ਫਿਰ ਪ੍ਰਗਟ ਹੋ ਰਿਹਾ ਬੋਦੀ ਵਾਲਾ ਤਾਰਾ
Thursday, Jul 16, 2020 - 03:47 AM (IST)

ਨਿਰੰਕਾਰ ਸਿੰਘ
ਬੋਦੀ ਵਾਲੇ ਤਾਰੇ ਨੂੰ ਦੇਖਣ ਦਾ ਇਕ ਸੁਨਹਿਰੀ ਮੌਕਾ ਸਾਡੇ ਸਾਰਿਅਾਂ ਦੇ ਸਾਹਮਣੇ ਹੈ। 14 ਜੁਲਾਈ ਤੋਂ ਲੈ ਕੇ 4 ਅਗਸਤ 2020 ਤਕ ਸੂਰਜ ਡੁੱਬਣ ਤੋਂ ਬਾਅਦ 20 ਮਿੰਟ ਤਕ ਅਾਸਮਾਨ ’ਚ ਉੱਤਰ-ਪੱਛਮ ਦਿਸ਼ਾ ਵੱਲ ਦਿਖਾਈ ਦੇਵੇਗਾ। ਉਂਝ ਤਾਂ ਭਾਰਤ ’ਚ ਇਹ ਨੰਗੀਅਾਂ ਅੱਖਾਂ ਨਾਲ ਵੀ ਦਿਖਾਈ ਦੇਵੇਗਾ ਪਰ ਦੂਰਬੀਨ ਦੀ ਮਦਦ ਨਾਲ ਬਹੁਤ ਸਾਫ ਦਿਸੇਗਾ। ਭੁਵਨੇਸ਼ਵਰ ਦੇ ਪਠਾਨੀ ਸਾਮੰਤ ਤਾਰਾਮੰਡਲ ਦੇ ਡਿਪਟੀ ਡਾਇਰੈਕਟਰ ਡਾ. ਐੱਸ. ਪਟਨਾਇਕ ਦੇ ਅਨੁਸਾਰ ਇਸ ਬੋਦੀ ਵਾਲੇ ਤਾਰੇ ਦਾ ਨਾਂ ਨਿਓਵਾਇਸ ਜਾਂ ਸੀ. 2020 ਐੱਫ 3 ਹੈ। ਆਪਣੀ 6800 ਸਾਲ ਦੀ ਯਾਤਰਾ ’ਚ ਇਸ ਨੂੰ ਧਰਤੀ ਤੋਂ ਸਿਰਫ ਇਕ ਵਾਰ ਹੀ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦਸੰਬਰ 2013 ’ਚ ਆਈਜਾਨ ਬੋਦੀ ਵਾਲਾ ਤਾਰਾ ਦਿਸਿਆ ਸੀ। ਪੁਰਾਤਨ ਸਮੇਂ ’ਚ ਜਦੋਂ ਵਿਗਿਆਨ ਨੇ ਕੁਦਰਤ ਅਤੇ ਪੁਲਾੜ ਦੇ ਰਹੱਸਾਂ ਤੋਂ ਪਰਦਾ ਨਹੀਂ ਚੁੱਕਿਆ ਸੀ, ਉਦੋਂ ਇਨ੍ਹਾਂ ਬੋਦੀ ਵਾਲੇ ਤਾਰਿਅਾਂ ਦੇ ਅਾਕਾਸ਼ ’ਚ ਅਚਾਨਕ ਦਿਸਣ ’ਤੇ ਲੋਕ ਇਸ ਨੂੰ ਅਪਸ਼ਗਨ ਮੰਨ ਕੇ ਡਰ ਜਾਂਦੇ ਸਨ। ਉਸੇ ਦੌਰਾਨ ਦੁਨੀਆ ’ਚ ਕਿਤੇ ਕੋਈ ਜੰਗ, ਆਫਤ, ਮਹਾਮਾਰੀ ਜਾਂ ਸੱਤਾ ਬਦਲਣ ਵਰਗੀ ਘਟਨਾ ਹ ੋ ਗਈ ਤਾਂ ਇਸ ਬੋਦੀ ਵਾਲੇ ਤਾਰੇ ਨੂੰ ਹੀ ਉਸ ਦੇ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਸੀ। ਸੰਨ 1066 ’ਚ ਇੰਗਲੈਂਡ ਦੀ ਨਾਰਮਨ ਤੋਂ ਇਤਿਹਾਸਕ ਹਾਰ ਦੇ ਸਮੇਂ ਹੇਲੀ ਦਾ ਬੋਦੀ ਵਾਲਾ ਤਾਰਾ ਦਿਸਿਆ ਸੀ, ਜਿਸ ਨੂੰ ਤਬਦੀਲੀ ਦਾ ਕਾਰਨ ਦੱਸਿਆ ਗਿਆ ਸੀ।
ਸੌਰ ਮੰਡਲ ’ਚ ਬੋਦੀ ਵਾਲੇ ਤਾਰਿਅਾਂ ਨੂੰ ਪੁਰਾਣੇ ਸਮੇਂ ਤੋਂ ਜਾਣਿਆ ਜਾਂਦਾ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਚੀਨੀ ਸੱਭਿਅਤਾ ’ਚ ਹੈਲੀ ਦੇ ਬੋਦੀ ਵਾਲੇ ਤਾਰਿਅਾਂ ਨੂੰ 240 ਈਸਾ ਪੂਰਵ ’ਚ ਦੇਖਿਆ ਗਿਆ ਸੀ। ਪੁਰਾਣੇ ਸਮੇਂ ’ਚ ਜਦੋਂ ਕਦੇ ਕੋਈ ਨਵਾਂ ਚਮਕੀਲਾ ਪਿੰਡ ਰਾਤ ਦੇ ਅਾਸਮਾਨ ’ਚ ਨਜ਼ਰ ਆਉਂਦਾ, ਜਿਸ ਦੀ ਇਕ ਲੰਬੀ ਧੁੰਦਲੀ ਪੂਛ ਹੁੰਦੀ, ਜੋ ਹੌਲੀ-ਹੌਲੀ ਹੋਰ ਧੁੰਦਲੀ ਹੁੰਦੀ ਜਾਂਦੀ ਸੀ ਤਾਂ ਲੋਕ ਡਰ ਜਾਂਦੇ ਸਨ। ਉਹ ਇਕ ਧੁੰਦਲੇ ਤਾਰੇ ਵਰਗਾ ਹੁੰਦਾ ਸੀ ਅਤੇ ਉਸ ਤੋਂ ਚਮਕੀਲੇ ਵਾਲ ਬੌਛਾੜ ਵਰਗੇ ਨਿਕਲਦੇ ਸਨ। ਪ੍ਰਾਚੀਨ ਯੂਨਾਨੀਅਾਂ ਨੇ ਉਸ ਨੂੰ ਐਸਟਰ ਕਾਮੇਟ ਕਿਹਾ ਸੀ। ਉਨ੍ਹਾਂ ਦੀ ਭਾਸ਼ਾ ’ਚ ਇਸ ਦਾ ਅਰਥ ਸੀ ਵਾਲਾਂ ਵਾਲਾ ਤਾਰਾ। ਬਾਅਦ ’ਚ ਅਾਸਮਾਨ ’ਚ ਇਸ ਅਸਾਧਾਰਨ ਚਮਕੀਲੀ ਵਸਤੂ ਨੂੰ ਸਿਰਫ ਕਾਮੇਟ ਜਾਂ ਬੋਦੀ ਵਾਲਾ ਤਾਰਾ ਕਿਹਾ ਗਿਆ। ਇਸ ਤਾਰੇ ਦੇ ਕੇਂਦਰ ’ਚ ਕਦੀ-ਕਦੀ ਤਾਰੇ ਵਰਗਾ ਚਮਕੀਲਾ ਬਿੰਦੂ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਜਾਂ ਨਾਭੀ ਕਹਿੰਦੇ ਹਨ। ਨਾਭੀ ਦੇ ਚਾਰੇ ਪਾਸੇ ਧੁੰਦਲੀ ਰੌਸ਼ਨੀ ਨੂੰ ਕੋਮਾ ਕਹਿੰਦੇ ਹਨ ਅਤੇ ਧੁੰਦਲੇ ਪ੍ਰਕਾਸ਼ ਦੀ ਲੰਬੀ ਪੂਛ ਨੂੰ ਟੇਲ ਕਹਿੰਦੇ ਹਨ। ਪ੍ਰਾਚੀਨ ਖਗੋਲ ਸ਼ਾਸਤਰੀ ਬੋਦੀ ਵਾਲਾ ਤਾਰਾ ਕਦੋਂ ਪ੍ਰਗਟ ਹੋਵੇਗਾ, ਇਸ ਦੀ ਭਵਿੱਖਬਾਣੀ ਨਹੀਂ ਕਰ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਉਸ ਦੇ ਪੰਧ ਬਾਰੇ ਕੁਝ ਪਤਾ ਸੀ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਬੋਦੀ ਵਾਲਾ ਤਾਰਾ ਕਦੋਂ ਓਝਲ ਹੋਵੇਗਾ।
ਸਾਰੇ ਆਕਾਸ਼ ਪਿੰਡਾਂ ਦੀ ਰਫਤਾਰ ਬਾਰੇ ਭਵਿੱਖਬਾਣੀ ਕਰਨ ਦੇ ਬਾਵਜੂਦ ਬੋਦੀ ਵਾਲੇ ਤਾਰੇ ਖਗੋਲ ਸ਼ਾਸਤਰੀਅਾਂ ਲਈ ਬਹੁਤ ਸਮੇਂ ਤਕ ਇਕ ਬੁਝਾਰਤ ਬਣੇ ਰਹੇ। ਬੋਦੀ ਵਾਲੇ ਤਾਰੇ ਅਚਾਨਕ ਪ੍ਰਗਟ ਹੁੰਦੇ, ਅਾਸਮਾਨ ਦੀ ਸੈਰ ਕਰਦੇ ਅਤੇ ਫਿਰ ਅਚਾਨਕ ਗਾਇਬ ਹੋ ਜਾਂਦੇ। ਬਾਕੀ ਆਕਾਸ਼ ਪਿੰਡ ਬੜੀ ਨਿਯਮਿਤਤਾ ਨਾਲ ਯਾਤਰਾ ਕਰਦੇ ਪਰ ਬੋਦੀ ਵਾਲੇ ਤਾਰਿਅਾਂ ਦੇ ਅਚਾਨਕ ਆ ਜਾਣ ਨਾਲ ਲੋਕ ਡਰਨ ਲੱਗੇ। ਇਸ ਲਈ ਜਦੋਂ ਆਕਾਸ਼ ਦੀ ਸ਼ਾਂਤੀਪੂਰਨ ਮਸ਼ੀਨਰੀ ਦੇ ਦੌਰਾਨ ਬੋਦੀ ਵਾਲਾ ਤਾਰਾ ਪ੍ਰਗਟ ਹੁੰਦਾ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਸਭ ਕੁਝ ਗੜਬੜਾ ਜਾਵੇਗਾ ਅਤੇ ਜ਼ਰੂਰ ਕੁਝ ਨਾ ਕੁਝ ਅਸ਼ੁੱਭ ਹੋਵੇਗਾ। ਸ਼ਾਇਦ ਕਿਸੇ ਮਹੱਤਵਪੂਰਨ ਵਿਅਕਤੀ ਦੀ ਮੌਤ ਹੋ ਜਾਵੇ ਜਾਂ ਜੰਗ ਛਿੜ ਜਾਵੇ ਜਾਂ ਫਿਰ ਮਹਾਮਾਰੀ ਆ ਜਾਵੇ ਅਤੇ ਜਦੋਂ-ਜਦੋਂ ਬੋਦੀ ਵਾਲੇ ਤਾਰੇ ਪ੍ਰਗਟ ਹੋਏ, ਉਦੋਂ-ਉਦੋਂ ਧਰਤੀ ’ਤੇ ਕੁਝ ਅਨਰਥ ਜ਼ਰੂਰ ਹੋਇਆ ਅਤੇ ਉਦੋਂ ਲੋਕ ਕਹਿੰਦੇ ਕਿ ਬੋਦੀ ਵਾਲੇ ਤਾਰੇ ਨੇ ਇਸ ਬਿਪਦਾ ਤੋਂ ਪਹਿਲਾਂ ਹੀ ਸੁਚੇਤ ਕੀਤਾ ਸੀ। ਇਸ ਲਈ ਜਦੋਂ ਦੁਬਾਰਾ ਬੋਦੀ ਵਾਲਾ ਤਾਰ ਚੜ੍ਹਦਾ ਤਾਂ ਲੋਕ ਹੋਰ ਜ਼ਿਆਦਾ ਡਰੇ ਹੁੰਦੇ।
