ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ–ਕਾਂਗਰਸ ਲਈ ਇਕ ਵੱਡੀ ਚੁਣੌਤੀ

09/19/2019 11:21:52 PM

ਬਚਨ ਸਿੰਘ ਸਰਲ

ਆਗਾਮੀ ਸਮੇਂ ’ਚ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ’ਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ’ਚ ਜਿਥੇ ਕਾਂਗਰਸ ਦਾ ਦਾਰੋਮਦਾਰ ਦਾਅ ’ਤੇ ਹੋਵੇਗਾ, ਉਥੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਇਸ ਨੂੰ ਤਾਕਤ ਦੇ ਸਿਖਰ ’ਤੇ ਲੈ ਜਾਵੇਗੀ। ਹੁਣ ਵੇਖਣਾ ਇਹ ਹੈ ਕਿ ਕੀ ਕਾਂਗਰਸ ਆਪਣੀ ਉਸ ਬਚੀ-ਖੁਚੀ ਸਾਖ ਨੂੰ ਬਚਾ ਸਕੇਗੀ, ਜਿਸ ਨੂੰ ਪਿਛਲੀਆਂ ਲੋਕ ਸਭਾ ਚੋਣਾਂ ’ਚ ਢਾਅ ਲੱਗ ਚੁੱਕੀ ਹੈ। ਇਸ ਢਾਅ ਤੋਂ ਬਾਅਦ ਅਜੇ ਤਕ ਕਾਂਗਰਸ ਆਪਣੇ ਪੈਰਾਂ ’ਤੇ ਖੜ੍ਹੀ ਨਹੀਂ ਹੋ ਸਕੀ। ਇਸ ਢਾਅ ਦੀ ਰੋਸ਼ਨੀ ’ਚ ਰਾਹੁਲ ਗਾਂਧੀ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਉਸ ਨੇ ਇਹ ਅਸਤੀਫਾ ਲੋਕ ਸਭਾ ਦੀਆਂ ਚੋਣਾਂ ’ਚ ਕਾਂਗਰਸ ਦੀ ਹੋਈ ਹਾਰ ਨੂੰ ਆਪਣੇ ਸਿਰ ਲੈਂਦਿਆਂ ਦਿੱਤਾ ਸੀ। ਪਾਰਟੀ ਨੇ ਉਨ੍ਹਾਂ ਨੂੰ ਇਹ ਅਸਤੀਫਾ ਵਾਪਸ ਲੈਣ ਲਈ ਕਈ ਬੇਨਤੀਆਂ ਕੀਤੀਆਂ ਪਰ ਰਾਹੁਲ ਨੇ ਕਿਸੇ ਦੀ ਗੱਲ ਨਾ ਮੰਨੀ। ਇਸ ਦੌਰਾਨ ਹੀ ਪਾਰਟੀ ਦੇ ਲਈ ਜ਼ਿੰਮੇਵਾਰ ਆਗੂਆਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਤਾਂ ਕਿ ਰਾਹੁਲ ਗਾਂਧੀ ਪਾਰਟੀ ਦਾ ਪੁਨਰਗਠਨ ਕਰ ਸਕਣ ਪਰ ਉਹ ਇਸ ਲਈ ਵੀ ਰਾਜ਼ੀ ਨਾ ਹੋਏ।

