਮੇਂ ਪੈਰ ਫਿਸਲ ਜਾਣ ਕਾਰਨ ਬਿਆਸ ਨਦੀ ’ਚ ਡਿੱਗ ਜਾਣ ਕਾਰਨ ਉੱਤਰ ਪ੍ਰਦੇਸ਼ ਦੀਆਂ ਦੋ ਔਰਤਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 26 ਮਈ ਨੂੰ ਵੀ ਇੱਥੇ ‘ਨਹਿਰੂ ਕੁੰਡ’ ਨੇੜੇ ਸੈਲਫੀ ਲੈ ਰਹੀ ਇਕ ਔਰਤ ਨਦੀ ’ਚ ਡਿੱਗ ਪਈ ਸੀ।

* 4 ਜੂਨ ਨੂੰ ਰੂਸ ਦੇ ਸੇਂਟ ਪੀਟਰਸਬਰਗ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੇ 4 ਭਾਰਤੀ ਵਿਦਿਆਰਥੀ ‘ਵੋਲਖੋਵ’ ਨਦੀ ’ਚ ਡੁੱਬ ਗਏ ਜਦੋਂ ਉਹ ਨਦੀ ’ਚ ਗਏ ਤਾਂ ਜੀਸ਼ਾਨ ਨਾਮੀ ਵਿਦਿਆਰਥੀ ਵੀਡੀਓ ਕਾਲ ਲਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਕਰਨ ਲੱਗਾ।

ਇਹ ਵੇਖ ਕੇ ਜੀਸ਼ਾਨ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਵਾਰ-ਵਾਰ ਜੀਸ਼ਾਨ ਅਤੇ ਉਸ ਦੇ ਸਾਥੀਆਂ ਜਿਨ੍ਹਾਂ ’ਚ ਉਸ ਦੀ ਭੈਣ ਜਿਆ ਵੀ ਸ਼ਾਮਲ ਸੀ, ਨੂੰ ਪਾਣੀ ’ਚੋਂ ਬਾਹਰ ਨਿਕਲ ਕੇ ਆਉਣ ਲਈ ਕਹਿੰਦੇ ਰਹੇ ਅਤੇ ਇਸ ਦੌਰਾਨ ਹੀ ਇਕ ਤੇਜ਼ ਲਹਿਰ ਆ ਕੇ ਉਨ੍ਹਾਂ ਨੂੰ ਡੂੰਘੇ ਪਾਣੀ ’ਚ ਵਹਾਅ ਕੇ ਲੈ ਗਈ। ਇਸ ਘਟਨਾ ’ਚ ਜੀਸ਼ਾਨ ਦੇ ਨਾਲ-ਨਾਲ ਉਸ ਦੀ ਭੈਣ ਜਿਆ ਦੀ ਜਾਨ ਵੀ ਚਲੀ ਗਈ।

* 9 ਜੂਨ ਨੂੰ ਨਾਸਿਕ ( ਮਹਾਰਾਸ਼ਟਰ) ਜ਼ਿਲੇ ’ਚ ‘ਬਲ ਦੇਵੀ’, ਨਦੀ ਦੇ ਪੁੱਲ ਨੇੜੇ ਰੇਲ ਦੀ ਪਟੜੀ ’ਤੇ ਸੈਲਫੀ ਲੈਣ ਅਤੇ ਵੀਡੀਓ ਬਣਾਉਣ ’ਚ 2 ਦੋਸਤ ਇਸ ਹੱਦ ਤੱਕ ਗੁਆਚ ਗਏ ਕਿ ਉਸੇ ਲਾਈਨ ’ਤੇ ਰੇਲ ਗੱਡੀ ਦੇ ਆਉਣ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਅਤੇ ਉਸ ਦੀ ਲਪੇਟ ’ਚ ਆ ਜਾਣ ਨਾਲ ਉਨ੍ਹਾਂ ਦੋਹਾਂ ਦੀ ਮੌਤ ਹੋ ਗਈ।

ਪ੍ਰਸ਼ਾਸਨ ਵਲੋਂ ਨਦੀਆਂ ’ਚ ਜਾਣ ਤੋਂ ਰੋਕਣ ਲਈ ਲਾਏ ਗਏ ਸਾਈਨ ਬੋਰਡ ਅਤੇ ਖਤਰੇ ਵਾਲੀਆਂ ਥਾਵਾਂ ’ਤੇ ‘ ਨੋ ਸੈਲਫੀ ਜ਼ੋਨ’ ਲਿਖੇ ਬੋਰਡ ਲਾਉਣ ਦੇ ਬਾਵਜੂਦ ਲੋਕ ਉੱਥੇ ਸੈਲਫੀ ਲੈ ਕੇ ਆਪਣੀ ਜਾਨ ਖਤਰੇ ’ਚ ਪਾ ਰਹੇ ਹਨ।

ਨੌਜਵਾਨ ਅਤੇ ਬੱਚੇ ਇਸ ਤਰ੍ਹਾਂ ਸੈਲਫੀ ਦਾ ਜਨੂਨ ਨਾ ਪਾਲਣ ਕਿਉਂਕਿ ਪਰਿਵਾਰ ’ਚੋਂ ਜਦੋਂ ਉਸ ਦਾ ਕੋਈ ਮੈਂਬਰ ਇਸ ਤਰ੍ਹਾਂ ਹਮੇਸ਼ਾ ਲਈ ਚਲਾ ਜਾਂਦਾ ਹੈ ਤਾਂ ਮਾਤਾ-ਪਿਤਾ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ, ਇਸ ਲਈ ਨੌਜਵਾਨ ਪੀੜ੍ਹੀ ਨੂੰ ਜੋਸ਼ ਦੇ ਨਾਲ ਹੋਸ਼ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਹੈ।

-ਵਿਜੇ ਕੁਮਾਰ


Harpreet SIngh

Content Editor

Related News