ਈ. ਪੂ. 44 ’ਚ ਜਦੋਂ ਅਾਸਮਾਨ ’ਚ ਇਕ ਬੋਦੀ ਵਾਲਾ ਤਾਰਾ ਪ੍ਰਗਟ ਹੋਇਆ, ਇਹ ਉਹੀ ਸਾਲ ਸੀ, ਜਦੋਂ ਰੋਮਨ ਸਮਰਾਟ ਜੂਲੀਅਸ ਸੀਜ਼ਰ ਦੀ ਬੜੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ। ਉਸ ਤੋਂ ਬਾਅਦ ਇਕ ਹੋਰ ਬੋਦੀ ਵਾਲਾ ਤਾਰਾ ਸੰਨ 1066 ’ਚ ਦਿਸਿਆ। ਇਹ ਉਹ ਸਾਲ ਸੀ, ਜਦੋਂ ਨੌਰਮੈਂਡੀ ਦੇ ਵਿਲੀਅਮ ਨੇ ਇੰਗਲੈਂਡ ’ਤੇ ਹਮਲਾ ਕਰ ਕੇ ਉਸ ’ਤੇ ਕਬਜ਼ਾ ਕੀਤਾ। ਇਹ ਅੰਗਰੇਜ਼ਾਂ ਲਈ ਬਹੁਤ ਵੱਡੀ ਆਫਤ ਸੀ ਪਰ ਵਿਲੀਅਮ ਲਈ ਬਹੁਤ ਸ਼ੁੱਭ ਸੀ। ਜੋ ਲੋਕ ਅਾਸਮਾਨ ’ਚ ਹੋ ਰਹੀਅਾਂ ਘਟਨਾਵਾਂ ਦੇ ਪਿੱਛੇ ਦਾ ਵਿਗਿਆਨ ਨਹੀਂ ਸਮਝਦੇ, ਉਹ ਅੱਜ ਵੀ ਬੋਦੀ ਵਾਲੇ ਤਾਰੇ ਦੇ ਆਉਣ ਤੋਂ ਘਬਰਾਉਂਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਬੋਦੀ ਵਾਲਾ ਤਾਰਾ ਕੋਈ ਮੁਸੀਬਤ ਲਿਆਵੇਗਾ, ਜਿਸ ਨਾਲ ਕਿਤੇ ਅੰਤ ਹੀ ਨਾ ਹੋ ਜਾਵੇ। ਦਰਅਸਲ, ਬੋਦੀ ਵਾਲੇ ਤਾਰੇ ਅਾਸਮਾਨ ’ਚ ਹੋਰ ਆਕਾਸ਼ ਪਿੰਡਾਂ ਵਰਗੇ ਹੀ ਹੁੰਦੇ ਹਨ। ਧਰਤੀ ’ਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ। ਜਦੋਂ ਤਕ ਲੋਕ ਬੋਦੀ ਵਾਲੇ ਤਾਰਿਅਾਂ ਬਾਰੇ ਗਿਆਨ ਹਾਸਲ ਨਹੀਂ ਕਰਦੇ (ਉਹ ਕਿੱਥੋਂ ਆਉਂਦੇ ਹਨ ਅਤੇ ਕਿੱਥੇ ਜਾਂਦੇ ਹਨ? ਅਤੇ ਉਹ ਅਾਸਮਾਨ ’ਚ ਆਖਿਰ ਕਿਉਂ ਪ੍ਰਗਟ ਹੁੰਦੇ ਹਨ?) ਉਦੋਂ ਤਕ ਲੋਕ ਉਨ੍ਹਾਂ ਤੋਂ ਭੈਅਭੀਤ ਰਹਿਣਗੇ। ਖਗੋਲ ਸ਼ਾਸਤਰੀਅਾਂ ਨੇ ਹੌਲੀ-ਹੌਲੀ ਬੋਦੀ ਵਾਲੇ ਤਾਰਿਅਾਂ ਸਬੰਧੀ ਸਾਰੇ ਸਵਾਲਾਂ ਦੇ ਜਵਾਬ ਲੱਭੇ। ਇਸੇ ਕਾਰਨ ਪੜ੍ਹੇ-ਲਿਖੇ ਲੋਕਾਂ ਨੂੰ ਹੁਣ ਅਜਿਹੇ ਤਾਰਿਅਾਂ ਤੋਂ ਕੁਝ ਡਰ ਨਹੀਂ ਲੱਗਦਾ।
2000 ਸਾਲ ਪਹਿਲਾਂ ਯੂਨਾਨੀ ਦਾਰਸ਼ਨਿਕ ਅਰਿੱਲੂ ਬੋਦੀ ਵਾਲੇ ਤਾਰਿਅਾਂ ਦਾ ਗੰਭੀਰਤਾ ਨਾਲ ਅਧਿਐਨ ਕਰਨ ਵਾਲੇ ਪਹਿਲੇ ਵਿਅਕਤੀ ਸਨ। ਈ. ਪੂ. 350 ਉਨ੍ਹਾਂ ਦਾ ਮਤ ਸੀ ਕਿ ਕਿਉਂਕਿ ਅਾਸਮਾਨ ’ਚ ਸਾਰੇ ਪਿੰਡ ਕੁਝ ਨਿਯਮ-ਕਾਨੂੰਨ ਦੇ ਅਨੁਸਾਰ ਘੁੰਮਦੇ ਸਨ ਅਤੇ ਕਿਉਂਕਿ ਬੋਦੀ ਵਾਲੇ ਤਾਰੇ ਬਿਲਕੁਲ ਅਨਿਯਮਿਤ ਤੌਰ ’ਤੇ ਆਉਂਦੇ-ਜਾਂਦੇ ਸਨ, ਇਸ ਲਈ ਉਹ ਆਕਾਸ਼ੀ ਪਿੰਡ ਨਹੀਂ ਹੋ ਸਕਦੇ ਸਨ। ਉਨ੍ਹਾਂ ਨੂੰ ਜਾਪਿਆ ਕਿ ਅਸਲ ’ਚ ਬੋਦੀ ਵਾਲੇ ਤਾਰੇ ਹਵਾ ਦੇ ਬੰਡਲ ਸਨ, ਜਿਨ੍ਹਾਂ ’ਚ ਅੱਗ ਲੱਗ ਗਈ ਸੀ। ਅਜਿਹੇ ਬੰਡਲ ਅਾਸਮਾਨ ’ਚ ਹੌਲੀ ਰਫਤਾਰ ਨਾਲ ਯਾਤਰਾ ਕਰ ਕੇ ਪੰਧ ’ਚ ਨਸ਼ਟ ਹੋ ਜਾਂਦੇ ਸਨ ਅਤੇ ਜਦੋਂ ਉਹ ਨਸ਼ਟ ਹੁੰਦੇ ਤਾਂ ਫਿਰ ਬੋਦੀ ਵਾਲੇ ਤਾਰੇ ਲੁਪਤ ਹੋ ਜਾਂਦੇ ਸਨ। ਅਰਸਤੂ ਪ੍ਰਾਚੀਨਕਾਲ ਦੇ ਸਭ ਤੋਂ ਮਹਾਰਥੀ ਸਿਆਣੇ ਚਿੰਤਤ ਸਨ। ਉਨ੍ਹਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਸੀ। 