ਖੇਡਾਂ ’ਚ ਔਰਤਾਂ ਦੀ ਸ਼ਮੂਲੀਅਤ ਭਾਰਤ ਨੂੰ ਖੇਡ-ਮਹਾਸ਼ਕਤੀ ਬਣਾਉਣ ਦੀ ਕੁੰਜੀ ਹੈ

01/24/2021 3:04:41 AM

–ਕਿਰੇਨ ਰਿਜਿਜੂ

ਦੇਸ਼ ਦੇ ਨੌਜਵਾਨਾਂ ਲਈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਮੰਤਰ–‘ਖੇਲੇਗਾ ਇੰਡੀਆ ਤੋ ਖਿਲੇਗਾ ਇੰਡੀਆ’ ਦੇਸ਼ ਵਿਚ ਪਿਛਲੇ ਕੁਝ ਵਰ੍ਹਿਆਂ ’ਚ ਖੇਡ ਪ੍ਰਤੀ ਸਮਝ ’ਚ ਤਬਦੀਲੀ ਲਿਆਉਣ ਦਾ ਮੁੱਖ ਕਾਰਨ ਰਿਹਾ ਹੈ। ਖੇਡਾਂ ਨੂੰ ਇਕ ਸਮੇਂ ਵਧੇਰੇ ਲੋਕ ਪੜ੍ਹਾਈ ਤੋਂ ਵੱਖ ਸਿਰਫ਼ ਮਨੋਰੰਜਨ ਦੀ ਇਕ ਗਤੀਵਿਧੀ ਮੰਨਦੇ ਸਨ ਪਰ ਹੁਣ ਇਹ ਕੇਂਦਰ ’ਚ ਆ ਗਿਆ ਹੈ। ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਅਪਣਾਈਆਂ ਗਈਆਂ ਯੋਜਨਾਵਾਂ–ਭਾਵੇਂ ਉਹ ‘ਖੇਲੋ ਇੰਡੀਆ’ ਹੋਵੇ, ਟਾਰਗੈੱਟ ਓਲੰਪਿਕ ਪੋਡੀਅਮ ਸਕੀਮ ਹੋਵੇ ਜਾਂ ‘ਫ਼ਿੱਟ ਇੰਡੀਆ’ ਮੂਵਮੈਂਟ ਹੋਵੇ–ਨੇ ਖੇਡਾਂ ਵਿਚ ਗੰਭੀਰਤਾ ਨਾਲ ਆਪਣਾ ਕਰੀਅਰ ਬਣਾਉਣ ਲਈ ਨੌਜਵਾਨਾਂ ਦੀ ਮਾਨਸਿਕਤਾ ਨੂੰ ਪ੍ਰੇਰਿਤ ਕਰਨ ’ਚ ਅਹਿਮ ਭੂਮਿਕਾ ਅਦਾ ਕੀਤੀ ਹੈ ਅਤੇ ਹੁਣ ਇਸ ਦਿਸ਼ਾ ਵਿਚ ਵਧਣ ਵਾਲਿਆਂ ਦੀ ਗਿਣਤੀ ਦਿਨੋ–ਦਿਨ ਵਧ ਰਹੀ ਹੈ। ਖ਼ਾਸ ਤੌਰ ’ਤੇ ਬਾਲਿਕਾ ਅਥਲੀਟਾਂ ਲਈ ਸਮਾਨ–ਅਹਿਸਾਸ ਤੇ ਸਮਾਵੇਸ਼–ਪਰਿਵਰਤਨਕਾਰੀ ਤੇ ਅਹਿਮ ਸਿੱਧ ਹੋਇਆ ਹੈ। ਹੁਣ ਜਦੋਂ ਅਸੀਂ ਰਾਸ਼ਟਰੀ ‘ਬਾਲਿਕਾ ਦਿਵਸ’ ਮਨਾ ਰਹੇ ਹਾਂ ਤਾਂ ਇਹ ਦੇਖਣਾ ਜ਼ਰੂਰੀ ਹੈ ਕਿ ਸਾਡੀ ਸਰਕਾਰ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਟੀਚੇ ਨੂੰ ਲੈ ਕੇ ਕੀ ਕਾਰਜ–ਨੀਤੀ ਅਪਣਾਈ ਹੈ, ਜਿਸ ਦੇ ਨਤੀਜੇ ਵਜੋਂ ਬੱਚੀਆਂ ਤੇ ਔਰਤਾਂ ਨਾਲ ਸਬੰਧਤ ਮਾਮਲਿਆਂ, ਖ਼ਾਸ ਤੌਰ ’ਤੇ ਖੇਡਾਂ ’ਚ ਕਿਹੋ-ਜਿਹੀ ਤਬਦੀਲੀ ਆਈ ਹੈ।

