ਅਮਰੀਕਾ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਦੀਆਂ ਇਹ ਚੋਣਾਂ

Wednesday, Oct 30, 2024 - 03:10 PM (IST)

ਅਮਰੀਕਾ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਦੀਆਂ ਇਹ ਚੋਣਾਂ

ਅਮਰੀਕੀ ਚੋਣਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਕਬੀਰਦਾਸ ਤੋਂ ਮੁਆਫੀ ਮੰਗਦੇ ਹੋਏ ਇਕ ਤੁਕਬੰਦੀ ਪੇਸ਼ ਹੈ :
ਕਮਲਾ, ਟ੍ਰੰਪ ਦੋਊ ਖੜੇ, ਕਾਕੇ ਕਰੂੰ ਸਖਾਯ।
ਬਲਿਹਾਰੀ ਟ੍ਰੰਪ ਆਪਨੋ, ਜਿਨ ਅਮਰੀਕਾ ਦਿਯੋ ਦਿਖਾਯ।।

ਭਾਵ-ਅਰਥ : ਕਵੀ ਕਹਿੰਦਾ ਹੈ ਕਿ ਮੇਰੇ ਸਨਮੁੱਖ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਦੋਵੇਂ ਖੜ੍ਹੇ ਹਨ ਅਤੇ ਇਸ ਨਾਚੀਜ਼ ਹਿੰਦੁਸਤਾਨੀ ਦੀ ਦੁਬਿਧਾ ਹੈ ਕਿ ਕਿਸ ਨਾਲ ਦੋਸਤੀ ਕਰਾਂਗੇ। ਫਿਰ ਉਸ ਦੇ ਸਾਹਮਣੇ ਸੱਚ ਦਾ ਪ੍ਰਕਾਸ਼ ਹੁੰਦਾ ਹੈ ਅਤੇ ਉਹ ਕਹਿ ਉੱਠਦਾ ਹੈ-ਜੈ ਹੋਵੇ ਟ੍ਰੰਪ ਸਾਹਿਬ ਦੀ, ਜਿਨ੍ਹਾਂ ਨੇ ਪੂਰੀ ਦੁਨੀਆਂ ਨੂੰ ਅਮਰੀਕਾ ਦਾ ਸੱਚਾ ਚਿਹਰਾ ਦਿਖਾ ਦਿੱਤਾ।

ਦਰਅਸਲ, ਅਮਰੀਕਾ ਦੀਆਂ ਚੋਣਾਂ ਨੂੰ ਦੇਖਣ ਦੇ ਤਿੰਨ ਨਜ਼ਰੀਏ ਹੋ ਸਕਦੇ ਹਨ। ਪਹਿਲਾ, ਬਾਕੀ ਦੁਨੀਆ ਦੀ ਤਰ੍ਹਾਂ ਅਸੀਂ ਵਿਹਲੇ ਬੈਠੇ ਉਤਸੁਕਤਾ ਨਾਲ ਚੋਣਾਂ ਦੇ ਨਤੀਜੇ ਦਾ ਅੰਦਾਜ਼ਾ ਲਾ ਸਕਦੇ ਹਾਂ, ਜਿਵੇਂ ਕਿ ਇਹ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਮੈਚ ਹੋਵੇ। ਅਮਰੀਕੀ ਸਿਆਸਤ ਦੇ ਵਿਦਵਾਨਾਂ ਦੀ ਰਾਇ ਮੰਨੀਏ ਤਾਂ ਇਸ ਵਾਰ ਮੁਕਾਬਲਾ ਸਖਤ ਹੈ। ਰਿਪਬਲਿਕਨ ਪਾਰਟੀ ਤੋਂ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੇ ਦਾਅਵੇਦਾਰ ਡੋਨਾਲਡ ਟ੍ਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਮੌਜੂਦਾ ਉਪ ਰਾਸ਼ਟਰਪਤੀ ਅਤੇ ਪਹਿਲੀ ਵਾਰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ, ਦੋਵਾਂ ਨੂੰ ਲਗਭਗ ਬਰਾਬਰ ਵੋਟਾਂ ਮਿਲਣ ਦੀ ਸੰਭਾਵਨਾ ਹੈ, ਕੋਈ 45 ਫੀਸਦੀ ਦੇ ਨੇੜੇ-ਤੇੜੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਮਲਾ ਹੈਰਿਸ 2 ਤੋਂ 3 ਫੀਸਦੀ ਵੋਟਾਂ ਨਾਲ ਅੱਗੇ ਹੋ ਸਕਦੀ ਹੈ ਪਰ ਅਮਰੀਕਾ ਦੀ ਚੋਣ ਪ੍ਰਣਾਲੀ ਇੰਨੀ ਅਜੀਬ ਹੈ ਕਿ ਵੱਧ ਵੋਟਾਂ ਮਿਲਣ ਦੇ ਬਾਵਜੂਦ ਕਮਲਾ ਹੈਰਿਸ ਦੇ ਚੋਣ ਹਾਰਨ ਦੀ ਸੰਭਾਵਨਾ ਵੱਧ ਹੈ।

