ਅਹਿੰਸਕ ਸੰਘਰਸ਼ ਦਾ ਇਹ ਚਰਿੱਤਰ ਸਥਾਈ ਬਣਾਉਣਾ ਪਵੇਗਾ

Tuesday, Aug 20, 2024 - 07:07 PM (IST)

ਅਹਿੰਸਕ ਸੰਘਰਸ਼ ਦਾ ਇਹ ਚਰਿੱਤਰ ਸਥਾਈ ਬਣਾਉਣਾ ਪਵੇਗਾ

ਇਹ ਪਹਿਲੀ ਵਾਰ ਹੈ ਜਦ ਬੰਗਲਾਦੇਸ਼ ’ਚ ਹਿੰਦੂਆਂ ਅਤੇ ਉਨ੍ਹਾਂ ਦੇ ਧਰਮ ਅਸਥਾਨਾਂ ’ਤੇ ਹੋਏ ਹਮਲੇ ਵਿਰੁੱਧ ਪੂਰੀ ਦੁਨੀਆ ’ਚ ਗੁੱਸੇ ਦਾ ਪ੍ਰਦਰਸ਼ਨ ਦੇਖਿਆ ਗਿਆ ਹੈ। ਖੁਦ ਬੰਗਲਾਦੇਸ਼ ’ਚ ਵੀ ਵੱਡੀ ਗਿਣਤੀ ’ਚ ਹਿੰਦੂ ਸੜਕਾਂ ’ਤੇ ਉਤਰਨਗੇ, ਇਸ ਦੀ ਵੀ ਕਲਪਨਾ ਨਹੀਂ ਸੀ। ਇਸ ਦਾ ਹੀ ਨਤੀਜਾ ਨਿਕਲਿਆ ਕਿ ਬੰਗਲਾਦੇਸ਼ ਦੀ ਵਰਤਮਾਨ ਅੰਤ੍ਰਿਮ ਸਰਕਾਰ ਵੱਲੋਂ ਰਸਮੀ ਤੌਰ ’ਤੇ ਹਿੰਦੂਆਂ ਕੋਲੋਂ ਮੁਆਫੀ ਮੰਗੀ ਗਈ ਅਤੇ ਕਿਹਾ ਗਿਆ ਕਿ ਅਸੀਂ ਹਰ ਹਾਲ ’ਚ ਤੁਹਾਡੀ ਰੱਖਿਆ ਕਰਾਂਗੇ। 

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਲੱਗ ਰਿਹਾ ਸੀ ਜਿਵੇਂ ਹਿੰਦੂਆਂ ਦਾ ਜਨ ਸੈਲਾਬ ਸੜਕਾਂ ’ਤੇ ਆ ਗਿਆ ਹੋਵੇ। ਔਰਤਾਂ, ਮਰਦ, ਬੱਚੇ, ਜਵਾਨ, ਬਾਲਗ, ਬਜ਼ੁਰਗ ਸਭ ਨੂੰ ਸੜਕਾਂ ’ਤੇ ਪ੍ਰਦਰਸ਼ਨ ਕਰਦੇ ਅਤੇ ਨਾਅਰੇ ਲਾਉਂਦਿਆਂ ਦੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਅੰਦਰ ਸੰਘਰਸ਼ ਕਰਨ ਅਤੇ ਆਪਣਾ ਅਧਿਕਾਰ ਪ੍ਰਾਪਤ ਕਰਨ ਦਾ ਜਜ਼ਬਾ ਬਣਿਆ ਹੋਇਆ ਹੈ। ਪ੍ਰਦਰਸ਼ਨ ’ਚ ਔਰਤਾਂ ਵੀ ਅਗਵਾਈ ਕਰਦੀਆਂ ਦਿਖਾਈ ਦਿੱਤੀਆਂ। ਸੱਚ ਇਹੀ ਹੈ ਕਿ ਜੇ ਬੰਗਲਾਦੇਸ਼ ਦੇ ਹਿੰਦੂਆਂ ਨੇ ਹੌਸਲਾ ਨਾ ਦਿਖਾਇਆ ਹੁੰਦਾ ਤਾਂ ਉਨ੍ਹਾਂ ਨੂੰ ਦੁਨੀਆ ਭਰ ’ਚ ਲੋਕਾਂ ਦੀ ਹਮਾਇਤ ਨਾ ਮਿਲਦੀ। ਉਥੋਂ ਦੀਆਂ ਤਸਵੀਰਾਂ ਅਤੇ ਵੀਡੀਓ ਕਿਸੇ ਨੂੰ ਵੀ ਰੋਮਾਂਚਿਤ ਕਰਦੀਆਂ ਹਨ। ਇਸ ਦੇ ਨਾਲ ਭਾਰਤ ਵਿਚ ਵੀ ਵੱਖ-ਵੱਖ ਸ਼ਹਿਰਾਂ ’ਚ ਪ੍ਰਦਰਸ਼ਨ ਸ਼ੁਰੂ ਹੋਏ ਜੋ ਹੁਣ ਵੀ ਚੱਲ ਰਹੇ ਹਨ। ਸਭ ਤੋਂ ਵੱਡਾ ਪ੍ਰਦਰਸ਼ਨ ਨਾਰੀ ਸ਼ਕਤੀ ਦੀ ਅਗਵਾਈ ’ਚ ਦਿੱਲੀ ਦੇ ਮੰਡੀ ਹਾਊਸ ਤੋਂ ਜੰਤਰ-ਮੰਤਰ ਤੱਕ 16 ਅਗਸਤ ਨੂੰ ਹੋਇਆ। 