ਪਿਛਲੇ ਕਈ ਵਰ੍ਹਿਆਂ ਤੋਂ ਭਾਰਤੀ ਖੇਡ ਮੰਚ ਉੱਤੇ ਸਾਡੀਆਂ ਮਹਿਲਾ ਅਥਲੀਟਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਸਭ ਤੋਂ ਅਹਿਮ ਇਹ ਹੈ ਕਿ ਉਨ੍ਹਾਂ ਵਿਸ਼ਵ ਨੂੰ ਦਿਖਾ ਦਿੱਤਾ ਹੈ ਕਿ ‘ਭਾਰਤ ਦੀ ਮਹਿਲਾ’ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਵਿਸ਼ਵ ਭਰ ’ਚ ਨਾਮਣਾ ਖੱਟਣ ਲਈ ਤਿਆਰ ਹੈ। ਖਿਡਾਰਨਾਂ ਦੇ ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨਾਂ ’ਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਪਿੱਛੇ ਜਿਹੇ ਕੀਤੇ ਸੁਧਾਰਾਂ ਦੇ ਨਤੀਜੇ ਵਜੋਂ ਖੇਡਾਂ ਵਿਚ ਔਰਤਾਂ ਦੀ ਹਿੱਸੇਦਾਰੀ ਤੇ ਉਨ੍ਹਾਂ ਦੀ ਸ਼ਮੂਲੀਅਤ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ। ਇਸ ਨਾਲ ਲੜਕੀਆਂ ਦੀ ਇਕ ਪੂਰੀ ਪੀੜ੍ਹੀ ਨੂੰ ਖੇਡਾਂ ’ਚ ਸਰਗਰਮ ਤੌਰ ਉੱਤੇ ਭਾਗ ਲੈਣ ਦੀ ਪ੍ਰੇਰਨਾ ਮਿਲੀ ਹੈ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਆਉਣ ਵਾਲੀਆਂ ਟੋਕੀਓ ਓਲੰਪਿਕਸ ਲਈ ਯੋਗ ਐਲਾਨੇ ਭਾਰਤੀ ਅਥਲੀਟਸ ’ਚੋਂ 43 ਫ਼ੀਸਦੀ ਔਰਤਾਂ ਅਥਲੀਟ ਹਨ।