ਦੂਜਾ ਦ੍ਰਿਸ਼ਟੀਕੋਣ ਇਕ ਚਿੰਤਤ ਵਿਸ਼ਵ ਨਾਗਰਿਕ ਦਾ ਹੋਵੇਗਾ। ਅਸੀਂ ਇਸ ਗੱਲ ਦੀ ਚਿੰਤਾ ਕਰ ਸਕਦੇ ਹਾਂ ਕਿ ਡੋਨਾਲਡ ਟ੍ਰੰਪ ਵਰਗਾ ਖੜ ​​ਦਿਮਾਗ ਵਾਲਾ ਵਿਅਕਤੀ ਜੇਕਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਬਣ ਜਾਂਦਾ ਹੈ ਤਾਂ ਉਸ ਦਾ ਪੂਰੀ ਦੁਨੀਆ ’ਤੇ ਕੀ ਪ੍ਰਭਾਵ ਪਵੇਗਾ? ਪਰ ਸੱਚਾਈ ਇਹ ਹੈ ਕਿ ਸਾਡੇ ਵਲੋਂ ਚਿੰਤਾ ਕਰਨ ਨਾਲ ਕੋਈ ਫਰਕ ਨਹੀਂ ਪੈਣਾ। ਵੈਸੇ ਵੀ, ਜੋ ਵੀ ਅਮਰੀਕੀ ਰਾਸ਼ਟਰਪਤੀ ਬਣੇ, ਸਾਡੇ ਵਰਗੇ ਮੁਲਕਾਂ ਨੂੰ ਇਸ ਨਾਲ ਬਹੁਤਾ ਫਰਕ ਨਹੀਂ ਪੈਣਾ।

ਅਮਰੀਕੀ ਚੋਣਾਂ ’ਤੇ ਇਕ ਤੀਜਾ ਨਜ਼ਰੀਆ ਵੀ ਹੋ ਸਕਦਾ ਹੈ, ਇਕ ਠੇਠ ਭਾਰਤੀ ਦ੍ਰਿਸ਼ਟੀਕੋਣ। ਕਿਸੇ ਅਜਨਬੀ ਦੇ ਵਿਆਹ ਵਿਚ ਅਬਦੁੱਲਾ ਦੀਵਾਨਾ ਬਣਨ ਦੀ ਥਾਂ, ਆਓ ਇਸ ਚੋਣ ਨੂੰ ਦੂਰੋਂ ਖੜ੍ਹੇ ਹੋ ਕੇ ਦੇਖੀਏ ਅਤੇ ਸਿੱਖੀਏ। ਅਮਰੀਕਾ ਦੇ ਚੋਣ ਹੰਗਾਮੇ ਕਾਰਨ ਅਮਰੀਕੀ ਸੁਫਨੇ ਦਾ ਸੁਨਹਿਰੀ ਪਰਦਾ ਅਚਾਨਕ ਡਿੱਗ ਗਿਆ ਹੈ ਅਤੇ ਇਸ ਦਾ ਫਾਇਦਾ ਉਠਾਉਣ ਅਤੇ ਪੂਰੀ ਦੁਨੀਆ ਨੂੰ ਲੋਕਤੰਤਰ ਦਾ ਉਪਦੇਸ਼ ਦੇਣ ਵਾਲੀ ਜੰਨਤ ਦੀ ਹਕੀਕਤ ਨੂੰ ਦੇਖਣ ਦਾ ਮੌਕਾ ਨਾ ਗੁਆਓ।

ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਸਾਨੂੰ ਸਭ ਤੋਂ ਅੱਗੇ ਡੋਨਾਲਡ ਟ੍ਰੰਪ ਨਾਂ ਦੇ ਸੱਜਣ ਮਿਲਣਗੇ, ਜਿਨ੍ਹਾਂ ਨਾਲ ਅੱਧਾ ਅਮਰੀਕਾ ਖੜ੍ਹਾ ਹੈ, ਅੱਧੇ ਤੋਂ ਵੱਧ ਗੋਰੇ ਅਤੇ ਮਰਦ ਵੋਟਰ ਖੜ੍ਹੇ ਹਨ, ਐਲਨ ਮਸਕ ਵਰਗੇ ਅਮੀਰ ਲੋਕ ਖੜ੍ਹੇ ਹਨ। ਜਦੋਂ ਤੁਸੀਂ ਇਸ ਸੱਜਣ ਦੀ ਕੁੰਡਲੀ ਵੇਖਦੇ ਹੋ, ਤਾਂ ਪਤਾ ਲੱਗਦਾ ਹੈ ਕਿ ਸੰਸਾਰ ਵਿਚ ਕੋਈ ਵੀ ਅਜਿਹਾ ਕੁਕਰਮ ਨਹੀਂ ਹੈ ਜਿਸ ਤੋਂ ਉਨ੍ਹਾਂ ਨੇ ਪਰਹੇਜ਼ ਕੀਤਾ ਹੋਵੇ। ਰੀਅਲ ਅਸਟੇਟ ਅਤੇ ਬਿਲਡਰ ਦੇ ਕੰਮ ਰਾਹੀਂ 660 ਕਰੋੜ ਡਾਲਰ (ਕਰੀਬ 55,000 ਕਰੋੜ ਰੁਪਏ) ਦਾ ਸਾਮਰਾਜ ਬਣਾਉਣ ਵਾਲੇ ਡੋਨਾਲਡ ਟ੍ਰੰਪ ਟੈਕਸ ਧੋਖਾਧੜੀ ’ਚ ਫਸ ਚੁੱਕੇ ਹਨ। ਉਹ ਆਪਣੇ ਕਾਰੋਬਾਰ ਤੋਂ ਇਲਾਵਾ ਝੂਠ ਅਤੇ ਨਫ਼ਰਤ ਦਾ ਕਾਰੋਬਾਰ ਵੀ ਖੁੱਲ੍ਹੇਆਮ ਚਲਾਉਂਦੇ ਹਨ। 

