ਦੇਸ਼ ’ਚ ਨਕਲੀ ਕਰੰਸੀ ਦਾ ਧੰਦਾ ਜ਼ੋਰਾਂ ’ਤੇ, ਦੋਸ਼ੀਆਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਜਾਵੇ

Tuesday, Jul 23, 2024 - 02:46 AM (IST)

ਨਕਲੀ ਕਰੰਸੀ ਨੂੰ ਖ਼ਤਮ ਕਰਨ ਦੇ ਨਾਂ ’ਤੇ ਦੇਸ਼ ਵਿਚ 8 ਨਵੰਬਰ, 2016 ਨੂੰ ਲਾਗੂ ਕੀਤੀ ਗਈ ਨੋਟਬੰਦੀ ਨੂੰ 8 ਸਾਲ ਹੋ ਚੱਲੇ ਹਨ ਪਰ ਨਕਲੀ ਕਰੰਸੀ ਦੀ ਚੁਣੌਤੀ ਅਜੇ ਵੀ ਕਾਇਮ ਹੈ। ਨੋਟਬੰਦੀ ਦੇ ਬਾਅਦ ਪਹਿਲੇ ਸਾਲ ’ਚ ਤਾਂ ਨਕਲੀ ਨੋਟਾਂ ਦੇ ਧੰਦੇ ਵਿਚ ਕਮੀ ਆਈ ਸੀ ਪਰ ਬਾਅਦ ਵਿਚ ਇਸ ਨੇ ਦੁਬਾਰਾ ਰਫਤਾਰ ਫੜ ਲਈ ਹੈ ਜੋ ਪਿਛਲੇ 5 ਮਹੀਨਿਆਂ ਦੇ ਦੌਰਾਨ ਸਾਹਮਣੇ ਆਈਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 17 ਮਾਰਚ, 2024 ਨੂੰ ਰਾਜਸਥਾਨ ਦੇ ‘ਕੁਚਾਮਨ ਸਿਟੀ’ ਦੇ ਪਿੰਡ ‘ਬਾਵੜੀਆ’ ਵਿਚ ਪਿੰਡ ਵਾਲਿਆਂ ਨੇ 2 ਨੌਜਵਾਨਾਂ ਨੂੰ ਸਾਮਾਨ ਖਰੀਦਣ ਦੇ ਬਹਾਨੇ 100-100 ਰੁਪਏ ਦੇ ਨਕਲੀ ਨੋਟ ਚਲਾਉਂਦਿਆਂ ਫੜ ਕੇ ਪੁਲਸ ਦੇ ਹਵਾਲੇ ਕੀਤਾ। ਇਨ੍ਹਾਂ ਦੇ ਕਬਜ਼ੇ ’ਚੋਂ 100-100 ਰੁਪਏ ਦੇ ਨਕਲੀ ਨੋਟਾਂ ਦੇ ਇਲਾਵਾ 50 ਰੁਪਏ ਅਤੇ 500 ਰੁਪਏ ਦੇ ਨਕਲੀ ਨੋਟ ਵੀ ਬਰਾਮਦ ਕੀਤੇ ਗਏ।

* 5 ਅਪ੍ਰੈਲ ਨੂੰ ਪੁਲਸ ਨੇ ਬਟਾਲਾ ਦੇ ਨੇੜਲੇ ਪਿੰਡ ਸੈਦ ਮੁਬਾਰਕ ’ਚ ਜੋੜੇ ਸੁਖਬੀਰ ਸਿੰਘ ਉਰਫ ਸੁੱਖਾ ਅਤੇ ਗੁਰਿੰਦਰ ਕੌਰ ਉਰਫ ਸੋਨੀਆ ਨੂੰ 30 ਲੱਖ ਰੁਪਏ ਮੁੱਲ ਦੇ ਨਕਲੀ ਨੋਟਾਂ ਦੇ ਨਾਲ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਜਾਅਲੀ ਨੋਟ ਬਣਾਉਣ ਨਾਲ ਸਬੰਧਤ ਸਮੱਗਰੀ ਪ੍ਰਿੰਟਰ, ਲੈਮੀਨੇਸ਼ਨ ਮਸ਼ੀਨ ਅਤੇ ਕਾਗਜ਼ਾਂ ਦੇ ਦਸਤੇ ਜ਼ਬਤ ਕੀਤੇ।

* 1 ਮਈ ਨੂੰ ਹਿਮਾਚਲ ਪ੍ਰਦੇਸ਼ ’ਚ ਚਿੰਤਪੂਰਨੀ ਥਾਣਾ ਦੇ ਅਧੀਨ ਪੈਂਦੇ ਪਿੰਡ ‘ਥਨੀਕਪੁਰਾ’ ’ਚ ਜਲੰਧਰ ਦੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਹਿਮਾਚਲ ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ 42,000 ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ।