ਭਾਰਤ ਦੇ ਬਾਹਰ ਅਮਰੀਕਾ, ਇੰਗਲੈਂਡ, ਫਰਾਂਸ, ਕੈਨੇਡਾ ਅਤੇ ਪਤਾ ਨਹੀਂ ਕਿਹੜੇ-ਕਿਹੜੇ ਦੇਸ਼ਾਂ ਦੇ ਹਿੰਦੂਆਂ ਨੇ ਪ੍ਰਦਰਸ਼ਨ ਕਰ ਕੇ ਬੰਗਲਾਦੇਸ਼ ਦੇ ਹਿੰਦੂਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਆਪਣੇ-ਆਪਣੇ ਦੇਸ਼ ਤੋਂ ਮੰਗ ਕੀਤੀ ਕਿ ਉਥੇ ਸ਼ੇਖ ਹਸੀਨਾ ਦੀ ਸੱਤਾ ਉਖਾੜਣ ਪਿੱਛੋਂ ਸ਼ਾਸਨ ਚਲਾਉਣ ਵਾਲਿਆਂ ’ਤੇ ਦਬਾਅ ਵਧਾਇਆ ਜਾਵੇ। ਇਸ ਦਾ ਪ੍ਰਭਾਵ ਵੀ ਹੋਇਆ। ਸੰਯੁਕਤ ਰਾਸ਼ਟਰ ਸੰਘ ਨੇ ਹਿੰਦੂਆਂ ’ਤੇ ਹਮਲੇ ਰੋਕਣ ਦੀ ਮੰਗ ਕੀਤੀ ਤਾਂ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਦਾ ਵੀ ਅਜਿਹਾ ਹੀ ਬਿਆਨ ਆਇਆ।