ਗੈਰ-ਗੋਰੇ ਪ੍ਰਵਾਸੀਆਂ ਬਾਰੇ ਖੁੱਲ੍ਹੇਆਮ ਅਫਵਾਹਾਂ ਫੈਲਾਉਂਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਆਏ ਮੈਕਸੀਕਨ ਪ੍ਰਵਾਸੀ ਕੁੱਤਿਆਂ ਅਤੇ ਬਿੱਲੀਆਂ ਨੂੰ ਖਾ ਰਹੇ ਹਨ। ਗੱਲ ਝੂਠੀ ਨਿਕਲੀ ਪਰ ਟ੍ਰੰਪ ਸੱਚ ਅਤੇ ਝੂਠ ਵਿਚ ਫਰਕ ਨਹੀਂ ਕਰਦੇ। ਅਮਰੀਕਾ ਦਾ ਮੀਡੀਆ ਟ੍ਰੰਪ ਦੇ ਝੂਠ ਨੂੰ ਝੂਠ ਕਹਿਣ ਤੋਂ ਨਹੀਂ ਝਿਜਕਦਾ। ਡੋਨਾਲਡ ਟ੍ਰੰਪ ਔਰਤਾਂ ਦੇ ਮਾਮਲੇ ’ਚ ਬਦਨਾਮ ਹਨ : ਤਿੰਨ ਵਾਰ ਵਿਆਹ ਕੀਤਾ ਹੈ, ਦਰਜਨਾਂ ਅਫੇਅਰ ਰਹੇ ਹਨ, ਔਰਤਾਂ ਬਾਰੇ ਖੁੱਲ੍ਹੇਆਮ ਅਸ਼ਲੀਲ ਟਿੱਪਣੀਆਂ ਕਰਦੇ ਰਹੇ ਹਨ। ਉਨ੍ਹਾਂ ਦੀ ਜ਼ੁਬਾਨ ਬੇਲਗਾਮ ਹੈ। ਉਨ੍ਹਾਂ ਨਾਲ ਵਪਾਰ ਵਿਚ, ਰਾਸ਼ਟਰਪਤੀ ਦੇ ਦਫਤਰ ਅਤੇ ਪਾਰਟੀ ਵਿਚ ਕੰਮ ਕਰਨ ਵਾਲੇ ਅਣਗਿਣਤ ਲੋਕ ਉਨ੍ਹਾਂ ਦੀ ਬੇਈਮਾਨੀ, ਬੇਵਕੂਫੀ, ਬਦਤਮੀਜ਼ੀ ਅਤੇ ਬੇਸ਼ਰਮੀ ਦੀ ਸ਼ਿਕਾਇਤ ਕਾਰਨ ਉਨ੍ਹਾਂ ਦਾ ਸਾਥ ਛੱਡ ਚੁੱਕੇ ਹਨ। 

ਇੰਨਾ ਹੀ ਨਹੀਂ, ਪਿਛਲੀ ਵਾਰ 2020 ਵਿਚ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ, ਟ੍ਰੰਪ ਸਾਹਿਬ ਨੇ ਆਪਣੇ ਹਮਾਇਤੀਆਂ ਨੂੰ ਰਾਜਧਾਨੀ ਅਤੇ ਸੰਸਦ ਭਵਨ ’ਤੇ ਹਮਲਾ ਕਰਨ ਲਈ ਉਕਸਾਇਆ, ਉਥੇ ਹੋ-ਹੱਲਾ ਕਰਵਾਇਆ ਅਤੇ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕਰਵਾਈ। ਇਹ ਸਾਰੇ ਖੁਫੀਆ ਇਲਜ਼ਾਮ ਨਹੀਂ ਹਨ। ਜੇਕਰ ਤੁਸੀਂ ਵਿਕੀਪੀਡੀਆ ਚੈੱਕ ਕਰਦੇ ਹੋ, ਤਾਂ ਤੁਹਾਨੂੰ ਸ਼੍ਰੀਮਾਨ ਟ੍ਰੰਪ ਦੇ ਕਾਰਨਾਮਿਆਂ ਬਾਰੇ 79 ਵੱਖ-ਵੱਖ ਐਂਟਰੀਆਂ ਮਿਲਣਗੀਆਂ। ਤੁਸੀਂ ਹੈਰਾਨ ਹੋਵੋਗੇ ਕਿ ਅਜਿਹੇ ਅਕਸ ਵਾਲਾ ਵਿਅਕਤੀ ਜਨਤਕ ਜੀਵਨ ਵਿਚ ਕਿਵੇਂ ਬਚਿਆ ਹੈ?