1800 ਸਾਲ ਤਕ ਖਗੋਲ ਸ਼ਾਸਤਰੀ ਅਰਸਤੂ ਦੀ ਗੱਲ ਨੂੰ ਮੰਨਦੇ ਰਹੇ ਕਿ ਬੋਦੀ ਵਾਲੇ ਤਾਰੇ ਆਕਾਸ਼ੀ ਪਿੰਡ ਨਹੀਂ ਸਗੋਂ ਸੜਦੀ ਹਵਾ ਦੇ ਬੰਡਲ ਸਨ। ਪ੍ਰਾਚੀਨ ਯੂਨਾਨੀਅਾਂ ਦੇ ਕਾਲ ਤੋਂ ਲੋਕ ਬੋਦੀ ਵਾਲੇ ਤਾਰਿਅਾਂ ਤੋਂ ਇੰਨੇ ਡਰ ਗਏ ਸਨ ਕਿ ਕਿਸੇ ਨੇ ਉਨ੍ਹਾਂ ਨੂੰ ਨਾ ਤਾਂ ਧਿਆਨ ਨਾਲ ਦੇਖਿਆ ਅਤੇ ਨਾ ਹੀ ਕੋਈ ਬਿਹਤਰ ਸੁਝਾਅ ਦਿੱਤਾ ਸੀ। ਫਿਰ 1473 ’ਚ ਜਰਮਨ ਖਗੋਲ ਸ਼ਾਸਤਰੀ ਰੀਜੀਓਮੌਟੇਨਸ ਨੇ ਇਕ ਬੋਦੀ ਵਾਲਾ ਤਾਰਾ ਦੇਖਿਆ ਅਤੇ ਫਿਰ ਰਾਤ ਦਰ ਰਾਤ ਉਹ ਅਾਸਮਾਨ ’ਚ ਉਸ ਦੀ ਸਥਿਤੀ ਨੋਟ ਕਰਦੇ ਰਹੇ। ਉਸ ਦੇ ਕਾਰਜ ਤੋਂ ਬੋਦੀ ਵਾਲੇ ਤਾਰਿਅਾਂ ’ਤੇ ਆਧੁਨਿਕ ਖੋਜ ਦੀ ਨੀਂਹ ਪਈ।
ਜਦੋਂ 1532 ’ਚ ਇਕ ਬੋਦੀ ਵਾਲਾ ਤਾਰਾ ਨਜ਼ਰ ਆਇਆ ਤਾਂ ਖਗੋਲ ਸ਼ਾਸਤਰੀਅਾਂ ਨੇ ਉਸ ਦਾ ਅਧਿਐਨ ਕੀਤਾ। ਉਨ੍ਹਾਂ ਨੂੰ ਉਸ ’ਚ ਇਕ ਰੌਚਕ ਗੱਲ ਦਿਸੀ। ਉਨ੍ਹਾਂ ’ਚੋਂ ਇਕ ਖਗੋਲ ਸ਼ਾਸਤਰੀ ਇਤਾਲਵੀ ਸੀ। ਇਸ ਦਾ ਨਾਂ ਸੀ ਗਿਰੋਲਾਮੋ ਫ੍ਰਕੈਸਟੈਰੋ ਅਤੇ ਦੂਸਰਾ ਅਾਸਟ੍ਰੀਅਨ ਸੀ ਅਤੇ ਉਸ ਦਾ ਨਾਂ ਸੀ ਪੀਟਰ ਐਪੀਅਨ। ਦੋਵਾਂ ਨੇ ਇਕ ਗੱਲ ’ਤੇ ਗੌਰ ਕੀਤਾ–ਬੋਦੀ ਵਾਲੇ ਤਾਰੇ ਦੀ ਪੂਛ ਹਮੇਸ਼ਾ ਸੂਰਜ ਦੀ ਉਲਟ ਦਿਸ਼ਾ ’ਚ ਹੁੰਦੀ ਹੈ। ਜਦੋਂ ਬੋਦੀ ਵਾਲਾ ਤਾਰਾ ਸੂਰਜ ਵੱਲ ਅਤੇ ਦੂਸਰੇ ਪਾਸੇ ਜਾਂਦਾ ਤਾਂ ਉਸ ਦੀ ਪੂਛ ਦੀ ਦਿਸ਼ਾ ਵੀ ਬਦਲ ਜਾਂਦੀ। ਇਸ ਦਾ ਮਤਲਬ ਵੱਡੇ ਬੋਦੀ ਵਾਲੇ ਤਾਰਿਅਾਂ ਅਤੇ ਸੂਰਜ ਦੇ ਦਰਮਿਆਨ ਸਪੱਸ਼ਟ ਸੀ–ਜ਼ਰੂਰ ਕੋਈ ਸਬੰਧ ਸੀ।