* 27 ਮਈ ਨੂੰ ਉੱਤਰ ਪ੍ਰਦੇਸ਼ ਵਿਚ ਫਤਿਹਪੁਰ ਦੇ ‘ਛੀਪੀਟੋਲਾ’ ਸਥਿਤ ਸਟੇਟ ਬੈਂਕ ਦੀ ਸ਼ਾਖਾ ’ਚ 22,000 ਰੁਪਏ ਦੇ ਨਕਲੀ ਨੋਟ ਬਰਾਮਦ ਹੋਣ ’ਤੇ ਸ਼ਾਖਾ ਪ੍ਰਬੰਧਕ ਅਤੇ ਹੋਰਨਾਂ ਮੁਲਾਜ਼ਮਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।

* 12 ਜੁਲਾਈ ਨੂੰ ਪਟਿਆਲਾ ਦੇ ਸਨੌਰ ਵਿਚ ਪੁਲਸ ਨੇ ਘਰ ਵਿਚ ਨਕਲੀ ਕਰੰਸੀ ਤਿਆਰ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ 56,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ।

* 13 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ 2 ਸਮੱਗਲਰਾਂ ਰਾਮਸਵਰੂਪ ਬਿਸ਼ਨੋਈ ਅਤੇ ਵਿਸ਼ਣੂ ਸ਼ਰਮਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 500-500 ਰੁਪਏ ਮੁੱਲ ਵਾਲੇ ਨਕਲੀ ਨੋਟਾਂ ਦੀਆਂ 50 ਥੱਦੀਆਂ ਬਰਾਮਦ ਕੀਤੀਆਂ।

* 17 ਜੁਲਾਈ ਨੂੰ ਰਾਜਸਥਾਨ ਵਿਚ ਜੋਧਪੁਰ ਸਥਿਤ ਸਟੇਟ ਬੈਂਕ, ਐਕਸਿਸ ਬੈਂਕ ਅਤੇ ਯੂਕੋ ਬੈਂਕ ’ਚ ਜਮ੍ਹਾ ਰਕਮ ਦੀ ਰਿਜ਼ਰਵ ਬੈਂਕ ਵੱਲੋਂ ਜਾਂਚ ਦੇ ਦੌਰਾਨ 100, 50 ਅਤੇ 2000 ਰੁਪਏ ਵਾਲੇ 11,450 ਰੁਪਏ ਦੇ ਨੋਟ ਨਕਲੀ ਪਾਏ ਗਏ।

* 20 ਜੁਲਾਈ ਨੂੰ ਉੱਤਰ ਪ੍ਰਦੇਸ਼ ਵਿਚ ਅਲੀਗੜ੍ਹ ਪੁਲਸ ਨੇ ਇਕ ਔਰਤ ਸੁਧਾ ਅਤੇ 2 ਮਰਦਾਂ ਨਾਥੂ ਰਾਮ ਅਤੇ ਸੁਖਬੀਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 500-500 ਰੁਪਏ ਵਾਲੇ 40 ਨਕਲੀ ਨੋਟ ਬਰਾਮਦ ਕੀਤੇ।

* ਅਤੇ ਹੁਣ 21 ਜੁਲਾਈ, 2024 ਨੂੰ ਦਿੱਲੀ ਪੁਲਸ ਨੇ ਨਕਲੀ ਨੋਟਾਂ ਦਾ ਧੰਦਾ ਕਰਨ ਵਾਲੇ 2 ਦੋਸ਼ੀ ਰਾਮਪ੍ਰਵੇਸ਼ ਅਤੇ ਅਲੀ ਅਸਗਰ ਦੇ ਕਬਜ਼ੇ ’ਚੋਂ 500 ਰੁਪਏ ਮੁੱਲ ਵਾਲੇ 582 (ਕੁੱਲ 2.91 ਲੱਖ ਰੁਪਏ) ਨੋਟ ਜ਼ਬਤ ਕੀਤੇ।

ਪਾਕਿਸਤਾਨ ’ਚ ਛਪੇ ਨਕਲੀ ਨੋਟਾਂ ਨੂੰ ਦੋਸ਼ੀ ਨੇਪਾਲ ਅਤੇ ਬੰਗਲਾਦੇਸ਼ ਸਰਹੱਦ ਦੇ ਰਸਤੇ ਬਿਹਾਰ ਤੋਂ ਲਿਆ ਰਹੇ ਸਨ। ਗੈਂਗ ਦਾ ਸਰਗਨਾ ਆਸਿਫ ਕਿਸੇ ਅੰਸਾਰੀ ਨਾਂ ਦੇ ਵਿਅਕਤੀ ਨਾਲ ਮਿਲ ਕੇ ਇਨ੍ਹਾਂ ਨਕਲੀ ਨੋਟਾਂ ਨੂੰ ਪਾਕਿਸਤਾਨ ਤੋਂ ਮੰਗਵਾ ਰਿਹਾ ਸੀ।