ਇਹ ਸਵਾਲ ਤੁਹਾਨੂੰ ਸਟੇਜ ਦੇ ਦੂਜੇ ਪਾਸੇ ਲੈ ਜਾਵੇਗਾ ਜਿੱਥੇ ਤੁਸੀਂ ਜੋਅ ਬਾਈਡੇਨ ਨੂੰ ਮਿਲੋਗੇ, ਇਕ ਅੱਸੀ ਸਾਲਾ ਵਿਅਕਤੀ। ਗੁਆਚੇ-ਗੁਆਚੇ ਜਿਹੇ ਲੜਖੜਾਉਂਦੇ ਹੋਏ ਇਹ ਸੱਜਣ ਇਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਹਨ ਅਤੇ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਦੇ ਕਮਾਂਡਰ। ਕੁਝ ਮਹੀਨੇ ਪਹਿਲਾਂ ਤੱਕ ਡੋਨਾਲਡ ਟਰੰਪ ਦੇ ਸਾਹਮਣੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵੀ ਸਨ। ਉਹ ਤਾਂ ਭਲਾ ਹੋਵੇ ਇਕ ਟੀ. ਵੀ. ਬਹਿਸ ਦਾ ਜਿਸ ਵਿਚ ਟ੍ਰੰਪ ਨਾਲ ਬਹਿਸ ਕਰਦੇ ਹੋਏ ਬਾਈਡੇਨ ਸਾਹਿਬ ਦੀ ਮਾਨਸਿਕ ਸਥਿਤੀ ਦਾ ਭੇਤ ਖੁੱਲ੍ਹ ਗਿਆ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਉਨ੍ਹਾਂ ਨੂੰ ਅੱਧ-ਵਿਚਕਾਰ ਹੀ ਦੌੜ ਵਿਚੋਂ ਬਾਹਰ ਕਰਨਾ ਪਿਆ।

ਹੁਣ ਕਮਲਾ ਦੇਵੀ ਹੈਰਿਸ ਡੋਨਾਲਡ ਟੰ੍ਰਪ ਦੇ ਖਿਲਾਫ ਚੋਣ ਲੜ ਰਹੀ ਹੈ। ਕਮਲਾ, ਭਾਰਤੀ ਮੂਲ ਦੀ ਇਕ ਤਮਿਲ ਮਾਂ ਅਤੇ ਇਕ ਕਾਲੇ ਜਮੈਕਨ ਪਿਤਾ ਦੀ ਬੱਚੀ, ਇਕ ਕਾਲੀ ਔਰਤ, ਪੜ੍ਹੀ-ਲਿਖੀ, ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਅਤੇ ਚੰਗੀ ਬੁਲਾਰਨ ਹੈ। ਉਸ ਦੇ ਪਿਛੋਕੜ ਤੋਂ ਤੁਸੀਂ ਇਹ ਨਾ ਸਮਝ ਲੈਣਾ ਕਿ ਉਨ੍ਹਾਂ ਨੂੰ ਭਾਰਤ ਜਾਂ ਤੀਜੀ ਦੁਨੀਆ ਦੇ ਕਾਲੇ ਲੋਕਾਂ ਨਾਲ ਕੋਈ ਹਮਦਰਦੀ ਹੈ। ਇਸ ਅਰਥ ਵਿਚ, ਉਹ ਅਮਰੀਕੀ ਮੁੱਖ ਧਾਰਾ ਦੀ ਸਿਆਸਤ ਦੀ ਬੁਲਾਰਨ ਹੈ, ਇਜ਼ਰਾਈਲ ਦੀ ਹਮਾਇਤੀ ਹੈ, ਦੁਨੀਆ ਵਿਚ ਅਮਰੀਕੀ ਦਾਦਾਗਿਰੀ ਦੀ ਵਕਾਲਤ ਕਰਦੀ ਹੈ ਅਤੇ ਅਮਰੀਕਾ ਵਿਚ ਥੈਲੀ ਸ਼ਾਹਾਂ (ਅਮੀਰਾਂ) ਦੇ ਨਾਲ ਹੈ। ਉਨ੍ਹਾਂ ’ਤੇ ਕੋਈ ਵੱਡਾ ਦੋਸ਼ ਨਹੀਂ ਹੈ। ਨਾ ਕੁਝ ਬੁਰਾ ਕਰਨ ਦਾ, ਨਾ ਕੁਝ ਚੰਗਾ ਕਰਨ ਦਾ, ਨਾ ਮਾੜਾ ਬੋਲਣ ਦਾ, ਨਾ ਚੰਗਾ ਸੋਚਣ ਦਾ। ਸਾਰੇ ਵੱਡੇ ਆਗੂਆਂ ਵਾਂਗ, ਉਹ ਵੀ ਵਿਚਾਰ ਮੁਕਤ ਹਨ। ਇਹ ਬਦਲ ਹੈ ਅਮਰੀਕਾ ਦੀ ਜਨਤਾ ਦੇ ਸਾਹਮਣੇ।