ਇਸ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਹਾਰ ਕਾਰਣ ਕਾਂਗਰਸ ’ਚ ਸੰਕਟ ਪੈਦਾ ਹੋ ਗਿਆ। ਰਾਹੁਲ ਵਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਵਾਪਸ ਨਾ ਲੈਣ ’ਤੇ ਪਾਰਟੀ ਨੇ ਸੋਨੀਆ ਗਾਂਧੀ ਨੂੰ ਅੰਤ੍ਰਿਮ ਪ੍ਰਧਾਨ ਬਣਾਇਆ ਹੈ ਪਰ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪਾਰਟੀ ਅੰਦਰ ਲੀਡਰਸ਼ਿਪ ਦੇ ਬਣੇ ਸੰਕਟ ਨੇ ਪਾਰਟੀ ਨੂੰ ਕਾਫੀ ਹੱਦ ਤਕ ਕਮਜ਼ੋਰ ਕੀਤਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਸੂਬਿਆਂ ’ਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ਸੂਬਿਆਂ ’ਚ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਵੀ ਕਮਜ਼ੋਰ ਹੈ। ਇਹ ਲੀਡਰਸ਼ਿਪ ਕਈ ਧੜਿਆਂ ’ਚ ਵੰਡੀ ਹੋਣ ਕਾਰਣ ਆਮ ਕਾਂਗਰਸੀ ਵਰਕਰ ਅਤੇ ਸਮਰਥਕ ਨਿਰਾਸ਼ ਹਨ। ਇਸ ਤਰ੍ਹਾਂ ਜਾਪਦਾ ਨਹੀਂ ਕਿ ਕਾਂਗਰਸ ਇਨ੍ਹਾਂ ਚੋਣਾਂ ਵਿਚ ਆਪਣੀ ਖੁੱਸੀ ਹੋਈ ਜ਼ਮੀਨ ਉੱਤੇ ਮੁੜ ਕਾਬਜ਼ ਹੋ ਸਕੇਗੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਅੰਦਰ, ਲੋਕ ਸਭਾ ਚੋਣਾਂ ’ਚ ਮਿਲੀ ਭਾਰੀ ਜਿੱਤ ਨੇ ਇਕ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਇਸ ਦਾ ਵਰਕਰ ਅਤੇ ਸਮਰਥਕ ਭਵਿੱਖ ਲਈ ਆਸ਼ਾਵਾਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਸੂਬਿਆਂ ਅੰਦਰ ਚੋਣਾਂ ਹੋਣੀਆਂ ਹਨ, ਉਨ੍ਹਾਂ ’ਚ ਭਾਰਤੀ ਜਨਤਾ ਪਾਰਟੀ ਸੱਤਾ ’ਚ ਹੈ ਅਤੇ ਇਨ੍ਹਾਂ ਗੱਲਾਂ ’ਚ ਭਾਜਪਾ ਦੇ ਮੁੱਖ ਮੰਤਰੀ ਵੀ ਲੋਕਾਂ ਦੇ ਵਿਸ਼ਵਾਸ ਦਾ ਪਾਤਰ ਬਣੇ ਹੋਏ ਹਨ। ਪਾਰਟੀ ਦੀ ਸਫਲਤਾ ਇਸ ਵਿਸ਼ਵਾਸ ਉਤੇ ਨਿਰਭਰ ਹੈ। ਇਸ ਤਰ੍ਹਾਂ ਵਰਤਮਾਨ ਰਾਜਸੀ ਵਾਤਾਵਰਣ ਨਾਲ ਭਾਜਪਾ ਅੰਦਰ ਉਤਸ਼ਾਹ ਬਣਿਆ ਹੋਇਆ ਹੈ, ਜੋ ਕਿ ਕਾਂਗਰਸ ਅੰਦਰ ਵੇਖਣ ਨੂੰ ਨਹੀਂ ਮਿਲਦਾ। ਇਨ੍ਹਾਂ ਚੋਣਾਂ ’ਚ ਜੇਕਰ ਭਾਜਪਾ ਜਿੱਤ ਪ੍ਰਾਪਤ ਕਰਦੀ ਹੈ ਤਾਂ 2019 ਦੀਆਂ ਲੋਕ ਸਭਾ ਚੋਣਾਂ ’ਚ ਪ੍ਰਾਪਤ ਹੋਈ ਜਿੱਤ ਤੋਂ ਬਾਅਦ ਇਹ ਲਗਾਤਾਰ ਦੂਜੀ ਜਿੱਤ ਹੋਵੇਗੀ।