ਹਾਲਾਂਕਿ ਭਾਰਤ ਨੇ ਸ਼ੇਖ ਹਸੀਨਾ ਦੇ ਬੰਗਲਾਦੇਸ਼ ਛੱਡ ਕੇ ਇਥੇ ਆਉਣ ਤੋਂ ਬਾਅਦ ਹੀ ਆਪਣਾ ਸਟੈਂਡ ਬਿਲਕੁਲ ਸਪੱਸ਼ਟ ਰੱਖਿਆ। ਸੰਸਦ ’ਚ ਦਿੱਤੇ ਗਏ ਬਿਆਨ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਹਿੰਦੂਆਂ ’ਤੇ ਹੋ ਰਹੇ ਹਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਉਥੋਂ ਦੀ ਅਥਾਰਟੀ ਨਾਲ ਸੰਪਰਕ ’ਚ ਹਾਂ। ਪੂਰੇ ਬਿਆਨ ’ਚ ਇਹ ਨਿਸ਼ਚਾਤਮਕ ਭਾਵ ਸੀ ਿਕ ਉਥੇ ਗੈਰ-ਮੁਸਲਮਾਨਾਂ ਿਵਸ਼ੇਸ਼ ਕਰ ਕੇ ਹਿੰਦੂਆਂ, ਬੌਧੀਆਂ, ਸਿੱਖਾਂ ਆਦਿ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਜੋ ਵੀ ਸੰਭਵ ਹੈ ਉਹ ਭਾਰਤ ਕਰੇਗਾ। ਜਦੋਂ ਮੁਹੰਮਦ ਯੂਨੁਸ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ’ਚ ਹੀ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਆਸ ਪ੍ਰਗਟ ਕੀਤੀ ਕਿ ਨਵੀਂ ਸਰਕਾਰ ਉਨ੍ਹਾਂ ਨੂੰ ਰੋਕੇਗੀ। ਉਂਝ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਬੰਗਲਾਦੇਸ਼, ਪਾਕਿਸਤਾਨ ਦੋਵਾਂ ਥਾਵਾਂ ’ਤੇ ਹਿੰਦੂਆਂ, ਸਿੱਖਾਂ, ਬੌਧੀਆਂ, ਜੈਨੀਆਂ ਅਤੇ ਇਥੋਂ ਤੱਕ ਕਿ ਇਸਾਈਆਂ ਵਿਰੁੱਧ ਹਿੰਸਾ ’ਤੇ ਭਾਰਤ ਨੇ ਹਮੇਸ਼ਾ ਸਪੱਸ਼ਟ ਰੁਖ ਅਪਣਾਇਆ ਹੈ। 

ਮੋਦੀ ਸਰਕਾਰ ਨੇ 2019 ’ਚ ਹੀ ਆਪਣੇ ਤਿੰਨ ਗੁਆਂਢੀ ਦੇਸ਼ਾਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਗੈਰ-ਮੁਸਲਮਾਨਾਂ ਦੇ ਧਾਰਮਿਕ ਅੱਤਿਆਚਾਰ ਨੂੰ ਆਧਾਰ ਬਣਾ ਕੇ ਹੀ ਨਾਗਰਿਕਤਾ ਸੋਧ ਕਾਨੂੰਨ ਬਣਾਏ ਜੋ ਇਸ ਪ੍ਰਤੀ ਵਰਤਮਾਨ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਹਾਲਾਂਕਿ ਕੁਝ ਸਰਹੱਦੀ ਇਲਾਕਿਆਂ ’ਚ ਬੰਗਲਾਦੇਸ਼ੀ ਹਿੰਦੂ ਭਾਰਤ ’ਚ ਦਾਖਲ ਹੋਣ ਲਈ ਵੀ ਪੁੱਜ ਗਏ। ਇਸ ਤੋਂ ਇਹ ਸੰਕੇਤ ਮਿਲਿਆ ਕਿ ਜੇ ਅੱਗੇ ਸਥਿਤੀ ਵਿਗੜੀ ਤਾਂ ਭਾਰਤ ਨੂੰ ਇਸ ਦੇ ਸਬੰਧ ’ਚ ਸਪੱਸ਼ਟ ਨੀਤੀ ਅਤੇ ਤਿਆਰੀ ਰੱਖਣੀ ਪਵੇਗੀ। 