ਜੇਕਰ ਤੁਸੀਂ ਦੁਨੀਆ ਦੇ ਹਾਸ਼ੀਏ ’ਤੇ ਬੈਠ ਕੇ ਅਮਰੀਕੀ ਚੋਣਾਂ ’ਤੇ ਨਜ਼ਰ ਮਾਰੋ ਤਾਂ ਤੁਸੀਂ ਸਮਝ ਜਾਓਗੇ ਕਿ ਅਸਲ ਸਵਾਲ ਇਹ ਨਹੀਂ ਹੈ ਕਿ ਅਮਰੀਕੀ ਚੋਣਾਂ ਕੌਣ ਜਿੱਤੇਗਾ, ਸਵਾਲ ਇਹ ਹੈ ਕਿ ਅਮਰੀਕਾ ਦੀਆਂ ਚੋਣਾਂ ਇਨ੍ਹਾਂ ਬਦਲਾਂ ਤੱਕ ਹੀ ਸੀਮਤ ਕਿਉਂ ਹਨ? ਡੋਨਾਲਡ ਟੰ੍ਰਪ ਵਰਗਾ ਵਿਅਕਤੀ ਦੂਜੀ ਵਾਰ ਰਾਸ਼ਟਰਪਤੀ ਬਣਨ ਦੇ ਇੰਨਾ ਨੇੜੇ ਕਿਉਂ ਹੈ? ਕੀ ਅਮਰੀਕੀ ਸਮਾਜ ਰਾਤੋ-ਰਾਤ ਇੰਨਾ ਵਿਗੜ ਗਿਆ ਹੈ? ਜਾਂ ਸਾਨੂੰ ਅਚਾਨਕ ਅਮਰੀਕੀ ਸਮਾਜ ਦਾ ਪੂਰਾ ਸੱਚ ਦੇਖਣ ਦਾ ਮੌਕਾ ਮਿਲਿਆ ਹੈ? ਕੀ ਟ੍ਰੰਪ ਇਕ ਔਸਤ ਅਮਰੀਕੀ ਦੀਆਂ ਦੱਬੀਆਂ-ਲੁਕੀਆਂ ਹੋਈਆਂ ਨਿਰਾਸ਼ਾਵਾਂ ਅਤੇ ਅਮਰੀਕੀ ਚਰਿੱਤਰ ਦਾ ਪ੍ਰਗਟਾਵਾ ਹੈ? ਜਾਂ ਇਹ ਕਿ ਮਹਾਮਾਨਵ ਆਗੂਆਂ ਤੋਂ ਛੁਟਕਾਰਾ ਪਾ ਕੇ ਸੰਸਾਰ ਭਰ ਵਿਚ ਔਸਤ ਦੀ ਪੂਜਾ ਦਾ ਯੁੱਗ ਸ਼ੁਰੂ ਹੋ ਗਿਆ ਹੈ? ਜਿਵੇਂ ਕਿ ਅਰਸਤੂ ਨੂੰ ਡਰ ਸੀ - ਕੀ ਲੋਕਤੰਤਰ ਭੀੜਤੰਤਰ ਵਿਚ ਬਦਲ ਰਿਹਾ ਹੈ?

-ਯੋਗੇਂਦਰ ਯਾਦਵ


author

Tanu

Content Editor

Related News