ਜਿਥੋਂ ਤਕ ਕਾਂਗਰਸ ਦਾ ਸਬੰਧ ਹੈ, ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਦੇ ਆਸਾਰ ਰੋਸ਼ਨ ਨਹੀਂ ਹਨ। ਇਸ ਦਾ ਇਕ ਕਾਰਣ ਇਹ ਹੈ ਕਿ ਇਨ੍ਹਾਂ ਰਾਜਾਂ ਦੀਆਂ ਕਾਂਗਰਸੀ ਇਕਾਈਆਂ ਦੀ ਲੀਡਰਸ਼ਿਪ ਆਪਸ ਵਿਚ ਉਲਝੀ ਹੋਈ ਹੈ। ਸੋਨੀਆ ਗਾਂਧੀ ਨੇ ਭਾਵੇਂ ਪਾਰਟੀ ਦੀ ਕਮਾਂਡ ਸੰਭਾਲ ਲਈ ਹੈ ਪਰ ਪਾਰਟੀ ਦੀ ਅੰਦਰੂਨੀ ਸਥਿਤੀ ਉਤੇ ਕਾਬੂ ਪਾਉਣ ’ਚ ਉਨ੍ਹਾਂ ਨੂੰ ਸਮਾਂ ਲੱਗ ਰਿਹਾ ਹੈ। ਇਸ ਦੇ ਨਾਲ ਹੀ ਕਈ ਕਾਂਗਰਸੀ ਭਾਜਪਾ ਵੱਲ ਰੁਖ਼ ਕਰ ਚੁੱਕੇ ਹਨ। ਇਸ ਨੂੰ ਰੋਕਣ ਵੱਲ ਵੀ ਸੋਨੀਆ ਗਾਂਧੀ ਨੂੰ ਧਿਆਨ ਦੇਣਾ ਹੋਵੇਗਾ। ਕਾਫੀ ਹਿਚਕਚਾਹਟ ਤੋਂ ਬਾਅਦ ਸੋਨੀਆ ਨੇ ਹਰਿਆਣਾ ਦੀ ਪ੍ਰਦੇਸ਼ ਕਾਂਗਰਸ ਦੇ ਢਾਂਚੇ ’ਚ ਫੇਰਬਦਲ ਕੀਤਾ ਹੈ। ਅਸ਼ੋਕ ਤੰਵਰ ਨੂੰ ਹਟਾ ਕੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਜੋ ਕਿ ਬਗਾਵਤ ’ਤੇ ਉਤਰ ਰਹੇ ਸਨ ਅਤੇ ਜਿਨ੍ਹਾਂ ਨੇ ਕਾਂਗਰਸ ਤੋਂ ਅਲੱਗ ਹੋ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਸੰਕੇਤ ਵੀ ਦਿੱਤਾ ਸੀ, ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨੂੰ ਕਾਂਗਰਸ ਵਲੋਂ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦਾ ਨੇਤਾ ਬਣਾਇਆ ਗਿਆ ਹੈ।

ਸੋਨੀਆ ਨੇ ਇਸ ਤਰ੍ਹਾਂ ਫੇਰਬਦਲ ਕਰਕੇ ਪਾਰਟੀ ਅੰਦਰ ਏਕਤਾ ਲਿਆਉਣ ਦਾ ਯਤਨ ਕੀਤਾ ਹੈ ਪਰ ਪਾਰਟੀ ਸੂਤਰਾਂ ਅਨੁਸਾਰ ਅਜੇ ਵੀ ਪਾਰਟੀ ਅੰਦਰ ‘ਸਭ ਅੱਛਾ ਨਹੀਂ’। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ’ਚ ਚੋਣ ਲੜਨ ਜਾ ਰਹੀ ਹੈ। ਖੂਬੀ ਇਹ ਹੈ ਕਿ ਖੱਟੜ ਨੇ ਪਾਰਟੀ ਅੰਦਰ ਏਕਤਾ ਬਣਾਈ ਹੋਈ ਹੈ, ਜੋ ਕਿ ਭਾਜਪਾ ਦੀ ਜਿੱਤ ਦਾ ਜ਼ਾਮਨ ਬਣਾ ਸਕਦੀ ਹੈ। ਜਿਥੋਂ ਤਕ ਦੂਜੀਆਂ ਛੋਟੀਆਂ ਪਾਰਟੀਆਂ ਦਾ ਸਵਾਲ ਹੈ, ਉਹ ਤੀਲਾ-ਤੀਲਾ ਹੋਈਆਂ ਪਈਆਂ ਹਨ।