ਜੋ ਜਾਣਕਾਰੀ ਮਿਲੀ ਹੈ ਭਾਰਤ ਸਰਕਾਰ ਲਗਾਤਾਰ ਬੰਗਲਾਦੇਸ਼ ਦੀ ਸਰਕਾਰ ਤੋਂ ਇਲਾਵਾ ਉਥੋਂ ਦੇ ਸੰਗਠਨਾਂ, ਪ੍ਰਮੁੱਖ ਧਾਰਮਿਤ ਸੰਸਥਾਵਾਂ ਅਤੇ ਦੁਨੀਆ ਦੀਆਂ ਏਜੰਸੀਆਂ ਅਤੇ ਪ੍ਰਮੁੱਖ ਦੇਸ਼ਾਂ ਨਾਲ ਵੀ ਇਸ ਮਾਮਲੇ ’ਚ ਸੰਪਰਕ ’ਚ ਹੈ। ਬੰਗਲਾਦੇਸ਼, ਅਫਗਾਨਿਸਤਾਨ ਅਤੇ ਪਾਕਿਸਤਾਨ ਦਾ ਚਰਿੱਤਰ ਇਸ ਮਾਮਲੇ ’ਚ ਭਿਆਨਕ ਰਿਹਾ ਹੈ। ਉਥੇ 1951 ’ਚ ਹਿੰਦੂਆਂ ਦੀ ਆਬਾਦੀ ਲੱਗਭਗ 22 ਫੀਸਦੀ ਸੀ। 2011 ਤੱਕ ਇਹ ਘਟ ਕੇ ਲੱਗਭਗ 8.5 ਫੀਸਦੀ ਰਹਿ ਗਈ। ਬੰਗਲਾਦੇਸ਼ ਦੀ ਨਿਊਜ਼ ਵੈੱਬਸਾਈਟ ਡੇਲੀ ਸਟਾਰ ਅਨੁਸਾਰ 2022 ’ਚ ਭਾਰਤ ਦੇ ਇਸ ਗੁਆਂਢੀ ਦੇਸ਼ ਦੀ ਆਬਾਦੀ ਸਾਢੇ 16 ਕਰੋੜ ਤੋਂ ਕੁਝ ਜ਼ਿਆਦਾ ਸੀ ਜਿਸ ਵਿਚ 7.9 ਫੀਸਦੀ ਲੋਕ ਹਿੰਦੂ ਸਨ। ਉਂਝ ਗਿਣਤੀ ਦੇ ਹਿਸਾਬ ਨਾਲ ਦੇਖੀਏ ਤਾਂ ਹਿੰਦੂ ਉਥੇ 1 ਕਰੋੜ 31 ਲੱਖ ਹਨ।

ਇਸ ਦਾ ਕਾਰਨ ਦੱਸਣ ਦੀ ਲੋੜ ਨਹੀਂ। ਧਾਰਮਿਕ ਅੱਤਿਆਚਾਰ ਅਤੇ ਜਬਰੀ ਧਰਮ ਤਬਦੀਲੀ, ਜਾਇਦਾਦਾਂ ’ਤੇ ਕਬਜ਼ਾ ਆਦਿ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ’ਚ ਇਕੋ ਜਿਹਾ ਰਿਹਾ ਹੈ। ਸ਼ੇਖ ਹਸੀਨਾ ਦੇ ਕਾਰਜਕਾਲ ’ਚ ਵੀ ਹਿੰਦੂ ਲਗਾਤਾਰ ਧਾਰਮਿਕ ਅੱਤਿਆਚਾਰ ਤੇ ਹਿੰਸਾ ਦਾ ਸ਼ਿਕਾਰ ਰਹੇ ਹਨ। ਇਨ੍ਹਾਂ ਦੇਸ਼ਾਂ ’ਚ ਇਕ ਪੂਰਾ ਢਾਂਚਾ ਜਿਨ੍ਹਾਂ ਲਈ ਗੈਰ-ਇਸਲਾਮਿਕ ਕਾਫਿਰ ਹਨ ਅਤੇ ਉਨ੍ਹਾਂ ਨੂੰ ਇਸਲਾਮ ਦੇ ਅੰਦਰ ਲਿਆਉਣਾ ਜਾਂ ਨਾ ਆਉਣ ’ਤੇ ਜ਼ੁਲਮ ਕਰਨਾ ਇਹ ਆਪਣੀ ਧਾਰਮਿਕ ਜ਼ਿੰਮੇਵਾਰੀ ਸਮਝਦੇ ਹਨ। ਇਹ ਆਮ ਸਮਾਜ ਤੋਂ ਲੈ ਕੇ ਸੱਤਾ ਤੱਕ ਫੈਲਿਆ ਹੋਇਆ ਹੈ। ਸ਼ੇਖ ਹਸੀਨਾ ਦੇ ਰਾਜ ’ਚ ਹਿੰਦੂ ਲਗਾਤਾਰ ਹਮਲਿਆਂ ਦੇ ਸ਼ਿਕਾਰ ਹੋਏ ਹਨ। ਇਥੋਂ ਤੱਕ ਕਿ ਜਿਸ ਬੈਨਰ ਨਾਲ ਵਿਦਿਆਰਥੀ ਅੰਦੋਲਨ ਹੋਏ ਉਸ ਦੇ ਲੋਕ ਵੀ ਹਮਲੇ, ਭੰਨ-ਤੋੜ, ਸਾੜ-ਫੂਕ ਅਤੇ ਲੁੱਟ ਦੇ ਨਾਲ-ਨਾਲ ਹਿੰਦੂ ਬੱਚੀਆਂ ਅਤੇ ਲੜਕੀਆਂ ਨੂੰ ਚੁੱਕ ਕੇ ਲਿਜਾਂਦੇ ਦੇਖੇ ਗਏ।