ਭਾਰਤ ਨੂੰ ਖੇਡਾਂ ਦੇ ਮਾਮਲੇ ’ਚ ‘ਮਹਾ–ਸ਼ਕਤੀ’ ਦਾ ਦਰਜਾ ਦਿਵਾਉਣ ਲਈ ਅਹਿਮ ਹੈ ਕਿ ਬਿਲਕੁਲ ਸ਼ੁਰੂਆਤੀ ਪੱਧਰ ਤੋਂ ਹੀ ਬੱਚਿਆਂ ਦੀਆਂ ਖੇਡਾਂ ਵਿਚ ਹਿੱਸੇਦਾਰੀ ਵਧਾਈ ਜਾਵੇ। ਇਕ ਵਿਸਤ੍ਰਿਤ ਹਿੱਸੇਦਾਰੀ ਆਧਾਰ ਬਣਾ ਕੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਵੱਡੀ ਗਿਣਤੀ ’ਚ ਬੱਚੇ ਖੇਡ ਨੂੰ ਆਪਣੇ ਕਰੀਅਰ ਵਜੋਂ ਅਪਨਾਉਣ। ਇਹ ਅਹਿਮ ਹੈ ਕਿ ਇਸ ਹਿੱਸੇਦਾਰੀ ਆਧਾਰ ਦਾ 50 ਫ਼ੀਸਦੀ ਹਿੱਸਾ ਲੜਕੀਆਂ ਦੇ ਨਾਂ ਹੋਵੇ ਅਤੇ ਕਿਸੇ ਵੀ ਕੀਮਤ ਉੱਤੇ ਉਨ੍ਹਾਂ ਨੂੰ ਪਿੱਛੇ ਨਾ ਛੱਡਿਆ ਜਾਵੇ। ‘ਖੇਲੋ ਇੰਡੀਆ’ ਯੋਜਨਾ ਦੇ ਤਹਿਤ ਉਨ੍ਹਾਂ ਅੜਿੱਕਿਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਜੋ ਖੇਡਾਂ ਵਿਚ ਹਿੱਸਾ ਲੈਣ ਵਾਲੀਆਂ ਬੱਚੀਆਂ ਤੇ ਔਰਤਾਂ ਦੇ ਸਾਹਮਣੇ ਪੇਸ਼ ਆਉਂਦੇ ਹਨ ਅਤੇ ਇਹ ਅੜਿੱਕੇ ਦੂਰ ਕਰਨ ਦੀ ਪ੍ਰਣਾਲੀ ਬਣਾਉਣ ਤੇ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਲ 2018 ਤੋਂ 2020 ਦੌਰਾਨ ‘ਖੇਲੋ ਇੰਡੀਆ’ ਪ੍ਰੋਗਰਾਮਾਂ ਵਿਚ ਔਰਤਾਂ ਦੀ ਹਿੱਸੇਦਾਰੀ ਵਿਚ 161 ਫ਼ੀਸਦੀ ਵਾਧਾ ਹੋਇਆ ਹੈ। ‘ਖੇਲੋ ਇੰਡੀਆ’ ਯੋਜਨਾ ਅਧੀਨ 2018 ’ਚ ਜਿੱਥੇ 657 ਔਰਤ ਅਥਲੀਟਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਸਮਰਥਨ ਮੁਹੱਈਆ ਕਰਵਾਇਆ ਗਿਆ, ਉੱਥੇ ਹੁਣ ਇਹ ਗਿਣਤੀ ਵਧ ਕੇ 1471 (223 ਫ਼ੀਸਦੀ ਵਾਧਾ) ਹੋ ਗਈ ਹੈ। ਟਾਰਗੈੱਟ ਓਲੰਪਿਕ ਪੋਡੀਅਮ ਸਕੀਮ (ਟੀ. ਓ. ਪੀ. ਐੱਸ.) ਅਧੀਨ ਅਸੀਂ ਉੱਚ ਮੁਕਾਬਲੇ ਵਾਲੀਆਂ ਖੇਡਾਂ ’ਚ ਆਪਣੇ ਉਨ੍ਹਾਂ ਅਥਲੀਟਾਂ ਨੂੰ ਕੌਮਾਂਤਰੀ ਸਿਖਲਾਈ, ਵਿਸ਼ਵ–ਪੱਧਰੀ ਸਰੀਰਕ ਤੇ ਮਾਨਸਿਕ ਅਨੁਕੂਲ, ਵਿਗਿਆਨਕ ਖੋਜ, ਰੋਜ਼ਮੱਰਾ ਦੀ ਨਿਗਰਾਨੀ ਤੇ ਕਾਊਂਸਲਿੰਗ ਅਤੇ ਵਾਜਿਬ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੇ ਹਾਂ, ਜੋ ਓਲੰਪਿਕ ਸੋਨ ਤਮਗ਼ਾ ਜਿੱਤਣ ਦੀ ਸਮਰੱਥਾ ਰੱਖਦੇ ਹਨ। ਸਤੰਬਰ 2018 ’ਚ ਟੀ. ਓ. ਪੀ. ਐੱਸ. ਯੋਜਨਾ ਅਧੀਨ 86 ਮਹਿਲਾ ਅਥਲੀਟਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਹ ਦੱਸਣ ’ਚ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਇਹ ਗਿਣਤੀ ਵਧ ਕੇ 190 (220 ਫ਼ੀਸਦੀ ਵਾਧਾ) ਹੋ ਗਈ ਹੈ।