ਝਾਰਖੰਡ ’ਚ ਭਾਜਪਾ ਨੇ ਆਪਣੀ ਸਮਾਜਿਕ ਪੈਠ ਬਣਾ ਲਈ ਹੈ ਜਕਕਿ ਕਾਂਗਰਸ ਇਸ ਮਾਮਲੇ ’ਚ ਪਛੜੀ ਹੋਈ ਹੈ। ਭਾਰਤੀ ਜਨਤਾ ਪਾਰਟੀ 2014 ਅਤੇ 2019 ’ਚ ਕ੍ਰਮਵਾਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਜੇਤੂ ਰਹੀ ਹੈ ਜਦਕਿ 2019 ’ਚ ਕਾਂਗਰਸ, ਝਾਰਖੰਡ ਮੁਕਤੀ ਮੋਰਚਾ, ਰਾਸ਼ਟਰੀਆ ਜਨਤਾ ਦਲ ਤੇ ਬਾਬੂ ਲਾਲ ਮਰਾਂਡੀ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। 2019 ਦੀਆਂ ਲੋਕ ਸਭਾ ਚੋਣਾਂ ’ਚ ਇਨ੍ਹਾਂ ਪਾਰਟੀਆਂ ਨੂੰ ਕੋਈ ਸਫਲਤਾ ਨਹੀਂ ਸੀ ਮਿਲੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ 14 ’ਚੋਂ 12 ਲੋਕ ਸਭਾ ਸੀਟਾਂ ਜਿੱਤੀਆਂ ਸਨ। ਝਾਰਖੰਡ ’ਚ ਹੁਣ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਾ ਹੈ, ਜਦੋਂ ਇਸ ਦੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਅਜੈ ਕੁਮਾਰ ਪਾਰਟੀ ਨੂੰ ਅਲਵਿਦਾ ਕਹਿ ਗਿਆ। ਇਸ ਨਾਲ ਭਾਜਪਾ ਦੇ ਮੁੱਖ ਮੰਤਰੀ ਰਘੁਵਰ ਦਾਸ ਦੇ ਰਾਹ ਦਾ ਇਕ ਹੋਰ ਰੋੜਾ ਸਾਫ ਹੋ ਗਿਆ ਹੈ।

ਮਹਾਰਾਸ਼ਟਰ ’ਚ ਸਥਿਤੀ ਕਾਂਗਰਸ ਦੇ ਅਨੁਕੂਲ ਨਹੀਂ। ਕਾਂਗਰਸ ਦੀ ਸਹਿਯੋਗੀ ਨੈਸ਼ਨਲ ਕਾਂਗਰਸ ਪਾਰਟੀ ਦੀ ਹਾਲਤ ਮਾੜੀ ਹੈ। ਇਹ ਇਸ ਵੇਲੇ ਧੜੇਬੰਦੀ ਦੀ ਸ਼ਿਕਾਰ ਹੈ ਤੇ ਇਸ ਅੰਦਰ ਜ਼ਾਬਤੇ ਦੀ ਘਾਟ ਹੈ। ਪਾਰਟੀ ਲੀਡਰ ਸ਼ਰਦ ਪਵਾਰ ਦੀ ਪਾਰਟੀ ’ਤੇ ਪਕੜ ਢਿੱਲੀ ਪੈ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ ਅਤੇ ਐੱਨ. ਸੀ. ਪੀ. ਵਿਚਕਾਰ ਅਜੇ ਤਕ ਸੀਟਾਂ ਦੀ ਵੰਡ ਵੀ ਤੈਅ ਨਹੀਂ ਹੋ ਸਕੀ।