ਬੰਗਲਾਦੇਸ਼ ਦੇ ਹਿੰਦੂਆਂ ਨੇ ਜਿਹੋ ਜਿਹਾ ਪ੍ਰਦਰਸ਼ਨ ਕੀਤਾ ਹੈ, ਯਕੀਨੀ ਤੌਰ ’ਤੇ ਉਥੇ ਗਠਿਤ ਕੀਤੀ ਗਈ ਵਰਤਮਾਨ ਅੰਤ੍ਰਿਮ ਸਰਕਾਰ ਨੇ ਵੀ ਇਸ ਦੀ ਕਲਪਨਾ ਨਹੀਂ ਕੀਤੀ ਹੋਵੇਗੀ। ਆਖਿਰ ਅੱਜ ਤੱਕ ਜੋ ਨਹੀਂ ਉਹ ਅੱਗੇ ਹੋਵੇਗਾ, ਇਸ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ। ਜਾਂ ਤਾਂ ਇਸ ਨੂੰ ਮਰਦਾ ਕੀ ਨਾ ਕਰਦਾ ਦਾ ਨਤੀਜਾ ਕਿਹਾ ਜਾਵੇ ਕਿਉਂਕਿ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੇ ਕੋਲ ਕੋਈ ਚਾਰਾ ਹੀ ਨਹੀਂ ਬਚਿਆ ਸੀ। ਦੂਜੇ ਪਾਸੇ ਪਿਛਲੇ 10 ਸਾਲਾਂ ’ਚ ਭਾਰਤ ਦੇ ਚਰਿੱਤਰ ’ਚ ਆਈ ਤਬਦੀਲੀ ਅਤੇ ਦੁਨੀਆ ਭਰ ’ਚ ਇਸਦੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਸਥਿਤੀ ਨੇ ਹੀ ਦੁਨੀਆ ਭਰ ਦੇ ਹਿੰਦੂਆਂ ਅਤੇ ਇਨ੍ਹਾਂ ਨਾਲ ਜੁੜੇ ਭਾਈਚਾਰਿਆਂ ਅੰਦਰ ਸਵੈ-ਭਰੋਸਾ, ਆਤਮ-ਸਨਮਾਨ ਅਤੇ ਆਤਮ-ਬਲ ਪੈਦਾ ਕੀਤਾ ਹੈ। ਧਿਆਨ ਰੱਖਣਾ ਕਿ ਬੰਗਲਾਦੇਸ਼ ਦੇ ਹਿੰਦੂ ਭਾਈਚਾਰੇ ਨੇ ਕਿਤੇ ਵੀ ਹਿੰਸਾ ਦਾ ਜਵਾਬ ਹਿੰਸਾ ਨਾਲ ਨਹੀਂ ਦਿੱਤਾ ਹੈ। ਇਹੀ ਸਥਿਤੀ ਹੋਰ ਥਾਵਾਂ ’ਤੇ ਵੀ ਹੈ। 