ਖੇਡਾਂ ’ਚ ਔਰਤਾਂ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਸਾਨੂੰ ਵੱਡੇ ਪੱਧਰ ਉਤੇ ਸਮਾਜਿਕ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਣੀ ਜ਼ਰੂਰੀ ਹੈ। ਲੜਕੀਆਂ ਨੂੰ ਘਰਾਂ ਤੋਂ ਬਾਹਰ ਲਿਆਉਣਾ, ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਅਤੇ ਸਰੀਰਕ ਸਰਗਰਮੀਆਂ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇਣਾ ਤੇ ਇਸ ਲਈ ਉੱਚ–ਪੱਧਰੀ ਕੋਚਿੰਗ ਅਤੇ ਬੁਨਿਆਦੀ ਢਾਂਚਾ ਉਪਲਬਧ ਕਰਵਾਉਣਾ – ਇਹ ਸਰਕਾਰ ਤੇ ਸਮਾਜ ਦੋਵਾਂ ਦੀ ਸਮੂਹਿਕ ਕੋਸ਼ਿਸ਼ ਨਾਲ ਹੀ ਸੰਭਵ ਹੈ। ਮੈਨੂੰ ਇਹ ਵੇਖ ਕੇ ਪ੍ਰਸੰਨਤਾ ਹੁੰਦੀ ਹੈ ਕਿ ਬਹੁਤ ਸਾਰੀਆਂ ਔਰਤ ਚੈਂਪੀਅਨ ਅਥਲੀਟਾਂ ਨੇ ਆਪਣੀ ਖੇਡ ’ਚ ਉੱਚਤਮ ਹੁਨਰ ਹਾਸਲ ਕਰਨ ਤੋਂ ਬਾਅਦ ਆਪਣੀਆਂ ਅਕਾਦਮੀਆਂ ਸਥਾਪਿਤ ਕਰਨ ’ਚ ਮੋਹਰੀ ਭੂਮਿਕਾ ਨਿਭਾਈ ਹੈ। ਅਜਿਹੀਆਂ ਬਹੁਤ ਸਾਰੀਆਂ ਪਹਿਲਾਂ ਨੂੰ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਵਿਕਾਸ ਫ਼ੰਡ ਅਧੀਨ ਸਹਾਇਤਾ ਤੇ ਸਹਿਯੋਗ ਮੁਹੱਈਆ ਕਰਵਾਇਆ ਹੈ। ਊਸ਼ਾ ਸਕੂਲ ਆਫ ਅਥਲੈਟਿਕਸ, ਮੈਰੀਕੌਮ ਬਾਕਸਿੰਗ ਫਾਊਂਡੇਸ਼ਨ, ਅਸ਼ਵਨੀ ਸਪੋਰਟਸ ਫਾਊਂਡੇਸ਼ਨ, ਸਰਿਤਾ ਬਾਕਸਿੰਗ ਅਕੈਡਮੀ, ਕਰਣ ਮੱਲੇਸ਼ਵਰੀ ਫਾਊਂਡੇਸ਼ਨ, ਅੰਜੂ ਬੌਬੀ ਜਾਰਜ ਸਪੋਰਟਸ ਫਾਊਂਡੇਸ਼ਨ ਆਦਿ ਸਭ ਪਹਿਲਾਂ ਇਸ ਦੀਆਂ ਉਦਾਹਰਣਾਂ ਹਨ। ਅਸੀਂ ਲਗਾਤਾਰ ਇਨ੍ਹਾਂ ਪਹਿਲਾਂ ਨਾਲ ਨੇੜਿਓਂ ਜੁੜੇ ਹਾਂ ਤੇ ਮਹਿਲਾ ਅਥਲੀਟਾਂ ਨੂੰ ਆਪਣੀ ਮੁਹਾਰਤ ਤੇ ਤਜਰਬੇ ਨਾਲ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨਾਲ ਜੁੜ ਕੇ ਵਿਕਾਸ ਲਈ ਕੰਮ ਕਰਨ ਨੂੰ ਉਤਸ਼ਾਹਿਤ ਕਰਦੇ ਹਾਂ।

