ਨੇਤਾ ਕੋਰੋਨਾ ਨਾਲ ਇੰਝ ਨਜਿੱਠਣ

05/05/2021 3:29:52 AM

ਡਾ. ਵੇਦਪ੍ਰਤਾਪ ਵੈਦਿਕ 

ਦਿੱਲੀ ਨੇੜੇ ਫਰੀਦਾਬਾਦ ਦੇ ਵਿਧਾਇਕ ਨੀਰਜ ਸ਼ਰਮਾ ਦਾ ਇਕ ਵੀਡੀਓ ਵੇਖ ਕੇ ਮੈਂ ਹੈਰਾਨ ਰਹਿ ਗਿਆ। ਨੀਰਜ ਨੇ ਬਹੁਤ ਹਿੰਮਤ ਕੀਤੀ ਅਤੇ ਉਹ ਇਕ ਅਜਿਹੇ ਗੋਦਾਮ ’ਚ ਦਾਖਲ ਹੋ ਗਏ ਜਿੱਥੇ ਆਕਸੀਜਨ ਦੇ ਦਰਜਨਾਂ ਸਿਲੰਡਰ ਪਏ ਹੋਏ ਸਨ। ਉਨ੍ਹਾਂ ਨੂੰ ਵੇਖਦਿਆਂ ਹੀ ਉਸ ਗੋਦਾਮ ਦੇ ਚੌਕੀਦਾਰ ਦੌੜ ਗਏ।

ਨੀਰਜ ਨੇ ਆਪਣੇ ਵੀਡੀਓ ’ਚ ਇਹ ਸਵਾਲ ਉਠਾਇਆ ਕਿ ਫਰੀਦਾਬਾਦ ਅਤੇ ਗੁੜਗਾਓਂ ’ਚ ਲੋਕ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਰਹੇ ਹਨ ਅਤੇ ਇੱਥੇ ਇੰਨੇ ਸਿਲੰਡਰਾਂ ਦਾ ਭੰਡਾਰ ਕਿਵੇਂ ਜਮ੍ਹਾ ਹੋਇਆ ਹੈ? ਹੋ ਸਕਦਾ ਹੈ ਕਿ ਇਹ ਸਿਲੰਡਰ ਕਿਸੇ ਆਕਸੀਜਨ ਪੈਦਾ ਕਰਨ ਵਾਲੀ ਕੰਪਨੀ ਦੇ ਹੋਣ ਅਤੇ ਕਿਸੇ ਕਾਲਾਬਾਜ਼ਾਰੀ ਦਲਾਲ ਦੇ ਨਾ ਹੋਣ ਪਰ ਨੀਰਜ ਸ਼ਰਮਾ ਦੀ ਪਹਿਲ ਦਾ ਸਿੱਟਾ ਇਹ ਨਿਕਲਿਆ ਕਿ ਉਸ ਗੋਦਾਮ ਦੇ ਮਾਲਕ ਨੇ ਉਹ ਸਿਲੰਡਰ ਤੁਰੰਤ ਹੀ ਹਰਿਆਣਾ ਸਰਕਾਰ ਦੇ ਇਕ ਹਸਪਤਾਲ ਨੂੰ ਸਮਰਪਿਤ ਕਰ ਦਿੱਤੇ।

ਨੀਰਜ ਨੇ ਉਸ ਦੁਕਾਨ ’ਤੇ ਛਾਪਾ ਇਸ ਲਈ ਮਾਰਿਆ ਸੀ ਕਿਉਂਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਦੇ ਕਈ ਲੋਕਾਂ ਨੇ ਆ ਕੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਰਹੇ ਹਨ ਅਤੇ ਫਲਾਣੀ ਥਾਂ ’ਤੇ ਸਿਲੰਡਰਾਂ ਦਾ ਭੰਡਾਰ ਭਰਿਆ ਪਿਆ ਹੈ। ਇੱਥੇ ਅਸਲੀ ਸਵਾਲ ਇਹ ਹੈ ਕਿ ਸਾਡੇ ਦੇਸ਼ ਦੇ ਪੰਚ, ਕੌਂਸਲਰ, ਵਿਧਾਇਕ ਅਤੇ ਸੰਸਦ ਮੈਂਬਰ ਨੀਰਜ ਸ਼ਰਮਾ ਵਾਂਗ ਸਰਗਰਮ ਕਿਉਂ ਨਹੀਂ ਹੋ ਜਾਂਦੇ। ਸਭ ਸਿਆਸੀ ਪਾਰਟੀਆਂ ਦੇ ਵਰਕਰਾਂ ਦੀ ਗਿਣਤੀ ਲਗਭਗ 15 ਕਰੋੜ ਹੈ। ਜੇ ਇਹ ਸਭ ਇਕੱਠੇ ਹੋ ਜਾਣ ਤਾਂ ਇਕ ਵਰਕਰ ਨੂੰ ਸਿਰਫ 14-15 ਲੋਕਾਂ ਦੀ ਦੇਖਭਾਲ ਕਰਨੀ ਹੋਵੇਗੀ। ਭਾਵ ਆਪਣੇ ਆਂਢ-ਗੁਆਂਢ ਦੇ ਸਿਰਫ 3-4 ਘਰਾਂ ਦੀ ਹੀ ਉਹ ਜ਼ਿੰਮੇਵਾਰੀ ਲੈ ਲੈਣ ਤਾਂ ਸਾਰਾ ਦੇਸ਼ ਸੁਰੱਖਿਅਤ ਹੋ ਸਕਦਾ ਹੈ।