ਫਿਰ 1577 ’ਚ ਇਸ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਖੋਜ ਹੋਈ। ਉਸ ਸਾਲ ਅਾਸਮਾਨ ’ਚ ਇਕ ਬੋਦੀ ਵਾਲਾ ਤਾਰਾ ਚੜ੍ਹਿਆ, ਜਿਸ ਦਾ ਅਧਿਐਨ ਡੈਨਿਸ਼ ਖਗੋਲ ਸ਼ਾਸਤਰੀ ਟਾਈਕੋ ਬੈਹੀ ਨੇ ਕੀਤਾ। ਟਾਈਕੋ ਬੈਹੀ ਨੂੰ ਉਂਝ ਉਨ੍ਹਾਂ ਦੇ ਪਹਿਲੇ ਨਾਂ ਟਾਈਕੋ ਨਾਲ ਹੀ ਜਾਣਿਆ ਜਾਂਦਾ ਹੈ। ਟਾਈਕੋ ਨੇ ਨਾ ਸਿਰਫ ਬੋਦੀ ਵਾਲੇ ਤਾਰੇ ਦੀ ਸਥਿਤੀ ਨੋਟ ਕੀਤੀ ਸਗੋਂ ਉਸ ਦੀ ਦੂਰੀ ਵੀ ਜਾਣਨ ਦੀ ਕੋਸ਼ਿਸ਼ ਕੀਤੀ।
ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਸੂਰਜ ਮੰਡਲ ਦੀ ਛੱਤ ਦੇ ਕੰਢੇ ’ਤੇ ਬਹੁਤ ਹੀ ਛੋਟੇ-ਛੋਟੇ ਅਰਬਾਂ ਪਿੰਡ ਬਿਰਾਜਮਾਨ ਹਨ, ਜੋ ਬੋਦੀ ਵਾਲੇ ਤਾਰੇ ਜਾਂ ਪੂਛਲ ਤਾਰੇ ਅਖਵਾਉਂਦੇ ਹਨ। ਇਹ ਤਾਰੇ ਚੱਟਾਨ, ਘੱਟੇ-ਮਿੱਟੀ ਅਤੇ ਜੰਮੀਅਾਂ ਹੋਈਅਾਂ ਗੈਸਾਂ ਦੇ ਬਣੇ ਹੁੰਦੇ ਹਨ। ਸੂਰਜ ਦੇ ਨੇੜੇ ਹੋਣ ’ਤੇ ਗਰਮੀ ਦੇ ਕਾਰਨ ਜੰਮੀਅਾਂ ਹੋਈਅਾਂ ਗੈਸਾਂ ਅਤੇ ਮਿੱਟੀ-ਘੱਟੇ ਦੇ ਕਣ ਸੂਰਜ ਤੋਂ ਉਲਟ ਦਿਸ਼ਾ ’ਚ ਫੈਲ ਜਾਂਦੇ ਹਨ ਅਤੇ ਸੂਰਜ ਦੀ ਰੌਸ਼ਨੀ ਪਰਿਵਰਤਿਤ ਕਰ ਕੇ ਚਮਕਣ ਲੱਗਦੀ ਹੈ। ਇਸ ਸਮੇਂ ਇਨ੍ਹਾਂ ਦੀ ਆਕ੍ਰਿਤੀ ਨੂੰ ਦੋ ਮੁੱਖ ਹਿੱਸਿਅਾਂ ਸਿਰ ਅਤੇ ਪੂਛ ’ਚ ਵੰਡ ਸਕਦੇ ਹਾਂ। ਸਿਰ ਦਾ ਕੇਂਦਰ ਬੜਾ ਚਮਕੀਲਾ ਹੁੰਦਾ ਹੈ। ਇਹ ਇਸ ਦਾ ਨਾਭਿਕ ਅਖਵਾਉਂਦਾ ਹੈ। ਸੂਰਜ ਦੀ ਉਲਟ ਦਿਸ਼ਾ ’ਚ ਬਰਫ ਅਤੇ ਮਿੱਟੀ-ਘੱਟੇ ਦਾ ਚਮਕੀਲਾ ਹਿੱਸਾ ਪੂਛ ਵਾਂਗ ਲੱਗਦਾ ਹੈ। ਇਸ ਨੂੰ ਕੋਮਾ ਕਿਹਾ ਜਾਂਦਾ ਹੈ। ਇਹ ਹਮੇਸ਼ਾ ਸੂਰਜ ਤੋਂ ਉਲਟ ਦਿਸ਼ਾ ’ਚ ਰਹਿੰਦਾ ਹੈ। ਬੋਦੀ ਵਾਲੇ ਤਾਰੇ ਦੀ ਇਸ ਪੂਛ ਦੇ ਕਾਰਨ ਉਸ ਨੂੰ ਪੂਛਲ ਤਾਰਾ ਵੀ ਕਹਿੰਦੇ ਹਨ।