ਮੇਰਾ ਸਦਾ ਹੀ ਇਹ ਦ੍ਰਿੜ੍ਹ ਵਿਚਾਰ ਰਿਹਾ ਹੈ ਕਿ ਖੇਡਾਂ ਸਮਾਜਿਕ ਤੇ ਆਰਥਿਕ ਵਿਕਾਸ ਦਾ ਇਕ ਪ੍ਰਭਾਵਸ਼ਾਲੀ ਹਥਿਆਰ ਹਨ। ਯੁਵਾ ਮਾਮਲੇ ਤੇ ਖੇਡ ਮੰਤਰਾਲਾ ਲਿੰਗਕ ਸਮਾਨਤਾ ਨੂੰ ਬਹੁਤ ਅਹਿਮ ਮੰਨਦਾ ਹੈ ਅਤੇ ਇਸ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਖੇਡਾਂ ਵਿਚ ਸ਼ਿਰਕਤ ਕਰਨ ਨਾਲ ਲੜਕੀਆਂ ਤੇ ਮਹਿਲਾਵਾਂ ਦੇ ਨਾ ਸਿਰਫ਼ ਸਰੀਰਕ ਸਿਹਤ ਵਿਚ ਸੁਧਾਰ ਤੇ ਉਨ੍ਹਾਂ ਦਾ ਚਰਿੱਤਰ ਨਿਰਮਾਣ ਹੋਵੇਗਾ, ਬਲਕਿ ਉਹ ਸਮਾਜ ਵਿਚ ਸੁਧਾਰ ਲਿਆਉਣ ਅਤੇ ਇਨਸਾਨੀਅਤ ਦੇ ਵਿਕਾਸ ਵਿਚ ਅਹਿਮ ਭੂਮਿਕਾ ਅਦਾ ਕਰ ਸਕਣਗੀਆਂ। ਭਾਰਤ ਦੇ ਵਿਕਾਸ ਸਬੰਧੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਅਧੀਨ ਸਾਡਾ ਮੰਤਰਾਲਾ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨਾਲ ਰਣਨੀਤਕ ਸਹਿਯੋਗ ਕਰਨ ਦੀ ਦਿਸ਼ਾ ਵਿਚ ਵੀ ਅੱਗੇ ਵਧ ਰਿਹਾ ਹੈ।

ਹਰ ਸਾਲ 24 ਜਨਵਰੀ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਬਾਲਿਕਾ ਦਿਵਸ ਸਾਡੇ ਰਾਸ਼ਟਰੀ ਲੋਕਾਚਾਰ ਲਈ ਬਹੁਤ ਪ੍ਰਾਸੰਗਿਕ ਹੈ। ਆਓ, ਅਸੀਂ ਸਾਰੇ ਮਿਲ ਕੇ ਇਹ ਹਲਫ਼ ਲਈਏ ਕਿ ਅਸੀਂ ਇਹ ਯਕੀਨੀ ਬਣਾਉਣ ਦਾ ਯਤਨ ਕਰਾਂਗੇ ਕਿ ਸਾਡੀਆਂ ਲੜਕੀਆਂ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਅਤੇ ਇੰਨਾ ਵਧੀਆ ਪ੍ਰਦਰਸ਼ਨ ਕਰਨ ਕਿ ਅਸੀਂ ਇਕ ਦੇਸ਼ ਦੇ ਤੌਰ ’ਤੇ ਓਲੰਪਿਕ ਦੇ ਉਦੇਸ਼ਾਂ–‘ਸਿਟੀਅਸ, ਅਲਟੀਅਸ, ਫੋਰਟੀਅਸ’ ਭਾਵ ‘ਤੇਜ਼, ਉੱਚ, ਵੱਧ ਮਜ਼ਬੂਤ’ ਦੇ ਵੱਧ ਤੋਂ ਵੱਧ ਨੇੜੇ ਪਹੁੰਚ ਸਕੀਏ।

ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ)


 


Bharat Thapa

Content Editor

Related News