ਉਹ ਮਰੀਜ਼ਾਂ ਲਈ ਆਕਸੀਜਨ, ਇੰਜੈਕਸ਼ਨ, ਬੈੱਡ ਅਤੇ ਦਵਾਈ ਦਾ ਢੁੱਕਵਾਂ ਪ੍ਰਬੰਧ ਕਰ ਸਕਦੇ ਹਨ। ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਮੰਗ ’ਤੇ ਤੁਲਨਾਤਮਕ ਜਲਦੀ ਅਤੇ ਵਧੇਰੇ ਧਿਆਨ ਦੇਣਗੇ। ਆਮ ਲੋਕਾਂ ਦਾ ਮਨੋਬਲ ਵੀ ਆਪਣੇ ਆਪ ਉੱਚਾ ਹੋ ਜਾਵੇਗਾ। ਲਗਭਗ ਇਸੇ ਤਰ੍ਹਾਂ ਦਾ ਕੰਮ ਅਲਵਰ (ਰਾਜਸਥਾਨ) ਦੇ ਇਕ ਵਿਧਾਇਕ ਸੰਜੇ ਸ਼ਰਮਾ ਨੇ ਕੀਤਾ ਹੈ। ਉਨ੍ਹਾਂ ਕੁਲੈਕਟਰ ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਮੰਗ ਕੀਤੀ ਕਿ ਅਲਵਰ ਦੇ ਹਸਪਤਾਲਾਂ ’ਚ ਆਕਸੀਜਨ ਤੁਰੰਤ ਪਹੁੰਚਾਈ ਜਾਵੇ।

ਜੇ ਸਾਡੇ ਲੋਕ-ਪ੍ਰਤੀਨਿਧੀ ਸਰਗਰਮ ਹੋ ਜਾਣ ਤਾਂ ਕਾਲਾਬਾਜ਼ਾਰੀ ’ਤੇ ਤੁਰੰਤ ਰੋਕ ਲੱਗ ਸਕਦੀ ਹੈ। ਸਾਡੀਆਂ ਅਦਾਲਤਾਂ ਅਤੇ ਸਰਕਾਰਾਂ ਇਸ ਭਿਆਨਕ ਅਪਰਾਧ ’ਤੇ ਸਿਰਫ ਜ਼ੁਬਾਨੀ ਜਮ੍ਹਾ-ਖਰਚ ਕਰ ਰਹੀਆਂ ਹਨ। ਇਸ ਤਰ੍ਹਾਂ ਦੇ ਲੋਕ-ਦੁਸ਼ਮਣਾਂ ਨੂੰ ਕਿਵੇਂ ਸਜ਼ਾ ਦਿੱਤੀ ਜਾਂਦੀ ਹੈ, ਇਹ ਮੈਂ ਆਪਣੀਆਂ ਅੱਖਾਂ ਨਾਲ ਅਫਗਾਨਿਸਤਾਨ ’ਚ ਦੇਖਿਆ ਹੈ। ਅਰਬ ਦੇਸ਼ਾਂ ’ਚ ਅਜਿਹੇ ਨਰ ਪਸ਼ੂਆਂ ਨੂੰ ਸ਼ਰੇਆਮ ਕੋੜਿਆਂ ਨਾਲ ਕੁੱਟਿਆ ਜਾਂਦਾ ਹੈ। ਉਨ੍ਹਾਂ ਦੇ ਹੱਥ ਵੱਢ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਅਜਿਹੀ ਮਾੜੀ ਹਾਲਤ ਦੇਖ ਕੇ ਭਵਿੱਖ ਦੇ ਅਪਰਾਧੀਆਂ ਦੀ ਰੂਹ ਕੰਬਣ ਲੱਗ ਪੈਂਦੀ ਹੈ। ਜੇ ਸਾਡੀਆਂ ਸਰਕਾਰਾਂ ਅਤੇ ਪਾਰਟੀਆਂ ਉਨ੍ਹਾਂ ਲੋਕ-ਦੁਸ਼ਮਣਾਂ ਦਾ ਇਲਾਜ ਤੁਰੰਤ ਨਹੀਂ ਕਰਨਗੀਆਂ ਤਾਂ ਉਸ ਦੇ ਸਾਰੇ ਇਲਾਜ ਨਾਕਾਮ ਹੋ ਸਕਦੇ ਹਨ।


Bharat Thapa

Content Editor

Related News