ਪੁਲਸ ਦੇ ਅਨੁਸਾਰ ਆਮ ਤੌਰ ’ਤੇ 1 ਲੱਖ ਰੁਪਏ ਕੀਮਤ ਵਾਲੇ ਨਕਲੀ ਨੋਟ 30,000 ਤੋਂ 35,000 ਰੁਪਏ ’ਚ ਸਪਲਾਇਰ ਨੂੰ ਵੇਚ ਦਿੱਤੇ ਜਾਂਦੇ ਹਨ। ਪਾਕਿਸਤਾਨ ਦੇ ਅੰਸਾਰੀ ਦਾ ਉਥੇ ਲੁਕੇ ਦਾਊਦ ਦੇ ਸਿੰਡੀਕੇਟ ਨਾਲ ਸਬੰਧ ਦੱਸਿਆ ਜਾਂਦਾ ਹੈ ਅਤੇ ਇਸ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਸੁਪੋਰਟ ਵੀ ਰਹਿੰਦਾ ਹੈ।

ਇਨ੍ਹਾਂ ਹਾਈ ਕੁਆਲਿਟੀ ਨੋਟਾਂ ਦੀ ਕਰਾਚੀ ਦੇ ਪ੍ਰਿੰਟਿੰਗ ਪ੍ਰੈੱਸ ’ਚ ਛਪਾਈ ਹੁੰਦੀ ਹੈ। ਪੁਲਸ ਦੇ ਇਕ ਅਧਿਕਾਰੀ ਅਨੁਸਾਰ ਇਹ ਸਿੰਡੀਕੇਟ ਇੰਨਾ ਵੱਡਾ ਹੈ ਕਿ ਭਾਰਤ ਦੀ ਸਰਹੱਦ ਵਿਚ ਦਾਖਲ ਹੁੰਦੇ ਹੀ ਨਕਲੀ ਨੋਟਾਂ ਦੀ ਖੇਪ ਲਈ ਬੋਲੀ ਲੱਗਦੀ ਹੈ।

ਨਕਲੀ ਨੋਟਾਂ ਦੇ ਵੱਡੇ ਡੀਲਰ ਇਸ ਜਾਅਲੀ ਕਰੰਸੀ ਨੂੰ ਖਰੀਦਦੇ ਹਨ ਅਤੇ ਫਿਰ ਛੋਟੇ-ਛੋਟੇ ਸਪਾਇਲਰਾਂ ਦੀ ਮਦਦ ਨਾਲ ਦਿੱਲੀ ਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਇਲਾਵਾ ਪੂਰੇ ਦੇਸ਼ ’ਚ ਪਹੁੰਚਾਉਂਦੇ ਹਨ।

ਇਹ ਲੋਕ ਸੜਕ ਮਾਰਗ ਦੀ ਬਜਾਏ ਨਕਲੀ ਕਰੰਸੀ ਪਹੁੰਚਾਉਣ ਲਈ ਰੇਲ ਮਾਰਗ, ਖਾਸ ਕਰ ਕੇ ਘੱਟ ਸਟੇਸ਼ਨਾਂ ’ਤੇ ਰੁਕਣ ਵਾਲੀਆਂ ਸੁਪਰ ਫਾਸਟ ਰੇਲ ਗੱਡੀਆਂ ਦੀ ਵਰਤੋਂ ਕਰਨੀ ਪਸੰਦ ਕਰਦੇ ਹਨ। ਕਿਉਂਕਿ ਕੁਝ ਮਿੰਟ ਦੇ ਠਹਿਰਾਅ ’ਚ ਰੇਲ ਗੱਡੀਆਂ ਚੈੱਕ ਨਹੀਂ ਹੋ ਸਕਦੀਆਂ। ਇਨ੍ਹਾਂ ਦੇ ‘ਏਜੰਟ’ ਬਿਹਾਰ, ਝਾਰਖੰਡ ਅਤੇ ਦਿੱਲੀ ਦੇ ਨਾਲ-ਨਾਲ ਪੱਛਮੀ ਬੰਗਾਲ ’ਚ ਵੀ ਸਰਗਰਮ ਹਨ।

ਕਿਉਂਕਿ ਨਕਲੀ ਕਰੰਸੀ ਚਲਾਉਣਾ ਕਿਸੇ ਵੀ ਦੇਸ਼ ਦੀ ਅਰਥ-ਵਿਵਸਥਾ ਨੂੰ ਕਮਜ਼ੋਰ ਕਰ ਕੇ ਉਸ ਦੀਆਂ ਜੜ੍ਹਾਂ ਪੁਟਣ ਵਰਗਾ ਹੈ, ਇਸ ਲਈ ਇਨ੍ਹਾਂ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਦੇ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ਵਿਚ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਲੈਣ-ਦੇਣ ਦੇ ਲਈ ਨੈੱਟ ਬੈਂਕਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

- ਵਿਜੇ ਕੁਮਾਰ


Harpreet SIngh

Content Editor

Related News