ਤਜਰਬਾ ਦੱਸਦਾ ਹੈ ਕਿ ਜੋ ਵੀ ਸਮਾਜ ਆਪਣੀ ਸੁਰੱਖਿਆ ਲਈ ਉੱਠ ਕੇ ਖੜ੍ਹਾ ਨਹੀਂ ਹੁੰਦਾ, ਉਸ ਵੱਲ ਕੋਈ ਧਿਆਨ ਨਹੀਂ ਦਿੰਦਾ। ਇਹ ਕਮਜ਼ੋਰੀ ਜੇ ਦੂਰ ਹੋਈ ਹੈ ਤਾਂ ਇਸ ਨੂੰ ਭਵਿੱਖ ਦੀ ਦ੍ਰਿਸ਼ਟੀ ਨਾਲ ਹਿੰਦੂਆਂ ਲਈ ਚੰਗਾ ਸੰਕੇਤ ਅਤੇ ਸੁਨੇਹਾ ਮੰਨਿਆ ਜਾਣਾ ਚਾਹੀਦਾ ਹੈ। ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਧਾਰਮਿਕ ਅਸਹਿਣਸ਼ੀਲਤਾ ਅਤੇ ਇਸ ਦੇ ਆਧਾਰ ’ਤੇ ਭੇਦਭਾਵ ਅਤੇ ਹਿੰਸਾ ਖਤਮ ਕਰਨ ਲਈ ਲੰਬੇ ਸੰਘਰਸ਼ ਅਤੇ ਤਬਦੀਲੀ ਦੀ ਲੋੜ ਹੈ। ਉਂਝ ਵੀ ਸ਼ੇਖ ਹਸੀਨਾ ਦੀ ਸੱਤਾ ਨੂੰ ਉਖਾੜ ਸੁੱਟਣ ਲਈ ਜਿਨ੍ਹਾਂ ਸ਼ਕਤੀਆਂ ਦਰਮਿਆਨ ਐਲਾਨਿਆ-ਅਣ-ਐਲਾਨਿਆ ਗੱਠਜੋੜ ਹੋਇਆ ਉਨ੍ਹਾਂ ’ਚ ਪਾਕਿਸਤਾਨ ਹਮਾਇਤੀ ਕੱਟੜਪੰਥੀ ਧਾਰਮਿਕ ਹਿੰਸਕ ਤੱਤ ਵੀ ਸ਼ਾਮਲ ਹਨ ਪਰ ਅਹਿੰਸਕ ਤਰੀਕੇ ਅਤੇ ਉੱਚੀ ਆਵਾਜ਼ ’ਚ ਆਪਣੀ ਭਾਵਨਾ ਸਮੂਹਿਕ ਤੌਰ ’ਤੇ ਪ੍ਰਗਟ ਕਰਨ ਦਾ ਅਸਰ ਹੁੰਦਾ ਹੈ।

ਗ੍ਰਹਿ ਮੰਤਰਾਲਾ ਦੇ ਮੁਖੀ ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਮੁਹੰਮਦ ਸਖਾਵਤ ਹੁਸੈਨ ਜੇ ਜਨਤਕ ਤੌਰ ’ਤੇ ਕਹਿ ਰਹੇ ਹਨ ਕਿ ਹਿੰਸਾ ’ਚ ਕਈ ਸਥਾਨਾਂ ’ਤੇ ਹਿੰਦੂਆਂ ’ਤੇ ਹਮਲੇ ਹੋਏ, ਉਸ ਦਾ ਸਰਕਾਰ ਨੂੰ ਅਫਸੋਸ ਹੈ। ਅਤੇ ਇਸ ਹਿੰਸਾ ’ਚ ਜਿਨ੍ਹਾਂ ਲੋਕਾਂ ਨੂੰ ਨੁਕਸਾਨ ਹੋਇਆ ਅਤੇ ਜੋ ਮੰਦਰ ਤੋੜੇ ਜਾਂ ਸਾੜੇ ਗਏ ਹਨ ਉਨ੍ਹਾਂ ਦੀ ਹਾਨੀ ਪੂਰਤੀ ਅਤੇ ਉਸਾਰੀ ਲਈ ਸਰਕਾਰ ਆਰਥਿਕ ਸਹਾਇਤਾ ਦੇਵੇਗੀ ਤਾਂ ਅਤੀਤ ਨੂੰ ਦੇਖਦਿਆਂ ਇਹ ਆਮ ਤਬਦੀਲੀ ਨਹੀਂ ਹੈ। 