ਸੂਰਜ ਤੋਂ ਦੂਰ ਹੋ ਜਾਣ ’ਤੇ ਮਿੱਟੀ-ਘੱਟਾ ਅਤੇ ਬਰਫ ਮੁੜ ਇਸ ਦੀ ਨਾਭੀ ’ਚ ਜੰਮ ਜਾਂਦੀ ਹੈ। ਹਰ ਵਾਰ ਜਦੋਂ ਇਹ ਸੂਰਜ ਦੇ ਨੇੜੇ ਆਉਂਦਾ ਹੈ ਤਾਂ ਕੁਝ ਨਾ ਕੁਝ ਇਨ੍ਹਾਂ ਦਾ ਮਿੱਟੀ-ਘੱਟਾ ਅਤੇ ਬਰਫ ਪਿਘਲ ਜਾਂਦੀ ਹੈ, ਜਿਸ ਕਾਰਨ ਇਨ੍ਹਾਂ ਦੀ ਪੂਛ ਛੋਟੀ ਹੁੰਦੀ ਜਾਂਦੀ ਹੈ ਅਤੇ ਅਕਸਰ ਇਹ ਪੂਛ ਵਿਹੂਣੇ ਹੋ ਜਾਂਦੇ ਹਨ। ਬੋਦੀ ਵਾਲੇ ਤਾਰੇ ਸੂਰਜ ਦੇ ਨੇੜੇ ਆਉਣ ’ਤੇ ਵੀ ਪੂਛ ਨੂੰ ਪ੍ਰਗਟ ਨਹੀਂ ਕਰਦੇ। ਅਜਿਹੇ ਬੋਦੀ ਵਾਲੇ ਤਾਰਿਅਾਂ ਨੂੰ ਪੂਛਹੀਣ ਬੋਦੀ ਵਾਲੇ ਤਾਰੇ ਕਹਿੰਦੇ ਹਨ। ਇਸ ਸਮੇਂ ਇਹ ਸ਼ੁਦਰ ਗ੍ਰਹਿ, ਗ੍ਰਹਿਕਾ ਵਾਂਗ ਲੱਗਦੇ ਹਨ। ਬੋਦੀ ਵਾਲੇ ਤਾਰੇ ਹਮੇਸ਼ਾ ਲਈ ਟਿਕਾਊ ਨਹੀਂ ਹੁੰਦੇ। ਫਿਰ ਵੀ ਹਰੇਕ ਬੋਦੀ ਵਾਲੇ ਤਾਰੇ ਦੇ ਪਰਤਣ ਦਾ ਸਮਾਂ ਨਿਸ਼ਚਿਤ ਹੁੰਦਾ ਹੈ। 1995 ਤਕ 878 ਬੋਦੀ ਵਾਲੇ ਤਾਰਿਅਾਂ ਦੀਅਾਂ ਸ਼੍ਰੇਣੀਅਾਂ ਦੀ ਗਣਨਾ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ 184 ਅਜਿਹੇ ਤਾਰਿਅਾਂ ਦਾ ਪਰਿਕਰਮਾ ਸਾਲ 200 ਸਾਲ ਤੋਂ ਵੱਧ ਹੈ। ਧਰਤੀ ਵਾਂਗ ਬੋਦੀ ਵਾਲੇ ਤਾਰੇ ਸੂਰਜ ਦੇ ਚਾਰ ਚੁਫੇਰੇ ਚੱਕਰ ਲਾਉਂਦੇ ਹਨ। ਇਸ ਤਰ੍ਹਾਂ ਦੇ ਕਈ ਤਾਰੇ ਹਨ ਪਰ ਸਭ ਤੋਂ ਪ੍ਰਸਿੱਧ ਹੈ ਹੈਲੀ ਦਾ ਬੋਦੀ ਵਾਲਾ ਤਾਰਾ। ਹੈਲੀ ਬੋਦੀ ਵਾਲੇ ਤਾਰੇ ਦਾ ਪਰਿਕਰਮਾ ਕਾਲ 76 ਸਾਲ ਹੈ। ਇਹ ਆਖਰੀ ਵਾਰ 1986 ’ਚ ਦਿਖਾਈ ਦਿੱਤਾ ਸੀ। ਅਗਲੀ ਵਾਰ ਇਹ 2062 ’ਚ ਦਿਖਾਈ ਦੇੇਵੇਗਾ।