ਦੂਜੇ ਪਾਸੇ ਹੁਕਮਰਾਨ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਭਾਵੇਂ ਆਏ ਦਿਨ ਭਾਜਪਾ ਦੀ ਆਲੋਚਨਾ ਕਰਦੀ ਰਹਿੰਦੀ ਹੈ ਪਰ ਚੋਣਾਂ ’ਚ ਇਹ ਭਾਜਪਾ ਦੇ ਨਾਲ ਹੀ ਰਹੇਗੀ। ਇਸ ਲਈ ਦੋਵਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਛੇਤੀ ਹੀ ਹੋਵੇਗੀ।

ਤਿੰਨਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਜੇਕਰ ਭਾਜਪਾ ਜਿੱਤਦੀ ਹੈ ਤਾਂ ਇਸ ਨਾਲ ਕੁਦਰਤੀ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਭਾਵ ਵਧੇਗਾ। ਇਸ ਦੇ ਨਾਲ ਹੀ ਸ਼੍ਰੀ ਮੋਦੀ ਅਤੇ ਅਮਿਤ ਸ਼ਾਹ, ਜਿਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾਂ ’ਚ ਜਿੱਤ ਦਾ ਨਿਰਮਾਤਾ ਕਿਹਾ ਜਾਂਦਾ ਹੈ, ਦੀ ਲੀਡਰਸ਼ਿਪ ਸਥਾਪਿਤ ਹੋ ਜਾਵੇਗੀ। ਇਸ ਦੇ ਨਾਲ ਕਮਜ਼ੋਰ ਪੈ ਰਹੀ ਆਰਥਿਕਤਾ ਦੇ ਚੋਣਾਂ ’ਤੇ ਅਸਰ ਦਾ ਵੀ ਪਤਾ ਲੱਗ ਜਾਵੇਗਾ। ਇਸ ਵੇਲੇ ਜੋ ਹਾਲਾਤ ਹਨ, ਗੱਡੀਆਂ ਦੀ ਵਿਕਰੀ ਘੱਟ ਗਈ ਹੈ, ਰੇਲਾਂ ਦੁਆਰਾ ਮਾਲ ਦੀ ਢੋਆਈ ਵੀ ਘੱਟ ਗਈ ਹੈ, ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ’ਚ ਵੀ ਕਮੀ ਆਈ ਹੈ। ਇਸ ਸਭ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੀ ਅਰਥਵਿਵਸਥਾ ਕਮਜ਼ੋਰ ਪੈ ਰਹੀ ਹੈ। ਇਸ ਦੇ ਬਾਵਜੂਦ ਜੇਕਰ ਭਾਜਪਾ ਜਿੱਤਦੀ ਹੈ ਤਾਂ ਇਹ ਨਰਿੰਦਰ ਮੋਦੀ ਦੇ ਪ੍ਰਭਾਵ ਦਾ ਹੀ ਨਤੀਜਾ ਹੋਵੇਗਾ। ਇਸ ਦੇ ਨਾਲ ਹੀ ਭਾਜਪਾ ਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਵੀ ਪਾਰਟੀ ਦੇ ਕੰਮ ਆਵੇਗੀ। ਭਾਜਪਾ ਕੋਲ ਧਨ ਹੈ, ਆਰ. ਐੱਸ. ਐੱਸ. ਵਰਗੀ ਸਹਿਯੋਗੀ ਜਥੇਬੰਦੀ ਹੈ, ਜਦਕਿ ਵਿਰੋਧੀ ਹਰ ਪੱਖੋਂ ਕਮਜ਼ੋਰ ਹਨ।


Bharat Thapa

Content Editor

Related News