ਉਨ੍ਹਾਂ ਦੀ ਸਤਰ ਦੇਖੋ, ‘‘ਸ਼ਹਿਰ ਆਪਣੀ ਰੱਖਿਆ ਕਰਨ ’ਚ ਅਸਫਲ ਰਹੇ ਹਨ ਅਤੇ ਇਸ ਲਈ ਸਾਨੂੰ ਅਫਸੋਸ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਦੇਸ਼ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈਏ ਪਰ ਅਸੀਂ ਇਸ ’ਚ ਅਸਫਲ ਰਹੇ ਹਾਂ। ਇਹ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਨਹੀਂ ਸਗੋਂ ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੀ ਵੀ ਹੈ। ਸਾਡਾ ਕਰਤੱਵ ਹੈ ਕਿ ਅਸੀਂ ਆਪਣੀਆਂ ਘੱਟ ਗਿਣਤੀਆਂ ਦੀ ਰੱਖਿਆ ਕਰੀਏ, ਇਹ ਸਾਡੇ ਧਰਮ ਦਾ ਵੀ ਹਿੱਸਾ ਹੈ।’’ ਇਥੇ ਹੀ ਅੱਗੇ ਉਹ ਮੁਆਫੀ ਵੀ ਮੰਗਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਘੱਟ ਗਿਣਤੀ ਭਰਾਵਾਂ ਤੋਂ ਮੁਆਫੀ ਚਾਹੁੰਦਾ ਹਾਂ। ਅਸੀਂ ਅਰਾਜਕਤਾ ਦੇ ਦੌਰ ’ਚੋਂ ਲੰਘ ਰਹੇ ਹਾਂ। ਮੈਂ ਪੂਰੇ ਸਮਾਜ ਨੂੰ ਸੱਦਾ ਦਿੰਦਾ ਹਾਂ ਕਿ ਤੁਸੀਂ ਉਨ੍ਹਾਂ ਦੀ ਰੱਖਿਆ ਕਰੋ, ਉਹ ਸਾਡੇ ਭਰਾ ਹਨ ਅਤੇ ਅਸੀਂ ਸਾਰੇ ਇਕੱਠੇ ਵੱਡੇ ਹੋਏ ਹਾਂ। 

ਉਨ੍ਹਾਂ ਨੇ ਹਿੰਦੂਆਂ ਦੇ ਧਾਰਮਿਕ ਤਿਉਹਾਰਾਂ ਸਮੇਂ ਪੂਰੀ ਸੁਰੱਖਿਆ ਦਾ ਭਰੋਸਾ ਵੀ ਦਿੱਤਾ ਹੈ। ਦੇਖਣਾ ਹੋਵੇਗਾ ਕਿ ਅੰਤ੍ਰਿਮ ਸਰਕਾਰ ਸੱਚਮੁਚ ਹੀ ਕਿਸ ਹੱਦ ਤੱਕ ਆਪਣੇ ਇਸ ਬਚਨ ਦਾ ਪਾਲਣ ਕਰਦੀ ਹੈ ਕਿਉਂਕਿ ਬੰਗਲਾਦੇਸ਼ ਦਾ ਅੰਦਰੂਨੀ ਢਾਂਚਾ ਕਾਫੀ ਹੱਦ ਤੱਕ ਕੱਟੜਪੰਥੀਆਂ ਦੇ ਪ੍ਰਭਾਵ ’ਚ ਰਿਹਾ ਹੈ ਜਿਸ ਨੂੰ ਸ਼ੇਖ ਹਸੀਨਾ ਵੀ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕੀ ਪਰ ਹਿੰਦੂ, ਸਿੱਖ, ਬੌਧੀ ਅਤੇ ਜੈਨ ਇਸੇ ਤਰ੍ਹਾਂ ਆਪਣੇ ਅੰਦਰ ਸੰਘਰਸ਼ ਲਈ ਖੜ੍ਹੇ ਹੋਣ ਦਾ ਚਰਿੱਤਰ ਵਿਕਸਤ ਕਰ ਲੈਣ ਜੋ ਹੁਣੇ-ਹੁਣੇ ਦਿਖਾਈ ਦਿੱਤਾ ਹੈ ਤਾਂ ਤਬਦੀਲੀ ਜ਼ਰੂਰ ਹੋਵੇਗੀ।

ਅਵਧੇਸ਼ ਕੁਮਾਰ


author

Rakesh

Content Editor

Related News