‘ਜਾਦੂ ਵਾਲਾ ਪਾਣੀ ਛਿੜਕ ਕੇ’ ਮੁਸਲਿਮ ਵੋਟਰਾਂ ਨੂੰ ‘ਲੁਭਾ ਰਹੇ ਬਦਰੂਦੀਨ ਅਜਮਲ’
Sunday, Mar 10, 2024 - 03:19 AM (IST)
ਆਜ਼ਾਦੀ ਦੇ ਪਿੱਛੋਂ ਵੀ ਦੇਸ਼ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਜਾਦੂ-ਟੂਣੇ ਤੋਂ ਮੁਕਤ ਨਹੀਂ ਹੋ ਸਕਿਆ ਹੈ ਅਤੇ ਵੱਡੀ ਗਿਣਤੀ ’ਚ ਲੋਕ ਇਨ੍ਹਾਂ ਦੇ ਜਾਲ ’ਚ ਫਸੇ ਹੋਏ ਹਨ। ਇੱਥੋਂ ਤੱਕ ਕਿ ਚੰਦ ਸਿਆਸਤਦਾਨ ਅਤੇ ਲੋਕ-ਪ੍ਰਤੀਨਿਧੀ ਵੀ ਇਸ ਤਰ੍ਹਾਂ ਦੇ ਆਚਰਣ ’ਚ ਸ਼ਾਮਲ ਹੋ ਕੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ‘ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫ੍ਰੰਟ’ (ਏ.ਆਈ.ਯੂ.ਡੀ.ਐੱਫ.) ਦੇ ਮੁਖੀ ਅਤੇ ਅਸਾਮ ਤੋਂ ਲੋਕ ਸਭਾ ਮੈਂਬਰ ਬਦਰੂਦੀਨ ਅਜਮਲ ‘ਲੋਕਾਂ ਦਾ ਜਾਦੂ ਵਾਲੇ ਪਾਣੀ ਨਾਲ ਇਲਾਜ’ ਕਰਨ ਦਾ ਦਾਅਵਾ ਕਰਦੇ ਹਨ। ਉਨ੍ਹਾਂ ਦੀਆਂ ਰੈਲੀਆਂ ’ਚ ਵੰਡਿਆ ਜਾਣ ਵਾਲਾ ‘ਜਾਦੂ ਵਾਲਾ ਪਾਣੀ’ ਲੈਣ ਲਈ ਲੋਕ ਕਤਾਰਾਂ ’ਚ ਖੜ੍ਹੇ ਹੁੰਦੇ ਅਤੇ ਉਨ੍ਹਾਂ ’ਚ ਧੱਕਾ-ਮੁੱਕੀ ਵੀ ਹੁੰਦੀ ਹੈ।
ਜਿੱਥੇ ਉਨ੍ਹਾਂ ਦੇ ਹਮਾਇਤੀਆਂ ਦਾ ਦਾਅਵਾ ਹੈ ਕਿ ਇਸ ‘ਜਾਦੂ ਵਾਲੇ ਪਾਣੀ’ ਨਾਲ ਵੱਡੀਆਂ-ਵੱਡੀਆਂ ਸਮੱਸਿਆਵਾਂ ਅਤੇ ਬੀਮਾਰੀਆਂ ਚਮਤਕਾਰੀ ਢੰਗ ਨਾਲ ਠੀਕ ਹੋ ਜਾਂਦੀਆਂ ਹਨ, ਉੱਥੇ ਹੀ ਉਨ੍ਹਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਵੋਟ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਰਹਿੰਦੇ ਹਨ। ਬਦਰੂਦੀਨ ਅਜਮਲ ਕਦੀ ਇਕ ਮੌਲਾਨਾ (ਧਰਮ ਪ੍ਰਚਾਰਕ) ਸਨ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਉਨ੍ਹਾਂ ’ਤੇ ਬੇਹੱਦ ਵਿਸ਼ਵਾਸ ਹੈ। ਇਸ ਦੇ ਉਲਟ ਅਸਾਮ ’ਚ ਭਾਜਪਾ ਦੇ ਆਗੂ ‘ਮੋਇਮੁਲ ਅਜਮਲ’ ਦਾ ਕਹਿਣਾ ਹੈ ਕਿ ਬਦਰੂਦੀਨ ਅਜਮਲ ਵਲੋਂ ਇਹ ਸਭ ਮੁਸਲਿਮ ਵੋਟਰਾਂ ਨੂੰ ਰਿਝਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਸਾਬਕਾ ਸੈਨਾ ਮੁਖੀ ਸਵਰਗੀ ਵਿਪਿਨ ਰਾਵਤ ਨੇ 21 ਫਰਵਰੀ, 2018 ਨੂੰ ਕਿਹਾ ਸੀ, ‘‘ਓਨੀ ਤੇਜ਼ੀ ਨਾਲ ਦੇਸ਼ ’ਚ ਭਾਜਪਾ ਦਾ ਵਿਸਥਾਰ ਨਹੀਂ ਹੋਇਆ, ਜਿੰਨੀ ਤੇਜ਼ੀ ਨਾਲ ਅਸਾਮ ’ਚ ਬਦਰੂਦੀਨ ਅਜਮਲ ਦੀ ਪਾਰਟੀ ਦਾ ਵਿਸਥਾਰ ਹੋਇਆ ਹੈ, ਜੋ ਚਿੰਤਾ ਦੀ ਗੱਲ ਹੈ।’’ ਸਿਆਸਤ ਵਾਂਗ ਹੀ ਵਪਾਰ ’ਚ ਵੀ ਸਫਲ ਅਤੇ ਹਮੇਸ਼ਾ ਮੋਢੇ ’ਤੇ ਅਸਾਮੀ ਗਮਛਾ ਲਟਕਾਈ ਰੱਖਣ ਵਾਲੇ ਬਦਰੂਦੀਨ ਅਜਮਲ ਪਿਛਲੇ 60 ਸਾਲਾਂ ਤੋਂ ਇਤਰ ਦਾ ਕਾਰੋਬਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦਾ ‘ਪਰਫਿਊਮ ਕਿੰਗ’ ਵੀ ਕਿਹਾ ਜਾਂਦਾ ਹੈ। ਇਤਰ ਤੋਂ ਇਲਾਵਾ ਉਨ੍ਹਾਂ ਦਾ ਰੀਅਲ ਅਸਟੇਟ, ਚਮੜਾ ਉਦਯੋਗ, ਚਾਹ ਪੈਦਾਵਾਰ ਆਦਿ ਦਾ ਕਾਰੋਬਾਰ ਵੀ ਦੂਜੇ ਦੇਸ਼ਾਂ ’ਚ ਫੈਲਿਆ ਹੋਇਆ ਹੈ।
2016 ਅਤੇ 2021 ਦੀਆਂ ਅਸਾਮ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਦਰੂਦੀਨ ਅਜਮਲ ਦਾ ‘ਜਾਦੂ ਵਾਲਾ ਪਾਣੀ’ ਕਾਫੀ ਚਰਚਾ ’ਚ ਰਿਹਾ। ਅਸਾਮ ਵਿਧਾਨ ਸਭਾ ਦੀਆਂ 2021 ਦੀਆਂ ਚੋਣਾਂ ਦੌਰਾਨ ਵਾਇਰਲ ਹੋਏ ਇਕ ਵੀਡੀਓ ’ਚ ਉਨ੍ਹਾਂ ਨੂੰ ਇਕ ਕੰਟੇਨਰ ’ਚ ਰੱਖਿਆ ਹੋਇਆ ‘ਜਾਦੂ ਵਾਲਾ ਪਾਣੀ’ ਲੋਕਾਂ ’ਤੇ ਛਿੜਕ ਕੇ ਲੋਕਾਂ ਨੂੰ ‘ਆਸ਼ੀਰਵਾਦ’ ਦਿੰਦੇ ਦੇਖਿਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ, ‘‘ਮੈਂ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੂੰ ਵੀ ਜਾਦੂ ਵਾਲਾ ਪਾਣੀ ਦੇਵਾਂਗਾ ਅਤੇ ਮੈਂ ਉਨ੍ਹਾਂ ਲਈ ਵਿਸ਼ੇਸ਼ ‘ਜਾਦੂ ਵਾਲਾ ਪਾਣੀ’ ਤਿਆਰ ਕਰ ਸਕਦਾ ਹਾਂ।’’ ਕੁਝ ਦਿਨ ਪਹਿਲਾਂ ਬਦਰੂਦੀਨ ਅਜਮਲ ਨੇ ਆਬਾਦੀ ਕੰਟਰੋਲ ’ਤੇ ਬੋਲਦੇ ਹੋਏ ਕਿਹਾ ਸੀ ਕਿ ‘‘ਕਰੰਟ ਨਹੀਂ ਹੈ। ਬਿਜਲੀ ਨਹੀਂ ਹੈ। ਹੁਣ ਇਨਸਾਨ ਹਨ ਉਹ ਵੀ ਗਰੀਬ। ਗਰੀਬ ਜਦ ਰਾਤ ਨੂੰ ਉੱਠੇਗਾ, ਮੀਆਂ-ਬੀਵੀ ਹਨ, ਦੋਵੇਂ ਜਵਾਨ ਹਨ ਤਾਂ ਫਿਰ ਰਾਤ ਨੂੰ ਕੀ ਕਰਨਗੇ? ਉਹ ਬੱਚੇ ਹੀ ਤਾਂ ਪੈਦਾ ਕਰਨਗੇ।’’
ਹੁਣ ਜਦਕਿ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਬਦਰੂਦੀਨ ਅਜਮਲ ਨੂੰ ਚਿਤਾਵਨੀ ਦਿੱਤੀ ਹੈ ਕਿ ‘‘ਉਹ ਸੂਬੇ ’ਚ ‘ਜਾਦੂ ਵਾਲਾ ਇਲਾਜ’ ਨਾ ਕਰਨ ਨਹੀਂ ਤਾਂ ਸਰਕਾਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਹੁਣ ਅਸਾਮ ਵਿਧਾਨ ਸਭਾ ਨੇ ਸੂਬੇ ’ਚ ਜਾਦੂ ਵਾਲੇ ਇਲਾਜ ’ਤੇ ਪਾਬੰਦੀ ਲਾਉਣ ਲਈ ਬਿੱਲ ‘ਅਸਾਮ ਹੀਲਿੰਗ (ਪ੍ਰੀਵੈਂਸ਼ਨ ਆਫ ਈਵਿਲ ਪ੍ਰੈਕਟਿਸਿਜ਼ ਬਿੱਲ-2024)’ ਪਾਸ ਕਰ ਦਿੱਤਾ ਹੈ। ਜੋ ਕੋਈ ਵੀ ਇੰਝ ਕਰੇਗਾ ਉਸ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ।’’
ਹਿਮੰਤ ਬਿਸਵ ਸਰਮਾ ਨੇ ਕਿਹਾ ਹੈ ਕਿ ‘‘ਬਦਰੂਦੀਨ ਅਜਮਲ ਜੇ ਮੇਰੀ ਚਿਤਾਵਨੀ ’ਤੇ ਅਮਲ ਨਹੀਂ ਕਰਦੇ ਤਾਂ ਨਾ ਸਹੀ, ਪਰ ਉਨ੍ਹਾਂ ਨੂੰ ਵਿਧਾਨ ਸਭਾ ਵਲੋਂ ਪਾਸ ਉਕਤ ਬਿੱਲ ਦੀਆਂ ਵਿਵਸਥਾਵਾਂ ਦਾ ਪਾਲਣ ਕਰਨਾ ਚਾਹੀਦਾ ਹੈ, ਜਿਸ ਦੇ ਤਹਿਤ ਜਾਦੂ ਵਾਲੇ ਇਲਾਜ ਨੂੰ ਨਾਜਾਇਜ਼ ਐਲਾਨਿਆ ਗਿਆ ਹੈ। ਹੁਣ ਬਦਰੂਦੀਨ ਅਜਮਲ ਇਹ ਸਲਾਹ ਮੰਨਦੇ ਹਨ ਜਾਂ ਆਗਾਮੀ ਚੋਣਾਂ ’ਚ ਆਪਣਾ ਜਾਦੂ ਵਾਲਾ ਪਾਣੀ ਵੰਡਣਾ ਜਾਰੀ ਰੱਖਦੇ ਹਨ, ਇਹ ਤਾਂ ਭਵਿੱਖ ’ਚ ਹੀ ਪਤਾ ਲੱਗੇਗਾ।
-ਵਿਜੇ ਕੁਮਾਰ